‘ਵਿਦੇਸ਼ ਭੇਜਣ ਦੇ ਨਾਂ ’ਤੇ’ ਜਾਰੀ ਹੈ ਜਾਅਲਸਾਜ਼ ਏਜੰਟਾਂ ਦੀ ਠੱਗੀ!

Sunday, Nov 23, 2025 - 06:15 AM (IST)

‘ਵਿਦੇਸ਼ ਭੇਜਣ ਦੇ ਨਾਂ ’ਤੇ’ ਜਾਰੀ ਹੈ ਜਾਅਲਸਾਜ਼ ਏਜੰਟਾਂ ਦੀ ਠੱਗੀ!

ਹਰ ਕੋਈ ਚਾਹੁੰਦਾ ਹੈ ਕਿ ਉਹ ਚੰਗੇ ਪੈਸੇ ਕਮਾਏ ਅਤੇ ਬਿਹਤਰ ਜੀਵਨ ਜੀਵੇ। ਇਸੇ ਆਸ ’ਚ ਆਪਣੇ ਸੁਖਦਾਈ ਭਵਿੱਖ ਦੇ ਸੁਪਨੇ ਲੈ ਕੇ ਅਨੇਕ ਨੌਜਵਾਨ ਕਿਸੇ ਵੀ ਤਰੀਕੇ ਨਾਲ ਵਿਦੇਸ਼ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸੇ ਜਨੂੰਨ ’ਚ ਇਨ੍ਹਾਂ ’ਚੋਂ ਅਨੇਕ ਨੌਜਵਾਨ ਜਾਅਲਸਾਜ਼ ਏਜੰਟਾਂ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਦੀਆਂ ਸਿਰਫ ਪਿਛਲੇ 5 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 5 ਜੂਨ ਨੂੰ ਫਤੇਹਾਬਾਦ (ਹਰਿਆਣਾ) ’ਚ ‘ਵਰਕ ਵੀਜ਼ਾ’ ਦਿਵਾ ਕੇ ਇਕ ਵਿਅਕਤੀ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ ਲਗਭਗ 12 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਪੁਲਸ ਨੇ ਇਕ ਟ੍ਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ।

* 8 ਜੂਨ ਨੂੰ ਦਿੱਲੀ ਦੇ ‘ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ’ ’ਤੇ ਜਾਅਲੀ ਪਾਸਪੋਰਟ ਅਤੇ ਹੋਰ ਦਸਤਾਵੇਜ਼ਾਂ ਦੇ ਸਹਾਰੇ 3 ਲੋਕਾਂ ਨੂੰ ਸਪੇਨ ਭੇਜਣ ਦੀ ਕੋਸ਼ਿਸ਼ ਕਰਨ ਵਾਲੇ ਠੱਗ ਟ੍ਰੈਵਲ ਏਜੰਟ ਅਤੇ ਸਪੇਨ ਜਾਣ ਦੇ ਇੱਛੁਕ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਿਗਆ, ਜਿਨ੍ਹਾਂ ਨੇ ਠੱਗ ਟ੍ਰੈਵਲ ਏਜੰਟ ਨੂੰ 17 ਲੱਖ ਰੁਪਏ ਦਿੱਤੇ ਸਨ।

* 7 ਅਗਸਤ ਨੂੰ ਲੁਧਿਆਣਾ (ਪੰਜਾਬ) ਦੀ ਪੁਲਸ ਨੇ ਇਕ ਔਰਤ ਨੂੰ ‘ਕੈਨੇਡਾ’ ਦਾ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ 20.20 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ 2 ਟ੍ਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ।

* 11 ਅਕਤੂਬਰ ਨੂੰ ‘ਮੋਗਾ’ (ਪੰਜਾਬ) ਦੇ ‘ਕੋਟ ਈਸੇ ਖਾਂ’ ’ਚ ਕੈਨੇਡਾ ਭੇਜਣ ਦੇ ਨਾਂ ’ਤੇ ਇਕ ਵਿਅਕਤੀ ਨੂੰ ਫਰਜ਼ੀ ਦਸਤਾਵੇਜ਼ ਦੇ ਕੇ ਉਸ ਤੋਂ 26 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਇਕ ਟ੍ਰੈਵਲ ਏਜੰਟ ਜੋੜੇ ਸਮੇਤ 3 ਲੋਕਾਂ ਵਿਰੁੱਧ ਪੁਲਸ ਨੇ ਕੇਸ ਦਰਜ ਕੀਤਾ।

* 7 ਨਵੰਬਰ ਨੂੰ ‘ਉੱਤਰ 24 ਪਰਗਨਾ’ (ਪੱਛਮੀ ਬੰਗਾਲ) ’ਚ ਵਿਦੇਸ਼ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਅਨੇਕ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਫਰਜ਼ੀ ਏਜੰਟ ਨੂੰ ਗ੍ਰਿਫਤਾਰ ਕੀਤਾ ਿਗਆ।

* 12 ਨਵੰਬਰ ਨੂੰ ‘ਜਲੰਧਰ’ (ਪੰਜਾਬ) ਦੇ ਅਰਬਨ ਅਸਟੇਟ ’ਚ ਦਫਤਰ ਖੋਲ੍ਹ ਕੇ ਬੈਠੇ ਠੱਗ ਟ੍ਰੈਵਲ ਏਜੰਟਾਂ ਵਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਦੇ ਦੋਸ਼ ’ਚ ਪੁਲਸ ਨੇ ਦੋਸ਼ੀ ਜੋੜੇ ਅਤੇ ਉਨ੍ਹਾਂ ਦੀ ਸਹਿਯੋਗੀ ਮਹਿਲਾ ਵਿਰੁੱਧ ਕੇਸ ਦਰਜ ਕੀਤਾ।

ਪੁਲਸ ’ਚ ਦਿੱਤੀ ਸ਼ਿਕਾਇਤ ’ਚ ਠੱਗੀ ਦੇ ਸ਼ਿਕਾਰ ਹੋਏ ਵਿਅਕਤੀ ਨੇ ਕਿਹਾ ਕਿ ਉਸ ਨੇ ਆਪਣੇ ਬੇਟੇ ਨੂੰ ‘ਕੈਨੇਡਾ’ ਭੇਜਣ ਲਈ ਉਕਤ ਠੱਗ ਟ੍ਰੈਵਲ ਏਜੰਟਾਂ ਨੂੰ 19.35 ਲੱਖ ਰੁਪਏ ਿਦੱਤੇ ਸਨ, ਪਰ ਨਾ ਹੀ ਉਨ੍ਹਾਂ ਨੇ ਉਸ ਦੇ ਬੇਟੇ ਨੂੰ ਵਿਦੇਸ਼ ਭਿਜਵਾਇਆ ਅਤੇ ਨਾ ਹੀ ਉਨ੍ਹਾਂ ਦੀ ਰਕਮ ਵਾਪਸ ਕੀਤੀ।

* 12 ਨਵੰਬਰ ਨੂੰ ਹੀ ‘ਜਲੰਧਰ’ (ਪੰਜਾਬ) ’ਚ ਥਾਣਾ 7 ਦੀ ਪੁਲਸ ਨੇ ਇਕ ਫਰਜ਼ੀ ਏਜੰਟ ਵਿਰੁੱਧ ਇਕ ਵਿਅਕਤੀ ਨੂੰ ਵਿਦੇਸ਼ ’ਚ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ ਉਸ ਤੋਂ 5.50 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਕੇਸ ਦਰਜ ਕੀਤਾ।

* 18 ਨਵੰਬਰ ਨੂੰ ‘ਚੰਡੀਗੜ੍ਹ’ ਸਥਿਤ 2 ਵੱਖ-ਵੱਖ ਇਮੀਗ੍ਰੇਸ਼ਨ ਕੰਪਨੀਆਂ ਦੇ ਮਾਲਕਾਂ ਅਤੇ ਕਰਮਚਾਰੀਆਂ ਵਿਰੁੱਧ ਇਕ ਦਰਜਨ ਦੇ ਲਗਭਗ ਲੋਕਾਂ ਨੂੰ ‘ਕੈਨੇਡਾ’ ਅਤੇ ਹੋਰ ਦੇਸ਼ਾਂ ਦਾ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਲਗਭਗ 1.50 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਿਗਆ।

* ਅਤੇ ਹੁਣ 21 ਨਵੰਬਰ ਨੂੰ ‘ਬਟਾਲਾ’ (ਪੰਜਾਬ) ਦੇ ਥਾਣਾ ‘ਰੰਗੜ ਨੰਗਲ’ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਇਕ ਨੌਜਵਾਨ ਤੋਂ 29 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਜੋੜੇ ਵਿਰੁੱਧ ਕੇਸ ਦਰਜ ਕੀਤਾ।

ਇਹ ਤਾਂ ਉਹ ਕੁਝ ਉਦਾਹਰਣਾਂ ਹਨ ਜੋ ਅਖਬਾਰਾਂ ’ਚ ਪ੍ਰਕਾਸ਼ਿਤ ਹੋਈਆਂ ਹਨ। ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਅਜਿਹੇ ਕਿੰਨੇ ਮਾਮਲੇ ਹੋਣਗੇ ਜਿਨ੍ਹਾਂ ਦੀ ਰਿਪੋਰਟ ਦਰਜ ਨਾ ਹੋਈ ਹੋਵੇ। ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਿਵਦੇਸ਼ ਜਾਣ ਦੇ ਇੱਛੁਕਾਂ ਲਈ ਗਾਈਡਲਾਈਨ ਜਾਰੀ ਕਰ ਕੇ ਉਨ੍ਹਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਨੌਕਰੀ ਦੇ ਫਰਜ਼ੀ ਪ੍ਰਸਤਾਵਾਂ ਦੇ ਝਾਂਸੇ ’ਚ ਨਹੀਂ ਆਉਣਾ ਚਾਹੀਦਾ ਅਤੇ ਰਜਿਸਟਰਡ ਭਰਤੀ ਏਜੰਟਾਂ ਨਾਲ ਹੀ ਸੰਪਰਕ ਕਰਨਾ ਚਾਹੀਦਾ ਹੈ।

ਉਂਝ ਵੀ ਵਿਦੇਸ਼ ਜਾਣ ਦੀ ਇੱਛਾ ਰੱਖਣ ਦੀ ਬਜਾਏ ਬਿਹਤਰ ਹੋਵੇਗਾ ਕਿ ਜਿੰਨੀ ਰਕਮ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ’ਤੇ ਖਰਚ ਕਰਦੇ ਹਨ, ਓਨੀ ਹੀ ਰਕਮ ਭਾਰਤ ’ਚ ਖਰਚ ਕਰ ਕੇ ਉਹ ਆਪਣੇ ਬੱਚਿਆਂ ਨੂੰ ਚੰਗਾ ਕਾਰੋਬਾਰ ਸ਼ੁਰੂ ਕਰਵਾ ਦੇਣ ਤਾਂ ਕਿ ਉਹ ਆਪਣੇ ਨਾਲ-ਨਾਲ ਦੂਜਿਆਂ ਲਈ ਵੀ ਰੋਜ਼ਗਾਰ ਅਤੇ ਆਮਦਨ ਦੇ ਸਾਧਨ ਪੈਦਾ ਕਰ ਕੇ ਦੇਸ਼ ’ਚੋਂ ਬੇਰੋਜ਼ਗਾਰੀ ਦੂਰ ਕਰ ਸਕਣ।

–ਵਿਜੇ ਕੁਮਾਰ


author

Sandeep Kumar

Content Editor

Related News