ਭ੍ਰਿਸ਼ਟਾਚਾਰ ਨਾਲ ਵਰਦੀ ਨੂੰ ਦਾਗਦਾਰ ਕਰਦੇ ਪੁਲਸ ਦੇ ਕੁਝ ਅਧਿਕਾਰੀ!

Friday, Mar 13, 2026 - 05:13 AM (IST)

ਭ੍ਰਿਸ਼ਟਾਚਾਰ ਨਾਲ ਵਰਦੀ ਨੂੰ ਦਾਗਦਾਰ ਕਰਦੇ ਪੁਲਸ ਦੇ ਕੁਝ ਅਧਿਕਾਰੀ!

ਦੇਸ਼ ’ਚ ਪੁਲਸ ਨੂੰ ਕਾਨੂੰਨ ਵਿਵਸਥਾ ਦਾ ਸਭ ਤੋਂ ਮਹੱਤਵਪੂਰਨ ਥੰਮ੍ਹ ਮੰਨਿਆ ਜਾਂਦਾ ਹੈ। ਆਮ ਨਾਗਰਿਕ ਨੂੰ ਪੁਲਸ ਤੋਂ ਨਿਆਂ ਦੀ ਉਮੀਦ ਹੁੰਦੀ ਹੈ ਪਰ ਹੁਣ ਪੁਲਸ ਵਿਭਾਗ ’ਚ ਸ਼ਾਮਲ ਕੁਝ ਭ੍ਰਿਸ਼ਟ ਮੁਲਾਜ਼ਮਾਂ ਦੇ ਕਾਰਨਾਮਿਆਂ ਕਰ ਕੇ ਆਮ ਜਨਤਾ ਦੀ ਪੁਲਸ ਤੋਂ ਨਿਆਂ ਦੀ ਇਹ ਉਮੀਦ ਧੁੰਦਲੀ ਪੈ ਰਹੀ ਹੈ।

ਬਦਕਿਸਮਤੀ ਦੀ ਗੱਲ ਇਹ ਹੈ ਕਿ ਦੇਸ਼ ਦੇ ਸਾਰੇ ਰਾਜਾਂ ਦੀ ਪੁਲਸ ’ਚ ਭ੍ਰਿਸ਼ਟਾਚਾਰ ਦੇ ਮਾਮਲੇ ਵਧ ਰਹੇ ਹਨ। ਪਿਛਲੇ ਇਕ ਮਹੀਨੇ ’ਚ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਰਿਸ਼ਵਤ ਲੈਣ ਦੇ ਸਾਹਮਣੇ ਆਏ ਮਾਮਲੇ ਹੇਠਾਂ ਦਰਜ ਹਨ :

* 10 ਫਰਵਰੀ, 2026 ਨੂੰ ਸੀ. ਬੀ. ਆਈ. ਨੇ ਦਿੱਲੀ ਪੁਲਸ ਦੇ ਪੱਛਮ ਵਿਹਾਰ ਥਾਣੇ ’ਚ ਤਾਇਨਾਤ ਇਕ ਅਸਿਸਟੈਂਟ ਸਬ-ਇੰਸਪੈਕਟਰ ਨੂੰ 15,000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਨੇ ਸ਼ਿਕਾਇਤਕਰਤਾ ਦੇ ਭਰਾ ਨੂੰ ਜ਼ਮਾਨਤ ਦਿਵਾਉਣ ’ਚ ਮਦਦ ਕਰਨ ਦੇ ਬਦਲੇ 25,000 ਰੁਪਏ ਦੀ ਰਿਸ਼ਵਤ ਮੰਗੀ ਸੀ।

* 10 ਫਰਵਰੀ ਨੂੰ ਹੀ ਰਾਜਸਥਾਨ ’ਚ ਕੋਟਾ ਇੰਟੈਲੀਜੈਂਸ ਇਕਾਈ ਨੇ ਗੁਮਾਨਪੁਰਾ ਥਾਣੇ ਦੇ ਇਕ ਕਾਂਸਟੇਬਲ ਨੂੰ 3,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਕਾਂਸਟੇਬਲ ‘ਜੀਤ ਰਾਮ’ ਨੇ ਇਕ ਨੌਜਵਾਨ ਨੂੰ ਝੂਠੇ ਮੁਕੱਦਮੇ ’ਚ ਨਾ ਫਸਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ।

* 10 ਫਰਵਰੀ ਨੂੰ ਹੀ ਤੇਲੰਗਾਨਾ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਮਾਧਾਪੁਰ ਪੁਲਸ ਸਟੇਸ਼ਨ ਦੇ ਇਕ ਸਬ-ਇੰਸਪੈਕਟਰ ‘ਗਾਂਦਰੋ ਵਿਨੈ’ ਨੂੰ ਸਰਕਾਰੀ ਲਾਭ ਪਹੁੰਚਾਉਣ ਦੇ ਬਦਲੇ ’ਚ ਕਥਿਤ ਤੌਰ ’ਤੇ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ।

* 11 ਫਰਵਰੀ ਨੂੰ ਸੀ. ਬੀ. ਆਈ. ਨੇ ਦਿੱਲੀ ਦੇ ਸੀ. ਆਰ. ਪਾਰਕ ਪੁਲਸ ਥਾਣੇ ’ਚ ਤਾਇਨਾਤ ਇਕ ਸਹਾਇਕ ਉਪ-ਨਿਰੀਖਕ (ਏ. ਐੱਸ. ਆਈ.) ਨੂੰ ਪ੍ਰਾਪਰਟੀ ਵਿਵਾਦ ਨੂੰ ਨਿਪਟਾਉਣ ਲਈ 10 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਏ. ਐੱਸ. ਆਈ. ਪ੍ਰਾਪਰਟੀ ਨਾਲ ਜੁੜੇ ਇਕ ਮਾਮਲੇ ’ਚ ਸ਼ਿਕਾਇਤਕਰਤਾ ਦੇ ਿਵਰੁੱਧ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦੇ ਬਦਲੇ ’ਚ 25 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ।

* 19 ਫਰਵਰੀ ਨੂੰ ਮੁੰਬਈ ’ਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ. ਸੀ. ਬੀ.) ਨੇ ਕੁਰਾਰ ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ‘ਸੰਜੀਵ ਤਾਵੜੇ’ ਅਤੇ ਸਬ-ਇੰਸਪੈਕਟਰ ‘ਗਿਆਨੇਸ਼ਵਰ ਜੁਤਰੇ’ ਨੂੰ ਇਕ ਵਕੀਲ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ। ਸ਼ਿਕਾਇਤਕਰਤਾ ਅਨੁਸਾਰ ਉਸ ਿਵਰੁੱਧ ਵਿੱਤੀ ਧੋਖਾਦੇਹੀ ਅਤੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ’ਚ ਕਾਰਵਾਈ ਨਾ ਕਰਨ ਲਈ ਉਕਤ ਅਧਿਕਾਰੀਆਂ ਨੇ 3 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸ ’ਚੋਂ 2 ਲੱਖ ਪਹਿਲਾਂ ਹੀ ਲੈ ਲਏ ਗਏ ਸਨ ਅਤੇ ਬਾਕੀ 1 ਲੱਖ ਲੈਂਦੇ ਸਮੇਂ ਏ. ਸੀ. ਬੀ. ਨੇ ਟਰੈਪ ਲਗਾ ਕੇ ਉਨ੍ਹਾਂ ਨੂੰ ਫੜ ਲਿਆ।

* 26 ਫਰਵਰੀ ਨੂੰ ਛੱਤੀਸਗੜ੍ਹ ਦੇ ਕੋਰੀਆ ਜ਼ਿਲੇ ਦੀ ਪੋੜੀ ਚੌਕੀ ’ਚ ਤਾਇਨਾਤ ਸਬ-ਇੰਸਪੈਕਟਰ ਅਬਦੁਲ ਮੁਨਾਫ਼ ਅਤੇ ਏ. ਐੱਸ. ਆਈ. ‘ਗੁਰੂ ਪ੍ਰਸਾਦ ਯਾਦਵ’ ਨੂੰ ਐਂਟੀ-ਕਰੱਪਸ਼ਨ ਬਿਊਰੋ ਨੇ ਕਿਸਾਨ ‘ਸਤਯੇਂਦਰ ਕੁਮਾਰ ਪ੍ਰਜਾਪਤੀ’ ਤੋਂ ਇਕ ਮਾਮਲੇ ’ਚ ਕਾਰਵਾਈ ਨੂੰ ਕਮਜ਼ੋਰ ਕਰਨ ਲਈ 50,000 ਰੁਪਏ ਦੀ ਰਿਸ਼ਵਤ ਮੰਗਣ ਤੋਂ ਬਾਅਦ ਲਈ ਗਈ 25,000 ਰੁਪਏ ਦੀ ਪਹਿਲੀ ਕਿਸ਼ਤ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।

* 8 ਮਾਰਚ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਪੁਲਸ ਡਵੀਜ਼ਨ ਨੰਬਰ 2 ’ਚ ਤਾਇਨਾਤ ਏ. ਐੱਸ. ਆਈ. ਗੋਪਾਲ ਸਿੰਘ ਨੂੰ ਗਾਂਧੀ ਕੈਂਪ ਦੇ ਇਕ ਵਿਅਕਤੀ ਤੋਂ 8,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ। ਇਹ ਰਿਸ਼ਵਤ ਸ਼ਿਕਾਇਤਕਰਤਾ ਨੂੰ ਇਕ ਮਾਮਲੇ ’ਚ ਨਾ ਫਸਾਉਣ ਦੇ ਬਦਲੇ ’ਚ ਲਈ ਗਈ ਸੀ।

* 9 ਮਾਰਚ ਨੂੰ ਜੰਮੂ ਅਤੇ ਕਸ਼ਮੀਰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ. ਸੀ. ਬੀ.) ਨੇ ਹੈੱਡ ਕਾਂਸਟੇਬਲ ‘ਪਰਵੇਜ਼ ਅਹਿਮਦ ਭਾਟੀ’ ਨੂੰ ਤਲਵਾਰਾ ਪੁਲਸ ਚੌਕੀ ’ਚ ਇਕ ਵਿਅਕਤੀ ਿਵਰੁੱਧ ਦਰਜ ਇਕ ਮਾਮਲੇ ’ਚ ਜਾਂਚ ’ਚ ਹੇਰਾਫੇਰੀ ਕਰਨ ਅਤੇ ਕਾਨੂੰਨ ਦੀਆਂ ਕੁਝ ਧਾਰਾਵਾਂ ਨੂੰ ਹਟਾਉਣ ਦੇ ਬਦਲੇ ’ਚ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।

* ਅਤੇ ਹੁਣ 10 ਮਾਰਚ ਨੂੰ ਲੋਕਾਯੁਕਤ ਇੰਦੌਰ ਨੇ ਅੰਜੜ ਥਾਣੇ ’ਚ ਤਾਇਨਾਤ ਇਕ ਉਪ-ਨਿਰੀਖਕ ਅਤੇ ਕਾਂਸਟੇਬਲ ਿਵਰੁੱਧ ਇਕ ਜਿਊਲਰਸ ਸੰਚਾਲਕ ਤੋਂ ਕੇਸ ’ਚ ਰਾਹਤ ਦੇਣ ਦੇ ਨਾਂ ’ਤੇ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ।

ਪੁਲਸ ਮੁਲਾਜ਼ਮਾਂ ਵੱਲੋਂ ਰਿਸ਼ਵਤ ਮੰਗਣ ਨਾਲ ਸਬੰਧਤ ਇਨ੍ਹਾਂ ਮਾਮਲਿਆਂ ’ਚ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਪੱਧਰ ਤੱਕ ਦੇ ਅਧਿਕਾਰੀ ਸ਼ਾਮਲ ਪਾਏ ਗਏ ਹਨ। ਅਜਿਹੇ ਮਾਮਲਿਆਂ ’ਚ ਫਾਸਟ ਟਰੈਕ ਕੋਰਟ ਦੇ ਜ਼ਰੀਏ ਨਿਪਟਾਰਾ ਕਰ ਕੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਲੋੜ ਹੈ ਤਾਂ ਜੋ ਪੁਲਸ ’ਚ ਸ਼ਾਮਲ ਕੁਝ ਭ੍ਰਿਸ਼ਟ ਮੁਲਾਜ਼ਮਾਂ ਦੇ ਕਾਰਨਾਮਿਆਂ ਕਰ ਕੇ ਪੂਰਾ ਪੁਲਸ ਵਿਭਾਗ ਬਦਨਾਮ ਨਾ ਹੋਵੇ ਅਤੇ ਆਮ ਨਾਗਰਿਕਾਂ ਦਾ ਪੁਲਸ ਪ੍ਰਤੀ ਭਰੋਸਾ ਬਹਾਲ ਹੋ ਸਕੇ।

—ਵਿਜੇ ਕੁਮਾਰ


author

Inder Prajapati

Content Editor

Related News