ਵਿਕਸਿਤ ਭਾਰਤ ਦੇ ਸੁਪਨੇ ’ਚ ਹਕੀਕਤ ਦੇ ਰੰਗ ਭਰਦਾ ‘ਗੁਜਰਾਤ’

Friday, Mar 06, 2026 - 06:18 PM (IST)

ਵਿਕਸਿਤ ਭਾਰਤ ਦੇ ਸੁਪਨੇ ’ਚ ਹਕੀਕਤ ਦੇ ਰੰਗ ਭਰਦਾ ‘ਗੁਜਰਾਤ’

ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਸ ਧਰਤੀ ’ਤੇ ਵਿਕਸਿਤ ਭਾਰਤ ਦਾ ਜੋ ਖ਼ੁਆਬ ਖ਼ੁਦ ਦੇਖਿਆ ਅਤੇ ਸਮੁੱਚੇ ਦੇਸ਼-ਵਾਸੀਆਂ ਨੂੰ ਦਿਖਾਇਆ, ਅੱਜ ਉਸੇ ਧਰਤੀ ਵਰਗਾ ਵਿਕਾਸ ਦਾ ਰੰਗ ਸਮੁੱਚੇ ਭਾਰਤ ਦੀ ਸਰਜ਼ਮੀਨ ’ਤੇ ਗੂੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਸਾਡੀ ਪੀੜ੍ਹੀ ਬੜੀ ਖ਼ੁਸ਼ਨਸੀਬ ਹੈ, ਜੋ ਵਿਕਸਿਤ ਭਾਰਤ ਦੇ ਖ਼ੁਆਬ ਨੂੰ ਬੜੀ ਤੇਜ਼ੀ ਨਾਲ ਸਾਕਾਰ ਹੁੰਦੇ ਹੋਏ ਆਪਣੇ ਅੱਖੀਂ ਦੇਖ ਰਹੀ ਹੈ। ਵਿਕਸਿਤ ਭਾਰਤ ਦੀ ਇਕ ਖ਼ੂਬਸੂਰਤ ਮਿਸਾਲ ਹੈ, ‘ਗੁਜਰਾਤ’।

ਗੁਜਰਾਤ ਦੀ ਧਰਤੀ ਸਿਰਫ਼ ਉਦਯੋਗ, ਊਰਜਾ, ਟੈਕਨਾਲੋਜੀ, ਟਰਾਂਸਪੋਰਟ, ਸੈਰ-ਸਪਾਟੇ, ਡੇਅਰੀ ਆਦਿ ਖੇਤਰ ਵਿਚ ਤੇਜ਼ੀ ਨਾਲ ਹੋ ਰਹੇ ਵਿਕਾਸ ਦਾ ਹੀ ਨਾਂ ਨਹੀਂ ਹੈ, ਸਗੋਂ ਇਸ ਵਿਕਾਸ ਦੀ ਰਫ਼ਤਾਰ ਵਿਚ ਇਸ ਸੂਬੇ ਨੇ ਆਪਣੀ ਵਿਰਾਸਤ ਅਤੇ ਸਲੀਕੇ ਦਾ ਪੱਲਾ ਵੀ ਘੁੱਟ ਕੇ ਫੜੀ ਰੱਖਿਆ ਹੈ।

ਗੁਜਰਾਤ ਖ਼ੁਆਬਾਂ ਨੂੰ ਦ੍ਰਿੜ੍ਹ ਹੌਸਲਾ ਦੇਣ ਵਾਲਾ ਸੂਬਾ ਹੈ। ਇਹ ਸੂਬਾ ਇਸ ਗੱਲ ਦਾ ਗਵਾਹ ਹੈ ਕਿ ਜੋ ਖ਼ੁਆਬ ਨਿੱਜ ਤੋਂ ਉੱਪਰ ਉੱਠ ਕੇ ਲੋਕ-ਹਿੱਤ ਲਈ ਦੇਖੇ ਜਾਣ, ਉਹ ਜ਼ਰੂਰ ਸਾਕਾਰ ਹੁੰਦੇ ਹਨ। ਇਸ ਦੀ ਇਕ ਮਿਸਾਲ ਹੈ, ਗੁਜਰਾਤ ਦੇ ਏਕਤਾ ਨਗਰ ਦਾ ‘ਸਟੈਚੂ ਆਫ਼ ਯੂਨਿਟੀ’। ਇਹ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉੱਚੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ। ਇਸ ਮੂਰਤੀ ’ਤੇ ਸਰਦਾਰ ਪਟੇਲ ਜੀ ਵੱਲੋਂ ਪਹਿਨੀ ਜੈਕੇਟ ਦੇ ਦੂਜੇ ਅਤੇ ਤੀਜੇ ਬਟਨ ਵਿਚਕਾਰ ਬਣੀ ਜਗ੍ਹਾ ਵਿਚ ਖਲੋ ਕੇ ਜਦੋਂ ਕੋਈ ਸ਼ਖ਼ਸ ਬਾਹਰ ਵੱਲ ਦੇਖਦਾ ਹੈ ਤਾਂ ਪਹਿਲੀ ਨਜ਼ਰੇ ਉਸ ਨੂੰ ਸਰਦਾਰ ਵੱਲਭ ਭਾਈ ਪਟੇਲ ਜੀ ਦਾ ਖ਼ੁਆਬ ਸਾਕਾਰ ਹੋਇਆ ਨਜ਼ਰ ਆਉਂਦਾ ਹੈ। ਇਹ ਖ਼ੁਆਬ ਸੀ ‘ਸਰਦਾਰ ਸਰੋਵਰ ਡੈਮ’। ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਅੱਜ ਸਿਰਫ਼ ‘ਦਿ ਲਾਈਫਲਾਈਨ ਆਫ਼ ਗੁਜਰਾਤ’ ਹੀ ਨਹੀਂ ਹੈ, ਸਗੋਂ ਇਸ ਡੈਮ ਦਾ ਕਈ ਗੁਆਂਢੀ ਸੂਬਿਆਂ ਨੂੰ ਵੀ ਫਾਇਦਾ ਹੋ ਰਿਹਾ ਹੈ।

ਸਰਦਾਰ ਸਰੋਵਰ ਡੈਮ ਦਾ ਪਾਣੀ ਗੁਜਰਾਤ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਲਗਭਗ 18 ਲੱਖ ਹੈਕਟੇਅਰ ਜ਼ਮੀਨ ਨੂੰ ਸਿੰਚਾਈ ਪ੍ਰਦਾਨ ਕਰਦਾ ਹੈ। ਇਹ ਹਜ਼ਾਰਾਂ ਪਿੰਡਾਂ ਅਤੇ ਕਈ ਸ਼ਹਿਰੀ ਕੇਂਦਰਾਂ ਨੂੰ ਪੀਣਯੋਗ ਪਾਣੀ ਸਪਲਾਈ ਕਰਦਾ ਹੈ। ਇਸਦੀ ਬਿਜਲੀ ਉਤਪਾਦਨ ਸਮਰੱਥਾ 1,450 ਮੈਗਾਵਾਟ ਹੈ, ਜੋ ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਸਾਂਝੇ ਤੌਰ ’ਤੇ ਵੰਡੀ ਜਾਂਦੀ ਹੈ।

ਸਰਦਾਰ ਸਰੋਵਰ ਡੈਮ ਦੇ ਨੇੜੇ-ਤੇੜੇ ਸਟੈਚੂ ਆਫ਼ ਯੂਨਿਟੀ ਸਮੇਤ ਕਈ ਸੈਰ-ਸਪਾਟਾ ਕੇਂਦਰ ਸਥਾਪਤ ਕੀਤੇ ਗਏ ਹਨ, ਜੋ ਇਸ ਇਲਾਕੇ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾ ਰਹੇ ਹਨ। ਇਸ ਖੇਤਰ ਵਿਚ ਲਗਭਗ 375 ਏਕੜ ਵਿਚ ਫੈਲਿਆ ਸਰਦਾਰ ਪਟੇਲ ਜ਼ੂਓਲੋਜੀਕਲ ਪਾਰਕ, ਫੁੱਲਾਂ ਦੀ ਘਾਟੀ, ਅਰੋਗਿਆ ਵਣ, ਮੀਆਵਾਕੀ ਜੰਗਲ, ਕੈਕਟਸ ਗਾਰਡਨ ਅਤੇ ਏਕਤਾ ਕਰੂਜ਼ ਵਰਗੀਆਂ ਕਰੀਬ 27 ਤੋਂ ਵੱਧ ਅਜਿਹੀਆਂ ਦਿਲਕਸ਼ ਸੈਰ-ਸਪਾਟੇ ਦੀਆਂ ਥਾਵਾਂ ਹਨ, ਜੋ ਇੱਥੇ ਸੈਲਾਨੀਆਂ ਨੂੰ ਦੋ-ਤਿੰਨ ਦਿਨ ਰਹਿਣ ਲਈ ਮੱਲੋ-ਮੱਲੀ ਮਜਬੂਰ ਕਰਦੀਆਂ ਹਨ। ਗੁਜਰਾਤ ਦਾ ਇਹ ਇਲਾਕਾ ਮਹਿਲਾ ਸਸ਼ਕਤੀਕਰਨ ਅਤੇ ਰੋਜ਼ਗਾਰ ਸਿਰਜਣਾ ਦੀ ਬਹੁਤ ਉੱਤਮ ਮਿਸਾਲ ਹੈ। ਇਨ੍ਹਾਂ ਸੈਰ-ਸਪਾਟੇ ਦੀਆਂ ਥਾਵਾਂ ਵਿਚ ਸਿਰਫ਼ ਇਲਾਕਾ ਵਾਸੀਆਂ ਨੂੰ ਹੀ ਰੁਜ਼ਗਾਰ ਦਿੱਤਾ ਗਿਆ ਹੈ। ਇੱਥੇ ਜੋ ਆਟੋ ਡਰਾਈਵਰ ਹਨ, ਉਹ ਸਿਰਫ਼ ਔਰਤਾਂ ਹੀ ਹਨ।

ਅਹਿਮਦਾਬਾਦ ’ਚ ਭਾਰਤ ਦਾ ਪਹਿਲਾ ਬੁਲੇਟ ਟ੍ਰੇਨ ਪ੍ਰਾਜੈਕਟ ਆਪਣੇ ਆਪ ਵਿਚ ਭਾਰਤ ਦੀ ਵਿਕਸਿਤ ਟਰਾਂਸਪੋਰਟ ਦੀ ਤਸਵੀਰ ਹੈ। ਲਗਭਗ 508 ਕਿਲੋਮੀਟਰ ਦੀ ਦੂਰੀ ਵਾਲਾ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰਾਜੈਕਟ ਵਿਕਸਿਤ ਭਾਰਤ ਦੀ ਉਹ ਤਸਵੀਰ ਹੈ, ਜਿੱਥੇ ਆਉਣ ਵਾਲੇ ਕੁਝ ਸਾਲਾਂ ਵਿਚ 320 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟ੍ਰੇਨ ਦੌੜੇਗੀ। ਬੇਸ਼ੱਕ ਗੁਜਰਾਤ ਦਾ ਵਿਕਾਸ ਬੁਲੇਟ ਟ੍ਰੇਨ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਪਰ ਨਾਲੋ-ਨਾਲ ਇਹ ਸੂਬਾ ਆਪਣੀ 4500 ਸਾਲ ਪੁਰਾਣੀ ਵਿਰਾਸਤ ਨੂੰ ਵੀ ਸੰਭਾਲ ਰਿਹਾ ਹੈ। ਅਹਿਮਦਾਬਾਦ ਤੋਂ ਸਿਰਫ਼ 80 ਕਿਲੋਮੀਟਰ ਦੂਰ ‘ਲੋਥਲ ਹੜੱਪਾਕਾਲੀਨ ਬੰਦਰਗਾਹ ਨਗਰ’ ਦੇ ਦੀਦਾਰ ਹੁੰਦੇ ਹਨ। ਇਹ ਬੰਦਰਗਾਹ ਇਕ ਨਦੀ ਦੇ ਕੰਢੇ ’ਤੇ ਬਣਾਈ ਗਈ ਸੀ, ਜੋ ਸਮੁੰਦਰ ਨਾਲ ਜੁੜਦੀ ਸੀ, ਜਿਸ ਨਾਲ ਵਪਾਰ ਅਤੇ ਆਵਾਜਾਈ ਆਸਾਨ ਹੋ ਜਾਂਦਾ ਸੀ। ਇੱਥੇ ਲਗਾਤਾਰ ਚੱਲ ਰਹੀ ਖੁਦਾਈ ਤੋਂ ਪਤਾ ਲੱਗਦਾ ਹੈ ਕਿ ਬੰਦਰਗਾਹ ਦੀ ਬਣਾਵਟ ਬਹੁਤ ਹੀ ਸੁਚੱਜੀ ਅਤੇ ਵਿਗਿਆਨਕ ਸੀ, ਜਿਸ ਵਿਚ ਪਾਣੀ ਦੇ ਪ੍ਰਵਾਹ ਨੂੰ ਨਿਯੰਤਰਿਤ ਕਰਨ ਲਈ ਨਿਕਾਸ ਦੇ ਰਸਤੇ ਬਣਾਏ ਗਏ ਸਨ। ਇਹ ਸਥਾਨ ਪ੍ਰਾਚੀਨ ਭਾਰਤੀ ਇਤਿਹਾਸ ਵਿਚ ਵਪਾਰ ਅਤੇ ਆਰਥਿਕਤਾ ਦੇ ਵਿਕਾਸ ਦਾ ਪ੍ਰਤੀਕ ਹੈ।

ਇਸ ਸਥਾਨ ਤੋਂ ਕੁਝ ਦੂਰੀ ’ਤੇ ਰਾਸ਼ਟਰੀ ਸਮੁੰਦਰੀ ਵਿਰਾਸਤੀ ਕੰਪਲੈਕਸ ਦਾ ਪ੍ਰਾਜੈਕਟ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਪ੍ਰਾਜੈਕਟ ਦਾ ਵਿਕਾਸ ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਵੱਲੋਂ ਕੀਤਾ ਜਾ ਰਿਹਾ ਹੈ। ਇਸ ਕੰਪਲੈਕਸ ਦੇ ਕੇਂਦਰ ਵਿਚ ਆਈਕਾਨਿਕ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ ਤਿਆਰ ਹੋ ਰਿਹਾ ਹੈ, ਜਿਸ ਵਿਚ 14 ਥੀਮ ਅਾਧਾਰਿਤ ਗੈਲਰੀਆਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਗੈਲਰੀਆਂ ਵਿਚ ਵੱਖ-ਵੱਖ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਭਾਰਤ ਦੀ ਸਮੁੰਦਰੀ ਇਤਿਹਾਸਕ ਵਿਰਾਸਤ ਨੂੰ ਪੇਸ਼ ਕੀਤਾ ਜਾਵੇਗਾ। ਇਹ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਮਿਊਜ਼ੀਅਮ ਹੋਵੇਗਾ।

ਗਾਂਧੀਨਗਰ ਵਿਖੇ ‘ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ’ ਇਸ ਦੀ ਇਕ ਮਿਸਾਲ ਹੈ, ਜੋ ਵਿਸ਼ਵ ਦੀ ਪਹਿਲੀ ਅਤੇ ਇਕੋ-ਇਕ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਹੈ। ਇਸਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਫੋਰੈਂਸਿਕ ਸਾਇੰਸ ਖੇਤਰ ਵਿਚ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੱਖ-ਵੱਖ ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਜਾਂ ਅਪਗ੍ਰੇਡ ਕਰਨ ਵਿਚ ਮਾਹਿਰ ਸਲਾਹ ਪ੍ਰਦਾਨ ਕਰਦੀ ਹੈ। ਵਿਗਿਆਨ ਤੋਂ ਇਲਾਵਾ ਪੁਲਾੜ ਦੇ ਖੇਤਰ ਵਿਚ ਵੀ ਗੁਜਰਾਤ ਦੀ ਅਹਿਮ ਥਾਂ ਹੈ। ਇੱਥੋਂ ਦੇ ਅਹਿਮਦਾਬਾਦ ਦੇ ਸਪੇਸ ਐਪਲੀਕੇਸ਼ਨਜ਼ ਸੈਂਟਰ (ਐੱਸ. ਏ. ਸੀ.)–ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਕੇਂਦਰ ਦੀ ਪੁਲਾੜ ਖੇਤਰ ਵਿਚ ਬਹੁਤ ਹੀ ਖ਼ਾਸ ਭੂਮਿਕਾ ਹੈ। ਇਹ ਕੇਂਦਰ ਮੁੱਖ ਤੌਰ ’ਤੇ ਸੰਚਾਰ ਉਪਗ੍ਰਹਿ ਅਤੇ ਰਿਮੋਟ ਸੈਂਸਿੰਗ ਉਪਗ੍ਰਹਿਆਂ ਲਈ ਉਪਕਰਨ ਵਿਕਸਤ ਕਰਦਾ ਹੈ।

ਜੇਕਰ ਡੇਅਰੀ ਉਤਪਾਦਨ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਆਣੰਦ ਦੀ ‘ਅਮੂਲ ਡੇਅਰੀ’ ਦਾ ਨਾਂ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਮਸ਼ਹੂਰ ਹੈ। ਅਮੂਲ ਦਾ ਜਨਮ 1946 ਵਿਚ ਹੋਇਆ, ਜਦੋਂ ਸਥਾਨਕ ਕਿਸਾਨਾਂ ਨੇ ਆਪਣੇ ਦੁੱਧ ਦੀਆਂ ਬਿਹਤਰ ਕੀਮਤਾਂ ਪ੍ਰਾਪਤ ਕਰਨ ਲਈ ਇਕ ਸਹਿਕਾਰੀ ਸੰਸਥਾ ਬਣਾਉਣ ਦਾ ਫੈਸਲਾ ਕੀਤਾ ਸੀ। ਇਸ ਮਾਡਲ ਨੇ ਭਾਰਤ ਵਿਚ ਚਿੱਟੀ ਕ੍ਰਾਂਤੀ ਲਿਆਂਦੀ। ਅੱਜ ਇਹ ਫੈਡਰੇਸ਼ਨ ਲਗਭਗ 36 ਲੱਖ ਕਿਸਾਨਾਂ ਤੋਂ ਸਾਲਾਨਾ ਲਗਭਗ 11 ਅਰਬ ਲੀਟਰ ਦੁੱਧ ਖਰੀਦਦੀ ਹੈ। ਇਸ ਦੀ ਕੁੱਲ ਪ੍ਰੋਸੈਸਿੰਗ ਸਮਰੱਥਾ ਲਗਭਗ 5 ਕਰੋੜ ਲੀਟਰ ਹੈ, ਜੋ ਇਸ ਨੂੰ ਦੁਨੀਆ ਭਰ ਵਿਚ ਚੋਟੀ ਦੇ ਰੋਜ਼ਾਨਾ ਦੁੱਧ ਪ੍ਰੋਸੈਸਰਾਂ ਵਿਚੋਂ ਇਕ ਬਣਾਉਂਦੀ ਹੈ।

ਗੁਜਰਾਤ ’ਚ ਸਰਕਾਰ ਨੇ ਹਰ ਸਾਲ 10 ਲੱਖ ਤੋਂ ਵੱਧ ਰੁੱਖ ਲਗਾਉਣ ਦੇ ਟੀਚੇ ਨਾਲ ਵਿਕਾਸ ਦੀ ਉਂਗਲ ਫੜੀ ਹੋਈ ਹੈ। ਗੁਜਰਾਤ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਦੇਸ਼ ਦੇ ਮੋਹਰੀ ਸੂਬਿਆਂ ਵਿਚੋਂ ਇਕ ਹੈ, ਜੋ ਇਸ ਖੇਤਰ ਵਿਚ ਭਾਰਤ ਦੇ ਕੁੱਲ ਉਤਪਾਦਨ ਦਾ ਲਗਭਗ 65 ਫ਼ੀਸਦੀ ਯੋਗਦਾਨ ਪਾਉਂਦਾ ਹੈ।

ਅਸਲ ਵਿਚ ਗੁਜਰਾਤ ਭਾਰਤ ਦਾ ਉਹ ਸੂਬਾ ਹੈ, ਜੋ ਵਿਕਸਿਤ ਭਾਰਤ ਦੇ ਖ਼ੁਆਬ ਵਿਚ ਹਕੀਕਤ ਦੇ ਰੰਗ ਭਰ ਰਿਹਾ ਹੈ।

-ਡਾ. ਵਿਕਰਮ ਸਿੰਘ

(ਲੇਖਕ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿਚ ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀ ਹਨ।)


author

Anmol Tagra

Content Editor

Related News