ਭਾਰਤ ’ਚ ਭਰੋਸਾ ਦਲੀਲ ਤੋਂ ਅਤੇ ਉਮੀਦ ਡਰ ਤੋਂ ਵੱਧ ਮਜ਼ਬੂਤ ਹੈ

Monday, Dec 01, 2025 - 04:43 PM (IST)

ਭਾਰਤ ’ਚ ਭਰੋਸਾ ਦਲੀਲ ਤੋਂ ਅਤੇ ਉਮੀਦ ਡਰ ਤੋਂ ਵੱਧ ਮਜ਼ਬੂਤ ਹੈ

ਅਜਿਹੇ ਦੇਸ਼ ’ਚ ਜਿੱਥੇ ਲੋਕ ਸ਼ਨੀਵਾਰ ਆਪਣੇ ਨਹੁੰ ਨਹੀਂ ਕੱਟਦੇ ਜਾਂ ਤਿੰਨ ਜੋਤਿਸ਼ੀਆਂ ਅਤੇ ਗੁਆਂਢੀਆਂ ਦੀ ਆਂਟੀ ਤੋਂ ਪੁੱਛੇ ਬਿਨਾਂ ਜਾਇਦਾਦ ਨਹੀਂ ਖਰੀਦਦੇ, ਇਹ ਮੰਨਣਾ ਬਿਲਕੁਲ ਨਾਦਾਨੀ ਹੋਵੇਗੀ ਕਿ ਭਾਰਤੀ ਨੇਤਾ, ਕ੍ਰਿਕਟਰ ਅਤੇ ਫਿਲਮੀ ਸਿਤਾਰੇ ਸਿਰਫ ਲਾਜਿਕ ਨਾਲ ਚੱਲਦੇ ਹਨ। ਪਾਵਰ ਪਾਲਿਸੀ ਨਾਲ, ਟੇਲੈਂਟ ਟ੍ਰੇਨਿੰਗ ਨਾਲ ਅਤੇ ਫੇਮ ਸਖਤ ਮਿਹਨਤ ਨਾਲ ਮਿਲ ਸਕਦਾ ਹੈ ਪਰ ਪਰਦੇ ਪਿੱਛੇ ਕਿਤੇ, ਕਦੇ ਵੀ ਇਕ ਛੋਟਾ ਜਿਹਾ ਨਾਰੀਅਲ ਤੋੜਿਆ ਜਾ ਰਿਹਾ ਹੈ, ਦਰਵਾਜ਼ੇ ’ਤੇ ਇਕ ਨਿੰਬੂ ਰੱਖਿਆ ਜਾਂਦਾ ਹੈ ਅਤੇ ਸਿਰਫ ਕਿਸੇ ਵੀ ਹਾਲਾਤ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ।

ਚਲੋ ਸਿਆਸਤ ਤੋਂ ਸ਼ੁਰੂ ਕਰਦੇ ਹਾਂ। ਗੰਭੀਰ ਚਿਹਰਿਆਂ, ਲੰਬੇ ਭਾਸ਼ਣਾਂ ਅਤੇ ਅਜੀਬ ਸਮੇਂ ’ਤੇ ਕੀਤੇ ਗਏ ਫੈਸਲਿਆਂ ਦੀ ਦੁਨੀਆ ਦੇਖੋ। ਇਹ ਕੋਈ ਸੀਕ੍ਰੇਟ ਨਹੀਂ ਹੈ ਕਿ ਨਰਿੰਦਰ ਮੋਦੀ, ਇਕ ਮਜ਼ਬੂਤ ਅਤੇ ਫੈਸਲਾ ਲੈਣ ਵਾਲੇ ਨੇਤਾ ਵਜੋਂ ਦੇਖੇ ਜਾਣ ਦੇ ਬਾਵਜੂਦ ਅਧਿਆਤਮਿਕ ਪ੍ਰਕਿਰਿਆਵਾਂ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ। ਵੱਡੇ ਸਿਆਸੀ ਮੌਕਿਆਂ ਤੋਂ ਪਹਿਲਾਂ ਕੇਦਾਰਨਾਥ, ਕਾਸ਼ੀ ਵਿਸ਼ਵਨਾਥ ਅਤੇ ਹੋਰ ਪਵਿੱਤਰ ਥਾਵਾਂ ’ਤੇ ਉਨ੍ਹਾਂ ਦੇ ਦੌਰੇ ਦੂਰ-ਦੂਰ ਤੱਕ ਜਾਣੇ ਜਾਂਦੇ ਹਨ।

ਜਿੱਥੇ ਹਮਾਇਤੀ ਆਸਥਾ ਦੇਖਦੇ ਹਨ, ਉਥੇ ਆਲੋਚਕ ਰਣਨੀਤੀ ਵੇਖਦੇ ਹਨ ਪਰ ਕਿਸੇ ਵੀ ਤਰ੍ਹਾਂ ਨਾਲ ਦੇਸ਼ ਨੇ ਵੇਖਿਆ ਹੈ ਕਿ ਉਨ੍ਹਾਂ ਦੇ ਕਰੀਅਰ ਦੇ ਅਹਿਮ ਦੌਰ ਅਕਸਰ ਪ੍ਰਮਾਤਮਾ ਨੂੰ ਚੁੱਪਚਾਪ ਪ੍ਰਣਾਮ ਨਾਲ ਸ਼ੁਰੂ ਹੁੰਦੇ ਹਨ।

ਇਸੇ ਤਰ੍ਹਾਂ ਭਾਰਤ ’ਚ ਲੰਬੇ ਸਮੇਂ ਤੋਂ ਸੁਣਿਆ ਜਾ ਰਿਹਾ ਹੈ ਕਿ ਵੱਖ-ਵੱਖ ਪਾਰਟੀਆਂ ਦੇ ਨੇਤਾ ਚੋਣਾਂ ਤੋਂ ਪਹਿਲਾਂ ਚੁੱਪਚਾਪ ਜੋਤਿਸ਼ੀਆਂ ਨਾਲ ਸਲਾਹ ਕਰਦੇ ਹਨ। ਇੰਦਰਾ ਗਾਂਧੀ ਵਰਗੀ ਪੁਰਾਣੀ ਆਗੂ ਖੁੱਲੇ ਤੌਰ ’ਤੇ ਅਧਿਆਤਮਿਕ ਸਲਾਹ ਲੈਂਦੇ ਸਨ ਅਤੇ ਇਹ ਸਭ ਜਾਣਦੇ ਹਨ ਕਿ ਜੋਤਿਸ਼ੀਆਂ ਨੇ ਕਦੇ ਕਾਂਗਰਸ ਦੀ ਸਿਆਸੀ ਪਲਾਨਿੰਗ ’ਚ ਭੂਮਿਕਾ ਨਿਭਾਈ ਸੀ। ਕਿਹਾ ਜਾਂਦਾ ਹੈ ਕਿ ਦਿੱਲੀ ’ਚ ਆਫਿਸ ਨੂੰ ਵਾਸਤੂਸ਼ਾਸਤਰ ਮੁਤਾਬਕ ਇਕ ਤੋਂ ਵੱਧ ਵਾਰ ਡਿਜ਼ਾਈਨ ਕੀਤਾ ਗਿਆ। ਕੰਧਾਂ ਬਦਲੀਆਂ ਗਈਆਂ ਹਨ, ਸ਼ੀਸ਼ੇ ਲਾਏ ਗਏ ਹਨ ਅਤੇ ਫੁਹਾਰੇ ਵੀ ਲਾਏ ਗਏ ਹਨ। ਇਹ ਸਭ ਇਸ ਗੱਲ ਨੂੰ ਪੱਕਾ ਕਰਨ ਲਈ ਕੀਤਾ ਿਗਆ ਹੈ ਕਿ ਸਿਆਸੀ ਐਨਰਜੀ ਉੱਤਰ-ਪੂਰਬ ਵੱਲ ਜਾਵੇ ਪਰ ਮੁਸੀਬਤ ’ਚ ਨਾ ਪਾਏ।

ਨੇਤਾ ਹਰ ਇੰਟਰਵਿਊ ’ਚ ਇਸ ਗੱਲ ਤੋਂ ਇਨਕਾਰ ਕਰਨਗੇ ਪਰ ਫਿਰ ਵੀ ਸੰਸਦ ਭਵਨ ਕੰਪਲੈਕਸ ’ਚ ਹੌਲੀ-ਹੌਲੀ ਅਤੇ ਚੌਕਸੀ ਨਾਲ ਕਦਮ ਰੱਖਦੇ ਹੋਏ ਜਾਣਗੇ ਜਿਵੇਂ ਕਿ ਫਰਸ਼ ਖੁਦ ਹੀ ਮਾੜੀ ਕਿਸਮਤ ਪ੍ਰਤੀ ਸੈਂਸਟਿਵ ਹੋਵੇ। ਜੇ ਸਿਆਸਤ ਡਰਾਮਾ ਹੈ ਤਾਂ ਕ੍ਰਿਕਟ ਭਾਵ ਹੈ। ਜੇ ਕੋਈ ਅਜਿਹਾ ਮੈਦਾਨ ਹੈ ਜਿੱਥੇ ਅੰਧਵਿਸ਼ਵਾਸ ਸੱਚਮੁੱਚ ਸਟੇਡੀਅਮ ਦੀ ਰੌਸ਼ਨੀ ਨਾਲੋਂ ਵੱਧ ਚਮਕਦਾ ਹੈ ਤਾਂ ਉਹ ਕ੍ਰਿਕਟ ਦੇ ਮੈਦਾਨ ਦੀ ਪਿੱਚ ਹੈ। ਸਚਿਨ ਤੇਂਦੁਲਕਰ ਆਪਣਾ ਖੱਬਾ ਪੈਡ ਪਹਿਲਾਂ ਪਹਿਨਣ ਲਈ ਪ੍ਰਸਿੱਧ ਸਨ। ਪ੍ਰਮਾਤਮਾ ਜਾਂ ਇਤਫਾਕ, ਕਿਸੇ ਨੇ ਵੀ ਆਰਡਰ ਨੂੰ ਬਦਲਣ ਦੀ ਹਿੰਮਤ ਨਹੀਂ ਕੀਤੀ। ਧੋਨੀ ਜੋ ਬਾਹਰ ਤੋਂ ਬਰਫ ਵਾਂਗ ਠੰਢੇ ਹਨ, ਫੌਜੀ ਅਨੁਸ਼ਾਸਨ ਦੇ ਨਾਲ ਰੁਟੀਨ ’ਤੇ ਟਿਕੇ ਰਹਿਣ ਲਈ ਜਾਣੇ ਜਾਂਦੇ ਹਨ। ਇਕ ਸਮੇਂ ਉਨ੍ਹਾਂ ਦੇ ਲੰਬੇ ਵਾਲ ਸਿਰਫ ਇਕ ਸਟਾਈਲ ਨਹੀਂ ਸਨ। ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਮੰਨਣਾ ਸੀ ਕਿ ਇਹ ਟੀਮ ਇੰਡੀਆ ਲਈ ਕਿਸੇ ਲੱਕੀ ਚਾਰਮ ਤੋਂ ਘੱਟ ਨਹੀਂ ਹੈ।

ਫਿਰ ਵਿਰਾਟ ਕੋਹਲੀ ਹਨ, ਜਿਨ੍ਹਾਂ ਨੂੰ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਮੰਦਰਾਂ ’ਚ ਜਾਂਦਿਆਂ, ਪਵਿੱਤਰ ਧਾਗੇ ਬੰਨ੍ਹਵਾਉਂਦਿਆਂ ਅਤੇ ਇਹ ਪੱਕਾ ਕਰਦੇ ਹੋਏ ਦੇਖਿਆ ਗਿਆ ਹੈ ਕਿ ਕੁਝ ਅਧਿਆਤਮਿਕ ਆਦਤਾਂ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣੀਆਂ ਰਹਿਣ।

ਕੌਣ ਭੁੱਲ ਸਕਦਾ ਹੈ ਕਿ ਕਿਵੇਂ ਪੂਰਾ ਦੇਸ਼ ਅਚਾਨਕ ਚੰਗੀ ਵਾਈਬਸ ’ਚ ਭਰੋਸਾ ਕਰਨ ਲੱਗਾ ਜਦੋਂ ਅਨੁਸ਼ਕਾ ਸ਼ਰਮਾ ਨੂੰ ਟੈਨਸ਼ਨ ਵਾਲੇ ਮੈਚਾਂ ਦੌਰਾਨ ਸਟੈਂਡ ’ਤੇ ਮੈਡੀਟੇਸ਼ਨ ਕਰਦੇ ਵੇਖਿਆ ਗਿਆ। ਜੇ ਭਾਰਤ ਜਿੱਤਿਆ ਤਾਂ ਲੋਕ ਮਜ਼ਾਕ ’ਚ ਕਹਿੰਦੇ ਸਨ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਬਾਲਰ ਤੱਕ ‘ਪਾਜ਼ੇਟਿਵ ਯੋਗ ਐਨਰਜੀ’ ਪਹੁੰਚ ਗਈ ਸੀ।

ਸਭ ਤੋਂ ਨਿਡਰ ਬਾਲਰ ਅਤੇ ਹਿੱਟਰ ਦੇ ਦਿਮਾਗ ’ਚ ਵੀ ਇਕ ਅਣਦੇਖੀ ਸੂਚੀ ਹੁੰਦੀ ਹੈ। ਉਹੀ ਜੁਰਾਬਾਂ, ਉਹੀ ਦਸਤਾਨੇ, ਉਹੀ ਵਾਰਮਅੱਪ ਪਲੇਅਲਿਸਟ, ਿਪੱਚ ਤੱਕ ਜਾਣ ਦਾ ਉਹੀ ਰਸਤਾ ਤੈਅ ਹੁੰਦਾ ਹੈ। ਰਸਤਾ ਬਦਲੋ ਅਤੇ ਅਚਾਨਕ ਵਿਕਟ ਡਿੱਗ ਜਾਂਦੀ ਹੈ। ਸਾਇੰਸ ਤਾਂ ਬੇਸ਼ੱਕ ਹੀ ਹੱਸੇ ਪਰ ਕ੍ਰਿਕਟ ਫੈਨਜ਼ ਇਸ ’ਤੇ ਲੜਨਗੇ।

ਅਤੇ ਹੁਣ ਅਸੀਂ ਬਾਲੀਵੁੱਡ ’ਤੇ ਆਉਂਦੇ ਹਾਂ। ਇਕ ਅਜਿਹੀ ਦੁਨੀਆ ਜਿਸ ਨੂੰ ਡਾਇਰੈਕਟਰ ਨਹੀਂ ਸਗੋਂ ਸਟਾਰ ਚਲਾਉਂਦੇ ਹਨ। ਸਕ੍ਰੀਨ ’ਤੇ ਵੀ ਅਤੇ ਆਸਮਾਨ ’ਤੇ ਵੀ। ਅਜੇ ਦੇਵਗਨ ਲੰਬੇ ਸਮੇਂ ਤੋਂ 9 ਨਾਲ ਜੁੜੇ ਰਹੇ ਹਨ। ਉਨ੍ਹਾਂ ਆਪਣੀਆਂ ਕਈ ਫਿਲਮਾਂ 9 ਤਰੀਕ ਨੂੰ ਹੀ ਰਿਲੀਜ਼ ਕੀਤੀਆਂ ਹਨ ਕਿਉਂਕਿ ਨਿਊਮਰੋਲੋਜੀ ਇਸ ਨੂੰ ਪਸੰਦ ਕਰਦੀ ਹੈ। ਏਕਤਾ ਕਪੂਰ ਨੇ ਆਪਣੇ ਸ਼ੋਅ (ਕਿਉਂਕਿ ਸਾਸ ਭੀ ਕਭੀ ਬਹੂ ਥੀ) ਦੇ ਟਾਈਟਲ ’ਚ ਵਾਧੂ ਅੱਖਰ ਇਸ ਲਈ ਜੋੜੇ ਕਿਉਂਕਿ ਉਨ੍ਹਾਂ ਦੇ ਨਿਊਮਰੋਲੋਜਿਸ ਨੇ ਸਲਾਹ ਦਿੱਤੀ ਸੀ ਕਿ ਅਜਿਹਾ ਸਫਲਤਾ ਲਈ ਇਕ ਬੂਸਟਰ ਸ਼ਾਟ ਹੈ। ਇਸ ਫਾਰਮੂਲੇ ’ਤੇ ਕੌਣ ਬਹਿਸ ਕਰ ਸਕਦਾ ਹੈ, ਜਿਸ ਨੇ ਕਈ ਸਾਲ ਤੱਕ ਇੰਡੀਅਨ ਟੈਲੀਵਿਜ਼ਨ ’ਤੇ ਰਾਜ ਕੀਤਾ।

ਸ਼ਾਹਰੁਖ ਖਾਨ ਆਪਣੀ ਡੂੰਘੀ ਆਸਥਾ ਲਈ ਜਾਣੇ ਜਾਂਦੇ ਹਨ। ਉਹ ਅਕਸਰ ਕਿਸੇ ਵੱਡੀ ਰਿਲੀਜ਼ ਤੋਂ ਪਹਿਲਾਂ ਧਾਰਮਿਕ ਥਾਵਾਂ ’ਤੇ ਜਾਂਦੇ ਹਨ। ਸਲਮਾਨ ਖਾਨ ਜਿਨ੍ਹਾਂ ਦੇ ਕਰੀਅਰ ਨੇ ਬਹੁਤ ਉਤਰਾਅ-ਚੜ੍ਹਾਅ ਦੇਖੇ, ਉਹ ਪ੍ਰੋਟੈਕਟਿਵ ਚਾਰਮ ਰੱਖਣ ਲਈ ਜਾਣੇ ਜਾਂਦੇ ਹਨ। ਅਨੁਸ਼ਾਸਨ ਅਤੇ ਇੰਟੈਲੀਜੈਂਸ ਦੇ ਪ੍ਰਤੀਕ ਅਮਿਤਾਭ ਬੱਚਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਲਗਾਤਾਰ ਜੋਤਿਸ਼ੀਆਂ ਕੋਲੋਂ ਸਲਾਹ ਲੈਂਦੇ ਹਨ ਅਤੇ ਕੁ ਖਾਸ ਰਤਨਾਂ ਪ੍ਰਤੀ ਉਨ੍ਹਾਂ ਦੀ ਡੂੰਘੀ ਆਸਥਾ ਹੈ। ਹਾਈਟੈੱਕ ਕੈਮਰਿਆਂ ਅਤੇ ਇੰਟਰਨੈਸ਼ਨਲ ਕਰੂ ਵਾਲੇ ਮਾਡਰਨ ਸੈੱਟ ’ਤੇ ਵੀ ‘ਮਹੂਰਤ’ ਸ਼ਬਦ ਅੱਜ ਵੀ ਮੌਜੂਦ ਹੈ। ਫਿਲਮ ਦੇ ਪਹਿਲੇ ਸ਼ਾਟ ਨੂੰ ਆਸ਼ੀਰਵਾਦ ਦਿੱਤਾ ਜਾਂਦਾ ਹੈ, ਕਲੈਪਬੋਰਡ ਨੂੰ ਇਕ ਪਵਿੱਤਰ ਚੀਜ਼ ਵਾਂਗ ਮੰਨਿਆ ਜਾਂਦਾ ਹੈ ਤੇ ਇਕ ਪ੍ਰੋਡਿਊਸਰ ਨਹੀਂ, ਪੁਜਾਰੀ ਪ੍ਰਾਜੈਕਟ ਨੂੰ ਸ਼ੁਰੂ ਕਰਦਾ ਹੈ, ਉਸ ਤੋਂ ਬਿਨਾਂ ਸਭ ਤੋਂ ਐਡਵਾਂਸ ਕੈਮਰਾ ਵੀ ਪਲਕ ਝਪਕਾਉਣ ਤੋਂ ਮਨ੍ਹਾ ਕਰ ਦਿੰਦਾ ਹੈ।

ਇਸ ਸਭ ਦੀ ਕਾਮੇਡੀ ਇਹ ਹੈ ਕਿ ਅੰਧਵਿਸ਼ਵਾਸ ਹੁਣ ਲਗਭਗ ਫੈਸ਼ਨ ਬਣ ਗਿਆ ਹੈ। ਫਿਲਮਾਂ ਦੇ ਟਾਈਟਲ ਨੰਬਰ ਕਾਰਨ ਬਦਲੇ ਜਾਂਦੇ ਹਨ, ਘਰਾਂ ਨੂੰ ਦਿਸ਼ਾਵਾਂ ਕਾਰਨ ਚੁਣਿਆ ਜਾਂਦਾ ਹੈ। ਕਾਰਾਂ ਨੂੰ ਕਲਰ ਕੰਬੀਨੇਸ਼ਨ ਦੇ ਆਧਾਰ ’ਤੇ ਖਰੀਦਿਆਂ ਜਾਂਦਾ ਹੈ। ਮੋਬਾਈਲ ਫੋਨਾਂ ਦੇ ਨੰਬਰ ਨੈੱਟਵਰਕ ਲਈ ਨਹੀਂ ਸਗੋਂ ਸ਼ੁੱਭ ਯੋਗ ਲਈ ਚੁਣੇ ਜਾਂਦੇ ਹਨ।

ਡਿਜ਼ਾਈਨਰ ਸਨਗਲਾਸ ਅਤੇ ਸਕਿਓਰਿਟੀ ਗਾਰਡ ਦੇ ਪਿੱਛੇ, ਪਾਵਰ ਦੇ ਪੈਸਿਆਂ ਦੇ ਪਿੱਛੇ, ਅੱਜ ਵੀ ਇਕ ਆਮ ਇਨਸਾਾਨ ਹੈ ਜੋ ਇਸ ਅਨਪ੍ਰਿਡਿਕਟੇਬਲ ਦੁਨੀਆ ’ਚ ਤਸੱਲੀ ਲੱਭ ਰਿਹਾ ਹੈ।

ਕੀ ਅੰਧਵਿਸ਼ਵਾਸ ਬੇਵਕੂਫੀ ਹੈ, ਸ਼ਾਇਦ।
ਕੀ ਇਹ ਸਕੂਨ ਦੇਣ ਵਾਲਾ ? ਬਿਲਕੁਲ।

ਜਦੋਂ ਲੱਖਾਂ ਲੋਕ ਤੁਹਾਡੇ ਫੈਸਲਿਆਂ ’ਤੇ ਨਿਰਭਰ ਹੋਣ, ਜਦੋਂ ਕੈਮਰੇ ਤੁਹਾਨੂੰ ਕਦੇ ਨਾ ਛੱਡਣ, ਜਦੋਂ ਿਕ ਛੋਟੀ ਜਿਹੀ ਗਲਤੀ ਅਗਲੇ ਦਿਨ ਦੀ ਹੈੱਡ ਲਾਈਨ ਬਣ ਜਾਵੇ ਤਾਂ ਥੋੜ੍ਹੀ ਬਹੁਤ ਸੁਰੱਖਿਆ ਦੀ ਇੱਛਾ ਰੱਖਣੀ ਇਨਸਾਨੀ ਫਿਤਰਤ ਹੈ, ਬੇਸ਼ੱਕ ਹੀ ਇਹ ਗੁੱਟ ’ਤੇ ਬੰਨ੍ਹੇ ਲਾਲ ਧਾਗੇ ਦੇ ਰੂਪ ’ਚ ਹੋਵੇ। ਅੰਤ ’ਚ ਅੰਧਵਿਸ਼ਵਾਸ ਜਾਦੂ ਸੰਬੰਧੀ ਨਹੀਂ ਹੈ। ਇਹ ਕੰਟਰੋਲ ਸਬੰਧੀ ਹੈ। ਮਨ ਅਤੇ ਦੁਨੀਆ ਦਰਮਿਆਨ ਇਕ ਚੁੱਪਚਾਪ ਕੀਤਾ ਿਗਆ ਸਮਝੌਤਾ ਹੈ ਕਿ ਤੁਸੀਂ ਮੇਰੀ ਮਦਦ ਕਰੋ, ਮੈਂ ਤੁਹਾਡੇ ’ਤੇ ਭਰੋਸਾ ਕਰਾਂਗਾ।

ਭਾਰਤ ਵਰਗੇ ਦੇਸ਼ ’ਚ ਜਿੱਥੇ ਭਰੋਸਾ ਦਲੀਲ ਤੋਂ ਵੱਧ ਮਜ਼ਬੂਤ ਹੈ ਅਤੇ ਉਮੀਦ ਡਰ ਤੋਂ ਵੱਧ ਮਜ਼ਬੂਤ ਹੈ, ਸ਼ਾਇਦ ਅੰਧਵਿਸ਼ਵਾਸ ਕੋਈ ਕਮਜ਼ੋਰੀ ਨਹੀਂ ਹੈ।

-ਦੇਵੀ ਐੱਮ. ਚੇਰੀਅਨ


author

Harpreet SIngh

Content Editor

Related News