‘ਵਿਆਹ ਵਰਗੇ ਸਮਾਰੋਹਾਂ ’ਚ ਵੀ ਹੋਣ ਲੱਗੀ’ ਗੈਂਗਵਾਰ ਅਤੇ ਖੂਨ-ਖਰਾਬਾ!

Tuesday, Dec 02, 2025 - 06:03 AM (IST)

‘ਵਿਆਹ ਵਰਗੇ ਸਮਾਰੋਹਾਂ ’ਚ ਵੀ ਹੋਣ ਲੱਗੀ’ ਗੈਂਗਵਾਰ ਅਤੇ ਖੂਨ-ਖਰਾਬਾ!

ਹਾਲਾਂਕਿ ਵਿਆਹ ਵਰਗੇ ਖੁਸ਼ੀ ਦੇ ਮੌਕਿਆਂ ’ਤੇ ਆਯੋਜਿਤ ਸਮਾਰੋਹਾਂ ’ਚ ਲੋਕ ਉਥੇ ਖਾ-ਪੀ ਕੇ ਖੁਸ਼ੀ-ਖੁਸ਼ੀ ਘਰ ਪਰਤਣ ਦੀ ਸੋਚ ਕੇ ਜਾਂਦੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਅਜਿਹੇ ਮੌਕਿਆਂ ’ਤੇ ਵੀ ਲੋਕ ਬਦਲਾ ਲੈਣ ਦੇ ਮੌਕੇ ਲੱਭਣ ਲੱਗੇ ਹਨ।

7 ਦਸੰਬਰ, 2024 ਨੂੰ ਰੋਹਤਕ (ਹਰਿਆਣਾ) ਦੇ ‘ਕਿਲਾਈ’ ਪਿੰਡ ’ਚ ਕਾਰ ’ਚ ਸਵਾਰ ਹੋ ਕੇ ਆਏ ਕੁਝ ਗੈਂਗਸਟਰਾਂ ਨੇ ਇਕ ਵਿਆਹ ਸਮਾਰੋਹ ’ਚ ਸ਼ਾਮਲ 2 ਨੌਜਵਾਨਾਂ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਇਕ ਨੌਜਵਾਨ ਮਾਰਿਆ ਗਿਆ ਅਤੇ ਦੂਜਾ ਜ਼ਖਮੀ ਹੋ ਗਿਆ। ਇਹ ਵਾਰਦਾਤ ਅਮਰੀਕਾ ’ਚ ਰਹਿ ਕੇ ਇਕ ਗੈਂਗ ਨੂੰ ਆਪ੍ਰੇਟ ਕਰਨ ਵਾਲੇ ‘ਹਿਮਾਂਸ਼ੂ ਭਾਊ’ ਨੇ ਕਰਵਾਈ ਸੀ। ਉਹ ਹਰਿਆਣਾ ’ਚ ਹੱਤਿਆ ਅਤੇ ਫਿਰੌਤੀ ਦੇ ਕਈ ਮਾਮਲਿਆਂ ’ਚ ਮੁਲਜ਼ਮ ਹੈ।

ਅਤੇ ਹੁਣ 30 ਨਵੰਬਰ, 2025 ਨੂੰ ਲੁਧਿਆਣਾ (ਪੰਜਾਬ) ’ਚ ਦੇਰ ਰਾਤ ਇਕ ਮੈਰਿਜ ਪੈਲੇਸ ’ਚ ਵਿਆਹ ਸਮਾਰੋਹ ਦੇ ਦੌਰਾਨ ਗੈਂਗਸਟਰਾਂ ਦੇ ‘ਅੰਕੁਰ ਗਰੁੱਪ’ ਅਤੇ ‘ਸ਼ੁਭਮ ਮੋਟਰ ਗਰੁੱਪ’ ’ਚ ਹੋਈ ਅੰਨੇਵਾਹ ਕ੍ਰਾਸ ਫਾਇਰਿੰਗ ’ਚ 60 ਤੋਂ ਵੱਧ ਗੋਲੀਆਂ ਦਾਗੀਆਂ ਗਈਆਂ, ਜਿਨ੍ਹਾਂ ਨਾਲ 2 ਔਰਤਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਇਕ ਠੇਕੇਦਾਰ ਦੇ ਭਤੀਜੇ ਦੇ ਵਿਆਹ ਦੇ ਸਮਾਰੋਹ ਦੌਰਾਨ ਹੋਈ, ਜਿਸ ਨੇ ਦੋਵਾਂ ਗਰੁੱਪਾਂ ਨੂੰ ਸੱਦਾ ਦਿੱਤਾ ਹੋਇਆ ਸੀ।

ਉਥੇ ਮੌਜੂਦ ਲੋਕਾਂ ਅਨੁਸਾਰ ‘ਅੰਕੁਰ ਗਰੁੱਪ’ ਪਹਿਲਾਂ ਹੀ ਸਮਾਰੋਹ ’ਚ ਆਪਣੇ ਸਾਥੀਆਂ ਨੂੰ ਲੈ ਕੇ ਪਹੁੰਚਿਆ ਹੋਇਆ ਸੀ। ਜਿਵੇਂ ਹੀ ‘ਸ਼ੁਭਮ ਗਰੁੱਪ’ ਪੰਡਾਲ ’ਚ ਪਹੁੰਚਿਆ ਤਾਂ ਦੋਵਾਂ ਦਾ ਆਹਮਣਾ-ਸਾਹਮਣਾ ਹੋ ਗਿਆ ਅਤੇ ਦੋਵਾਂ ਵੱਲੋਂ ਫਾਇਰਿੰਗ ਸ਼ੁਰੂ ਹੋ ਗਈ, ਜਦਕਿ ਦੋਵਾਂ ਦਾ ਸਮਝੌਤਾ ਕਰਵਾਉਣ ਦੇ ਯਤਨ ’ਚ ਇਕ ਹੌਜ਼ਰੀ ਕਾਰੋਬਾਰੀ ਜ਼ਖਮੀ ਹੋ ਗਿਆ। ਫਾਇਰਿੰਗ ਦੇ ਕਾਰਨ ਸਮਾਰੋਹ ’ਚ ਭਾਜੜ ਮਚ ਗਈ, ਜਿਸ ਨਾਲ ਕੁਝ ਹੋਰ ਲੋਕ ਵੀ ਜ਼ਖ਼ਮੀ ਹੋ ਗਏ।

ਵਿਆਹ ਵਰਗੇ ਖੁਸ਼ੀ ਦੇ ਮੌਕਿਆਂ ’ਤੇ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਨਜ਼ਰੀਏ ਨਾਲ ਉਚਿਤ ਨਹੀਂ ਕਿਹਾ ਜਾ ਸਕਦਾ। ਜੇਕਰ ਇਹ ਬੁਰਾਈ ਵਧਦੀ ਗਈ ਤਾਂ ਲੋਕ ਅਜਿਹੇ ਸਮਾਰੋਹਾਂ ’ਚ ਜਾਣ ਤੋਂ ਹੀ ਡਰਨ ਲੱਗਣਗੇ। ਇਸ ਲਈ ਅਜਿਹੀਆਂ ਵਾਰਦਾਤਾਂ ’ਚ ਸ਼ਾਮਲ ਹੋ ਕੇ ਰੰਗ ’ਚ ਭੰਗ ਪਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।

–ਵਿਜੇ ਕੁਮਾਰ


author

Sandeep Kumar

Content Editor

Related News