ਕੁਦਰਤ ਨੇ ਹਰ ਪਸ਼ੂ ਨੂੰ ਵੀ ਖਾਸ ਪਛਾਣ ਸੌਂਪੀ ਹੈ

Thursday, Dec 05, 2024 - 05:41 PM (IST)

ਕੁਦਰਤ ਨੇ ਹਰ ਪਸ਼ੂ ਨੂੰ ਵੀ ਖਾਸ ਪਛਾਣ ਸੌਂਪੀ ਹੈ

ਬਨਾਰਸ ਹਿੰਦੂ ਯੂਨੀਵਰਸਿਟੀ ਦੇ ਆਈ. ਆਈ. ਟੀ. ਦੇ ਵਿਗਿਆਨਕਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਇਕ ਜਾਂਚ ਪ੍ਰਣਾਲੀ ਵਿਕਸਤ ਕੀਤੀ ਹੈ। ਇਸ ਅਨੁਸਾਰ ਗਾਵਾਂ ਦੀ ਪਛਾਣ ਉਨ੍ਹਾਂ ਦੇ ਨੱਕ ਰਾਹੀਂ ਕੀਤੀ ਜਾ ਸਕੇਗੀ। ਇਸ ’ਚ ਗਾਵਾਂ ਦਾ ਡਾਟਾ ਇਕ ਸਰਵਰ ’ਤੇ ਅਪਲੋਡ ਕੀਤਾ ਗਿਆ ਹੈ।

ਇਸ ’ਤੇ ਕਲਿਕ ਕਰਨ ਨਾਲ ਉਨ੍ਹਾਂ ਬਾਰੇ ਸਟੀਕ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਨੂੰ ਪਛਾਣਿਆ ਜਾ ਸਕੇਗਾ। ਅਕਸਰ ਪਸ਼ੂ ਚੋਰੀ ਹੋ ਜਾਂਦੇ ਹਨ, ਗੁਆਚ ਜਾਂਦੇ ਹਨ। ਕਈ ਵਾਰ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਇਸ ਨਵੀਂ ਪ੍ਰਣਾਲੀ ਰਾਹੀਂ ਆਪਣੀ ਗਾਂ ਦੀ ਪਛਾਣ ਠੀਕ ਢੰਗ ਨਾਲ ਹੋ ਸਕਦੀ ਹੈ।

ਇਸ ਨੂੰ ਵਿਕਸਤ ਕਰਨ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਗਾਵਾਂ ਦੀ ਨੱਕ ’ਤੇ ਵੱਖ-ਵੱਖ ਤਰ੍ਹਾਂ ਦੀਆਂ ਰੇਖਾਵਾਂ ਅਤੇ ਪੈਟਰਨ ਹੁੰਦੇ ਹਨ। ਇਨ੍ਹਾਂ ’ਤੇ ਅਧਿਐਨ ਕਰਨ ਲਈ ਵੱਖ-ਵੱਖ ਗਾਵਾਂ ਦੀ ਨੱਕ ਦੇ ਫੋਟੋ ਲਏ ਗਏ। ਫਿਰ ਇਨ੍ਹਾਂ ਖਾਸ ਪੈਟਰਨਜ਼/ਰੇਖਾਵਾਂ ਦਾ ਅਧਿਐਨ ਕੀਤਾ ਗਿਆ ਅਤੇ ਫਿਰ ਪਤਾ ਲੱਗਾ ਕਿ ਹਰ ਗਾਂ ਦੀ ਨੱਕ ’ਤੇ ਵੱਖ-ਵੱਖ ਤਰ੍ਹਾਂ ਦੇ ਨਿਸ਼ਾਨ ਹੁੰਦੇ ਹਨ।

ਇਨ੍ਹਾਂ ਨੂੰ ਇਕੱਠਾ ਕਰ ਕੇ ਇਕ ਡਾਟਾਬੇਸ ਬਣਾਇਆ ਗਿਆ ਹੈ। ਇਹ ਆਧਾਰ ਕਾਰਡ ਦੀ ਤਰ੍ਹਾਂ ਹੈ। ਜਿਵੇਂ ਆਧਾਰ ਰਾਹੀਂ ਭਾਰਤ ਦੇ ਹਰ ਨਾਗਰਿਕ ਦੀ ਪਛਾਣ ਕੀਤੀ ਜਾ ਸਕਦੀ ਹੈ, ਉਸੇ ਤਰ੍ਹਾਂ ਇਸ ਪ੍ਰਣਾਲੀ ਰਾਹੀਂ ਗਾਵਾਂ ਦੀ ਪਛਾਣ ਕੀਤੀ ਜਾ ਸਕਦੀ ਹੈ।

ਉਸ ਬਾਰੇ ਸਾਰੀ ਜਾਣਕਾਰੀ ਮਿਲ ਸਕਦੀ ਹੈ। ਇਥੋਂ ਤਕ ਕਿ ਅਜੇ ਤਕ ਉਸ ਨੇ ਕਿੰਨੀ ਵਾਰ ਬੱਚੇ ਦਿੱਤੇ ਹਨ, ਇਹ ਵੀ ਪਤਾ ਲੱਗ ਸਕਦਾ ਹੈ। ਇਸ ਤਕਨੀਕ ਨਾਲ ਦੇਸ਼ ਭਰ ਦੀਆਂ ਗਾਵਾਂ ਦਾ ਰਿਕਾਰਡ ਰੱਖਿਆ ਜਾ ਸਕਦਾ ਹੈ।

ਮਨੁੱਖਾਂ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੁਨੀਆ ’ਚ ਜਿੰਨੇ ਲੋਕ ਹਨ, ਉਨ੍ਹਾਂ ’ਚ ਹਰ ਇਕ ਦੇ ਫਿੰਗਰ ਪ੍ਰਿੰਟ ਜਾਂ ਉਂਗਲੀਆਂ ਦੇ ਨਿਸ਼ਾਨ ਵੱਖ-ਵੱਖ ਹਨ। ਇਹੀ ਗੱਲ ਅੱਖਾਂ ਬਾਰੇ ਵੀ ਕਹੀ ਜਾਂਦੀ ਹੈ। ਗਾਂ ਦੀ ਇਸ ਪਛਾਣ ਪ੍ਰਣਾਲੀ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਕੁਦਰਤ ਨੇ ਹਰ ਪਸ਼ੂ ਨੂੰ ਵੀ ਖਾਸ ਪਛਾਣ ਸੌਂਪੀ ਹੈ।

ਦੁੱਧ ਉਦਯੋਗ ’ਚ ਇਸ ਤਰ੍ਹਾਂ ਦੀ ਪਛਾਣ ਦਾ ਬਹੁਤ ਮਹੱਤਵ ਹੈ। ਹੈਦਰਾਬਾਦ ਦੀ ਕੰਪਨੀ ਹੈਰੀਟੇਜ ਫੂਡ ਲਿਮਟਿਡ ਕੰਪਨੀ ਆਪਣੀਆਂ ਗਾਵਾਂ ਦੀ ਪਛਾਣ ਲਈ ਬਾਇਓਮੈਟ੍ਰਿਕ ਪ੍ਰਣਾਲੀ ਦੀ ਵਰਤੋਂ ਕਰ ਰਹੀ ਹੈ। ਇਸ ਨਾਲ ਗਾਵਾਂ ਦੀ ਨਿਗਰਾਨੀ ’ਚ ਵੀ ਮਦਦ ਮਿਲ ਰਹੀ ਹੈ। ਹੁਣ ਤਕ ਗਾਵਾਂ ਦੀ ਪਛਾਣ ਦੇ ਜੋ ਤਰੀਕੇ ਹਨ ਜਿਵੇਂ ਕਿ ਗਾਂ ਦਾ ਨਾਂ ਜਾਂ ਨੰਬਰ ਉਸ ਦੀ ਪਿੱਠ ’ਤੇ ਲਿਖ ਦੇਣਾ, ਉਨ੍ਹਾਂ ਦਾ ਕੰਨ ਵਿੰਨ੍ਹ ਦੇਣਾ ਆਦਿ, ਉਹ ਬਹੁਤ ਵਾਰ ਕੰਮ ਨਹੀਂ ਆਉਂਦੇ।

ਦੱਸਿਆ ਜਾ ਰਿਹਾ ਹੈ ਕਿ ਇਸ ਨਵੀਂ ਪ੍ਰਣਾਲੀ ਨੂੰ ਅਪਣਾ ਕੇ ਗਾਵਾਂ ਦੀਆਂ ਬੀਮਾਰੀਆਂ ਦੇ ਵਧਣ ਦਾ ਪਤਾ ਲਾਇਆ ਜਾ ਸਕਦਾ ਹੈ। ਉਨ੍ਹਾਂ ਦਾ ਟੀਕਾਕਰਨ ਹੋਇਆ ਹੈ ਜਾਂ ਨਹੀਂ, ਇਹ ਵੀ ਜਾਣਿਆ ਜਾ ਸਕਦਾ ਹੈ। ਗਾਂ ਕਿਸ ਦੀ ਹੈ, ਇਹ ਵੀ ਪਤਾ ਲੱਗ ਜਾਂਦਾ ਹੈ। ਇਸ ਵਿਧੀ ਨੂੰ ਪੇਟੈਂਟ ਵੀ ਕਰਵਾ ਲਿਆ ਗਿਆ ਹੈ।

ਹੁਣ ਭਾਰਤੀ ਖੋਜ ਪ੍ਰੀਸ਼ਦ ਨੇ ਇਨ੍ਹਾਂ ਵਿਗਿਆਨਕਾਂ ਨੂੰ ਸੂਰ, ਭੇਡ ਅਤੇ ਬੱਕਰੀ ਦੀ ਸਟੀਕ ਪਛਾਣ ਕਿਵੇਂ ਕੀਤੀ ਜਾਏ, ਇਸ ਦਾ ਕੰਮ ਸੌਂਪਿਆ ਹੈ। ਬਾਘ ਦੇ ਪੰਜਿਆਂ ਦੇ ਨਿਸ਼ਾਨਾਂ ਤੋਂ ਵੀ ਉਨ੍ਹਾਂ ਦੀ ਪਛਾਣ ਕੀਤੀ ਜਾਂਦੀ ਹੈ, ਪਰ ਕਈ ਵਾਰ ਇਹ ਓਨੀ ਸਹੀ ਨਹੀਂ ਹੁੰਦੀ।

ਜੇਕਰ ਇਹ ਪ੍ਰਣਾਲੀ ਭਾਰਤ ਭਰ ’ਚ ਅਪਣਾ ਲਈ ਜਾਵੇ ਤਾਂ ਗਾਵਾਂ ਦੀ ਰੱਖਿਆ ’ਚ ਵੀ ਬਹੁਤ ਮਦਦ ਮਿਲ ਸਕਦੀ ਹੈ। ਸਗੋਂ ਮੱਝ, ਗਧੇ, ਊਠ ਆਦਿ ਦੇ ਲਈ ਵੀ ਅਜਿਹੀ ਪ੍ਰਣਾਲੀ ਵਿਕਸਤ ਕੀਤੀ ਜਾਣੀ ਚਾਹੀਦੀ ਹੈ। ਸਗੋਂ ਲੱਗਦਾ ਤਾਂ ਹੈ ਕਿ ਅਜਿਹੀ ਹੀ ਕੋਈ ਖਾਸ ਪਛਾਣ ਪੰਛੀਆਂ ਕੋਲ ਵੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਣਾਲੀ ਨਾਲ ਗਾਵਾਂ ਦੀ ਚੋਰੀ ਨੂੰ ਰੋਕਣ ’ਚ ਵੀ ਮਦਦ ਮਿਲੇਗੀ। ਸਾਡੇ ਇਥੇ ਗਾਵਾਂ ਦੀ ਚੋਰੀ ਵੀ ਬਹੁਤ ਆਮ ਗੱਲ ਰਹੀ ਹੈ।

ਇਸ ਸੰਦਰਭ ’ਚ ਬਚਪਨ ਦੀ ਇਕ ਘਟਨਾ ਵੀ ਯਾਦ ਆਉਂਦੀ ਹੈ। ਘਰ ’ਚ ਕਈ ਗਾਵਾਂ, ਮੱਝਾਂ, ਬੱਕਰੀਆਂ, ਕੁੱਤੇ, ਤੋਤੇ ਆਦਿ ਸਨ। ਇਨ੍ਹਾਂ ਜਾਨਵਰਾਂ ’ਚ ਗੁਲਾਬੋ ਨਾਂ ਦੀ ਗਾਂ ਬਹੁਤ ਖਾਸ ਸੀ। ਉਹ ਇਕ ਦਿਨ ’ਚ 16 ਕਿਲੋ ਦੁੱਧ ਦਿੰਦੀ ਸੀ। ਇੰਨਾ ਦੁੱਧ ਹੁੰਦਾ ਸੀ ਕਿ ਦਹੀਂ, ਲੱਸੀ, ਮੱਖਣ ਪੂਰਾ ਪਰਿਵਾਰ ਖਾਂਦਾ, ਮੁਹੱਲੇ ਦੇ ਲੋਕਾਂ ਨੂੰ ਜਦੋਂ ਲੋੜ ਹੁੰਦੀ, ਉਨ੍ਹਾਂ ਨੂੰ ਵੀ ਦੇ ਦਿੱਤਾ ਜਾਂਦਾ।

ਆਲੇ-ਦੁਆਲੇ ਵਾਲੇ ਕਹਿੰਦੇ ਕਿ ਕਾਸ਼! ਉਨ੍ਹਾਂ ਕੋਲ ਵੀ ਅਜਿਹੀ ਹੀ ਕੋਈ ਗਾਂ ਹੁੰਦੀ। ਇਕ ਵਾਰ ਗਾਂ ਰੱਸਾ ਤੁੜਵਾ ਕੇ ਭੱਜ ਗਈ। ਉਸ ਨੂੰ ਬਹੁਤ ਲੱਭਿਆ ਗਿਆ ਪਰ ਨਹੀਂ ਮਿਲੀ। ਕੁਝ ਦਿਨ ਬਾਅਦ ਕਿਸੇ ਨੇ ਦੱਸਿਆ ਕਿ ਗਾਂ ਗੁਆਂਢੀ ਪਿੰਡ ਦੇ ਢਿਮਕੇ ਵਿਅਕਤੀ ਦੇ ਘਰ ’ਚ ਹੈ। ਭਰਾ ਲੱਭਦੇ ਹੋਏ ਉਸ ਆਦਮੀ ਦੇ ਘਰ ਪੁੱਜੇ, ਪਰ ਗਾਂ ਕਿਤੇ ਦਿਖਾਈ ਨਹੀਂ ਦਿੱਤੀ। ਉਸ ਆਦਮੀ ਕੋਲ ਪੁੱਛਿਆ ਤਾਂ ਉਹ ਸਾਫ ਮੁੱਕਰ ਗਿਆ। ਉਦੋਂ ਭਰਾ ਨੂੰ ਇਕ ਤਰੀਕਾ ਸੁੱਝਿਆ।

ਉਹ ਨਾਂ ਲੈ ਕੇ ਪੁਕਾਰਣ ਲੱਗੇ-ਗੁਲਾਬੋ, ਗੁਲਾਬੋ। ਉਨ੍ਹਾਂ ਦੀ ਆਵਾਜ਼ ਸੁਣ ਕੇ ਗਾਂ ਰੰਭੀ ਅਤੇ ਵਾਰ-ਵਾਰ ਰੰਭਣ ਲੱਗੀ। ਉਸ ਆਦਮੀ ਨੇ ਗਾਂ ਨੂੰ ਆਪਣੇ ਘਰ ਦੇ ਵਿਹੜੇ ’ਚ ਬੰਨ੍ਹਿਆ ਹੋਇਆ ਸੀ। ਭਰਾ ਨੇ ਉਸ ਨੂੰ ਕਿਹਾ। ਉਸ ਨੇ ਵੀ ਗਾਂ ਦੀ ਆਵਾਜ਼ ਸੁਣ ਹੀ ਲਈ ਸੀ। ਉਹ ਚੁੱਪਚਾਪ ਅੰਦਰ ਗਿਆ ਅਤੇ ਗਾਂ ਦਾ ਰੱਸਾ ਭਰਾ ਦੇ ਹੱਥ ਫੜਾ ਦਿੱਤਾ।

ਭਾਵ ਕਿ ਪਸ਼ੂਆਂ ਨੂੰ ਉਨ੍ਹਾਂ ਦੇ ਨਾਂ ਨਾਲ ਵੀ ਲੱਭਿਆ ਜਾ ਸਕਦਾ ਹੈ ਪਰ ਕਈ ਵਾਰ ਜੇਕਰ ਪਸ਼ੂ ਬਹੁਤ ਦੂਰ ਲੈ ਜਾਏ ਜਾਣ ਤਾਂ ਉਨ੍ਹਾਂ ਨੂੰ ਲੱਭਣਾ ਮੁਸ਼ਕਿਲ ਹੁੰਦਾ ਹੈ। ਵਧੇਰੇ ਵਾਰ ਚੋਰੀ ਕੀਤੇ ਗਏ ਪਸ਼ੂ ਮਿਲਦੇ ਵੀ ਨਹੀਂ ਹਨ।

ਫਿਰ ਜਿਸ ਤਰ੍ਹਾਂ ਉਸ ਪਿੰਡ ਵਾਲੇ ਨੇ ਆਪਣੀ ਗਲਤੀ ਮੰਨ ਕੇ ਗਾਂ ਦਾ ਰੱਸਾ ਫੜਾ ਦਿੱਤਾ ਸੀ, ਇਹ ਦਹਾਕਿਆਂ ਪੁਰਾਣੀ ਗੱਲ ਹੈ। ਉਦੋਂ ਆਦਮੀ ਸ਼ਾਇਦ ਇੰਨਾ ਚਲਾਕ ਵੀ ਨਹੀਂ ਹੋਇਆ ਸੀ। ਉਸ ਨੂੰ ਆਪਣੀ ਗਲਤੀ ਮੰਨਣ ’ਚ ਜ਼ਿਆਦਾ ਸਮਾਂ ਨਹੀਂ ਲੱਗਦਾ ਸੀ, ਜਾਂ ਇਉਂ ਕਹੀਏ ਕਿ ਉਹ ਆਦਮੀ ਹੀ ਸ਼ਰੀਫ ਸੀ। ਇਨ੍ਹੀਂ ਦਿਨੀਂ ਤਾਂ ਸ਼ਾਇਦ ਹੀ ਕੋਈ ਆਪਣੀ ਗਲਤੀ ਮੰਨਦਾ ਹੈ। ਛੋਟੇ ਪਸ਼ੂਆਂ ਦੀ ਚੋਰੀ ਤਾਂ ਹੋਰ ਵੀ ਆਮ ਹੈ।

ਸ਼ਮਾ ਸ਼ਰਮਾ


author

Rakesh

Content Editor

Related News