ਚੰਗਾ ਸਮਾਂ ਗੋਲੀ ਵਾਂਗ ਨਿਕਲ ਜਾਂਦਾ ਹੈ, ਬੁਰਾ ਕੱਟਿਆ ਨਹੀਂ ਕੱਟਦਾ
Thursday, Dec 04, 2025 - 06:02 PM (IST)
ਸਮਾਂ ਵਰਤਮਾਨ ਤੋਂ ਭਵਿੱਖ ਵੱਲ ਬਿਨਾਂ ਰੁਕੇ ਚੱਲਦਾ ਰਹਿੰਦਾ ਹੈ। ਇਸ ਨੂੰ ਕੋਈ ਪ੍ਰਵਾਹ ਨਹੀਂ ਹੈ ਕਿ ਕੋਈ ਸੌਂ ਰਿਹਾ ਹੈ ਜਾਂ ਜਾਗ ਰਿਹਾ ਹੈ। ਪਹੀਆ ਘੁੰਮਦਾ ਹੀ ਰਹਿੰਦਾ ਹੈ। ਇਕ ਹੋਰ ਗੱਲ ਕਿ ਸਮੇਂ-ਸਮੇਂ ’ਚ ਵੱਡਾ ਫਰਕ ਹੁੰਦਾ ਹੈ। ਚੰਗਾ ਗੋਲੀ ਵਾਂਗ ਨਿਕਲ ਜਾਂਦਾ ਹੈ, ਬੁਰਾ ਕੱਟਿਆ ਨਹੀਂ ਕੱਟਦਾ। ਸਹੂਲਤ ਲਈ ਆਦਮੀ ਨੇ ਸਮੇਂ ਨੂੰ ਮਾਪਣਾ ਸ਼ੁਰੂ ਕੀਤਾ। ਸੈਕੰਡ, ਮਿੰਟ, ਘੰਟੇ, ਦਿਨ, ਮਹੀਨੇ, ਸਾਲ ਸਭ ਇਸੇ ਦੇ ਦਿਮਾਗ ਦੀ ਉਪਜ ਹੈ। ਸ਼ੁਰੂ ਦੇ 20-50 ਸਾਲ ਇਸ ਗੱਲ ਲਈ ਹਨ ਕਿ ਤੁਸੀਂ ਖੁਦ ਨੂੰ ਕਿਸੇ ਬੀਮਾਰੀ ਦਾ ਇਲਾਜ ਐਲਾਨ ਕਰੋ। ਜਿਸ ਨੂੰ ਦਰਕਾਰ ਹੋਵੇਗੀ ਉਹ ਤੁਹਾਨੂੰ ਲੱਭ ਲਵੇਗਾ। ਉਸ ਦਾ ਕੰਮ ਹੋ ਜਾਏਗਾ। ਤੁਸੀਂ ਬਾਜ਼ਾਰ ’ਚ ਫਿੱਟ ਹੋ ਜਾਵੋਗੇ। ਕਿਸੇ ਨੂੰ ਦੱਸਣਾ ਨਹੀਂ ਪਏਗਾ ਕਿ ਤੁਸੀਂ ਕੀ ਕਰ ਰਹੇ ਹੋ। ਚੀਜ਼ਾਂ ਮੰਗਣੀਆਂ ਨਹੀਂ ਪੈਣਗੀਆਂ, ਤੁਸੀਂ ਖਰੀਦ ਸਕੋਗੇ। ਬੇਰੋਜ਼ਗਾਰੀ ਦੇ ਸ਼ੋਰ-ਸ਼ਰਾਬੇ ਦਰਮਿਆਨ ਮੇਰਾ ਹੁਣ ਵੀ ਮੰਨਣਾ ਹੈ ਕਿ ਜੇਕਰ ਤੁਹਾਡੇ ਕੋਲ ਕਿਸੇ ਸਮੱਸਿਆ ਦਾ ਹੱਲ ਹੈ ਤਾਂ ਦੁਨੀਆ ਤੁਹਾਡੀ ਹੈ।
ਲੋਕ ਪੁੱਛਦੇ ਹਨ ਕਿ ਆਈ. ਪੀ. ਐੱਸ. ’ਚ ਆਉਣ ਦਾ ਖਿਆਲ ਕਦੋਂ ਆਇਆ? ਮੇਰਾ ਜਵਾਬ ਹੁੰਦਾ ਹੈ ਕਦੇ ਨਹੀਂ। ਸਕੂਲ-ਕਾਲਜ ਦੇ ਸਾਲ ਮਜ਼ੇ ’ਚ ਕੱਟੇ। ਪ੍ਰੀਖਿਆਵਾਂ ਹੱਥ ਦਿਖਾਉਣ ਦਾ ਮੌਕਾ ਹੁੰਦੀਆਂ ਸਨ। ਹੌਸਲਾ ਇੰਨਾ ਸੀ ਕਿ ਲੱਗਦਾ ਸੀ ਕਿ ਜੋ ਇਕ ਦੋ ਹੱਥ-ਪੈਰ ਦਾ ਆਦਮੀ ਕਰ ਸਕਦਾ ਹੈ, ਮੈਂ ਵੀ ਕਰ ਸਕਦਾ ਹਾਂ। ਕਿਸੇ ਨੇ ਕਹਿ ਦਿੱਤਾ ਕਿ ਸਿਵਲ ਸੇਵਾ ਦੀ ਪ੍ਰੀਖਿਆ ਦੁਨੀਆ ਦੀਆਂ ਔਖੀਆਂ ਪ੍ਰੀਖਿਆਵਾਂ ’ਚੋਂ ਇਕ ਹੈ। ਮੈਂ ਕਿਹਾ ਕਿ ਦੇਖਦੇ ਹਾਂ। ਟਹਿਲਦੇ ਹੋਏ ਆਈ. ਪੀ. ਐੱਸ. ’ਚ ਪਹੁੰਚ ਗਿਆ। ਸੰਘਰਸ਼ ਜਾਂ ਤਾਂ ਸੀ ਨਹੀਂ ਜਾਂ ਮੈਨੂੰ ਪਤਾ ਹੀ ਨਹੀਂ ਲੱਗਾ। ਜਿਸ ਭੂ ਅਤੇ ਕਾਲ ਖੰਡ ਤੋਂ ਮੈਂ ਆਇਆ ਹਾਂ, ਉਥੇ ਸਰਕਾਰਾਂ ਨਦਾਰਦ ਸਨ। ਭਲੇ ਦੀ ਤਾਂ ਭੁੱਲ ਜਾਓ। ਬੁਰੇ ’ਚ ਵੀ ਬੁਰੇ ਤੋਂ ਬੁਰਾ ਹੋ ਜਾਣ ਤੋਂ ਬਾਅਦ ਹੀ ਪੁਲਸ ਪਹੁੰਚਦੀ ਸੀ। ਉਹ ਵੀ ਇਕ ਵਾਧੂ ਸਮੱਸਿਆ ਬਣ ਕੇ। ਇਨ੍ਹਾਂ ਦੇ ਗਾਲੀ-ਗਲੋਚ ਦੇ ਸ਼ੌਕ ਅਤੇ ਲੁੱਟ-ਬੇਗਾਰ ਦੇ ਜਨੂੰਨ ਤੋਂ ਬਚਣ ਲਈ ਦੈਵੀ ਕਿਰਪਾ ਤੋਂ ਘੱਟ ਨਾਲ ਕੰਮ ਚੱਲਣ ਦਾ ਮਤਲਬ ਹੀ ਨਹੀਂ ਹੁੰਦਾ ਸੀ। ਬਦਮਾਸ਼ਾਂ ਦਾ ਕੁਝ ਵਿਗੜਦਾ ਨਹੀਂ ਸੀ। ਭਲਿਆਂ ਲਈ ਇੱਜ਼ਤ ਬਚਾਉਣੀ ਮੁਸ਼ਕਲ ਹੁੰਦੀ ਸੀ।
ਵਿਵਸਥਾ ਕੁਝ ਅਜਿਹੀ ਸੀ ਕਿ ਘਰ ਤੋਂ ਹਜ਼ਾਰਾਂ ਮੀਲ ਦੂਰ ਪਹੁੰਚ ਗਏ। ਹੁਣ ਜਦੋਂ ਮੈਂ ਖੁਦ ਹੀ ਸਰਕਾਰ ਸੀ, ਸੋ ਪਹਿਲੇ ਦਿਨ ਹੀ ਠਾਨ ਲਿਆ ਕਿ ਹੱਲ ਬਣਾਂਗਾ। ਜ਼ਿਲੇ ਅਤੇ ਰੇਂਜ ’ਚ ਰਹੇ ਤਾਂ ਆਪਣੇ ਮਾਤਹਤਾਂ ਨੂੰ ਕਹਿੰਦੇ ਰਹੇ ਕਿ ਲੋਕਾਂ ’ਤੇ ਤਰਸ ਖਾਓ। ਹਜ਼ਾਰਾਂ ਸਾਲ ਦੀ ਗੁਲਾਮੀ ਤੋਂ ਬਾਅਦ ਪਹਿਲੀ ਵਾਰ ਸੁੱਖ ਦਾ ਸਾਹ ਲੈ ਰਹੇ ਹਨ। ਕਾਨੂੰਨ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਗਲਤੀ ਅਤੇ ਬੇਵਕੂਫੀ ਲਈ ਮੁਆਫ ਕਰੋ। ਬਦਮਾਸ਼ੀ ਅਤੇ ਠੱਗੀ ਦੇ ਲਈ ਤਾਂ ਬੇਸ਼ੱਕ ਰਗੜ ਦਿਓ। ਜੋ ਖੁਦ ਨਹੀਂ ਕਰਦੇ ਉਹ ਸਹੂਲਤ ਦੂਸਰੇ ਨੂੰ ਕਿਥੋਂ ਦੇਈਏ? ਜੋ ਮੇਰੇ ਉੱਪਰ ਸਨ ਉਨ੍ਹਾਂ ਨੂੰ ਕਿਹਾ ਕਿ ਜਿਸ ਗੱਲ ਨਾਲ ਕਿਸੇ ਦੇ ਫਾਇਦੇ ਲਈ ਮੇਰਾ ਜਾਂ ਕਿਸੇ ਹੋਰ ਦਾ ਨੁਕਸਾਨ ਨਾ ਹੁੰਦਾ ਹੋਵੇ ਤਾਂ ਬੇਝਿਜਕ ਫਰਮਾਓ। ਉਦੋਂ ਦਾ ਦਿਨ ਹੈ ਅਤੇ ਅੱਜ, 34 ਸਾਲ ਹੋ ਗਏ ਹਨ। ਮੈਨੂੰ ਕਦੇ ਕੋਈ ਦਿੱਕਤ ਨਹੀਂ ਆਈ।
ਕੁਝ ਵੱਡਾ ਕਰਨ ਦੀ ਸੋਚ ਨੇ ਮੈਨੂੰ ਹਮੇਸ਼ਾ ਚਲਾਈ ਰੱਖਿਆ ਹੈ। ਸ਼ੁਰੂ ਦੇ ਦਿਨਾਂ ’ਚ ਇਕ ਅਹੁਦੇਦਾਰ ਬਾਰੇ ਕਿਸੇ ਨੇ ਦੱਸਿਆ ਕਿ ਇਨ੍ਹਾਂ ਨੇ ‘ਸਰਵ ਸਿੱਖਿਆ ਮੁਹਿੰਮ’ ਨਾਂ ਦੀ ਵੱਡੀ ਸਕੀਮ ਚਲਾਈ ਹੈ। ਫੌਰਨ ਦਿਮਾਗ ’ਚ ਆਇਆ ਕਿ ਮੈਂ ਵੀ ਕੁਝ ਅਜਿਹਾ ਹੀ ਕਰਾਂਗਾ। ਸਾਲਾਂ ਬਾਅਦ ਸਰਕਾਰ ਨੇ ਖੇਡ ਵਿਭਾਗ ਦਾ ਜ਼ਿੰਮਾ ਦਿੱਤਾ। ਲੋਕ ਜਦੋਂ ਮੈਡਲ ਦੇ ਜਸ਼ਨ ’ਚ ਡੁੱਬੇ ਸਨ, ਮੈਂ ਬੱਚਿਆਂ ਨੂੰ ਖੇਡ ਦੇ ਮੈਦਾਨ ’ਚ ਲਿਆਉਣ ਦੀ ਠਾਨੀ। ਦਿਵਿਆਂਗ ਖਿਡਾਰੀਆਂ ਨੂੰ ਬਰਾਬਰੀ ਦਾ ਦਰਜਾ ਦਿਵਾਉਣ ਦੀ ਸੋਚੀ। ਅਨੁਸੂਚਿਤ ਜਾਤੀ ਦੇ ਖਿਡਾਰੀਆਂ ਲਈ ਵਿਸ਼ੇਸ਼ ਉਤਸ਼ਾਹ ਨੂੰ ਪਹਿਲ ਬਣਾਇਆ। ਮੈਨੂੰ ਕਿਸੇ ਨੇ ਨਹੀਂ ਰੋਕਿਆ।
‘ਸਪੈਟ ਸਕਾਲਰਸ਼ਿਪ ਸਕੀਮ’ ਵਿਚ ਹਰ ਸਾਲ 15 ਲੱਖ ਬੱਚੇ ਹਿੱਸਾ ਲੈਂਦੇ ਸਨ। ਸਟੇਡੀਅਮ 3 ਮਹੀਨੇ ਨੱਕੋ-ਨੱਕ ਭਰਿਆ ਰਹਿੰਦਾ ਸੀ। ਦਿਵਿਆਂਗ ਅਤੇ ਆਮ ਵਰਗ ਦੇ ਖਿਡਾਰੀਆਂ ਨੂੰ ਇਕੋ ਜਿਹੀਆਂ ਸਹੂਲਤਾਂ ਮਿਲਣ ਲੱਗੀਆਂ। ‘ਫੇਅਰਪਲੇਅ ਸਟਾਈਪੈਂਡ ਸਕੀਮ’ ਵਿਚ ਵਾਂਝੀ ਜਾਤੀ ਦੇ ਖਿਡਾਰੀਆਂ ਨੂੰ ਹਜ਼ਾਰਾਂ ਰੁਪਏ ਦਾ ਮਾਸਿਕ ਸਟਾਈਪੈਂਡ ਮਿਲਣ ਲੱਗਾ। ‘ਪਲੇਅ ਫਾਰ ਇੰਡੀਆ’ ਸਕੀਮ ਨੇ ਹਰਿਆਣਾ ਨੂੰ ਪੂਰੇ ਦੇਸ਼ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲਾ ਮੋਹਰੀ ਰਾਜ ਬਣਾ ਦਿੱਤਾ। ਚੁਣੌਤੀ ਸਵੀਕਾਰ ਕਰਨ ਦਾ ਸਿਲਸਿਲਾ ਇਵੇਂ ਹੀ ਚੱਲਦਾ ਰਿਹਾ। ਸਵੇਰ ਦੀ ਦੌੜ ’ਚ ਮੇਰੇ ਇਕ ਕੋਚ ਨੇ ਕਿਹਾ ਕਿ ਨਿਊਜ਼ੀਲੈਂਡ ’ਚ ਇਕ ਰਨਰ ਹੈ ਜਿਸ ਦੇ ਨਾਲ ਘੜੀ ਮਿਲਾ ਕੇ ਕਈ ਸ਼ਹਿਰਾਂ ’ਚ 5000 ਲੋਕ ਦੌੜਦੇ ਹਨ। ਤਲਵਾਰ ਫਿਰ ਖਿੱਚੀ ਗਈ। ਮੈਂ ਕਿਹਾ ਕਿ ਇਕ ਦਿਨ ਮੈਂ ਆਪਣੇ ਨਾਲ 50 ਹਜ਼ਾਰ ਨੂੰ ਦੌੜਾਵਾਂਗਾ।
ਸਾਲਾਂ ਬਾਅਦ ਜਦੋਂ ਪੁਲਸ ’ਚ ਪਰਤਿਆ ਤਾਂ ਐੱਸ. ਐੱਚ. ਓ. ਨੂੰ ਥਾਣੇ ਤੋਂ ਬਾਹਰ ਨਿਕਲਣ ਅਤੇ ਲੋਕਾਂ ਨਾਲ ਸਰੋਕਾਰ ਰੱਖਣ ਲਈ ਮੈਂ ਜ਼ਿਲਾ ਮੈਰਾਥਨ ਦੀ ਤਰਕੀਬ ਲੜਾਈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੇ ਇਲਾਕੇ ਦੇ 50 ਅਜਿਹੇ ਲੋਕਾਂ ਨਾਲ ਵਰਕਿੰਗ ਰਿਲੇਸ਼ਨ ਬਣਾਓ ਜਿਨ੍ਹਾਂ ਦੇ ਪ੍ਰਭਾਵ ਨਾਲ 20-30 ਲੜਕੇ-ਬੱਚੇ ਹੋਣ। ਮੈਂ 10 ਦਿਨ ਦੇ ਨੋਟਿਸ ’ਚ ਸਾਲ ’ਚ ਇਕ ਵਾਰ ਜ਼ਿਲਾ ਮੈਰਾਥਨ ਕਰਾਵਾਂਗਾ। ਤੁਹਾਨੂੰ ਇਨ੍ਹਾਂ ਸਾਰਿਆਂ ਨੂੰ ਉਸ ’ਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਹੈ। ਸੋਚ ਸੀ ਕਿ ਇਸੇ ਬਹਾਨੇ ਉਹ ਥਾਣੇ ਤੋਂ ਬਾਹਰ ਨਿਕਲਣਗੇ, ਗੱਡੀਆਂ ਤੋਂ ਉਤਰਨਗੇ, ਲੋਕਾਂ ਨਾਲ ਗੱਲ ਕਰਨਗੇ। ਮੇਰਾ ਮੰਨਣਾ ਹੈ ਕਿ ਜਿਸ ਥਾਣੇਦਾਰ ਦੀ ਪਹੁੰਚ ਹਜ਼ਾਰ ਲੋਕਾਂ ਤਕ ਹੈ ਉਹ ਕਦੇ ਮਾਰ ਨਹੀਂ ਖਾ ਸਕਦਾ। ਪਹਿਲੇ ਆਯੋਜਨ ’ਚ ਹੀ 60 ਹਜ਼ਾਰ ਲੋਕ ਉਤਸ਼ਾਹਪੂਰਵਕ ਦੌੜੇ। ਰਾਖਵੇਂਕਰਨ ਅੰਦੋਲਨ ’ਚ ਜਦੋਂ ਵੰਡ ਪਿੰਡ-ਪਿੰਡ ਤਕ ਪਹੁੰਚ ਗਈ ਸੀ, ਜ਼ਿਲਾ ਮੈਰਾਥਨ ਨੇ ਮਾਹੌਲ ਬਦਲਣ ’ਚ ਬਹੁਤ ਮਦਦ ਕੀਤੀ। ਹੁਣ ਤਾਂ ਸਰਕਾਰ ਜਨਸੰਪਰਕ ਲਈ ਇਸ ਦਾ ਲਗਾਤਾਰ ਆਯੋਜਨ ਕਰਦੀ ਹੈ।
ਪਿਛਲੇ ਅਕਤੂਬਰ ਮੰਦਭਾਗੀਆਂ ਘਟਨਾਵਾਂ ਦੇ ਵਿਚਾਲੇ ਸੂਬਾਈ ਪੁਲਸ ਮੁਖੀ ਬਣਨ ਦਾ ਮੌਕਾ ਮਿਲਿਆ। ਵੱਡੀ ਚੁਣੌਤੀ ਸੀ। ਹਰ ਜਗ੍ਹਾ ਤੋਂ ਲੋਕ ਪੁੱਛਦੇ ਸਨ ਕਿ ਇਹ ਕੀ ਹੋ ਰਿਹਾ ਹੈ। ਮੈਂ ਕਿਹਾ ਕਿ ਕੁਝ ਨਹੀਂ। ਨੀਤੀ ਬਣਾਈ ਕਿ ਵਿਹਲਾ ਨਹੀਂ ਬੈਠਾਂਗਾ, ਚੁੱਪ ਨਹੀਂ ਰਹਾਂਗਾ। ਬੰਦ ਕਮਰੇ ’ਚ ਮੀਟਿੰਗ-ਮੀਟਿੰਗ ਖੇਡਣ ਦੀ ਬਜਾਏ ਬਾਹਰ ਨਿਕਲਿਆ। ਪੁਲਸ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਹਿੰਦੀ ’ਚ ਕਿਹਾ ਕਿ ਲੋਕਾਂ ਨਾਲ ਕਾਇਦੇ ਨਾਲ ਪੇਸ਼ ਆਉਣ, ਠੱਗਾਂ-ਬਦਮਾਸ਼ਾਂ ਨੂੰ ਜੇਲ ਛੱਡ ਕੇ ਆਉਣ। ਸੁਰੱਖਿਆ ਦੇ ਨਾਂ ’ਤੇ ਲੋਕਾਂ ਦੀਆਂ ਮੁਸ਼ਕਲਾਂ ਨਾ ਵਧਾਓ।
50 ਦਿਨ ਹੋਣ ਨੂੰ ਹਨ। ਬਦਮਾਸ਼ ਜਾਂ ਤਾਂ ਜੇਲ ’ਚ ਹਨ ਜਾਂ ਪੈਰ ਸਿਰ ’ਤੇ ਰੱਖ ਕੇ ਦੌੜ ਰਹੇ ਹਨ। ਪੀੜਤ ਅਤੇ ਲੋੜਵੰਦ ਬੇਝਿਜਕ ਮੇਰੇ ਦਫਤਰ ਆਉਂਦੇ ਹਨ, ਬੇਖੌਫ ਮੇਰੇ ਨਾਲ ਗੱਲ ਕਰਦੇ ਹਨ। ਮੈਂ ਇਨ੍ਹਾਂ ਲਈ ਮੀਟਿੰਗ ਹਾਲ ਖੋਲ੍ਹਿਆ ਹੋਇਆ ਹੈ। ਕਿਹਾ ਹੋਇਆ ਹੈ ਕਿ ਕੁਝ ਖੁਆ-ਪਿਆ ਦਿਓ, ਦੂਰ-ਦਰਾਜ ਤੋਂ ਆਏ ਹਨ ਪਰ ਦਿਨ ’ਚ ਇਕ-ਦੋ ਮਿਲ ਹੀ ਜਾਂਦੇ ਹਨ ਜੋ ਆਪਣੇ ਨੂੰ ‘ਡੀਪ ਸਟੇਟ’ ਸਮਝਦੇ ਹਨ। ਦਿਲੋਂ ਮੰਨਦੇ ਹਨ ਕਿ ਉਹ ਕਾਨੂੰਨ ਤੋਂ ਉੱਪਰ ਹਨ। ਮੈਨੂੰ ਹਾਸਾ ਆਉਂਦਾ ਹੈ। ਦਿਮਾਗ ’ਚ ਮੁਕੇਸ਼ ਦਾ ਇਕ ਪੁਰਾਣਾ ਗਾਣਾ ਚੱਲ ਪੈਂਦਾ ਹੈ ‘ਇਕ ਦਿਨ ਬਿਕ ਜਾਏਗਾ, ਮਾਟੀ ਕੇ ਮੋਲ’ । ਪੁਲਸ ਦੇ ਜਵਾਨ ਬਦਮਾਸ਼ਾਂ ਨਾਲ ਖੁੱਲ੍ਹੇਆਮ ਦਿਨ-ਰਾਤ ਬਿਨਾਂ ਡਰੇ-ਥੱਕੇ ਲੜਦੇ ਹਨ। ਘਰ ਇਕੱਲੇ ਜਾਂਦੇ ਹਨ। ਇਕੱਲੇ ਰਹਿੰਦੇ ਹਨ। ਇਨ੍ਹਾਂ ਨੂੰ ਚਾਹੀਦੀ ਹੈ ਜਾਦੂ ਦੀ ਜੱਫੀ।
ਓ. ਪੀ. ਸਿੰਘ (ਡੀ. ਜੀ. ਪੀ., ਹਰਿਆਣਾ)
