ਕੀ ਹਵਾ ਪ੍ਰਦੂਸ਼ਣ ਬੱਚਿਆਂ ’ਤੇ ਜਨਮ ਤੋਂ ਬਾਅਦ ਹੀ ਅਸਰ ਪਾਉਂਦਾ ਹੈ ਜਾਂ ਉਸ ਤੋਂ ਪਹਿਲਾਂ ਵੀ?
Saturday, Nov 29, 2025 - 04:48 PM (IST)
ਦਿੱਲੀ-ਐੱਨ. ਸੀ. ਆਰ. ’ਚ ਏਅਰ ਕੁਆਲਿਟੀ ਲੈਵਲ ‘ਗੰਭੀਰ’ ਰੇਂਜ ’ਚ ਹੈ, ਅਜਿਹੇ ’ਚ ਡਾਕਟਰ ਚਿਤਾਵਨੀ ਦੇ ਰਹੇ ਹਨ ਕਿ ਨੁਕਸਾਨ ਬੱਚੇ ਦੇ ਜਨਮ ਤੋਂ ਬਹੁਤ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਇਸ ਬਾਰੇ ਨਵੀਂ ਦਿੱਲੀ ਦੇ ਏਮਜ਼ ’ਚ ਪੀਡੀਆਟ੍ਰਿਕਸ ਦੇ ਪ੍ਰੋਫੈਸਰ ਡਾ. ਕਾਨਾ ਰਾਮ ਜਾਟ ਨਾਲ ਗੱਲ ਕੀਤੀ ਗਈ। ਉਨ੍ਹਾਂ ਨੇ ਅਣਜੰਮੇ ਅਤੇ ਛੋਟੇ ਬੱਚਿਆਂ ’ਤੇ ਪ੍ਰਦੂਸ਼ਣ ਦੇ ਲੁਕੇ ਹੋਏ ਅਸਰ ਬਾਰੇ ਦੱਸਿਆ ਕਿ ਨੁਕਸਾਨ ਗਰਭ ’ਚ ਹੀ ਸ਼ੁਰੂ ਹੋ ਜਾਂਦਾ ਹੈ। ਮਾਂ ਦੇ ਸਾਹ ਜ਼ਰੀਏ ਅੰਦਰ ਆਉਣ ਵਾਲੇ ਪ੍ਰਦੂਸ਼ਕ ਉਸ ਦੇ ਬਲੱਡ ਸਟ੍ਰੀਮ ’ਚ ਜਾਂਦੇ ਹਨ ਅਤੇ ਭਰੂਣ ਤੱਕ ਪਹੁੰਚਦੇ ਹਨ ਜੋ ਆਕਸੀਜਨ ਅਤੇ ਪੋਸ਼ਕ ਤੱਤਾਂ ਲਈ ਪੂਰੀ ਤਰ੍ਹਾਂ ਨਾਲ ਮਾਂ ਦੇ ਖੂਨ ’ਤੇ ਨਿਰਭਰ ਰਹਿੰਦਾ ਹੈ। ਪੇਸ਼ ਹਨ ਗੱਲਬਾਤ ਦੇ ਕੁਝ ਅੰਸ਼-
ਸਵਾਲ : ਪ੍ਰਦੂਸ਼ਣ ਦੇ ਸੰਪਰਕ ’ਚ ਆਉਣ ਨਾਲ ਭਰੂਣ ’ਤੇ ਲੰਬੇ ਸਮੇਂ ਤੱਕ ਕੀ ਅਸਰ ਹੁੰਦੇ ਹਨ?
ਜਵਾਬ : ਏਅਰ ਪ੍ਰਦੂਸ਼ਕ ਸੋਜ, ਆਕਸੀਡੇਟਿਵ ਸਟ੍ਰੈੱਸ ਅਤੇ ਭਰੂਣ ਨੂੰ ਆਕਸੀਜਨ ਦੀ ਸਪਲਾਈ ਘੱਟ ਕਰ ਦਿੰਦੇ ਹਨ। ਇਸ ਨਾਲ ਅੰਗਾਂ ਦਾ ਵਿਕਾਸ ਰੁਕ ਜਾਂਦਾ ਹੈ, ਖਾਸ ਕਰਕੇ ਫੇਫੜਿਆਂ ’ਚ, ਜਿਸ ਨਾਲ ਨਵਜੰਮੇ ਬੱਚੇ ਦੇ ਰੈਸਪਿਰੇਟਰੀ ਸਿਸਟਮ ਦੇ ਖਰਾਬ ਹੋਣ ਅਤੇ ਉਸ ਨੂੰ ਨਿਊਨੇਟਲ ਕੇਅਰ ’ਚ ਵੱਧ ਸਮੇਂ ਤੱਕ ਰਹਿਣ ਦੀ ਲੋੜ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ। ਜ਼ਿਆਦਾ ਪ੍ਰਦੂਸ਼ਣ ਦੇ ਸੰਪਰਕ ’ਚ ਆਉਣ ਵਾਲੇ ਬੱਚਿਆਂ ਦਾ ਜਨਮ ਦੇ ਸਮੇਂ ਭਾਰ ਘੱਟ ਹੋਣ, ਐਲਰਜੀ, ਘਰਘਰਾਹਟ ਅਤੇ ਦਮਾ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ ਅਤੇ ਉਨ੍ਹਾਂ ਦੇ ਵਿਕਾਸ ’ਚ ਦੇਰੀ ਦਾ ਖਤਰਾ ਵੀ ਜ਼ਿਆਦਾ ਹੁੰਦਾ ਹੈ।
ਸਵਾਲ : ਨਵਜੰਮੇ ਅਤੇ ਛੋਟੇ ਬੱਚਿਆਂ ਨੂੰ ਵੱਡਿਆਂ ਦੇ ਮੁਕਾਬਲੇ ਜ਼ਿਆਦਾ ਖਤਰਾ ਕਿਉਂ ਹੁੰਦਾ ਹੈ?
ਜਵਾਬ : ਉਨ੍ਹਾਂ ਦੇ ਫੇਫੜੇ ਅਜੇ ਵੀ ਵਧ ਰਹੇ ਹੁੰਦੇ ਹਨ ਅਤੇ ਉਨ੍ਹਾਂ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ, ਇਸ ਲਈ ਓਨੀ ਹੀ ਪ੍ਰਦੂਸ਼ਿਤ ਹਵਾ ਨਾਲ ਜ਼ਿਆਦਾ ਜਲਨ ਹੁੰਦੀ ਹੈ-ਜਿਵੇਂ ਦਹੀਂ ਦੇ ਇਕ ਛੋਟੇ ਕਟੋਰੇ ’ਚ ਓਨੀ ਹੀ ਮਾਤਰਾ ’ਚ ਮਿਰਚ ਪਾਊਡਰ ਪਾਉਣਾ ਜਿੰਨਾ ਇਕ ਵੱਡੇ ਕਟੋਰੇ ’ਚ।
ਸਵਾਲ : ਕੀ ਛੋਟੇ ਬੱਚਿਆਂ ’ਚ ਸਾਹ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਸਭ ਤੋਂ ਆਮ ਬੀਮਾਰੀਆਂ ਕੀ ਹਨ?
ਜਵਾਬ : ਹਾਲਾਂਕਿ ਇਨਫੈਕਸ਼ਨ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਨਹੀਂ ਹੋਇਆ ਹੈ ਪਰ ਨਵਜੰਮਿਆਂ ਅਤੇ ਛੋਟੇ ਬੱਚਿਆਂ ’ਚ ਪਤਲੇ ਏਅਰਵੇਅ ਅਤੇ ਘੱਟ ਫੇਫੜਿਆਂ ਦੀ ਕਪੈਸਿਟੀ ਦੇ ਕਾਰਨ ਜ਼ਿਆਦਾ ਗੰਭੀਰ ਲੱਛਣ ਦਿਸਦੇ ਹਨ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਸਭ ਤੋਂ ਆਮ ਸਮੱਸਿਆਵਾਂ ’ਚ ਵਾਇਰਲ ਇਨਫੈਕਸ਼ਨ ਦੇ ਬਾਅਦ ਵਾਰ-ਵਾਰ ਸਰਦੀ, ਜ਼ੁਕਾਮ, ਨਿਮੋਨੀਆ ਅਤੇ ਘਰਘਰਾਹਟ ਦੇ ਦੌਰੇ ਸ਼ਾਮਲ ਹਨ। ਪ੍ਰਦੂਸ਼ਣ ਨਾਲ ਦਮਾ ਵਧਦਾ ਹੈ, ਇਨਫੈਕਸ਼ਨ ਵਿਗੜਦੀ ਹੈ ਅਤੇ ਨੀਂਦ ’ਚ ਖਲਲ ਪੈਂਦੀ ਹੈ, ਘਰਘਰਾਹਟ ਵਧ ਜਾਂਦੀ ਹੈ, ਸਕੂਲ ਛੁੱਟ ਜਾਂਦਾ ਹੈ ਅਤੇ ਜ਼ਿਆਦਾ ਹਾਸਪੀਟਲ ਜਾਣਾ ਪੈਂਦਾ ਹੈ। ਹਾਸਪੀਟਲ ਅਕਸਰ ਜ਼ਿਆਦਾ ਪ੍ਰਦੂਸ਼ਣ ਦੇ ਸਮੇਂ ਬੱਚਿਆਂ ’ਚ ਸਾਹ ਲੈਣ ਦੀ ਐਮਰਜੈਂਸੀ ਵਧਣ ਦੀ ਰਿਪੋਰਟ ਕਰਦੇ ਹਨ।
ਸਵਾਲ : ਬਹੁਤ ਛੋਟੇ ਬੱਚਿਆਂ ’ਚ ਦਮੇ ਦਾ ਪਤਾ ਲਗਾਉਣਾ ਮੁਸ਼ਕਲ ਕਿਉਂ ਹੁੰਦਾ ਹੈ?
ਜਵਾਬ : ਕਿਉਂਕਿ ਕਈ ਬੀਮਾਰੀਆਂ ਦਮੇ ਵਰਗੀਆਂ ਹੀ ਹੁੰਦੀਆਂ ਹਨ, ਇਸ ਲਈ ਸਾਹ ਲੈਣ ’ਚ ਦਿੱਕਤ, ਸਾਹ ਲੈਣ ’ਚ ਆਵਾਜ਼, ਬੁੱਲ੍ਹ ਜਾਂ ਨਹੁੰ ਨੀਲੇ ਪੈਣਾ, ਠੀਕ ਨਾਲ ਖਾਣਾ ਨਾ ਖਾਣਾ, ਸੁਸਤੀ, ਦੌਰੇ ਪੈਣਾ ਜਾਂ ਰਿਸਪਾਂਸ ਘੱਟ ਹੋਣ ’ਤੇ ਮਾਤਾ-ਪਿਤਾ ਨੂੰ ਤੁਰੰਤ ਮੈਡੀਕਲ ਮਦਦ ਲੈਣੀ ਚਾਹੀਦੀ ਹੈ।
ਸਵਾਲ : ਮਾਤਾ-ਪਿਤਾ ਨੂੰ ਬ੍ਰੋਂਕਿਓਲਾਈਟਿਸ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ। ਨਿਮੋਨੀਆ ਕਿੰਨਾ ਗੰਭੀਰ ਹੈ?
ਜਵਾਬ : 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਆਮ ਬ੍ਰੋਂਕਿਓਲਾਈਟਿਸ ਸਰਦੀ-ਜ਼ੁਕਾਮ ਵਾਂਗ ਸ਼ੁਰੂ ਹੁੰਦਾ ਹੈ ਪਰ ਕੁਝ ਦਿਨਾਂ ’ਚ ਸਾਹ ਲੈਣ ’ਚ ਦਿੱਕਤ ਹੋ ਸਕਦੀ ਹੈ। ਜ਼ਿਆਦਾਤਰ ਬੱਚੇ ਠੀਕ ਹੋ ਜਾਂਦੇ ਹਨ ਪਰ ਕੁਝ ਨੂੰ ਦੇਖਭਾਲ ਦੀ ਲੋੜ ਹੁੰਦੀ ਹੈ। ਨਿਮੋਨੀਆ ਦੀ ਗੰਭੀਰਤਾ ਅਲੱਗ-ਅਲੱਗ ਹੁੰਦੀ ਹੈ ਅਤੇ ਕਿਸੇ ਵੀ ਚਿੰਤਾਜਨਕ ਲੱਛਣ ’ਤੇ ਤੁਰੰਤ ਮੈਡੀਕਲ ਮਦਦ ਲੈਣੀ ਚਾਹੀਦੀ ਹੈ।
ਸਵਾਲ : ਕੀ ਬਚਪਨ ’ਚ ਵਾਰ-ਵਾਰ ਹੋਣ ਵਾਲੀ ਫੇਫੜਿਆਂ ਦੀ ਇਨਫੈਕਸ਼ਨ ਨਾਲ ਲੰਬੇ ਸਮੇਂ ਤੱਕ ਦਿੱਕਤਾਂ ਹੋ ਸਕਦੀਆਂ ਹਨ।
ਜਵਾਬ : ਹਾਂ ਕਿਉਂਕਿ ਬਚਪਨ ’ਚ ਫੇਫੜੇ ਲਗਾਤਾਰ ਵਧਦੇ ਰਹਿੰਦੇ ਹਨ, ਇਸ ਲਈ ਵਾਰ-ਵਾਰ ਹੋਣ ਵਾਲੀ ਇਨਫੈਕਸ਼ਨ ਨਾਲ ਬਾਅਦ ’ਚ ਜ਼ਿੰਦਗੀ ’ਚ ਲਗਾਤਾਰ ਘਰਘਰਾਹਟ ਜਾਂ ਦਮੇ ਦਾ ਖਤਰਾ ਵਧ ਸਕਦਾ ਹੈ।
ਸਵਾਲ : ਮਾਤਾ-ਪਿਤਾ ਆਮ ਤੌਰ ’ਤੇ ਕਿਹੜੀਆਂ ਗਲਤਫਹਿਮੀਆਂ ’ਤੇ ਯਕੀਨ ਕਰਦੇ ਹਨ?
ਜਵਾਬ : ਕੁਝ ਮਾਤਾ-ਪਿਤਾ ਆਮ ਗਲਤਫਹਿਮੀਆਂ ’ਚ ਸ਼ਾਮਲ ਹਨ :
–ਬੱਚਿਆਂ ਨੂੰ ਦਮਾ ਨਹੀਂ ਹੋ ਸਕਦਾ।
–ਸਾਹ ਦੇ ਜ਼ਰੀਏ ਲਏ ਜਾਣ ਵਾਲੇ ਸਟੇਰਾਈਡ ਨਸ਼ੇ ਦੀ ਲਤ ਵਾਲੇ ਹੁੰਦੇ ਹਨ।
–ਅਸਥਮਾ ਇਕ ਸਮਾਜਿਕ ਕਲੰਕ ਹੈ।
–ਹਰ ਇਨਫੈਕਸ਼ਨ ਲਈ ਐਂਟੀਬਾਇਓਟਿਕਸ ਦੀ ਲੋੜ ਹੁੰਦੀ ਹੈ।
–ਖੁਦ ਦਵਾਈ ਲੈਣਾ ਕਾਫੀ ਹੈ।
ਅਨੁਜਾ ਜਾਇਸਵਾਲ
