ਮਹਾਰਾਸ਼ਟਰ ਨਗਰ ਨਿਗਮ ਚੋਣਾਂ ਲਈ ਗੱਠਜੋੜਾਂ ਦੀਆਂ ਸੰਭਾਵਨਾਵਾਂ

Saturday, Dec 20, 2025 - 06:20 PM (IST)

ਮਹਾਰਾਸ਼ਟਰ ਨਗਰ ਨਿਗਮ ਚੋਣਾਂ ਲਈ ਗੱਠਜੋੜਾਂ ਦੀਆਂ ਸੰਭਾਵਨਾਵਾਂ

ਮਹਾਰਾਸ਼ਟਰ ਦੇ 29 ਨਗਰ ਨਿਗਮਾਂ ਦੀਆਂ ਚੋਣਾਂ ਤੋਂ ਪਹਿਲਾਂ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ (ਯੂ. ਬੀ. ਟੀ.) ਅਤੇ ਰਾਜ ਠਾਕਰੇ ਦੀ ਅਗਵਾਈ ਵਾਲੀ ਮਨਸੇ ਦੇ ਵਿਚਾਲੇ ਰਸਮੀ ਗੱਠਜੋੜ ਜਲਦੀ ਹੋਣ ਦੀ ਉਮੀਦ ਹੈ। ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਕਿਹਾ, ‘‘ਊਧਵ ਠਾਕਰੇ ਅਤੇ ਰਾਜ ਠਾਕਰੇ ਇਕੱਠੇ ਆਏ ਹਨ...। ਅਸੀਂ ਮੁੰਬਈ, ਠਾਣੇ, ਮੀਰਾ-ਭਯੰਦਰ, ਕਲਿਆਣ-ਡੋਂਬਿਵਲੀ, ਪੁਣੇ ਅਤੇ ਨਾਸਕਿ ਦੀਆਂ ਨਗਰ ਨਿਗਮਾਂ ’ਚ ਚੋਣਾਂ ਲੜਾਂਗੇ...। ਇਹ ਛੇ ਵੱਡੀਆਂ ਨਿਗਮਾਂ ਹਨ। ਬਾਕੀ ਥਾਵਾਂ ’ਤੇ ਸ਼ਿਵਸੈਨਾ ਯੂ. ਬੀ. ਟੀ. ਅਤੇ ਮਨਸੇ ਦੀਆਂ ਸਥਾਨਕ ਇਕਾਈਆਂ ਖੁਦ ਫੈਸਲਾ ਲੈਣਗੀਆਂ।’’

ਦੂਜੇ ਪਾਸੇ ਰਾਕਾਂਪਾ ਅਤੇ ਰਾਕਾਂਪਾ (ਐੱਸ. ਪੀ.) ਨੇ ਪੁਣੇ ਨਗਰ ਨਿਗਮ ਅਤੇ ਪਿੰਪਰੀ ਚਿੰਚਵੜ ਨਗਰ ਨਿਗਮ ਚੋਣਾਂ ਲਈ ਹੱਥ ਮਿਲਾਉਣ ਬਾਰੇ ਗੱਲਬਾਤ ਕੀਤੀ ਹੈ। ਹਾਲਾਂਕਿ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਸੀ ਕਿ ਭਾਜਪਾ ਅਤੇ ਰਾਕਾਂਪਾ ਦਾ ਪੁਣੇ ਅਤੇ ਪਿੰਪਰੀ ਚਿੰਚਵੜ ਨਗਰ ਨਿਗਮਾਂ ’ਚ ਗੱਠਜੋੜ ਨਹੀਂ ਹੋਵੇਗਾ ਅਤੇ ਦੋਵੇਂ ਮਹਾਯੁਤੀ ਸਹਿਯੋਗੀਆਂ ਦੇ ਵਿਚਾਲੇ ਦੋਸਤਾਨਾ ਮੁਕਾਬਲਾ ਹੋਵੇਗਾ। ਭਾਜਪਾ ਅਤੇ ਰਾਕਾਂਪਾ ਤੋਂ ਇਲਾਵਾ, ਸੱਤਾਧਾਰੀ ਮਹਾਯੁਤੀ ’ਚ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵਸੈਨਾ ਵੀ ਇਕ ਭਾਈਵਾਲ ਹੈ।

ਇਸੇ ਦੌਰਾਨ, ਕਾਂਗਰਸ ਨੇ ਮੁੰਬਈ ’ਚ ਨਗਰ ਨਿਗਮ ਚੋਣਾਂ ’ਚ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਹੈ ਅਤੇ ਪਾਰਟੀ ਦੀਆਂ ਸਥਾਨਕ ਇਕਾਈਆਂ ਨੂੰ ਆਪਣੇ ਪੱਧਰ ’ਤੇ ਫੈਸਲਾ ਲੈਣ ਲਈ ਛੱਡ ਦਿੱਤਾ ਹੈ। ਕਾਂਗਰਸ ਵਿਧਾਇਕ ਦਲ ਦੇ ਨੇਤਾ ਵਿਜੇ ਵਡੇਟੀਵਾਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਐੱਮ. ਵੀ. ਏ. ਗੱਠਜੋੜ ਤਹਿਤ ਗੱਠਜੋੜ ’ਤੇ ਫੈਸਲੇ ਸਥਾਨਕ ਗਿਣਤੀਆਂ-ਮਿਣਤੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਸਥਾਨਕ ਨੇਤਾਵਾਂ ਵਲੋਂ ਲਏ ਜਾਣਗੇ।

ਓਡਿਸ਼ਾ ’ਚ ਵਿਧਾਇਕਾਂ ਆਦਿ ਦੀਆਂ ਤਨਖਾਹਾਂ ’ਚ ਵਾਧਾ ਹਾਈਕਮਾਨ ਨੂੰ ਨਾਪਸੰਦ

ਓਡਿਸ਼ਾ ’ਚ ਵਿਧਾਇਕਾਂ, ਮੰਤਰੀਆਂ ਦੀਆਂ ਤਨਖਾਹਾਂ ਅਤੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ ’ਚ ਭਾਰੀ ਵਾਧੇ ਨੂੰ ਲੈ ਕੇ ਜਨਤਾ ਦੇ ਦਬਾਅ ਤੋਂ ਬਾਅਦ, ਭਾਜਪਾ ਵਿਧਾਇਕਾਂ ਨੇ ਵੀਰਵਾਰ ਨੂੰ ਮੁੱਖ ਮੰਤਰੀ ਮੋਹਨ ਚਰਨ ਮਾਝੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।

ਵਿਰੋਧੀ ਦਲਾਂ ਨੇ ਭਾਜਪਾ ’ਤੇ ਆਰਥਕਿ ਸੰਕਟ ਦੇ ਸਮੇਂ ਦੇਸ਼ ’ਚ ਸਭ ਤੋਂ ਵੱਡਾ ਵਿਧਾਇਕਾਂ ਦੀ ਤਨਖਾਹ ਦਾ ਪੈਕੇਜ ਲਾਗੂ ਕਰਨ ਦਾ ਦੋਸ਼ ਲਗਾਇਆ। 9 ਦਸੰਬਰ ਨੂੰ ਬਿੱਲ ਪਾਸ ਹੋਣ ਤੋਂ ਬਾਅਦ, ਵਿਧਾਇਕਾਂ ਦੀ ਮਾਸਕਿ ਤਨਖਾਹ 1.11 ਲੱਖ ਰੁਪਏ ਤੋਂ ਵਧਾ ਕੇ 3.45 ਲੱਖ ਰੁਪਏ ਕਰ ਦਿੱਤੀ ਗਈ। ਇਸ ਕਾਨੂੰਨ ਨੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿਚ ਤਿੰਨ ਗੁਣਾ ਵਾਧੇ ਨੂੰ ਮਨਜ਼ੂਰੀ ਦਿੱਤੀ।

ਸੋਧ ਤਹਿਤ, ਮੁੱਖ ਮੰਤਰੀ ਦਾ ਮਾਸਿਕ ਪੈਕੇਜ ਵਧ ਕੇ 3.74 ਲੱਖ ਰੁਪਏ ਹੋ ਗਿਆ, ਜਿਸ ਵਿਚ 1 ਲੱਖ ਰੁਪਏ ਦੀ ਮੂਲ ਤਨਖਾਹ, 91,000 ਦਾ ਕਾਰ ਭੱਤਾ ਅਤੇ 1.83 ਲੱਖ ਰੁਪਏ ਦਾ ਮਹਿਮਾਨਨਿਵਾਜ਼ੀ ਭੱਤਾ ਸ਼ਾਮਲ ਹੈ। ਵਿਰੋਧੀ ਧਿਰ ਦੇ ਨੇਤਾ ਨੂੰ ਲਗਭਗ 3.62 ਲੱਖ ਰੁਪਏ ਮਿਲਣਗੇ, ਜਦੋਂ ਕਿ ਕੈਬਨਿਟ ਮੰਤਰੀਆਂ ਨੂੰ ਲਗਭਗ ਇੰਨੀ ਹੀ ਰਕਮ ਮਿਲੇਗੀ। ਸਪੀਕਰ ਦੀ ਤਨਖਾਹ ਅਤੇ ਭੱਤਿਆਂ ਨੂੰ ਵਧਾ ਕੇ 3.68 ਲੱਖ ਰੁਪਏ ਕਰ ਦਿੱਤੇ ਗਏ ਹਨ । ਸਿਰਫ਼ ਸੀ. ਪੀ. ਆਈ. (ਐੱਮ) ਦੇ ਵਿਧਾਇਕ ਲਕਸ਼ਮਣ ਮੁੰਡਾ ਨੇ ਇਸ ਬਿੱਲ ਦਾ ਵਿਰੋਧ ਕੀਤਾ ਸੀ।

ਹਾਲਾਂਕਿ ਇਸ ਬਿੱਲ ਨੂੰ ਗਵਰਨਰ ਹਰੀ ਬਾਬੂ ਕੰਭਮਪਤੀ ਦੀ ਮਨਜੂਰੀ ਨਹੀਂ ਮਿਲੀ ਹੈ। ਵਿਧਾਇਕਾਂ ਦੀ ਸੈਲਰੀ ’ਚ ਵਾਧੇ ਨਾਲ 18 ਮਹੀਨੇ ਪੁਰਾਣੀ ਮੋਹਨ ਮਾਝੀ ਸਰਕਾਰ ਦੀ ਇਮੇਜ ਨੂੰ ਨੁਕਸਾਨ ਪਹੁੰਚਿਆ ਹੈ। 200 ਫੀਸਦੀ ਤੋਂ ਵੱਧ ਦੇ ਪ੍ਰਸਤਾਵਿਤ ਵਾਧੇ ਨਾਲ ਓਡਿਸ਼ਾ ਦੇ ਵਿਧਾਇਕ ਬਾਕੀ ਸਾਰੇ ਸੂਬਿਆਂ ਦੇ ਵਿਧਾਇਕਾਂ ਤੋਂ ਅੱਗੇ ਹੋ ਜਾਣਗੇ। ਇਹ ਗੱਲ ਕਥਿਤ ਤੌਰ ’ਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਪਸੰਦ ਨਹੀਂ ਆਈ।

ਮਨਰੇਗਾ ਦਾ ਨਾਂ ਬਦਲਣ ’ਤੇ ਮਮਤਾ ਨਾਰਾਜ਼

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ ਸੂਬਾਈ ਸਰਕਾਰ ਦੀ ਰੋਜ਼ਗਾਰ ਯੋਜਨਾ ਕਰਮਸ਼੍ਰੀ ਦਾ ਨਾਂ ਬਦਲ ਕੇ ਮਹਾਤਮਾ ਗਾਂਧੀ ਦੇ ਨਾਂ ’ਤੇ ਰੱਖਿਆ ਜਾਵੇਗਾ, ਉਨ੍ਹਾਂ ਨੇ ਰਾਸ਼ਟਰੀ ਪੱਧਰ ’ਤੇ ਕਲਿਆਣਕਾਰੀ ਯੋਜਨਾਵਾਂ ਤੋਂ ਰਾਸ਼ਟਰਪਿਤਾ ਦਾ ਨਾਂ ਹਟਾਉਣ ’ਤੇ ਸਖਤ ਨਾਰਾਜ਼ਗੀ ਜਤਾਈ। ਧਨੋ ਧਾਨਯ ਆਡੀਟੋਰੀਅਮ ’ਚ ਬਿਜ਼ਨੈੱਸ ਐਂਡ ਇੰਡਸਟਰੀ ਕਾਨਕਲੇਵ ’ਚ ਬੋਲਦੇ ਹੋਏ, ਮਮਤਾ ਨੇ ਭਾਰਤ ਦੇ ਪ੍ਰਮੁੱਖ ਗ੍ਰਾਮੀਣ ਰੋਜ਼ਗਾਰ ਪ੍ਰੋਗਰਾਮ ਦਾ ਨਾਂ ਬਦਲਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ, ਇਸ ਨੂੰ ਡੂੰਘੀ ਸ਼ਰਮ ਦੀ ਗੱਲ ਦੱਸਿਆ। ਮਮਤਾ ਨੇ ਇਹ ਵੀ ਕਿਹਾ ਕਿ ਰਾਜ ’ਚ ਉਨ੍ਹਾਂ ਦੀ ਤ੍ਰਿਣਮੂਲ ਕਾਂਗਰਸ ਟੀ.ਐੱਮ. ਸੀ. ਸਰਕਾਰ ਵਲੋਂ ਕੀਤੇ ਗਏ ਚੰਗੇ ਕੰਮਾਂ ਦੇ ਬਾਵਜੂਦ, ਲੋਕਾਂ ਦਾ ਇਕ ਖਾਸ ਵਰਗ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ।

ਤਾਮਿਲਨਾਡੂ ’ਚ ‘ਥੂਆ ਸ਼ਕਤੀ’ ਅਤੇ ‘ਥੀਆ ਸ਼ਕਤੀ’

ਅਭਨਿੇਤਾ-ਰਾਜਨੇਤਾ ਵਿਜੇ ਨੇ ਵੀਰਵਾਰ ਨੂੰ ਤਾਮਿਲਨਾਡੂ ਦੀ ਸੱਤਾਧਾਰੀ ਦ੍ਰਮੁਕ ’ਤੇ ਜ਼ੋਰਦਾਰ ਹਮਲਾ ਬੋਲਿਆ, ਉਸ ਨੂੰ ਇਕ ਬੁਰੀ ਤਾਕਤ ਦੱਸਿਆ। ਇਰੋਡ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਜੇ ਨੇ ਟੀ. ਵੀ. ਕੇ. ਨੂੰ ‘ਥੂਆ ਸ਼ਕਤੀ’ (ਚੰਗੀ ਤਾਕਤ) ਅਤੇ ਦ੍ਰਮੁਕ ਨੂੰ ‘ਥੀਆ ਸ਼ਕਤੀ’ (ਬੁਰੀ ਤਾਕਤ) ਕਿਹਾ, ਜੋ ਸਾਬਕਾ ਮੁੱਖ ਮੰਤਰੀਆ ਐੱਮ. ਜੀ. ਰਾਮ ਚੰਦਰਨ ਅਤੇ ਜੇ. ਜੈਲਲਿਤਾ ਵਲੋਂ ਵਰਤੀ ਗਈ ਸ਼ਬਦਾਵਲੀ ਦਾ ਸੰਦਰਭ ਸੀ। ਉਨ੍ਹਾਂ ਨੇ ਕਿਹਾ, ‘‘ਤਾਮਿਲਨਾਡੂ ਚੋਣਾਂ 2026 ਦੀ ਲੜਾਈ ਹੁਣ ਟੀ. ਵੀ. ਕੇ. ਦੀ ਸੱਚਾਈ ਅਤੇ ਦ੍ਰਮੁਕ ਦੀ ਬੁਰਾਈ ਦੇ ਵਿਚਾਲੇ ਹੈ।’’

ਇਸੇ ਦੌਰਾਨ ਇਹ ਰੈਲੀ ਦੁੱਗਣੀ ਮਹੱਤਵਪੂਰਨ ਸੀ ਕਿਉਂਕਿ ਇਹ ਸਾਬਕਾ ਅੰਨਾਦ੍ਰਮੁਕ ਨੇਤਾ ਕੇ. ਏ. ਸੇਂਗੋਤੈਆਨ ਦੇ ਗ੍ਰਹਨਿਗਰ ਵਿਜਿਆਮੰਗਲਮ ਕੋਲ ਹੋਈ ਸੀ। ਇਕ ਸੀਨੀਅਰ ਰਾਜਨੇਤਾ ਅਤੇ ਇਕ ਬਿਹਤਰੀਨ ਕੰਪੇਨ ਰਣਨੀਤੀਕਾਰ ਮੰਨੇ ਜਾਣ ਵਾਲੇ, ਸੇਂਗੋਤੈਆਨ ਪਿਛਲੇ ਮਹੀਨੇ ਵਿਜੇ ਦੀ ਤਮਿਲਗਾ ਵੇਟਰੀ ਕਜਗਮ ’ਚ ਸ਼ਾਮਲ ਹੋਏ ਸਨ। ਪਾਰਟੀ ਦੇ ਨਾਰਾਜ਼ ਬੌਸ ਈ. ਪਲਾਨੀਸਵਾਮੀ ਵਲੋਂ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਝਗਮ ’ਚੋਂ ਕੱਢੇ ਜਾਣ ਦੇ ਕੁਝ ਦਨਿਾਂ ਬਾਅਦ।

ਦਿੱਲੀ ’ਚ ਪ੍ਰਦੂਸ਼ਣ ਅਤੇ ਮੈਸੀ

ਦਿੱਲੀ ’ਚ ਵਧਦੇ ਹਵਾ ਪ੍ਰਦੂਸ਼ਣ ਦੇ ਵਿਚਾਲੇ, ਅਰੁਣ ਜੇਤਲੀ ਸਟੇਡੀਅਮ ’ਚ ਦਰਸ਼ਕਾਂ ਦੇ ਇਕ ਗਰੁੱਪ ਨੇ ਮੁੱਖ ਮੰਤਰੀ ਰੇਖਾ ਗੁਪਤਾ ਦਾ ਮਜ਼ਾਕ ਉਡਾਇਆ ਅਤੇ ਜਦੋਂ ਉਹ ਅਰਜਨਟੀਨਾ ਦੇ ਫੁੱਟਬਾਲ ਆਈਕਨ ਲਿਓਨੇਲ ਮੈਸੀ ਦਾ ਸਵਾਗਤ ਕਰਨ ਲਈ ਸਟੇਜ ’ਤੇ ਆਈ ਤਾਂ ‘ਏ. ਕਿਊ. ਆਈ.’, ‘ਏ. ਕਿਊ. ਆਈ.’ ਦੇ ਨਾਅਰੇ ਲਗਾਏ। ਆਨਲਾਈਨ ਵਾਇਰਲ ਹੋ ਰਹੇ ਇਕ ਵੀਡੀਓ ’ਚ ਭੀੜ ਦਾ ਇਕ ਹਿੱਸਾ ‘ਏ. ਕਿਊ. ਆਈ., ਏ. ਕਿਊ. ਆਈ.’ ਦੇ ਨਾਅਰੇ ਲਗਾਉਂਦਾ ਦਿਸ ਰਿਹਾ ਹੈ। ਇਸ ਵੀਡੀਓ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਰਾਜਧਾਨੀ ’ਚ ਗੰਭੀਰ ਪ੍ਰਦੂਸ਼ਣ ਦੇ ਪੱਧਰ ਨੂੰ ਲੈ ਕੇ ਰੇਖਾ ਗੁਪਤਾ ’ਤੇ ਹਮਲਾ ਕੀਤਾ। ਆਪ’ ਦੀ ਦਿੱਲੀ ਯੂਨਿਟ ਦੇ ਮੁਖੀ ਸੌਰਭ ਭਾਰਦਵਾਜ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ ‘‘ਅੰਤਰਰਾਸ਼ਟਰੀ ਸ਼ਰਮ, ਜਿਵੇਂ ਹੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਆਈ, ਮੈਸੀ ਲਈ ਆਈ ਭੀੜ ਨੇ ‘ਏ. ਕਿਊ. ਆਈ.’, ਏ. ਕਿਊ. ਆਈ.’ ਦੇ ਨਾਅਰੇ ਲਗਾਏ।’’

ਇਸ ਦੌਰਾਨ ‘ਆਪ’ ਅਤੇ ਕਾਂਗਰਸ ਨੇ ਕੇਂਦਰ ਅਤੇ ਦਿੱਲੀ ’ਚ ਭਾਜਪਾ ਸਰਕਾਰਾਂ ’ਤੇ ਦਿੱਲੀ-ਐੱਨ. ਸੀ. ਆਰ. ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ’ਚ ਜ਼ਹਿਰੀਲੀ ਹਵਾ ਨਾਲ ਦਮ ਘੁੱਟਣ ’ਤੇ ਉਦਾਸੀਨ ਰਹਿਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਹ ਸਥਿਤੀ ਐਮਰਜੈਂਸੀ ਲੈਵਲ ਤੱਕ ਪਹੁੰਚ ਗਈ ਹੈ। ਜਵਾਬ ’ਚ ਰੇਖਾ ਗੁਪਤਾ ਨੇ ਪਿਛਲੀਆਂ ‘ਆਪ’ ਅਤੇ ਕਾਂਗਰਸ ਸਰਕਾਰਾਂ ’ਤੇ ਇਸ ਮੁੱਦੇ ’ਤੇ ਕੁਝ ਵੀ ਨਾ ਕਰਨ ਦਾ ਦੋਸ਼ ਲਗਾਇਆ।

–ਰਾਹਿਲ ਨੌਰਾ ਚੋਪੜਾ


author

Anmol Tagra

Content Editor

Related News