ਈਰਾਨ ’ਚ ਸਕੂਲੀ ਬੱਚਿਆਂ ਦੀ ਮੌਤ ਨਾਲ ਜੰਗ ’ਚ ਏ. ਆਈ. ਦੀ ਵਰਤੋਂ ’ਤੇ ਛਿੜੀ ਵਿਸ਼ਵਵਿਆਪੀ ਬਹਿਸ

Monday, Mar 16, 2026 - 04:04 AM (IST)

ਈਰਾਨ ’ਚ ਸਕੂਲੀ ਬੱਚਿਆਂ ਦੀ ਮੌਤ ਨਾਲ ਜੰਗ ’ਚ ਏ. ਆਈ. ਦੀ ਵਰਤੋਂ ’ਤੇ ਛਿੜੀ ਵਿਸ਼ਵਵਿਆਪੀ ਬਹਿਸ

ਮਸਨੂਈ ਬੁੱਧੀਮਤਾ (ਆਰਟੀਫੀਸ਼ੀਅਲ ਇੰਟੈਲੀਜੈਂਸ/ਏ. ਆਈ.) ਨੇ ਜੀਵਨ ਦੇ ਕਈ ਖੇਤਰਾਂ ’ਚ ਕੰਮ ਨੂੰ ਕਾਫੀ ਆਸਾਨ ਬਣਾ ਦਿੱਤਾ ਹੈ। ਮੈਡੀਕਲ, ਲੀਗਲ ਅਤੇ ਐਜੂਕੇਸ਼ਨ ਜਿਹੇ ਸੈਕਟਰਾਂ ’ਚ ਡਾਟਾ ਸੰਗ੍ਰਹਿ ਅਤੇ ਤੇਜ਼ ਗਿਣਤੀ ਦੀ ਸੁਵਿਧਾ ਨਾਲ ਕਈ ਚੰਗੇ ਕਾਰਜ ਹੋ ਰਹੇ ਹਨ ਪਰ ਜਿੱਥੇ ਏ. ਆਈ. ਨੇ ਅਜੇ ਤੱਕ ਸਿਰਫ ਸ਼ੁਰੂਆਤੀ ਪੱਧਰ ਦੀਆਂ ਨੌਕਰੀਆਂ ’ਤੇ ਹੀ ਖ਼ਤਰਾ ਪੈਦਾ ਕੀਤਾ ਹੈ, ਮੰਨਿਆ ਜਾਂਦਾ ਹੈ ਕਿ ਹੌਲੀ-ਹੌਲੀ ਇਹ ਉੱਚ ਪੱਧਰਾਂ ਦੇ ਅਹੁਦਿਆਂ ਨੂੰ ਵੀ ਆਪਣੇ ਅੰਦਰ ਖਿੱਚ ਲਵੇਗੀ। ਇਸੇ ਦੌਰਾਨ ਈਰਾਨ ਜੰਗ ਦੌਰਾਨ ਅਮਰੀਕਾ ਵੱਲੋਂ ਕੀਤੀ ਗਈ ਏ. ਆਈ. ਦੀ ਵਰਤੋਂ ਅਤੇ ਇਸ ਨਿਸ਼ਾਨੇ ਦੇ ਖੁੰਝਣ ਕਾਰਨ ਹੋਈਆਂ ਸਕੂਲੀ ਬੱਚੀਆਂ ਦੀਆਂ ਮੌਤਾਂ ਨੇ ਦੁਨੀਆ ’ਚ ਨਵੀਂ ਬਹਿਸ ਛੇੜ ਦਿੱਤੀ ਹੈ।

ਦਰਅਸਲ ਅਗਾਂਹਵਧੂ ਏ. ਆਈ. ਕੰਪਨੀ ਐਂਥ੍ਰੋਪਿਕ ਨੇ ਇਸ ਸਾਲ ਜਨਵਰੀ ’ਚ ਹੀ ਪੈਂਟਾਗਨ ਦੇ ਉਸ ਇਕਰਾਰਨਾਮੇ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਤਹਿਤ ਅਮਰੀਕੀ ਫ਼ੌਜ ਨੂੰ ‘ਸਾਰੇ ਜਾਇਜ਼ ਉਦੇਸ਼ਾਂ’ ਲਈ ਉਸ ਦੀ ਤਕਨੀਕ ਤੱਕ ‘ਅਸੀਮਤ ਪਹੁੰਚ’ ਮਿਲ ਜਾਂਦੀ। ਇਕਰਾਰਨਾਮੇ ’ਤੇ ਦਸਤਖ਼ਤ ਕਰਨ ਲਈ, ਐਂਥ੍ਰੋਪਿਕ ਦੇ ਸੀ. ਈ. ਓ. ਡਾਰੀਓ ਅਮੋਦੇਈ ਨੇ 2 ਸਪੱਸ਼ਟ ਸ਼ਰਤਾਂ ਰੱਖੀਆਂ—ਅਮਰੀਕੀਆਂ ਦੀ ਵੱਡੇ ਪੱਧਰ ’ਤੇ ਜਾਸੂਸੀ ਨਹੀਂ ਕੀਤੀ ਜਾਵੇਗੀ ਅਤੇ ਮਨੁੱਖੀ ਨਿਗਰਾਨੀ ਤੋਂ ਬਿਨਾਂ ਪੂਰੀ ਤਰ੍ਹਾਂ ਸਵੈ-ਚਾਲਿਤ ਹਥਿਆਰਾਂ ਦੀ ਵਰਤੋਂ ਜੰਗ ’ਚ ਨਹੀਂ ਕੀਤੀ ਜਾਵੇਗੀ!

ਇਸ ਫੈਸਲੇ ਨਾਲ ਐਂਥ੍ਰੋਪਿਕ ਨੂੰ ਭਾਰੀ ਨੁਕਸਾਨ ਹੋਇਆ, ਪਰ ਵਿਰੋਧੀ ਕੰਪਨੀ ਨੇ ਤੁਰੰਤ ਪੈਂਟਾਗਨ ਨਾਲ ਮਨੁੱਖੀ ਕੰਟਰੋਲ ਤੋਂ ਬਿਨਾਂ ਪੂਰਨ ਏ. ਆਈ. ਕੰਟਰੋਲ ਲਈ ਸਮਝੌਤਾ ਕਰ ਲਿਆ। ਇਸ ਸਮਝੌਤੇ ਤੋਂ ਬਾਅਦ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿਰੁੱਧ ਵਿਆਪਕ ਫ਼ੌਜੀ ਮੁਹਿੰਮ ਸ਼ੁਰੂ ਕਰ ਦਿੱਤੀ। ਜੰਗ ਦੇ ਪਹਿਲੇ ਹੀ ਦਿਨ 28 ਫਰਵਰੀ ਨੂੰ ਈਰਾਨ ਦੇ ਸਰਵਉੱਚ ਨੇਤਾ ਅਲੀ ਖਾਮੇਨੇਈ ਅਤੇ ਉਨ੍ਹਾਂ ਦੇ 10 ਟਾਪ ਕਮਾਂਡਰਾਂ ਦੀ ਹੱਤਿਆ ਉਨ੍ਹਾਂ ਦੇ ਕੰਪਲੈਕਸ ’ਚ ਕਰ ਦਿੱਤੀ ਗਈ, ਜਿਸ ਨੂੰ ਦੋਵਾਂ ਦੇਸ਼ਾਂ ਨੇ ਏ. ਆਈ. ਪਰਸੀਅਨ ਹਮਲੇ ਦੀ ਇਕ ਵੱਡੀ ਜਿੱਤ ਮੰਨਿਆ।

ਪਰ ਉਸੇ ਦਿਨ, 28 ਫਰਵਰੀ ਨੂੰ, ਇਕ ਹੋਰ ਘਾਤਕ ਹਮਲਾ ਮੀਨਾਬ ’ਚ ਸਥਿਤ ਸ਼ਜਰਾਹ ਤਾਇਬਾ ਗਰਲਜ਼ ਸਕੂਲ ’ਤੇ ਵੀ ਕੀਤਾ ਗਿਆ। 2 ਮਿਜ਼ਾਈਲਾਂ ਨੇ 45 ਸੈਕਿੰਡ ’ਚ ਸਕੂਲ ਨੂੰ ਤਬਾਹ ਕਰ ਦਿੱਤਾ ਸੀ। ਮੀਨਾਬ ’ਚ ਜੋ ਹੋਇਆ, ਉਹ ਏ. ਆਈ. ਦੀ ਅੰਨ੍ਹੇਵਾਹ ਵਰਤੋਂ ਦੀ ਸਭ ਤੋਂ ਭਿਆਨਕ ਉਦਾਹਰਣ ਹੈ।

‘ਸ਼ਜਰਾਹ ਤਾਇਬਾ’ ਗਰਲਜ਼ ਪ੍ਰਾਇਮਰੀ ਸਕੂਲ, ਜਿਸ ’ਚ 165 ਤੋਂ ਵੱਧ ਮਾਸੂਮ ਬੱਚੀਆਂ ਮੌਤ ਨਾਲ ਲੜਦੀਆਂ, ਚੀਕਦੀਆਂ-ਚਿੱਲਾਉਂਦੀਆਂ ਰਹੀਆਂ, ਤਕਨੀਕੀ ਭਾਸ਼ਾ ’ਚ ਇਸ ਨੂੰ ‘ਸਟੀਕ ਹਮਲਾ’ ਕਿਹਾ ਗਿਆ। ਜਦਕਿ ਟਰੰਪ ਇਹ ਦਾਅਵਾ ਕਰ ਰਹੇ ਹਨ ਕਿ ਕੁੜੀਆਂ ਦੇ ਸਕੂਲ ’ਤੇ ਈਰਾਨ ਨੇ ਟੋਮਾਹਾਕ ਮਿਜ਼ਾਈਲ ਨਾਲ ਹਮਲਾ ਕੀਤਾ ਸੀ, ਜਦਕਿ ਸਭ ਜਾਣਦੇ ਹਨ ਕਿ ਈਰਾਨ ਕੋਲ ਇਹ ਮਿਜ਼ਾਈਲ ਨਹੀਂ ਹੈ, ਇੱਥੋਂ ਤੱਕ ਕਿ ਇਜ਼ਰਾਈਲ ਕੋਲ ਵੀ ਨਹੀਂ ਹੈ, ਇਸ ਲਈ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ’ਤੇ ਫੈਲਾਏ ਗਏ ਝੂਠ ਨਾਲ ਸੱਚ ਨੂੰ ਲੁਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਦਰਅਸਲ 10 ਸਾਲ ਪਹਿਲਾਂ ਇਸ ਖੇਤਰ ’ਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ. ਆਰ. ਜੀ. ਸੀ.) ਈਰਾਨੀ ਹਥਿਆਰਬੰਦ ਬਲਾਂ ਦਾ ਇਕ ਫ਼ੌਜੀ ਕੰਪਲੈਕਸ ਸੀ। ਡਾਟਾਬੇਸ ਅਪਡੇਟ ਨਾ ਹੋਣ ਕਾਰਨ ਏ. ਆਈ. ਨੂੰ ਇਹ ਪਤਾ ਨਹੀਂ ਲੱਗਾ ਕਿ ਹੁਣ ਉਸੇ ਸਥਾਨ ’ਤੇ ਖੱਬੇ ਪਾਸੇ ਇਕ ਹਸਪਤਾਲ ਅਤੇ ਸੱਜੇ ਪਾਸੇ ਇਕ ਵੱਖਰੇ ਪ੍ਰਵੇਸ਼ ਦੁਆਰ ਵਾਲਾ ਸਕੂਲ ਮੌਜੂਦ ਹੈ।

ਏ. ਆਈ. ਐਲਗੋਰਿਦਮ ਇਹ ਵੀ ਸਮਝਣ ’ਚ ਨਾਕਾਮ ਰਿਹਾ ਕਿ 7 ਤੋਂ 12 ਸਾਲ ਦੀਆਂ ਬੱਚੀਆਂ ‘ਦੁਸ਼ਮਣ’ ਨਹੀਂ ਹੁੰਦੀਆਂ। ਇਕ ਮਸ਼ੀਨ ਲਈ ਉਹ ਿਸਰਫ ‘ਕੋਲੈਟਰਲ ਡੈਮੇਜ’ ਸਨ। ਇਹ ਘਟਨਾ ਸਾਬਤ ਕਰਦੀ ਹੈ ਕਿ ਜਦੋਂ ਅਸੀਂ ਜੰਗ ਦਾ ਪੂਰਨ ਕੰਟਰੋਲ ਏ. ਆਈ. ਨੂੰ ਦਿੰਦੇ ਹਾਂ, ਤਾਂ ਅਸੀਂ ਜੰਗ ਦੇ ਮੈਦਾਨ ਤੋਂ ‘ਦਇਆ’ ਅਤੇ ‘ਵਿਵੇਕ’ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੇ ਹਾਂ।

ਅਤਿ-ਆਧੁਨਿਕ ਏ. ਆਈ. ਮਾਡਲ ਬਹੁਤ ਹੀ ਜਲਦ ਇਕ ਵੱਡੇ ਡਾਟਾ ਤੋਂ ਤੁਰੰਤ ਸਾਰ ਕੱਢ ਸਕਦੇ ਹਨ ਅਤੇ ਆਪਣੇ-ਆਪ ਅਜਿਹੇ ਪੈਟਰਨ ਤਿਆਰ ਕਰ ਸਕਦੇ ਹਨ, ਜਿਨ੍ਹਾਂ ਦੇ ਅਾਧਾਰ ’ਤੇ ਸ਼ੱਕੀ ਲੋਕਾਂ ਅਤੇ ਗਤੀਵਿਧੀਆਂ ਦੇ ਸੰਕੇਤ ਖੋਜੇ ਜਾ ਸਕਣ, ਭਾਵੇਂ ਉਨ੍ਹਾਂ ਦੇ ਵਿਚਾਲੇ ਸਬੰਧ ਬਹੁਤ ਕਮਜ਼ੋਰ ਹੋਵੇ। ਏ. ਆਈ. ਅਾਧਾਰਿਤ ਵਿਆਪਕ ਨਿਗਰਾਨੀ ਸਾਡੀ ਮੌਲਿਕ ਆਜ਼ਾਦੀ ਲਈ ਗੰਭੀਰ ਅਤੇ ਨਵੇਂ ਕਿਸਮ ਦੇ ਖ਼ਤਰੇ ਪੈਦਾ ਕਰ ਸਕਦੀ ਹੈ।

ਅਜਿਹੀਆਂ ਪ੍ਰਣਾਲੀਆਂ ਸੋਸ਼ਲ ਮੀਡੀਆ ਅਕਾਊਂਟਸ ਦਾ ਵਿਸ਼ਲੇਸ਼ਣ ਕਰ ਸਕਦੀਆਂ ਹਨ ਅਤੇ ਇਨ੍ਹਾਂ ਨੂੰ ਕੈਮਰਿਆਂ ਤੇ ਚਿਹਰੇ ਦੀ ਪਛਾਣ (ਫੇਸ਼ੀਅਲ ਰਿਕੋਗਨੀਸ਼ਨ) ਤਕਨੀਕ ਨਾਲ ਜੋੜ ਕੇ ਲੋਕਾਂ ਨੂੰ ਰੀਅਲ ਟਾਈਮ ’ਚ ਟਰੈਕ ਕਰ ਸਕਦੀਆਂ ਹਨ।

ਦਰਅਸਲ, ਇਕ ਕੰਟਰੋਲਵਾਦੀ ਸਰਕਾਰ ਨਾ ਿਸਰਫ ਚੈਟਬੋਟ ਦੀ ਮਦਦ ਨਾਲ ਕਿਸੇ ਵਿਅਕਤੀ ਜਾਂ ਸੰਗਠਨ ਬਾਰੇ ਝੂਠ ਫੈਲਾਅ ਕੇ ਉਸ ਨੂੰ ਬਦਨਾਮ ਕਰ ਸਕਦੀ ਹੈ ਜਾਂ ਗ੍ਰਿਫ਼ਤਾਰ ਕਰ ਸਕਦੀ ਹੈ, ਸਗੋਂ ਉਹ ਕਾਨੂੰਨੀ ਤੌਰ ’ਤੇ ਚੁਣੀ ਗਈ ਸਰਕਾਰ ਨੂੰ ਵੀ ਬਹੁਤ ਜਲਦੀ ਪੁਲਸ ਰਾਜ ’ਚ ਬਦਲ ਸਕਦੀ ਹੈ। ਅਜਿਹੇ ’ਚ ਲੋਕ ਆਪਣੇ ਅਧਿਕਾਰਾਂ ਲਈ ਕਿਵੇਂ ਖੜ੍ਹੇ ਹੋਣਗੇ, ਕਿਵੇਂ ਲੜਨਗੇ ਜਾਂ ਇਨਸਾਫ ਕਿਵੇਂ ਪ੍ਰਾਪਤ ਕਰਨਗੇ?

ਬਹੁਤ ਜਲਦੀ ਮਸਨੂਈ ਬੁੱਧੀਮਤਾ (ਏ. ਆਈ.) ਆਪਣਾ ਨਵਾਂ ਉੱਨਤ ਵਰਜ਼ਨ ਆਪਣੇ ਆਪ ਵਿਕਸਿਤ ਕਰਨ ਦੇ ਸਮਰੱਥ ਹੋ ਜਾਵੇਗੀ। ਅਜਿਹੇ ’ਚ ਮਨੁੱਖ ਨੂੰ ਕੀ ਨਵੇਂ ਕੰਟਰੋਲ ਅਤੇ ਸੰਤੁਲਨ ਲਈ ਨਵੇਂ ਕਾਨੂੰਨ ਵਿਕਸਿਤ ਨਹੀਂ ਕਰਨੇ ਚਾਹੀਦੇ?

ਕਿੰਗਜ਼ ਕਾਲਜ ਲੰਡਨ ਦੀ ਰਿਸਰਚ ਨੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੈ ਕਿ ਉੱਨਤ ਏ. ਆਈ. ਮਾਡਲ ਜੰਗ ਦੀ ਸਥਿਤੀ ’ਚ 95 ਫੀਸਦੀ ਵਾਰ ਪ੍ਰਮਾਣੂ ਬਦਲ ਜਾਂ ਬਹੁਤ ਜ਼ਿਆਦਾ ਹਮਲਾਵਰਤਾ ਨੂੰ ਚੁਣਦੇ ਹਨ। ਮਸ਼ੀਨਾਂ ਲਈ ‘ਜਿੱਤ’ ਹੀ ਇਕੋ-ਇਕ ਟੀਚਾ ਹੈ, ਚਾਹੇ ਉਸ ਦੀ ਕੀਮਤ ਪੂਰੀ ਦੁਨੀਆ ਦੀ ਤਬਾਹੀ ਹੀ ਕਿਉਂ ਨਾ ਹੋਵੇ। ਜੇਕਰ ਅਸੀਂ ਅੱਜ ਏ. ਆਈ. ਨੂੰ ਰੱਖਿਆ ਖੇਤਰ ਅਤੇ ਸਮਾਜ ’ਚ ਖੁੱਲ੍ਹੀ ਛੋਟ ਦਿੰਦੇ ਹਾਂ, ਤਾਂ ਅਸੀਂ ਇਕ ਅਜਿਹੇ ਭਵਿੱਖ ਵੱਲ ਵਧ ਰਹੇ ਹਾਂ, ਜਿੱਥੇ ਜੰਗ ਦਾ ਫੈਸਲਾ ਜਨਰਲ ਨਹੀਂ, ਸਗੋਂ ਇਕ ਕੋਡਿੰਗ ਪ੍ਰੋਗਰਾਮ ਕਰੇਗਾ। ਲੋਕਾਂ ਦੀ ਸੁਰੱਖਿਆ ਏ. ਆਈ. ਡਾਟਾ ਦਾ ਵਿਸ਼ਲੇਸ਼ਣ ਕਰੇਗਾ! ਪਰ ‘ਟ੍ਰਿਗਰ’ ’ਤੇ ਉਂਗਲ ਅਤੇ ਸਮਾਜ ਦਾ ਕੰਟਰੋਲ ਹਮੇਸ਼ਾ ਇਕ ਇਨਸਾਨ ਦਾ ਹੀ ਹੋਣਾ ਚਾਹੀਦਾ ਹੈ।


author

Sandeep Kumar

Content Editor

Related News