ਅਮਰੀਕਾ-ਚੀਨ ਟੈਰਿਫ ਜੰਗ ਕਾਰਨ ਪੂਰੀ ਦੁਨੀਆ ਦੇ ਬਾਜ਼ਾਰ ਹਿੱਲ ਗਏ

Tuesday, Apr 15, 2025 - 07:06 AM (IST)

ਅਮਰੀਕਾ-ਚੀਨ ਟੈਰਿਫ ਜੰਗ ਕਾਰਨ ਪੂਰੀ ਦੁਨੀਆ ਦੇ ਬਾਜ਼ਾਰ ਹਿੱਲ ਗਏ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 3 ਅਪ੍ਰੈਲ ਨੂੰ ਦੁਨੀਆ ਦੇ ਕਈ ਦੇਸ਼ਾਂ ’ਤੇ ਟੈਰਿਫ ਲਾਉਣ ਦੇ ਐਲਾਨ ਪਿੱਛੋਂ ਚੀਨ ਅਤੇ ਅਮਰੀਕਾ ਦਰਮਿਆਨ ਸ਼ੁਰੂ ਹੋਈ ‘ਟ੍ਰੇਡ ਵਾਰ’ ਲਗਾਤਾਰ ਵਧਦੀ ਜਾ ਰਹੀ ਹੈ।

ਚੀਨ ਨੇ ਇਸ ਦੇ ਅਗਲੇ ਦਿਨ ਹੀ 4 ਅਪ੍ਰੈਲ ਨੂੰ ਅਮਰੀਕਾ ’ਤੇ 34 ਫੀਸਦੀ ਟੈਰਿਫ ਲਾ ਦਿੱਤਾ ਸੀ ਜਿਸ ਦੇ ਜਵਾਬ ’ਚ ਅਮਰੀਕਾ ਨੇ ਚੀਨ ’ਤੇ ਪਹਿਲਾਂ 9 ਅਪ੍ਰੈਲ ਨੂੰ 125 ਫੀਸਦੀ ਅਤੇ ਫਿਰ 10 ਅਪ੍ਰੈਲ ਨੂੰ ਇਸ ਨੂੰ ਵਧਾ ਕੇ 145 ਫੀਸਦੀ ਕਰ ਦਿੱਤਾ।

ਹਾਲਾਂਕਿ, ਅਮਰੀਕਾ ਨੇ 9 ਅਪ੍ਰੈਲ ਨੂੰ ਪੂਰੀ ਦੁਨੀਆ ’ਤੇ ਲਾਏ ਗਏ ਟੈਰਿਫ ਨੂੰ 3 ਮਹੀਨੇ ਲਈ ਮੁਲਤਵੀ ਕਰ ਦਿੱਤਾ ਸੀ ਪਰ ਚੀਨ ਨੂੰ ਰਾਹਤ ਨਹੀਂ ਦਿੱਤੀ। ਇਸ ’ਤੇ ਚੀਨ ਨੇ ਵੀ ਅਮਰੀਕਾ ’ਤੇ ਜਵਾਬੀ ਵਾਰ ਕਰਦਿਆਂ 125 ਫੀਸਦੀ ਟੈਰਿਫ ਲਾ ਦਿੱਤਾ ਹੈ।

ਚੀਨ ਵਲੋਂ ਟੈਰਿਫ ’ਚ ਤਾਜ਼ੇ ਵਾਧੇ ਦੇ ਐਲਾਨ ਪਿੱਛੋਂ ਟਰੰਪ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ, ‘‘ਅਸੀਂ ਆਪਣੀ ਟੈਰਿਫ ਨੀਤੀ ’ਤੇ ਅਸਲ ’ਚ ਚੰਗਾ ਕੰਮ ਕਰ ਰਹੇ ਹਾਂ।’’

ਵ੍ਹਾਈਟ ਹਾਊਸ ਨੇ ਬਾਅਦ ’ਚ ਕਿਹਾ ਕਿ ਟਰੰਪ ਚੀਨ ਨਾਲ ਸਮਝੌਤੇ ਬਾਰੇ ’ਚ ‘ਆਸਵੰਦ’ ਹਨ ਪਰ ਇਸ ਦੇ ਨਾਲ ਹੀ ਅਮਰੀਕਾ ਸਰਕਾਰ ਦੀ ‘ਪ੍ਰੈੱਸ ਸਕੱਤਰ’ ਕੈਰੋਲਿਨ ਲੈਵਿਟ ਨੇ ਕਿਹਾ ਕਿ ‘‘ਰਾਸ਼ਟਰਪਤੀ ਨੇ ਇਹ ਬਹੁਤ ਸਪੱਸ਼ਟ ਕਰ ਦਿੱਤਾ ਹੈ ਕਿ ਜਦ ਅਮਰੀਕਾ ਨੂੰ ਮੁੱਕਾ ਮਾਰਿਆ ਜਾਵੇਗਾ ਤਾਂ ਉਹ ਹੋਰ ਵੀ ਜ਼ੋਰਦਾਰ ਢੰਗ ਨਾਲ ਮੁੱਕਾ ਮਾਰਨਗੇ।’’

ਅਮਰੀਕਾ ਅਤੇ ਚੀਨ ’ਚ ਛਿੜੀ ਟੈਰਿਫ ਜੰਗ ਕਾਰਨ ਪੂਰੀ ਦੁਨੀਆ ਦੇ ਜ਼ਿਆਦਾਤਰ ਬਾਜ਼ਾਰ ਹਿੱਲੇ ਹੋਏ ਹਨ ਅਤੇ ਸ਼ੇਅਰ ਬਾਜ਼ਾਰਾਂ ’ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਇਸ ਦੇ ਨਤੀਜੇ ਵਜੋਂ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬ ਗਏ ਹਨ ਅਤੇ ਮਹਿੰਗਾਈ ਵਧਣ ਦਾ ਖਤਰਾ ਵੀ ਲਗਾਤਾਰ ਬਣਿਆ ਹੋਇਆ ਹੈ।

-ਵਿਜੇ ਕੁਮਾਰ


author

Sandeep Kumar

Content Editor

Related News