‘ਵਧ ਰਿਹਾ ਰਿਸ਼ਵਤਖੋਰੀ ਦਾ ਰੋਗ’ ਕੁਝ ਪਟਵਾਰੀ ਵੀ ਲੈ ਰਹੇ ਹਨ ‘ਰਿਸ਼ਵਤ’!
Thursday, Nov 27, 2025 - 05:33 AM (IST)
ਦੇਸ਼ ’ਚ ਰਿਸ਼ਵਤਖੋਰੀ ਦਾ ਰੋਗ ਲਗਾਤਾਰ ਵਧ ਰਿਹਾ ਹੈ ਅਤੇ ਇਸ ’ਚ ਹੇਠਾਂ ਤੋਂ ਉੱਪਰ ਤਕ ਦੇ ਕਈ ਕਰਮਚਾਰੀ ਅਤੇ ਅਧਿਕਾਰੀ ਸ਼ਾਮਲ ਹਨ। ਇਥੋਂ ਤਕ ਕਿ ਜ਼ਮੀਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਕਰਵਾਉਣ ਵਾਲੇ ਕੁਝ ਪਟਵਾਰੀ ਅਤੇ ਉਨ੍ਹਾਂ ਦੇ ਕਰਿੰਦੇ ਵੀ ਇਸ ਕੰਮ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਸਦੀਆਂ ਪਿਛਲੇ ਸਵਾ 2 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 16 ਸਤੰਬਰ, 2025 ਨੂੰ ‘ਡੂੰਗਰਪੁਰ’ (ਰਾਜਸਥਾਨ) ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ‘ਗਾਮਣਾ ਬ੍ਰਾਮਣੀਅਾਂ’ ਦੇ ਪਟਵਾਰੀ ‘ਹੇਮੰਤ ਕੁਮਾਰ’ ਨੂੰ ਜ਼ਮੀਨ ਸਬੰਧੀ ਇਕ ਦਸਤਾਵੇਜ਼ ਤੋਂ ਸ਼ਿਕਾਇਤਕਰਤਾ ਦੀ ਭੈਣ ਦਾ ਨਾਂ ਹਟਾਉਣ ਦੇ ਬਦਲੇ 5000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 19 ਸਤੰਬਰ ਨੂੰ ‘ਪੁੰਛ’ (ਜੰਮੂ ਕਸ਼ਮੀਰ) ਦੇ ਪਟਵਾਰ ਹਲਕਾ ‘ਸ਼ਾਹਪੁਰ’ ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਪਟਵਾਰੀ ‘ਜਮੀਲ ਅਹਿਮਦ ਭੱਟ ਨੂੰ ਸ਼ਿਕਾਇਕਰਤਾ ਤੋਂ 15,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 14 ਅਕਤੂਬਰ ਨੂੰ ਸੀ. ਬੀ.ਆਈ. ਨੇ ‘ਜੰਮੂ’ ਦੇ ‘ਕੋਟ ਭਲਵਾਲ’ ਇਲਾਕੇ ਦੇ ਪਟਵਾਰੀ ‘ਨਰਿੰਦਰ ਕੁਮਾਰ’ ਨੂੰ ਇਕ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਉਸ ਦੀ ਕਾਰ ’ਚੋਂ 50,000 ਰੁਪਏ ਵੀ ਬਰਾਮਦ ਹੋਏ। ਪਟਵਾਰੀ ਨੇ ਜ਼ਮੀਨ ਦੀ ਫਰਦ ਜਾਰੀ ਕਰਨ ਲਈ ਇਹ ਰਿਸ਼ਵਤ ਲਈ ਸੀ।
* 4 ਨਵੰਬਰ ਨੂੰ ‘ਸਾਂਬਾ’ (ਜੰਮੂ-ਕਸ਼ਮੀਰ) ਜ਼ਿਲੇ ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਪਟਵਾਰ ਹਲਕਾ ‘ਦਾਦੁਈ’ ਦੇ ਪਟਵਾਰੀ ‘ਸੁਨੀਲ ਕੁਮਾਰ’ ਨੂੰ ਸ਼ਿਕਾਇਤਕਰਤਾ ਦੀ ਗਿਰਦਾਵਰੀ ਸਹੀ ਕਰਨ ਦੇ ਬਦਲੇ ’ਚ 20,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਅਤੇ ਉਸ ਦੇ ਵਾਹਨ ’ਚੋਂ 35 ਲੱਖ ਤੋਂ ਵੱਧ ਰਕਮ ਬਰਾਮਦ ਕੀਤੀ।
* 20 ਨਵੰਬਰ ਨੂੰ ‘ਜੀਂਦ’ (ਹਰਿਆਣਾ) ’ਚ ਇਕ ਕਿਸਾਨ ਦੀ ਜ਼ਮੀਨ ਦੀ ਨਿਸ਼ਾਨਦੇਹੀ ਦੇ ਬਦਲੇ ’ਚ ਰਿਸ਼ਵਤ ਲੈਣ ਦੇ ਦੋਸ਼ ’ਚ ਪਿੰਡ ‘ਅਲੇਵਾ’ ਦੇ ਕਾਨੂੰਨਗੋ ‘ਸੁਰੇਸ਼’ ਨੂੰ ਜ਼ਿਲਾ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ 4 ਸਾਲ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
* 20 ਨਵੰਬਰ ਨੂੰ ਹੀ ‘ਪੰਜਾਬ ਚੌਕਸੀ ਬਿਊਰੋ’ ਨੇ ‘ਤਰਨਤਾਰਨ’ ਜ਼ਿਲੇ ਦੇ ਸਰਕਲ ਗੋਲਵਡ, ਪਿੰਡ ‘ਬਾਲਾ ਚੱਕ’ ਵਿਚ ਤਾਇਨਾਤ ਪਟਵਾਰੀ ‘ਸਰਬਜੀਤ ਸਿੰਘ’ ਨੂੰ ਸ਼ਿਕਾਇਤਕਰਤਾ ਤੋਂ 25,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
ਅੰਮ੍ਰਿਤਸਰ ਨਿਵਾਸੀ ਸ਼ਿਕਾਇਤਕਰਤਾ ਅਾਪਣੀ ਜ਼ਮੀਨ ਵੇਚਣਾ ਚਾਹੁੰਦਾ ਸੀ ਪਰ ਉਸ ਨੂੰ ਪਤਾ ਲੱਗਾ ਕਿ ਜ਼ਮੀਨ ਦਾ ਇੰਤਕਾਲ ਕਿਸੇ ਹੋਰ ਦੇ ਨਾਂ ’ਤੇ ਦਰਜ ਹੈ। ਪਟਵਾਰੀ ਨੇ ਰਿਕਾਰਡ ਠੀਕ ਕਰਨ ਲਈ ਕੁੱਲ ਇਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।
ਸੌਦਾ 30,000 ਰੁਪਏ ’ਚ ਤੈਅ ਹੋਇਆ, ਜਿਸ ’ਚੋਂ ਪਟਵਾਰੀ 5,000 ਰੁਪਏ ਪਹਿਲਾਂ ਹੀ ਲੈ ਚੁੱਕਾ ਸੀ। ਵਿਜੀਲੈਂਸ ਟੀਮ ਨੇ ਸ਼ਿਕਾਇਤ ਦੇ ਆਧਾਰ ’ਤੇ ਜਾਲ ਵਿਛਾਇਆ ਅਤੇ ‘ਸਰਬਜੀਤ ਸਿੰਘ’ ਨੂੰ 25,000 ਰੁਪਏ ਦੀ ਦੂਜੀ ਕਿਸ਼ਤ ਲੈਂਦੇ ਹੋਏ 2 ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਫੜ ਲਿਆ।
* 21 ਨਵੰਬਰ ਨੂੰ ‘ਕਨੀਨਾ’ (ਹਰਿਆਣਾ) ਸਬ-ਡਵੀਜ਼ਨ ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ‘ਗੁਰੂਗ੍ਰਾਮ’ ਦੀ ਟੀਮ ਨੇ ਪਟਵਾਰੀ ‘ਵਿਕਰਮ ਸਿੰਘ’ ਨੂੰ ਸ਼ਿਕਾਇਤਕਰਤਾ ਦੀ ਜ਼ਮੀਨ ਦੀ ਤਕਸੀਮ (ਵੰਡ) ਅਤੇ ਲੋਨ ਸਬੰਧੀ ਕੰਮ ਨਿਪਟਾਉਣ ਦੇ ਬਦਲੇ 10,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
ਰਾਮਬਾਸ ਪਿੰਡ ਦੇ ਇਕ ਨਿਵਾਸੀ ਨੇ ਸ਼ਿਕਾਇਤ ਕੀਤੀ ਸੀ ਕਿ ਪਟਵਾਰੀ ਇਨ੍ਹਾਂ ਕੰਮਾਂ ਨੂੰ ਨਜਿੱਠਣ ਦੇ ਬਦਲੇ ਉਸ ਤੋਂ ਕੁੱਲ 22,500 ਰੁਪਏ ਦੀ ਮੰਗ ਕਰ ਰਿਹਾ ਸੀ। ਅਧਿਕਾਰੀਅਾਂ ਨੇ ਸ਼ਿਕਾਇਤ ਦੀ ਪੁਸ਼ਟੀ ਕਰਨ ਤੋਂ ਬਾਅਦ ਜਾਲ ਵਿਛਾਇਆ ਅਤੇ ਜਿਉਂ ਹੀ ਪਟਵਾਰੀ ਨੇ 10,000 ਰੁਪਏ ਦੀ ਪਹਿਲੀ ਕਿਸ਼ਤ ਲਈ, ਟੀਮ ਨੇ ਉਸ ਨੂੰ ਰੰਗੇ ਹੱਥੀਂ ਦਬੋਚ ਲਿਆ।
* ਅਤੇ ਹੁਣ 24 ਨਵੰਬਰ ਨੂੰ ‘ਸਵਾਈ ਮਾਧੋਪੁਰ’ (ਰਾਜਸਥਾਨ) ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਜ਼ਮੀਨ ਦੇ ਇੰਤਕਾਲ ਦੇ ਬਦਲੇ ਤਹਿਸੀਲਦਾਰ ਦੇ ਸਹਾਇਕ ‘ਕੁਲਦੀਪ ਸਿੰਘ’ ਨੂੰ 18,500 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਪਟਵਾਰੀਅਾਂ ਦਾ ਇਕ ਵਰਗ ਕਿਸ ਕਦਰ ਰਿਸ਼ਵਤਖੋਰੀ ਦੇ ਮਹਾਰੋਗ ਦੀ ਚਪੇਟ ’ਚ ਆ ਚੁੱਕਾ ਹੈ। ਇਸ ਨੂੰ ਦੂਰ ਕਰਨ ਲਈ ਦੋਸ਼ੀਅਾਂ ਦੇ ਵਿਰੁੱਧ ਤੁਰੰਤ ਸਖਤ ਕਾਰਵਾਈ ਤੇਜ਼ ਕਰਨ ਦੀ ਲੋੜ ਹੈ।
ਇਸ ਦੇ ਨਾਲ ਹੀ ਦੇਸ਼ ’ਚ ਜ਼ਮੀਨਾਂ ਦਾ ਰਿਕਾਰਡ ਆਨਲਾਈਨ ਕਰਨ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਤਾਂਕਿ ਇਨ੍ਹਾਂ ਕੰਮਾਂ ’ਚ ਅਧਿਕਾਰੀਆਂ ਅਤੇ ਪਟਵਾਰੀਆਂ ਦੀ ਦਖਲਅੰਦਾਜ਼ੀ ਘਟ ਹੋ ਸਕੇ।
–ਵਿਜੇ ਕੁਮਾਰ
