2030 ਤੱਕ ਐੱਚ. ਆਈ. ਵੀ.-ਏਡਜ਼ ਮਹਾਮਾਰੀ ਨੂੰ ਖ਼ਤਮ ਕਰਨਾ ਭਾਰਤ ਦਾ ਅਗਲਾ ਵੱਡਾ ਨਿਸ਼ਾਨਾ
Monday, Dec 01, 2025 - 05:25 PM (IST)
ਭਾਰਤ ਐੱਚ. ਆਈ. ਵੀ.-ਏਡਜ਼ ਵਿਰੁੱਧ ਆਪਣੀ ਲੜਾਈ ’ਚ ਇਕ ਫੈਸਲਾਕੁੰਨ ਮੋੜ ’ਤੇ ਖੜ੍ਹਾ ਹੈ। ਪਹਿਲੀ ਘਟਨਾ ਦੀ ਰਿਪੋਰਟ ਆਉਣ ਤੋਂ 40 ਸਾਲ ਬਾਅਦ ਦੇਸ਼ ਨੇ ਰਾਸ਼ਟਰੀ ਐੱਚ. ਆਈ. ਵੀ. ਰੋਕਥਾਮ ਅਤੇ ਇਲਾਜ ਪ੍ਰੋਗਰਾਮ ਦਾ ਨਿਰਮਾਣ ਕੀਤਾ ਹੈ, ਜੋ ਦੁਨੀਆ ਦੇ ਸਭ ਤੋਂ ਵਿਸ਼ਾਲ ਅਤੇ ਮਜ਼ਬੂਤ ਇਲਾਜ ਪ੍ਰੋਗਰਾਮਾਂ ’ਚੋਂ ਇਕ ਹੈ। ਰਾਸ਼ਟਰੀ ਏਡਜ਼ ਅਤੇ ਐੱਸ. ਟੀ. ਡੀ. ਕੰਟਰੋਲ ਪ੍ਰੋਗਰਾਮ (ਐੱਨ. ਏ. ਸੀ. ਪੀ.) ਨੇ ਬਿਨਾਂ ਕਿਸੇ ਵਿਵਾਦ ਤੋਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਨਵੀਂ ਇਨਫੈਕਸ਼ਨ ਦਰ 2010 ਦੇ ਮੁਕਾਬਲੇ ’ਚ ਲਗਭਗ ਅੱਧੀ ਰਹਿ ਗਈ ਹੈ।
ਏਡਜ਼ ਨਾਲ ਸੰਬੰਧਤ ਮੌਤ ਦਰ ’ਚ 80 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ, ਇਲਾਜ ਕਰਵਾਉਣ ਵਾਲੇ ਲੋਕਾਂ ’ਚ ਵਾਇਰਸ ਦਾ ਕੰਟਰੋਲ ਹੁਣ 97 ਫੀਸਦੀ ਤੋਂ ਵੱਧ ਹੈ ਅਤੇ ਭਾਰਤ ਨੇ ਪੂਰੀ ਤਰ੍ਹਾਂ ਨਾਲ ਇਲਾਜ ਵਾਲੀਆਂ ਯੋਜਨਾਵਾਂ ਨੂੰ ਅਪਣਾਉਣ ਦੇ ਨਾਲ ਵੱਡੀ ਤਬਦੀਲੀ ਕੀਤੀ ਹੈ। ਇਸ ਕਾਰਨ ਇਹ ਇਲਾਜ ਅਸਰ ਕਰਨ ਦੇ ਮਾਮਲੇ ’ਚ ਦੁਨੀਆ ਦੇ ਅਗਾਂਹਵਧੂ ਦੇਸ਼ਾਂ ’ਚ ਸ਼ਾਮਲ ਹੋ ਗਿਆ ਹੈ।
ਹਾਲਾਂਕਿ, ਸਵੈ-ਸੰਤੁਸ਼ਟੀ ਦੀ ਕੋਈ ਥਾਂ ਨਹੀਂ ਹੋ ਸਕਦੀ। ਦੇਸ਼ 2026-31 ਲਈ ਐੱਨ. ਏ. ਸੀ. ਪੀ. ਦੇ ਪੰਜਵੇਂ ਪੜਾਅ ’ਚ ਦਾਖਲ ਹੋ ਰਿਹਾ ਹੈ ਪਰ ਇਸ ਦੇ ਨਾਲ ਹੀ ਇਹ ਸੱਚਾਈ ਵੀ ਪ੍ਰਵਾਨ ਕਰਨੀ ਹੋਵੇਗੀ ਕਿ ਭਾਰਤ ’ਚ ਮਹਾਮਾਰੀ ਅਜੇ ਵੀ ਵਿਕਸਤ ਹੋ ਰਹੀ ਹੈ ਅਤੇ ਕੁਝ ਥਾਵਾਂ ’ਤੇ ਤੇਜ਼ੀ ਨਾਲ ਵਧ ਰਹੀ ਹੈ। ਮਹਾਮਾਰੀ ਦੀ ਮੌਜੂਦਗੀ ਦੀ ਕੌਮੀ ਔਸਤ ਸਿਰਫ 0.20 ਫੀਸਦੀ ਹੈ ਪਰ ਇਹ ਉਭਰਦੇ ਹੋਏ ਹਾਟਸਪਾਟ ਅਤੇ ਨਵੀਆਂ ਕਮਜ਼ੋਰ ਸਥਿਤੀਆਂ ਨੂੰ ਲੁਕਾਉਂਦੀ ਹੈ। ਆਸਾਮ, ਹਿਮਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਪੰਜਾਬ ਵਰਗੇ ਸੂਬਿਆਂ ’ਚ ਮੁੱਖ ਤੌਰ ’ਤੇ ਸੂਈ ਨਾਲ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਾਰਨ ਘਟਨਾਵਾਂ ਦੇ ਵਧਣ ਦੀ ਰਿਪੋਰਟ ਮਿਲੀ ਹੈ।
ਸੂਈ ਰਾਹੀਂ ਨਸ਼ੀਲੀਆਂ ਦਵਾਈਆਂ ਲੈਣ ਵਾਲੇ ਲੋਕਾਂ ’ਚ ਐੱਚ. ਆਈ. ਵੀ. ਹੋਣ ਦੀ ਦਰ ਕੌਮੀ ਔਸਤ ਤੋਂ 40 ਗੁਣਾ ਵੱਧ ਹੈ ਅਤੇ ਕੁਝ ਖਾਸ ਥਾਵਾਂ ’ਤੇ ਇਸ ’ਚ ਗੁਣਾਤਮਕ ਵਾਧਾ ਦੇਖਿਆ ਜਾ ਰਿਹਾ ਹੈ। ਇਕ ਹੀ ਸੂਈ ਨੂੰ ਸਾਂਝਾ ਕਰਨ ਦੀ ਘਟਨਾ ਨਾਲ ਇਨਫੈਕਸ਼ਨ ਦਾ ਅੰਦਾਜ਼ਨ 1-’ਚ-160 ਮੌਕਾ ਹੋਣ ਕਾਰਨ ਸੂਈ ਤੋਂ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਨਾਲ ਜੁੜੀ ਐੱਚ. ਆਈ. ਵੀ. ਮਹਾਮਾਰੀ ਤੇਜ਼ੀ ਨਾਲ ਫੈਲ ਸਕਦੀ ਹੈ, ਜੇ ਇਸ ਵਿਰੁੱਧ ਅਸਰਦਾਰ ਢੰਗ ਨਾਲ ਜਵਾਬੀ ਕਾਰਵਾਈ ਨਹੀਂ ਕੀਤੀ ਜਾਂਦੀ।
ਇਸ ਤੋਂ ਇਲਾਵਾ ਨਵੀਆਂ ਇਨਫੈਕਸ਼ਨਾਂ ਦਾ ਵਧਦਾ ਹੋਇਆ ਹਿੱਸਾ ਹੁਣ ਉਨ੍ਹਾਂ ਵਿਅਕਤੀਆਂ ਨੂੰ ਮਿਲ ਰਿਹਾ ਹੈ ਜੋ ਆਪਣੇ ਅਚਾਨਕ ਜਾਂ ਨਿਯਮਿਤ ਸਾਥੀਆਂ ਕੋਲੋਂ ਐੱਚ. ਆਈ. ਵੀ. ਹਾਸਲ ਕਰ ਰਹੇ ਹਨ ਜੋ ਰਵਾਇਤੀ ਮੁੱਖ ਆਬਾਦੀ ਤੋਂ ਪਰ੍ਹੇ ਦੀ ਤਬਦੀਲੀ ਦਾ ਸੰਕੇਤ ਦਿੰਦੇ ਹਨ। ਭਾਰਤ ’ਚ ਨੌਜਵਾਨਾਂ ਦੀ ਆਬਾਦੀ ਹਰ ਸਾਲ ਵਧ ਰਹੀ ਹੈ। 15 ਤੋਂ 25 ਸਾਲ ਦੀ ਉਮਰ ਦੇ ਸਵਾ ਦੋ ਕਰੋੜ ਨੌਜਵਾਨ ਇਹ ਗਿਣਤੀ ਵਧਾ ਰਹੇ ਹਨ। ਹਾਲਾਤ ਨਾਜ਼ੁਕ ਬਣੇ ਹੋਏ ਹਨ ਕਿਉਂਕਿ ਡਿਜੀਟਲ ਪਲੇਟਫਾਰਮ ਤੱਕ ਸੌਖੀ ਪਹੁੰਚ ਖਤਰੇ ਨਾਲ ਭਰਪੂਰ ਸੈਕਸ ਸੰਬੰਧਾਂ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਨੂੰ ਹੱਲਾਸ਼ੇਰੀ ਦਿੰਦੀ ਹੈ।
ਭਾਰਤ ਨੇ ਮਾਵਾਂ ਅਤੇ ਬੱਚਿਆਂ ਦੇ ਸੰਚਰਨ ਨੂੰ ਘੱਟ ਕਰਨ ’ਚ ਅਹਿਮ ਤਰੱਕੀ ਹਾਸਲ ਕੀਤੀ ਹੈ। ਗਰਭਵਤੀ ਔਰਤਾਂ ਲਈ ਐੱਚ. ਆਈ. ਵੀ. ਅਤੇ ਸਿਫਲਿਸ ਦੀ ਮੁਕੰਮਲ ਜਾਂਚ ਅਤੇ ਇਲਾਜ, ਬੱਚੇ ਦਾ ਮੁੱਢਲਾ ਨਿਦਾਨ ਅਤੇ ਬਾਲਰੋਗ ਰੋਕੂ ਉਪਾਵਾਂ ਨੇ ਮਾਵਾਂ ਤੋਂ ਬੱਚਿਆਂ ’ਚ ਸੰਚਰਨ ਨੂੰ 2020 ਦੇ 25 ਫੀਸਦੀ ਤੋਂ ਵੱਧ ਨੂੰ ਘੱਟ ਕਰ ਕੇ 2024 ’ਚ 10 ਫੀਸਦੀ ਤੱਕ ਲਿਆਂਦਾ ਹੈ। ਫਿਰ ਵੀ ਇਹ ਖਾਤਮੇ ਦੀ 5 ਫੀਸਦੀ ਹੱਦ ਤੋਂ ਉਪਰ ਹੈ।
ਸਿੱਧੇ ਤੌਰ ’ਤੇ ਕਹੀਏ ਤਾਂ ਵਾਇਰਸ ਨੇ ਖੁਦ ਨੂੰ ਅਨੁਕੂਲਿਤ ਕਰ ਲਿਆ ਹੈ। ਇਹ ਨੌਜਵਾਨਾਂ ਨੂੰ ਪ੍ਰਭਾਵਿਤ ਕਰਦਾ ਹੈ, ਵਧ ਫੈਲਾਅ ਵਾਲਾ ਹੈ ਅਤੇ ਨਵੀਆਂ ਕਮਜ਼ੋਰੀਆਂ ਦਾ ਲਾਭ ਉਠਾ ਰਿਹਾ ਹੈ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਨਵੀਂ ਰਣਨੀਤੀ ਦੀ ਲੋੜ ਹੈ। ਐੱਨ. ਏ. ਸੀ. ਪੀ. 5 ਦੀ ਕਲਪਨਾ ਭਾਰਤ ਦੀ ਸਭ ਦੀ ਹਿੰਮਤੀ ਅਤੇ ਸਭ ਤੋਂ ਭਵਿੱਖ ਪੱਖੀ ਐੱਚ. ਆਈ. ਵੀ. ਰਣਨੀਤੀ ਵਜੋਂ ਕੀਤੀ ਗਈ ਹੈ। ਇਹ 2030 ਤੱਕ ਏਡਜ਼ ਨੂੰ ਜਨਤਕ ਸਿਹਤ ਖਤਰੇ ਵਜੋਂ ਖਤਮ ਕਰਨ ਦੇ ਨਿਸ਼ਾਨੇ (ਐੱਸ. ਡੀ. ਜੀ-3-3) ਦੇ ਮੁਤਾਬਕ ਹੈ ਅਤੇ ਇਹ 4 ਵੱਡੀਆਂ ਤਬਦੀਲੀਆਂ ’ਚ ਦਰਜ ਹੈ।
ਸਭ ਤੋਂ ਪਹਿਲਾਂ ਭਾਰਤ ਦੀ ਵੰਨ-ਸੁਵੰਨਤਾ ਵਾਲੀ ਸੰਵੇਦਨਸ਼ੀਲਤਾ ਪ੍ਰੋਫਾਈਲ ਇਹ ਮੰਗ ਕਰਦੀ ਹੈ ਕਿ ਰੋਕਥਾਮ ਦੀਆਂ ਸ਼੍ਰੇਣੀਆਂ ਨੂੰ ਸ਼੍ਰੇਣੀਆਂ ਦੀ ਬਜਾਏ ਲੋਕਾਂ ਮੁਤਾਬਕ ਬਦਲਿਆ ਜਾਵੇ, ਰਵਾਇਤੀ ਉੱਚ ਖਤਰੇ ਵਾਲੇ ਗਰੁੱਪਾਂ ਤੋਂ ਵੱਖ, ਪ੍ਰੋਗਰਾਮ ਨੂੰ ਸਮਾਜਿਕ ਅਤੇ ਢਾਂਚੇ ਮੁਤਾਬਕ ਕਾਰਨਾਂ ਰਾਹੀਂ ਪੈਦਾ ਹੋਣ ਵਾਲੀਆਂ ਅਤੇ ਇਕ-ਦੂਜੇ ਨਾਲ ਜੁੜੀਆਂ ਕਮਜ਼ੋਰੀਆਂ ਨੂੰ ਸੰਬੋਧਿਤ ਕਰਨਾ ਹੋਵੇਗਾ। ਮੁਕੰਮਲ ਸੁਰੱਖਿਆ ਰੂਪਰੇਖਾ ਅਧੀਨ ਸਮੁੱਚੀ ਰੋਕਥਾਮ ਇਹ ਯਕੀਨੀ ਕਰੇਗੀ ਕਿ ਦਖਲਅੰਦਾਜ਼ੀ ਗਰੁੱਪਾਂ ਦੀ ਬਜਾਏ ਖਤਰੇ ਵਾਲੇ ਵਿਅਕਤੀਆਂ ਕੋਲ ਪਹੁੰਚੇ।
ਏ. ਆਈ. ਸੰਚਾਲਿਤ ਖੁਦ ਖਤਰੇ ਵਾਲੇ ਅਨੁਵਾਦ, ਨਵੇਂ ਦਵਾਈ ਵਾਲੇ ਉਪਕਰਣ ਅਤੇ ਹਾਟਸਪਾਟ ਜਾਂ ਇਸ ਤੋਂ ਵੱਧ ਇਨਫੈਕਸ਼ਨ ਫੈਲਾਉਣ ਵਾਲੇ ਸੰਭਾਵਿਤ ਲੋਕਾਂ (ਸੁਪਰ ਸਪ੍ਰੈਡਰ) ਦਾ ਪਤਾ ਲਾਉਣ ਲਈ ਰੋਗ ਨਿਗਰਾਨੀ ਪਲੇਟਫਾਰਮ, ਰੋਕਥਾਮ ਅਤੇ ਨੌਜਵਾਨਾਂ ਨੂੰ ਆਪਸ ’ਚ ਜੋੜਨ ਦੇ ਅਗਲੀ ਪੀੜ੍ਹੀ ਦੇ ਯਤਨਾਂ ਨੂੰ ਮਜ਼ਬੂਤ ਕਰਨਗੇ। 6 ਨਸ਼ੀਲੀਆਂ ਦਵਾਈਆਂ ਦੀ ਵਰਤੋਂ ਨਾਲ ਪੈਦਾ ਮਹਾਮਾਰੀਆਂ ’ਤੇ ਨਿਸ਼ਾਨਾ ਰੱਖਣ ਵਾਲੀਆਂ ਰਣਨੀਤੀਆਂ ਐੱਨ. ਏ. ਸੀ. ਪੀ.-5 ਅਧੀਨ ਮਹਾਮਾਰੀ ਨੂੰ ਤੇਜ਼ੀ ਨਾਲ ਘੱਟ ਕਰਨ ਲਈ ਕੇਂਦਰਿਤ ਹੋਣਗੀਆਂ।
ਦੂਜਾ, ਐੱਨ. ਏ. ਸੀ. ਪੀ.-5 ਨੂੰ ਜਲਦੀ ਪਛਾਣਨ, ਅਸਰਦਾਰ ਇਲਾਜ, ਸਾਰੀ ਉਮਰ ਦੇ ਦ੍ਰਿਸ਼ਟੀਕੋਣ ’ਤੇ ਆਧਾਰਿਤ ਹੋਣੇ ਚਾਹੀਦੇ ਹਨ। ਉੱਚ ਗੁਣਵੱਤਾ ਵਾਲੇ, ਮੁਫਤ ਐਂਟੀਰਿਟਰੋ ਵਾਇਰਲ ਇਲਾਜ ਅਤੇ ਵਾਇਰਲ-ਕਮੀ ਨੂੰ ਵਧਾਉਣ ’ਚ ਭਾਰਤ ਦੀ ਸਫਲਤਾ ਬੇਮਿਸਾਲ ਹੈ। ਫਿਰ ਵੀ ਇਲਾਜ ਦਾ ਪਾਲਣ ਕਰਨ ਅਤੇ ਮੁੱਢਲੇ ਹੱਲ ਲਈ ਰੋਗੀਆਂ ਨੂੰ ਇਸੇ ਹਾਲਤ ’ਚ ਰਹਿਣ ਲਈ ਮਜਬੂਰ ਕਰਨ ਦਾ ਕੰਮ ਅਜੇ ਵੀ ਜਾਰੀ ਹੈ।
ਆਭਾ, ਟੈਲੀਮੈਡੀਸਨ ਅਤੇ ਏ. ਆਰ. ਟੀ. ਵੰਡ ਲਈ ਡਿਜੀਟਲ ਫਾਲੋਅਪ ਦੀ ਵਰਤੋਂ ਕਰਦੇ ਹੋਏ ਆਪਸ ’ਚ ਜੁੜੇ ਤਰੀਕੇ ਸੇਵਾ ਅਦਾਇਗੀ ਰੁਕਾਵਟਾਂ ਨੂੰ ਦੂਰ ਕਰਨ ’ਚ ਮਦਦ ਕਰਨਗੇ।
- ਵੀ. ਹੇਕਾਲੀ ਝਿਮੋਮੀ
(ਲੇਖਿਕਾ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੀ ਅੱਪਰ ਸਕੱਤਰ ਅਤੇ ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ ਦੀ ਡਾਇਰੈਕਟਰ ਜਨਰਲ ਹਨ)
