ਮੌਸਮ ਦਾ ਮਜ਼ਾ ਲੈਣ ਦਾ ਮਹੀਨਾ ਹੈ ਨਵੰਬਰ
Saturday, Nov 22, 2025 - 03:54 PM (IST)
ਉਂਝ ਤਾਂ ਹਰ ਮਹੀਨਾ ਮਹੱਤਵਪੂਰਨ ਹੁੰਦਾ ਹੈ ਅਤੇ ਹਰੇਕ ’ਚ ਕੁਝ ਨਾ ਕੁਝ ਖਾਸ ਹੁੰਦਾ ਹੈ ਪਰ ਨਵੰਬਰ ਦਾ ਮਹੀਨਾ ਅਜਿਹਾ ਹੈ ਕਿ ਇਸ ’ਚ ਰਾਸ਼ਟਰੀ ਅਤੇ ਕੌਮਾਂਤਰੀ ਦਿਵਸ ਬਹੁਤ ਮਨਾਏ ਜਾਂਦੇ ਹਨ ਅਤੇ ਚਰਚਾ ਦਾ ਵਿਸ਼ਾ ਬਣੇ ਰਹਿਣ ’ਤੇ ਕਿਸੇ ਨਵੀਂ ਚੀਜ਼ ਦੀ ਸ਼ੁਰੂਆਤ ਹੋ ਹੀ ਜਾਂਦੀ ਹੈ।
ਅਨੋਖੇ ਦਿਨ : ਇਸ ਮਹੀਨੇ ਮਰਦ ਦਿਵਸ ਦਾ ਮਨਾਇਆ ਜਾਣਾ ਕਾਫੀ ਅਨੋਖਾ ਹੈ। ਕਿਸੇ ਵੀ ਮੰਚ ’ਤੇ ਇਨ੍ਹਾਂ ਬਾਰੇ ਸਿਵਾਏ ਇਸ ਦੇ ਕਿ ਮਰਦ ਨੂੰ ਦਰਦ ਨਹੀਂ ਹੁੰਦਾ, ਆਦਮੀ ਹੋ ਕੇ ਰੋਂਦਾ ਹੈ, ਔਰਤਾਂ ਵਾਂਗ ਹੰਝੂ ਟਪਕਾਉਂਦਾ ਹੈ, ਸ਼ੇਰ ਬਣ ਪੁੱਤਰ, ਕੁਝ ਨਹੀਂ ਕਿਹਾ ਜਾਂਦਾ। ਇੱਥੋਂ ਤੱਕ ਕਿ ਆਪਣੇ ਮਨ ਦੀ ਗੱਲ ਕਹਿਣ ਦਾ ਅਧਿਕਾਰ ਮਰਦ ਨੂੰ ਨਹੀਂ ਹੈ। ਉਸ ’ਤੇ ਕਿੰਨੇ ਵੀ ਹਮਲੇ ਕੀਤੇ ਜਾਣ, ਉਸ ਨੂੰ ਕੁਝ ਵੀ ਕਿਹਾ ਸੁਣਿਆ ਜਾਵੇ, ਬਿਨਾਂ ਕਿਸੇ ਕਸੂਰ ਦੇ ਪ੍ਰੇਸ਼ਾਨ ਕੀਤਾ ਜਾਵੇ, ਬਚਪਨ ਤੋਂ ਬੁਢਾਪੇ ਤੱਕ ਮਰਦ ਕੋਲ ਸਭ ਕੁਝ ਸਹਿਣ ਦੇ ਸਿਵਾ ਹੋਰ ਕੁਝ ਰਸਤਾ ਨਹੀਂ ਹੈ।
ਜੇਕਰ ਉਹ ਆਪਣੀ ਬੁੱਧੀ, ਵਿਵੇਕ ਅਤੇ ਮਿਹਨਤ ਨਾਲ ਕੁਝ ਹਾਸਲ ਕਰ ਵੀ ਲਵੇ ਤਾਂ ਵੀ ਇਹ ਕਿਹਾ ਅਤੇ ਕਹਾਇਆ ਜਾਂਦਾ ਹੈ ਕਿ ਉਸ ਦੀ ਸਫਲਤਾ ਦੇ ਪਿੱਛੇ ਮਾਂ ਜਾਂ ਪਤਨੀ ਦਾ ਹੱਥ ਹੈ। ਮਤਲਬ ਇਹ ਹੈ ਕਿ ਉਸ ਦਾ ਕੀਤਾ ਕੁਝ ਨਹੀਂ ਹੁੰਦਾ ਜੇਕਰ ਉਸ ਦੇ ਜੀਵਨ ’ਚ ਕੋਈ ਮਹਿਲਾ ਨਾ ਹੁੰਦੀ। ਉਸ ਦੇ ਜੀਵਨ ਭਰ ਕੁਆਰੇ ਜਾਂ ਬ੍ਰਹਮਚਾਰੀ ਰਹਿਣ ’ਤੇ ਵੀ ਇਹੀ ਖੋਜਬੀਨ ਰਹਿੰਦੀ ਹੈ ਕਿ ਆਖਿਰ ਕੋਈ ਮਹਿਲਾ ਜ਼ਰੂਰ ਹੈ, ਜੋ ਇਹ ਇੰਨੀ ਉਚਾਈ ਤੱਕ ਪਹੁੰਚਿਆ ਹੈ। ਜੇਕਰ ਕੁਝ ਨਾ ਮਿਲੇ ਤਾਂ ਫਿਰ ਮਾਂ ਦੁਰਗਾ, ਮਾਤਾ ਪਾਰਵਤੀ, ਭਵਾਨੀ, ਸੀਤਾ ਜਾਂ ਹੋਰ ਦੇਵੀ ਦੇ ਰੂਪ ’ਚ ਕਿਸੇ ਅਰਾਧਨਾ ਸਰੋਤ ਸਰੂਪ ਕਿਸੇ ਪੂਜਨੀਕ ਨਾਰੀ ਸ਼ਕਤੀ ਦੀ ਕਿਰਪਾ ਮੰਨ ਲਈ ਜਾਂਦੀ ਹੈ।
ਇਸ ਦੇ ਉਲਟ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਮਹਿਲਾ ਦਿਵਸ ਅਨੁਸਾਰ ਇਸ ਮਹੀਨੇ ਔਰਤਾਂ ਪ੍ਰਤੀ ਹਿੰਸਾ ਦੇ ਵਿਰੋਧ ’ਚ 25 ਨਵੰਬਰ ਤੋਂ ਰੋਜ਼ਾਨਾ ਵਿਸ਼ਵ ਮੁਹਿੰਮ ਚਲਾਈ ਜਾਂਦੀ ਹੈ ਜੋ 10 ਦਸੰਬਰ ਤੱਕ ਚੱਲਦੀ ਹੈ ਕਿਉਂਕਿ ਇਹ ਮਨੁੱਖੀ ਅਧਿਕਾਰ ਦਿਵਸ ਹੈ। ਇਹ ਕਦੇ ਯਾਦ ਨਹੀਂ ਕੀਤਾ ਜਾਂਦਾ ਹੈ ਕਿ ਮਰਦ ਆਤਮਹੱਤਿਆ ਦੇ ਮਾਮਲਿਆਂ ’ਚ ਸਭ ਤੋਂ ਵੱਧ ਹਨ। ਅੰਕੜਿਆਂ ਦੀ ਗੱਲ ਕਰੀਏ ਤਾਂ ਔਰਤਾਂ ਤੋਂ 5 ਸਾਲ ਘੱਟ ਜਿਊਂਦੇ ਹਨ, ਘਰ, ਪਰਿਵਾਰ ਜਾਂ ਸਮਾਜ ’ਚ ਕੋਈ ਵੀ ਅਣਹੋਣੀ ਜਾਂ ਹਾਦਸਾ ਹੋ ਜਾਵੇ ਤਾਂ ਉਸ ਨੂੰ ਪਹਿਲਾਂ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਔਰਤ ਕਿਸੇ ਨੂੰ ਵੀ ਮਨਘੜਤ ਦੋਸ਼ ਲਗਾ ਕੇ ਜੇਲ ਭਿਜਵਾ ਸਕਦੀ ਹੈ ਪਰ ਮਰਦ ਨੂੰ ਨਿਆਂ ਹਾਸਲ ਕਰਨ ਲਈ ਸਾਲਾਂ ਤੱਕ ਉਡੀਕ ਕਰਨੀ ਪੈਂਦੀ ਹੈ। ਇਹ ਸਭ ਸੱਚ ਹੋਣ ਦੇ ਬਾਵਜੂਦ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਮਹਿਲਾਵਾਂ ਨੂੰ ਮਰਦਾਂ ਦੇ ਹਿੰਸਕ ਆਚਰਣ ਤੋਂ ਬਚਣਾ ਜ਼ਰੂਰੀ ਹੈ।
ਕੁਝ ਹੋਰ ਦਿਵਸ : ਇਸੇ ਮਹੀਨੇ ਬੇਸਹਾਰਾ, ਅਨਾਥ ਬੱਚਿਆਂ ਲਈ ‘ਵਿਸ਼ਵ ਗੋਦ’ ਭਾਵ ‘ਅਡਾਪਸ਼ਨ ਡੇਅ’ ਵੀ ਮਨਾਇਆ ਜਾਂਦਾ ਹੈ ਅਤੇ ਦੁਨੀਆ ਭਰ ’ਚ ਅਨੇਕ ਪ੍ਰੋਗਰਾਮ ਅਤੇ ਆਯੋਜਨ ਹੁੰਦੇ ਹਨ ਤਾਂ ਕਿ ਅਜਿਹੇ ਪਰਿਵਾਰ ਜਾਂ ਵਿਅਕਤੀ ਸਾਹਮਣੇ ਆਉਣ ਜੋ ਅਜਿਹੇ ਬੱਚਿਆਂ ਦਾ ਸਹਾਰਾ ਬਣ ਸਕਣ ਜਿਨ੍ਹਾਂ ਦਾ ਦੁਨੀਆ ’ਚ ਕੋਈ ਨਹੀਂ, ਉਨ੍ਹਾਂ ਨੂੰ ਲਾਵਾਰਿਸ ਕਹਿਣ ਦੀ ਲੋੜ ਨਾ ਪਵੇ। ਅਨੁਮਾਨ ਹੈ ਕਿ ਹਰ 10ਵਾਂ ਬੱਚਾ ਇਸੇ ਸ਼੍ਰੇਣੀ ’ਚ ਆਉਂਦਾ ਹੈ, ਜਿਸ ਦੀ ਸੁਧ ਲੈਣ ਵਾਲਾ ਕੋਈ ਨਹੀਂ ਹੁੰਦਾ, ਉਨ੍ਹਾਂ ’ਚ ਸਿਰਫ 2-3 ਬੱਚਿਆਂ ਨੂੰ ਹੀ ਗੋਦ ਲੈਣ ਦੇ ਅਨੁਮਾਨਤ ਅੰਕੜੇ ਹਨ। ਲੋੜ ਹੈ ਕਿ ਉਨ੍ਹਾਂ ਨੂੰ ਆਸਰਾ ਦੇਣ ਲਈ ਵੱਡੀ ਪੱਧਰ ’ਤੇ ਜਾਗਰੂਕਤਾ ਫੈਲਾਈ ਜਾਵੇ ਜੋ ਇਸ ਦਿਵਸ ਦਾ ਉਦੇਸ਼ ਹੈ।
14 ਨੂੰ ਭਾਰਤ ’ਚ ਅਤੇ 20 ਨੂੰ ਵਿਸ਼ਵ ’ਚ ਬਾਲ ਦਿਵਸ ਮਨਾਇਆ ਜਾਂਦਾ ਹੈ ਜੋ ਜ਼ਿਆਦਾਤਰ ਲਕੀਰ ਪਿੱਟਣ ਵਾਂਗ ਹੁੰਦਾ ਹੈ। ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੀ ਪੁਰਜ਼ੋਰ ਤਰੀਕੇ ਨਾਲ ਚਰਚਾ ਨਹੀਂ ਹੁੰਦੀ ਤਾਂ ਫਿਰ ਇਨ੍ਹਾਂ ਨੂੰ ਮਨਾਏ ਜਾਣ ਦਾ ਮਤਲਬ ਕੀ ਹੈ, ਇਹ ਅੱਜ ਤੱਕ ਸਮਝ ’ਚ ਨਹੀਂ ਆਇਆ।
ਆਪਣੇ ਦੇਸ਼ ’ਚ ਇਹ ਮਹੀਨਾ ਭਵਿੱਖ ’ਚ ਇਸ ਗੱਲ ਲਈ ਵੀ ਜਾਣਿਆ ਜਾਵੇਗਾ ਕਿ ਜਿਸ ਬਿਹਾਰ ’ਚ 11 ਸਾਲਾਂ ’ਚ 10 ਮੁੱਖ ਮੰਤਰੀ ਬਣਨ ਦਾ ਇਤਿਹਾਸ ਰਿਹਾ ਹੋਵੇ, ਉਸ ’ਚ 20 ਸਾਲ ਬਾਅਦ ਵੀ ਨਿਤੀਸ਼ ਕੁਮਾਰ ਹੀ ਮੁੱਖ ਮੰਤਰੀ ਅਹੁਦੇ ’ਤੇ ਰਹਿਣ, ਇਹ ਹੈਰਾਨੀ ਦੇ ਤੌਰ ’ਤੇ ਯਾਦ ਰੱਖਿਆ ਜਾਵੇਗਾ। ਇਕ ਗੱਲ ਹੋਰ ਕਿ ਜੋ ਪ੍ਰਸ਼ਾਂਤ ਕਿਸ਼ੋਰ ਸਲਾਹਕਾਰ ਅਤੇ ਚੋਣ ਵਿਸ਼ਲੇਸ਼ਕ ਰਹੇ ਹੋਣ, ਉਹ ਆਪਣਾ ਕੰਮ ਛੱਡ ਕੇ ਚੋਣਾਂ ’ਚ ਜਿੱਤਣ ਦੀ ਉਮੀਦ ਕਰ ਲੈਣ ਤਾਂ ਇਹ ਨਸੀਹਤ ਦੇ ਤੌਰ ’ਤੇ ਮੰਨਿਆ ਜਾਵੇਗਾ। ਇਕ ਉਦਾਹਰਣ ਉਨ੍ਹਾਂ ਦੇ ਵਰਗੀ ਇੱਛਾ ਪਾਲਣ ਵਾਲਿਆਂ ਲਈ ਕਾਫੀ ਹੋਵੇਗੀ। ਫਿਲਮ ਇੰਸਟੀਚਿਊਟ ’ਚ ਇਕ ਕੋਰਸ ਕਰਦੇ ਸਮੇਂ ਉਥੇ ਪ੍ਰੋਫੈਸਰ ਸਤੀਸ਼ ਬਹਾਦੁਰ ਨਿਰਦੇਸ਼ਨ ਦੀਆਂ ਬਾਰੀਕੀਆਂ ਸਮਝਾ ਰਹੇ ਸਨ। ਇਕ ਵਿਦਿਆਰਥਣ ਨੇ ਪੁੱਛਿਆ ਕਿ ਸਰ ਤੁਸੀਂ ਜਿਨ੍ਹਾਂ ਨੂੰ ਨਿਰਦੇਸ਼ਨ ਸਿਖਾਇਆ ਉਹ ਅੱਜ ਵੱਡੀਆਂ-ਵੱਡੀਆਂ ਫਿਲਮਾਂ ਦੇ ਨਿਰਦੇਸ਼ਨ ਕਰ ਰਹੇ ਹਨ ਤਾਂ ਤੁਸੀਂ ਖੁਦ ਨਿਰਦੇਸ਼ਕ ਕਿਉਂ ਨਹੀਂ ਬਣੇ, ਇਸ ਦੇ ਜਵਾਬ ’ਚ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਲਈ ਇਹ ਆਪਣੇ ਪੈਰ ’ਤੇ ਕੁਲਹਾੜੀ ਮਾਰਨਾ ਹੋਵੇ।
ਮੈਂ ਪ੍ਰੋਫੈਸਰ ਦੇ ਤੌਰ ’ਤੇ ਕੰਮ ਸਿਖਾ ਸਕਦਾ ਹਾਂ ਪਰ ਖੁਦ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਅਸਫਲ ਰਹਾਂਗਾ, ਇਹੀ ਗੱਲ ਪ੍ਰਸ਼ਾਂਤ ਕਿਸ਼ੋਰ ਨਹੀਂ ਸਮਝੇ ਅਤੇ ਉਨ੍ਹਾਂ ਦੀ ਜੋ ਦੁਰਗਤ ਹੋਈ, ਉਹ ਸਾਹਮਣੇ ਹੈ। ਇਸੇ ਤਰ੍ਹਾਂ ਬਾਲ ਬੁੱਧੀ ਰੱਖਣ ਲਈ ਪ੍ਰਸਿੱਧੀ ਹਾਸਲ ਕਰ ਚੁੱਕੇ ਰਾਹੁਲ ਅਤੇ ਅੜੀਅਲ ਤੇਜਸਵੀ ਕਦੇ ਇਹ ਨਹੀਂ ਸਮਝ ਸਕਣਗੇ ਕਿ ਉਨ੍ਹਾਂ ’ਚ ਕੀ ਕਮੀ ਹੈ?
ਹਾਲਾਂਕਿ ਇਹ ਮਹੀਨਾ ਦਿੱਲੀ ਅਤੇ ਆਸਪਾਸ ਦੇ ਸ਼ਹਿਰਾਂ ’ਚ ਜ਼ਬਰਦਸਤ ਪ੍ਰਦੂਸ਼ਣ ਦਾ ਸ਼ਿਕਾਰ ਬਣੇ ਰਹਿਣ ਲਈ ਬਦਨਾਮ ਹੈ। ਫਿਰ ਵੀ ਕੁਦਰਤ ਦੇ ਨਜ਼ਾਰੇ ਦਿਸ ਹੀ ਜਾਂਦੇ ਹਨ। ਜਿਸ ਨੂੰ ਧੁੰਦ ਸਮਝ ਕੇ ਸਵੇਰ ਦੀ ਚੰਗੀ ਸ਼ੁਰੂਆਤ ਮੰਨ ਕੇ ਖੁੱਲ੍ਹੇ ’ਚ ਸਾਹ ਲੈਣਾ ਸ਼ੁਰੂ ਕਰਦੇ ਹਾਂ ਤਾਂ ਲੱਗਦਾ ਹੈ ਕਿ ਗਲੇ ਦੀ ਖਾਰਿਸ਼ ਅਤੇ ਖਾਂਸੀ ਨਾਲ ਦਮ ਘੁੱਟ ਰਿਹਾ ਹੈ, ਇਸ ਸਭ ਦੇ ਬਾਵਜੂਦ ਨਵੰਬਰ ਆਪਣੀ ਖਾਸੀਅਤ ਦੇ ਕਾਰਨ ਤਾਜ਼ਗੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਪੂਰਨ ਚੰਦ ਸਰੀਨ
