ਅਮਰੀਕਾ-ਈਰਾਨ ਜੰਗ ਦਾ ਭਾਰਤ ’ਤੇ ਪ੍ਰਭਾਵ

Monday, Mar 16, 2026 - 03:51 PM (IST)

ਅਮਰੀਕਾ-ਈਰਾਨ ਜੰਗ ਦਾ ਭਾਰਤ ’ਤੇ ਪ੍ਰਭਾਵ

ਦੁਨੀਆ ਇਕ ਨਵੀਂ ਜੰਗ ਦੀ ਲਪੇਟ ’ਚ ਹੈ ਜੋ ਨਾ ਸਿਰਫ ਮੱਧ ਪੂਰਬ ਨੂੰ ਹਿਲਾ ਰਹੀ ਹੈ, ਸਗੋਂ ਗਲੋਬਲ ਅਰਥਚਾਰੇ ਅਤੇ ਕੂਟਨੀਤੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। 28 ਫਰਵਰੀ 2026 ਨੂੰ ਸ਼ੁਰੂ ਹੋਏ ਅਮਰੀਕਾ ਅਤੇ ਇਜ਼ਰਾਈਲ ਦੇ ਈਰਾਨ ’ਤੇ ਹਵਾਈ ਹਮਲਿਆਂ ਨੇ ਇਸ ਸੰਘਰਸ਼ ਨੂੰ ਇਕ ਪੂਰਨ ਜੰਗ ਦਾ ਰੂਪ ਦੇ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ, ਬੈਲਿਸਟਿਕ ਮਿਜ਼ਾਈਲਾਂ ਅਤੇ ਸਮੁੰਦਰੀ ਫੌਜ ਨੂੰ ਨਸ਼ਟ ਕਰਨ ਦਾ ਐਲਾਨ ਕੀਤਾ ਹੈ, ਜਦਕਿ ਈਰਾਨ ਨੇ ਜਵਾਬੀ ਕਾਰਵਾਈ ’ਚ ਅਮਰੀਕੀ ਟਿਕਾਣਿਆਂ ਅਤੇ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ ਹਨ। ਹੋਰਮੁਜ਼ ਜਲਡਮਰੂਮੱਧ ਨੂੰ ਬੰਦ ਕਰਨ ਨਾਲ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈਆਂ ਹਨ, ਜੋ ਗਲੋਬਲ ਅਰਥਚਾਰੇ ਲਈ ਇਕ ਵੱਡਾ ਝਟਕਾ ਹੈ।

ਸਵਾਲ ਉੱਠਦਾ ਹੈ ਕਿ ਕੀ ਇਹ ਜੰਗ ਿਸਰਫ ਅਮਰੀਕਾ ਦੀ ਹੰਕਾਰੀ ਕੂਟਨੀਤੀ ਦਾ ਨਤੀਜਾ ਹੈ, ਜਿੱਥੇ ਉਹ ਗਲੋਬਲ ਪ੍ਰਭੂਤੱਵ ਸਥਾਪਤ ਕਰਨਾ ਚਾਹੁੰਦਾ ਹੈ ਅਤੇ ਤੇਲ ਤੇ ਖਣਿਜ ਬਾਜ਼ਾਰ ’ਤੇ ਕਬਜ਼ਾ ਜਮਾਉਣਾ ਚਾਹੁੰਦਾ ਹੈ? ਜਾਂ ਇਹ ਇਕ ਲੋੜੀਂਦਾ ਰੱਖਿਆਤਮਕ ਕਦਮ ਹੈ ਜੋ ਈਰਾਨ ਦੀਆਂ ਪ੍ਰਮਾਣੂ ਇੱਛਾਵਾਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ? ਇਕ ਸੁਤੰਤਰ ਦ੍ਰਿਸ਼ਟੀਕੋਣ ਤੋਂ ਵੇਖੀਏ ਤਾਂ ਇਹ ਜੰਗ ਅਮਰੀਕੀ ਕੂਟਨੀਤੀ ਦੀ ਅਸਫਲਤਾ ਦਾ ਪ੍ਰਤੀਕ ਹੈ, ਜਿੱਥੇ ਵਾਰਤਾ ਦੇ ਬਦਲ ਵਜੋਂ ਫ਼ੌਜੀ ਸ਼ਕਤੀ ’ਤੇ ਜ਼ੋਰ ਦਿੱਤਾ ਗਿਆ। ਟਰੰਪ ਪ੍ਰਸ਼ਾਸਨ ਨੇ ਈਰਾਨ ’ਤੇ ਵੱਧ ਤੋਂ ਵੱਧ ਦਬਾਅ ਦੀ ਨੀਤੀ ਅਪਣਾਈ, ਪਰ ਇਸ ਨਾਲ ਈਰਾਨ ਹੋਰ ਵੱਧ ਹਮਲਾਵਰ ਹੋ ਗਿਆ। ਰੱਖਿਆ ਮਾਹਿਰ ਜੋ ਕੋਸਟਾ ਦਾ ਕਹਿਣਾ ਹੈ ਕਿ ਇਹ ਜੰਗ ਅਮਰੀਕੀ ਫ਼ੌਜੀ ਤਿਆਰੀਆਂ ਨੂੰ ਕਮਜ਼ੋਰ ਕਰ ਰਹੀ ਹੈ, ਖਾਸ ਕਰਕੇ ਚੀਨ ਦੇ ਖ਼ਿਲਾਫ਼। ਆਰਥਿਕ ਮਾਹਿਰਾਂ ਅਨੁਸਾਰ, ਇਹ ਤੇਲ ਬਾਜ਼ਾਰ ’ਤੇ ਕਬਜ਼ੇ ਦੀ ਲੜਾਈ ਹੈ, ਪਰ ਇਸ ਨਾਲ ਅਮਰੀਕਾ ਦੀ ਗਲੋਬਲ ਸਥਿਤੀ ਕਮਜ਼ੋਰ ਹੋ ਸਕਦੀ ਹੈ।

ਭਾਰਤ, ਜੋ ਆਪਣੀ 90 ਫੀਸਦੀ ਤੋਂ ਵੱਧ ਕੱਚੇ ਤੇਲ ਦੀ ਜ਼ਰੂਰਤ ਦਰਾਮਦ ਤੋਂ ਪੂਰੀ ਕਰਦਾ ਹੈ, ਇਸ ਜੰਗ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ’ਚੋਂ ਇਕ ਹੈ। ਹੋਰਮੁਜ਼ ਜਲਡਮਰੂਮੱਧ ਦੇ ਬੰਦ ਹੋਣ ਨਾਲ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਗਈ ਹੈ, ਜਿਸ ਨਾਲ ਭਾਰਤ ਦਾ ਦਰਾਮਦ ਬਿੱਲ ਵਧ ਗਿਆ ਹੈ। ਟੀ. ਐੱਸ. ਲੋਮਬਾਰਡ ਦੀ ਅਰਥਸ਼ਾਸਤਰੀ ਸ਼ੁਮਿਤਾ ਦੇਵੇਸ਼ਵਰ ਕਹਿੰਦੀ ਹੈ ਕਿ ਲੰਬੇ ਸਮੇਂ ਤੱਕ ਚੱਲਣ ਵਾਲੀ ਜੰਗ ਭਾਰਤ ਦੀ ਰਸਦ ਲਾਗਤ ਨੂੰ ਪ੍ਰਭਾਵਿਤ ਕਰੇਗੀ। ਅਜਿਹੇ ’ਚ ਭਾਰਤ ਦਾ ਵਪਾਰ ਘਾਟਾ ਵੱਧ ਸਕਦਾ ਹੈ ਅਤੇ ਮਹਿੰਗਾਈ ਵਧਣ ਨਾਲ ਆਮ ਆਦਮੀ ’ਤੇ ਬੋਝ ਪਵੇਗਾ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਹਿਲਾਂ ਹੀ ਵਧੀਆਂ ਹੋਈਆਂ ਹਨ, ਜਿਸ ਨਾਲ ਆਵਾਜਾਈ ਅਤੇ ਖੇਤੀਬਾੜੀ ਖੇਤਰ ਪ੍ਰਭਾਵਿਤ ਹੋ ਰਹੇ ਹਨ।

ਰਣਨੀਤਕ ਤੌਰ ’ਤੇ ਇਹ ਜੰਗ ਭਾਰਤ ਦੀ ਵਿਦੇਸ਼ ਨੀਤੀ ਨੂੰ ਗੁੰਝਲਦਾਰ ਬਣਾ ਰਹੀ ਹੈ। ਭਾਰਤ ਨੇ ਈਰਾਨ ਦੇ ਨਾਲ ਚਾਬਹਾਰ ਬੰਦਰਗਾਹ ਪ੍ਰਾਜੈਕਟ ’ਚ ਨਿਵੇਸ਼ ਕੀਤਾ ਹੈ, ਜੋ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਪਹੁੰਚ ਪ੍ਰਦਾਨ ਕਰਦਾ ਹੈ ਪਰ ਜੰਗ ਕਾਰਨ ਇਹ ਪ੍ਰਾਜੈਕਟ ਖ਼ਤਰੇ ’ਚ ਆ ਗਿਆ ਹੈ। ਉੱਥੇ ਹੀ, ਭਾਰਤ-ਅਰਬ-ਇਜ਼ਰਾਈਲ-ਯੂਰਪ ਗਲਿਆਰਾ (ਆਈ. ਐੱਮ. ਈ. ਸੀ.) ਹੁਣ ਵੱਧ ਮਹੱਤਵਪੂਰਨ ਹੋ ਗਿਆ ਹੈ, ਕਿਉਂਕਿ ਈਰਾਨ ਦੀ ਅਸਥਿਰਤਾ ਕਾਰਨ ਚਾਬਹਾਰ ਦਾ ਬਦਲ ਸੀਮਤ ਹੋ ਗਿਆ ਹੈ। ਰੈਂਡ ਦੇ ਅਰਥਸ਼ਾਸਤਰੀ ਰਫੀਕ ਦੋਸਾਨੀ ਕਹਿੰਦੇ ਹਨ ਕਿ ਜੇਕਰ ਅਮਰੀਕਾ ਅਤੇ ਇਜ਼ਰਾਈਲ ਜਿੱਤਦੇ ਹਨ, ਤਾਂ ਆਈ. ਐੱਮ. ਈ. ਸੀ. ਇਜ਼ਰਾਈਲ ਦੀ ਤਰਜੀਹ ਬਣੇਗਾ।

ਇਸ ਤੋਂ ਇਲਾਵਾ, ਮੱਧ ਪੂਰਬ ’ਚ ਰਹਿਣ ਵਾਲੇ ਲੱਖਾਂ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਵੀ ਖ਼ਤਰੇ ’ਚ ਪੈ ਗਈ ਹੈ। ਹਾਲ ਹੀ ’ਚ ‘ਦਿ ਹਿੰਦੂ’ ਦੇ ਇਕ ਸੰਪਾਦਕੀ ’ਚ ਕਿਹਾ ਗਿਆ ਹੈ ਕਿ ਇਹ ਜੰਗ ਭਾਰਤ ’ਤੇ ਉਮੀਦ ਤੋਂ ਵੱਧ ਪ੍ਰਭਾਵ ਪਾਏਗੀ। ਭਾਰਤ ਨੂੰ ਅਮਰੀਕਾ ਦੇ ਨਾਲ ਨੇੜਲੇ ਸਬੰਧ ਬਣਾਈ ਰੱਖਦੇ ਹੋਏ ਈਰਾਨ ਨਾਲ ਸੰਤੁਲਨ ਬਣਾਉਣਾ ਹੋਵੇਗਾ, ਜੋ ਇਕ ਕੂਟਨੀਤਕ ਚੁਣੌਤੀ ਹੈ।

ਇਹ ਜੰਗ ਅਮਰੀਕਾ ਦੀ ਗਲੋਬਲ ਸਥਿਤੀ ਨੂੰ ਦੋਧਾਰੀ ਤਲਵਾਰ ਵਾਂਗ ਪ੍ਰਭਾਵਿਤ ਕਰ ਰਹੀ ਹੈ। ਇਕ ਪਾਸੇ, ਅਮਰੀਕਾ ਨੇ ਈਰਾਨ ਦੀ ਸਮੁੰਦਰੀ ਫੌਜ ਅਤੇ ਮਿਜ਼ਾਈਲ ਸਮਰੱਥਾ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ, ਜੋ ਉਸ ਦੇ ਫ਼ੌਜੀ ਦਬਦਬੇ ਨੂੰ ਦਰਸਾਉਂਦਾ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਹਮਲਿਆਂ ਨੇ ਈਰਾਨ ਦੀ ਸਮੁੰਦਰੀ ਫੌਜ ਨੂੰ ‘ਲੜਾਈ ਅਸਮਰੱਥ’ ਬਣਾ ਦਿੱਤਾ ਹੈ ਪਰ ਲੰਬੇ ਸਮੇਂ ’ਚ, ਇਹ ਜੰਗ ਅਮਰੀਕੀ ਸਰੋਤਾਂ ਨੂੰ ਖਿੱਚ ਸਕਦੀ ਹੈ। ਚੈਥਮ ਹਾਊਸ ਦੇ ਮਾਹਿਰਾਂ ਅਨੁਸਾਰ, ਲੰਬੀ ਜੰਗ ਗਲੋਬਲ ਜੀ. ਡੀ. ਪੀ. ’ਤੇ ਸੀਮਤ ਪ੍ਰਭਾਵ ਪਾਏਗੀ, ਪਰ ਉੱਭਰ ਰਹੇ ਅਰਥਚਾਰਿਆਂ ਨੂੰ ਊਰਜਾ ਕੀਮਤਾਂ ਨਾਲ ਨੁਕਸਾਨ ਹੋਵੇਗਾ।

ਗਲੋਬਲ ਪੱਧਰ ’ਤੇ, ਇਹ ਜੰਗ ਅਮਰੀਕਾ ਦੀ ਕੂਟਨੀਤੀ ਦੀ ਭਰੋਸੇਯੋਗਤਾ ’ਤੇ ਸਵਾਲ ਉਠਾ ਰਹੀ ਹੈ। ਚੀਨ ਅਤੇ ਰੂਸ ਈਰਾਨ ਦਾ ਸਮਰਥਨ ਕਰ ਰਹੇ ਹਨ, ਜੋ ਬਹੁ-ਧਰੁਵੀ ਵਿਸ਼ਵ ਵਿਵਸਥਾ ਨੂੰ ਮਜ਼ਬੂਤ ਕਰ ਰਿਹਾ ਹੈ। ਅਟਲਾਂਟਿਕ ਕੌਂਸਲ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਇਸ ਸੰਘਰਸ਼ ਤੋਂ ਫਾਇਦਾ ਉਠਾ ਰਿਹਾ ਹੈ, ਕਿਉਂਕਿ ਈਰਾਨ ਉਸ ਦਾ ਰਣਨੀਤਕ ਸਾਂਝੇਦਾਰ ਹੈ। ਆਰਥਿਕ ਤੌਰ ’ਤੇ, ਅਮਰੀਕਾ ਊਰਜਾ ਬਰਾਮਦਕਾਰ ਹੋਣ ਕਾਰਨ ਘੱਟ ਪ੍ਰਭਾਵਿਤ ਹੈ, ਪਰ ਗਲੋਬਲ ਸਪਲਾਈ ਚੇਨ ’ਚ ਵਿਘਨ ਨਾਲ ਮੰਦੀ ਦਾ ਖ਼ਤਰਾ ਹੈ। ਜੇਕਰ ਜੰਗ ਖੇਤਰੀ ਹੋ ਗਈ, ਤਾਂ ਤੇਲ ਕੀਮਤਾਂ 120 ਡਾਲਰ ਤੱਕ ਪਹੁੰਚ ਸਕਦੀਆਂ ਹਨ, ਿਜਸ ਨਾਲ ਅਮਰੀਕੀ ਵਿਕਾਸ ਦਰ ਨਾਕਾਰਾਤਮਕ ਹੋ ਸਕਦੀ ਹੈ।

ਦੁਨੀਆ ਭਰ ਦੇ ਜ਼ਿਆਦਾਤਰ ਜਾਣਕਾਰਾਂ ਦਾ ਇਹ ਮਤ ਹੈ ਕਿ ਇਹ ਜੰਗ ਮੁੱਖ ਤੌਰ ’ਤੇ ਅਮਰੀਕੀ ਕੂਟਨੀਤੀ ਦੀ ਅਸਫਲਤਾ ਹੈ। ਤੇਲ ਅਤੇ ਖਣਿਜ ਬਾਜ਼ਾਰ ’ਤੇ ਅਮਰੀਕੀ ਕਬਜ਼ੇ ਦੀ ਇੱਛਾ ਸਾਫ਼ ਦਿਸਦੀ ਹੈ, ਕਿਉਂਕਿ ਹੋਰਮੁਜ਼ ਦਾ ਕੰਟਰੋਲ ਗਲੋਬਲ ਊਰਜਾ ਸਪਲਾਈ ਨੂੰ ਕੰਟਰੋਲ ਕਰਦਾ ਹੈ ਪਰ ਇਹ ਹੰਕਾਰੀ ਦ੍ਰਿਸ਼ਟੀਕੋਣ ਹੈ, ਕਿਉਂਕਿ ਹਵਾਈ ਹਮਲੇ ਸਰਕਾਰ ਨਹੀਂ ਡੇਗ ਸਕਦੇ। ਰੱਖਿਆ ਮਾਹਿਰ ਰੌਬ ਜਾਨਸਨ ਕਹਿੰਦੇ ਹਨ ਕਿ ਅਮਰੀਕਾ ਈਰਾਨ ਦੀ ਹਵਾਈ ਰੱਖਿਆ ਨੂੰ ਨਸ਼ਟ ਕਰ ਸਕਦਾ ਹੈ, ਪਰ ਲੰਬੇ ਸਮੇਂ ’ਚ ਗਲੋਬਲ ਊਰਜਾ ਸਥਿਰਤਾ ਪ੍ਰਭਾਵਿਤ ਹੋਵੇਗੀ।

ਈਰਾਨ ਦੇ ਨਵੇਂ ਸਰਵਉੱਚ ਨੇਤਾ ਮੁਸ਼ਤਾਕ ਹਾਮੀ ਨੇ ਹੋਰਮੁਜ਼ ਨੂੰ ਬੰਦ ਰੱਖਣ ਦੀ ਧਮਕੀ ਦਿੱਤੀ ਹੈ, ਜੋ ਗਲੋਬਲ ਅਰਥਚਾਰੇ ਨੂੰ ਹਿਲਾ ਸਕਦੀ ਹੈ। ਇਹ ਜੰਗ ਨਾ ਸਿਰਫ ਈਰਾਨ ਦੀ ਪ੍ਰਭੂਸੱਤਾ ਦਾ ਮੁੱਦਾ ਹੈ, ਸਗੋਂ ਗਲੋਬਲ ਸ਼ਕਤੀ ਸੰਤੁਲਨ ਦਾ ਵੀ ਹੈ। ਭਾਰਤ ਨੂੰ ਆਪਣੀ ਊਰਜਾ ਸੁਰੱਖਿਆ ਮਜ਼ਬੂਤ ਕਰਨੀ ਚਾਹੀਦੀ ਹੈ। ਅਮਰੀਕਾ ਨੂੰ ਵਾਰਤਾ ਵੱਲ ਪਰਤਣਾ ਚਾਹੀਦਾ ਹੈ, ਨਹੀਂ ਤਾਂ ਇਹ ਸੰਘਰਸ਼ ਵਿਸ਼ਵ ਜੰਗ ਦਾ ਰੂਪ ਲੈ ਸਕਦਾ ਹੈ। ਸੁਤੰਤਰ ਰੂਪ ’ਚ ਵੇਖਿਆ ਜਾਵੇ ਤਾਂ, ਇਹ ਜੰਗ ਗੈਰ-ਜ਼ਰੂਰੀ ਹੈ ਅਤੇ ਇਸ ਨਾਲ ਸਾਰੀਆਂ ਧਿਰਾਂ ਹਾਰਨਗੀਆਂ। ਗਲੋਬਲ ਨੇਤਾਵਾਂ ਨੂੰ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ ਤਾਂ ਜੋ ਸ਼ਾਂਤੀ ਬਹਾਲ ਹੋ ਸਕੇ।

ਵਿਨੀਤ ਨਾਰਾਇਣ


author

Rakesh

Content Editor

Related News