ਜਿਸ ਨੇ ਜੰਗ ਸ਼ੁਰੂ ਕੀਤੀ, ਉਸੇ ਨੂੰ ਹੀ ਇਸ ਨੂੰ ਰੋਕਣਾ ਹੋਵੇਗਾ
Sunday, Mar 15, 2026 - 04:23 PM (IST)
ਈਰਾਨ ਦੇ ਵਿਰੁੱਧ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਸ਼ੁਰੂ ਕੀਤੀ ਗਈ ਇਸ ਬਿਨਾਂ ਸੋਚੀ-ਸਮਝੀ ਜੰਗ ਦੇ ਨਤੀਜੇ ਦੁਨੀਆ ਭਰ ’ਚ ਅਤੇ ਬਹੁਤ ਦੂਰ ਤੱਕ ਜਾਣ ਵਾਲੇ ਹਨ।
‘ਆਪ੍ਰੇਸ਼ਨ ਐਪਿਕ ਫਿਊਰੀ’ ਦੇ ਦੋ ਹਫ਼ਤਿਆਂ ’ਚ, ਈਰਾਨ ਤਬਾਹ ਤਾਂ ਹੋ ਗਿਆ ਹੈ ਪਰ ਹਾਰਿਆ ਨਹੀਂ ਹੈ। ਜੰਗ ਦੇ ਪਹਿਲੇ ਹੀ ਦਿਨ, ਅਯਾਤੁੱਲਾ ਖ਼ਾਮੇਨੇਈ ਸਮੇਤ ਉਸ ਦੀ ਚੋਟੀ ਦੀ ਲੀਡਰਸ਼ਿਪ ਦੀ ਪਹਿਲੀ ਕਤਾਰ ਖ਼ਤਮ ਹੋ ਗਈ ਸੀ। ਈਰਾਨ ਨੇ ਜਲਦਬਾਜ਼ੀ ’ਚ ਇਕ ਨਵਾਂ ਨੇਤਾ ਚੁਣਿਆ ਹੈ ਅਤੇ ਇਕ ਨਵਾਂ ਫ਼ੌਜੀ ਨਿਰਦੇਸ਼ ਤਿਆਰ ਕੀਤਾ ਹੈ ਪਰ ਅਮਰੀਕਾ-ਇਜ਼ਰਾਈਲ ਗੱਠਜੋੜ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ। ਤਹਿਰਾਨ, ਸਨੰਦਾਜ, ਇਸਫਹਾਨ ਅਤੇ ਈਰਾਨ ਦੇ ਦੂਜੇ ਵੱਡੇ ਸ਼ਹਿਰਾਂ ’ਤੇ ਬੰਬਾਰੀ ਕੀਤੀ ਗਈ ਹੈ ਅਤੇ ਹੁਣ ਤੱਕ ਲਗਭਗ 1300 ਈਰਾਨੀ ਮਾਰੇ ਗਏ ਹਨ ਅਤੇ 10,000 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਇਕ ਅਮਰੀਕੀ ਟੋਮਹੌਕ ਮਿਜ਼ਾਈਲ ਇਕ ਸਕੂਲ ’ਤੇ ਡਿੱਗੀ, ਜਿਸ ’ਚ 168 ਬੱਚੇ ਅਤੇ 14 ਅਧਿਆਪਕ ਮਾਰੇ ਗਏ। ਉਨ੍ਹਾਂ ਨੇ ਆਖਿਰ ਕੀ ਗੁਨਾਹ ਕੀਤਾ ਸੀ?
ਜ਼ਬਰਦਸਤ ਨੁਕਸਾਨ : ਈਰਾਨ ਨੂੰ ਹੋਏ ਭਾਰੀ ਨੁਕਸਾਨ ’ਚ ਇਹ ਚੀਜ਼ਾਂ ਸ਼ਾਮਲ ਹਨ :
-ਫੌਜੀ ਟਿਕਾਣੇ, ਜਿਵੇਂ ਮਿਜ਼ਾਈਲ ਲਾਂਚ ਸਾਈਟਾਂ, ਹਥਿਆਰਬੰਦ ਬਲਾਂ ਦੇ ਅੱਡੇ, ਸਮੁੰਦਰੀ ਫੌਜ ਦੀਆਂ ਜਾਇਦਾਦਾਂ, ਹਵਾਈ ਸੁਰੱਖਿਆ ਪ੍ਰਣਾਲੀਆਂ ਅਤੇ ਉਤਪਾਦਨ ਕੇਂਦਰ;
–ਘਰ, ਸਕੂਲ ਅਤੇ ਹਸਪਤਾਲ;
–ਵੱਡੇ ਤੇਲ ਡਿਪੂ (ਜੋ ਅਜੇ ਵੀ ਬਲ ਰਹੇ ਹਨ);
–ਜ਼ਰੂਰੀ ਬੁਨਿਆਦੀ ਢਾਂਚਾ, ਜਿਵੇਂ ਪਾਣੀ ਦੀ ਸਪਲਾਈ ਵਗੈਰਾ;
–ਜਨ-ਸਿਹਤ ਲਈ ਵੱਡੇ ਖਤਰੇ ਅਤੇ ਵਾਤਾਵਰਣ ਨੂੰ ਭਾਰੀ ਨੁਕਸਾਨ।
ਈਰਾਨ ਦੀ ਸ਼ਾਸਨ-ਪ੍ਰਣਾਲੀ ਦੇ ਸਰੂਪ ਨੂੰ, ਜੋ ਕਿ ਕਾਫ਼ੀ ਦਮਨਕਾਰੀ ਹੈ, ਇਕ ਪਾਸੇ ਰੱਖ ਦਿਓ ਅਤੇ ਲੋਕਾਂ ’ਤੇ ਧਿਆਨ ਦਿਓ। ਇਸ ਤਬਾਹੀ ਦੇ ਹੱਕਦਾਰ ਬਣਨ ਲਈ ਉਨ੍ਹਾਂ ਨੇ ਆਖਿਰ ਕੀ ਕੀਤਾ ਹੈ? ਇਜ਼ਰਾਈਲ ਦੇ ਉਕਸਾਉਣ ’ਤੇ, ਅਮਰੀਕਾ ਨੇ ਇਹ ਦੋਸ਼ ਲਾਇਆ ਕਿ ਈਰਾਨ ਨੇ ਐਨਰਿਚਡ ਯੂਰੇਨੀਅਮ ਦਾ ਜ਼ਖ਼ੀਰਾ ਜਮ੍ਹਾ ਕਰ ਰੱਖਿਆ ਹੈ ਅਤੇ ਪ੍ਰਮਾਣੂ ਹਥਿਆਰ ਬਣਾਉਣ ਦਾ ਕੰਮ ਲਗਭਗ ਪੂਰਾ ਕਰ ਲਿਆ ਹੈ। ਸਟੀਵ ਵਿਟਕੌਫ ਅਤੇ ਜੇਰੇਡ ਕੁਸ਼ਨਰ ਨੂੰ ਕਤਰ ਦੀ ਮਦਦ ਨਾਲ, ਅਮਰੀਕਾ ਵੱਲੋਂ ਈਰਾਨ ਨਾਲ ਗੱਲਬਾਤ ਕਰਨ ਲਈ ਭੇਜਿਆ ਗਿਆ ਸੀ। ਜੰਗ ਸ਼ੁਰੂ ਹੋਣ ਦੇ ਖ਼ਦਸ਼ੇ ਨੂੰ ਦੇਖਦੇ ਹੋਏ, ਓਮਾਨ ਦੇ ਵਿਦੇਸ਼ ਮੰਤਰੀ ਤੁਰੰਤ ਵਾਸ਼ਿੰਗਟਨ ਪਹੁੰਚੇ ਅਤੇ ਅਮਰੀਕਾ ਨੂੰ ਇਹ ਭਰੋਸਾ ਦਿਵਾਇਆ ਕਿ ਈਰਾਨ ਐਨਰਿਚਡ ਯੂਰੇਨੀਅਮ ਦਾ ਜ਼ਖ਼ੀਰਾ ਬਿਲਕੁਲ ਨਾ ਰੱਖਣ ’ਤੇ ਰਾਜ਼ੀ ਹੋ ਗਿਆ ਹੈ ਅਤੇ ਉਸ ਨੇ ‘ਕਦੇ ਵੀ ਪ੍ਰਮਾਣੂ ਹਥਿਆਰ ਨਾ ਰੱਖਣ’ ਦੀ ਸਹੁੰ ਖਾਧੀ ਹੈ। ਇਸ ਭਰੋਸੇ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਰਾਸ਼ਟਰਪਤੀ ਟਰੰਪ ਨੇ ਅਚਾਨਕ ਗੱਲਬਾਤ ਖ਼ਤਮ ਕਰ ਦਿੱਤੀ ਅਤੇ ਈਰਾਨ ’ਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ।
ਹੋ ਸਕਦਾ ਹੈ ਕਿ ਈਰਾਨ ਇਜ਼ਰਾਈਲ ਦੇ ਵਿਸਥਾਰਵਾਦ ਲਈ ਇਕ ਖਤਰਾ ਹੋਵੇ ਪਰ ਉਹ ਅਮਰੀਕਾ ਲਈ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਹੈ। ਜੂਨ 2025 ’ਚ ‘ਆਪ੍ਰੇਸ਼ਨ ਮਿਡਨਾਈਟ ਹੈਮਰ’, ਜੋ ਇਕ ਗੈਰ-ਕਾਨੂੰਨੀ ਹਮਲਾ ਸੀ, ਤੋਂ ਬਾਅਦ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ‘ਈਰਾਨ ਦੀਆਂ ਯੂਰੇਨੀਅਮ ਐਨਰਿਚਡ ਸਹੂਲਤਾਂ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੀਆਂ ਗਈਆਂ ਹਨ’। ਮਿਡਨਾਈਟ ਹੈਮਰ ਦੇ ਬਾਵਜੂਦ, ਜੇਕਰ ਈਰਾਨ ਨੇ ਲਗਭਗ ਪ੍ਰਮਾਣੂ ਹਥਿਆਰ ਬਣਾ ਹੀ ਲਏ ਸਨ, ਤਾਂ ਉਹ ਕਿੱਥੇ ਹਨ? ਕੀ ਅਮਰੀਕਾ ਨੇ ਪ੍ਰਮਾਣੂ ਨਿਗਰਾਨ ਸੰਸਥਾ, ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੂੰ ਈਰਾਨ ਦੀ ਜਾਂਚ ਕਰਨ ਅਤੇ ਪ੍ਰਮਾਣੂ ਹਥਿਆਰਾਂ ਦੇ ਵਿਕਾਸ ’ਤੇ ਰਿਪੋਰਟ ਦੇਣ ਲਈ ਕਿਹਾ? ਕਿਸ ਦੇਸ਼ ਕੋਲ ਪ੍ਰਮਾਣੂ ਹਥਿਆਰ ਹੋਣਗੇ ਜਾਂ ਨਹੀਂ, ਇਹ ਤੈਅ ਕਰਨ ਦਾ ਅਮਰੀਕਾ ਕੋਲ ਕੀ ਅਧਿਕਾਰ ਹੈ? ਕੀ ਅਮਰੀਕਾ ਭਾਰਤ, ਪਾਕਿਸਤਾਨ ਜਾਂ ਉੱਤਰੀ ਕੋਰੀਆ ਦੀਆਂ ਪ੍ਰਮਾਣੂ ਸਮਰੱਥਾਵਾਂ ’ਚ ਦਖ਼ਲ ਦੇਣ ਅਤੇ ਉਨ੍ਹਾਂ ਨੂੰ ‘ਨਸ਼ਟ ਕਰਨ’ ਦਾ ਫੈਸਲਾ ਕਰੇਗਾ?
ਖਾਮੋਸ਼ੀ ਨਾਲ ਮਿਲੀਭੁਗਤ : ਪੱਛਮੀ ਏਸ਼ੀਆਈ ਖੇਤਰ ’ਚ ਇਜ਼ਰਾਈਲ ਦੇ ਦੁਸ਼ਮਣ ਹਨ। ਇਸ ਦੀਆਂ ਜੜ੍ਹਾਂ ਉਸ ਸਮੇਂ ਨਾਲ ਜੁੜੀਆਂ ਹਨ, ਜਦੋਂ ਇਜ਼ਰਾਈਲ ਦਾ ਗਠਨ ਉਸ ਜ਼ਮੀਨ ’ਤੇ ਹੋਇਆ ਸੀ, ਜੋ ਮੂਲ ਰੂਪ ’ਚ ਫਿਲਸਤੀਨੀਆਂ ਦੀ ਸੀ। ਫਿਰ ਵੀ, ਪਿਛਲੇ ਕੁਝ ਸਾਲਾਂ ’ਚ, ਇਸਲਾਮੀ ਦੇਸ਼ਾਂ ਸਮੇਤ ਪੂਰੀ ਦੁਨੀਆ ਨੇ ਇਜ਼ਰਾਈਲ ਦੀ ਅਸਲੀਅਤ ਨੂੰ ਸਵੀਕਾਰ ਕਰ ਲਿਆ ਹੈ। ਹਾਲਾਂਕਿ ਭਾਰਤ ਨੇ ਫਿਲਸਤੀਨ ਦੀ ਵੰਡ ਦੇ ਪ੍ਰਸਤਾਵ (1947) ਦੇ ਵਿਰੁੱਧ ਵੋਟ ਦਿੱਤੀ ਸੀ, ਪਰ ਬਾਅਦ ’ਚ, ਸਤੰਬਰ 1950 ’ਚ ਭਾਰਤ ਨੇ ਇਜ਼ਰਾਈਲ ਨੂੰ ਇਕ ਰਾਸ਼ਟਰ ਵਜੋਂ ਮਾਨਤਾ ਦੇ ਦਿੱਤੀ ਅਤੇ 1992 ’ਚ ਦੋਵਾਂ ਦੇਸ਼ਾਂ ਵਿਚਾਲੇ ਪੂਰਨ ਰਾਜਦੂਤਕ ਸਬੰਧ ਸਥਾਪਤ ਹੋ ਗਏ। ਵਪਾਰ, ਫ਼ੌਜੀ ਸਹਿਯੋਗ ਅਤੇ ਖੁਫ਼ੀਆ ਜਾਣਕਾਰੀ ਸਾਂਝੀ ਕਰਨ ਦੇ ਖੇਤਰਾਂ ’ਚ ਦੋਵਾਂ ਦੇਸ਼ਾਂ ਦੇ ਸਬੰਧ ਕਾਫ਼ੀ ਫਲੇ-ਫੁਲੇ ਹਨ। ਪੱਛਮੀ ਏਸ਼ੀਆ ਦੇ ਸੰਘਰਸ਼ਾਂ ’ਚ ਭਾਰਤ ਹਮੇਸ਼ਾ ਤੋਂ ਹੀ ਇਕ ਸੰਤੁਲਿਤ ਆਵਾਜ਼ ਰਿਹਾ ਹੈ, ਘੱਟੋ-ਘੱਟ ਹੁਣ ਤੱਕ ਤਾਂ ਇਹੀ ਸਥਿਤੀ ਸੀ।
ਪਰ ਹਾਲ ਹੀ ਦੇ ਦਿਨਾਂ ’ਚ, ਭਾਰਤ ਦਾ ਰੁਖ਼ ਕੁਝ ਹੱਦ ਤੱਕ ਪੱਖਪਾਤੀ ਹੋ ਗਿਆ ਹੈ। ਇਸ ਦਾ ਪ੍ਰਮਾਣ 12 ਮਾਰਚ, 2026 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਪਾਸ ਉਸ ਮਤੇ ਪ੍ਰਤੀ ਭਾਰਤ ਦਾ ਸਮਰਥਨ ਹੈ, ਜਿਸ ’ਚ ਸਿਰਫ਼ ਈਰਾਨ ਦੀ ਨਿੰਦਾ ਕੀਤੀ ਗਈ ਸੀ। ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਭਾਰਤ, ਗ੍ਰੀਸ, ਸਾਈਪ੍ਰਸ, ਅਰਬ ਦੇਸ਼ਾਂ, ਅਫ਼ਰੀਕੀ ਦੇਸ਼ਾਂ ਅਤੇ ਭੂ-ਮੱਧ ਸਾਗਰੀ ਦੇਸ਼ਾਂ ਨੂੰ ਮਿਲਾ ਕੇ ਬਣੇ ਇਕ ‘ਛੇ-ਪੱਖੀ ਗੱਠਜੋੜ’ ਦਾ ਜ਼ਿਕਰ ਕੀਤਾ, ਜਿਸ ਦਾ ਉਦੇਸ਼ ‘ਕੱਟੜਪੰਥੀ ਸ਼ੀਆ ਗੱਠਜੋੜ ਅਤੇ ਉੱਭਰ ਰਹੇ ਕੱਟੜਪੰਥੀ ਸੁੰਨੀ ਗੱਠਜੋੜ’ ਦਾ ਮੁਕਾਬਲਾ ਕਰਨਾ ਸੀ, ਉਦੋਂ ਭਾਰਤ ਨੇ ਇਸ ’ਤੇ ਵਿਰੋਧ ਦਾ ਇਕ ਵੀ ਸ਼ਬਦ ਨਹੀਂ ਕਿਹਾ।
ਟਰੰਪ ਦੀ ਮਨਮਾਨੀ ਦੀ ਵਜ੍ਹਾ ਕਰ ਕੇ, ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਵੀ ਉੱਪਰ ਪਹੁੰਚ ਗਈਆਂ ਹਨ। ਅਮਰੀਕਾ ’ਚ ਮਹਿੰਗਾਈ ਅਤੇ ਟਰੰਪ ਪ੍ਰਸ਼ਾਸਨ ਪ੍ਰਤੀ ਅਸੰਤੋਸ਼ ਵਧ ਰਿਹਾ ਹੈ। ਹੋਰਮੁਜ਼ ਜਲਡਮਰੂਮੱਧ ਤੋਂ ਤੇਲ ਟੈਂਕਰਾਂ ਦੀ ਆਵਾਜਾਈ, ਜੋ ਈਰਾਨ ਦੇ ਕੰਟਰੋਲ ’ਚ ਹੈ, ਲਗਭਗ ਪੂਰੀ ਤਰ੍ਹਾਂ ਰੁਕ ਗਈ ਹੈ। ਭਾਰਤ ’ਚ, ਐੱਲ. ਪੀ. ਜੀ. ਸਿਲੰਡਰਾਂ ਦੀ ਕਮੀ ਹੋ ਗਈ ਹੈ ਅਤੇ ਉਨ੍ਹਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧਾਈਆਂ ਗਈਆਂ ਹਨ। ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਧੜਾਮ ਨਾਲ ਡਿੱਗ ਗਏ ਹਨ। ਅੰਦਾਜ਼ਾ ਹੈ ਕਿ ਇਸ ਜੰਗ ’ਤੇ ਹਰ ਦਿਨ 2 ਅਰਬ ਡਾਲਰ ਖਰਚ ਹੋ ਰਹੇ ਹਨ। ਇਸ ਜੰਗ ਦੀ ਮਾਨਵੀ ਕੀਮਤ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ।
ਜੰਗ ਹਰ ਕਿਸੇ ਨੂੰ ਬੇਨਕਾਬ ਕਰ ਦਿੰਦੀ ਹੈ : ਮਸ਼ਹੂਰ ਸੈਨਿਕ, ਜਨਰਲ ਡਵਾਈਟ ਆਈਜ਼ਨਹਾਵਰ ਨੇ ਕਿਹਾ ਸੀ ਕਿ ਜੰਗ ਬੇਰਹਿਮ, ਬੇਕਾਰ ਅਤੇ ਬੇਵਕੂਫ਼ੀ ਭਰੀ ਹੁੰਦੀ ਹੈ। ਰੂਸ ਨੇ 4 ਸਾਲ ਪਹਿਲਾਂ ਯੂਕ੍ਰੇਨ ’ਤੇ ਹਮਲਾ ਕੀਤਾ ਸੀ, ਪਰ ਉਹ ਇਹ ਜੰਗ ਜਿੱਤ ਨਹੀਂ ਪਾ ਰਿਹਾ। ਇਸ ਦੌਰਾਨ, ਰੂਸ ’ਤੇ ਕਰਜ਼ੇ ਦਾ ਬੋਝ ਬਹੁਤ ਵਧ ਗਿਆ ਹੈ, ਤੇਲ ਤੋਂ ਹੋਣ ਵਾਲੀ ਕਮਾਈ ਘਟ ਗਈ ਹੈ ਅਤੇ ਰੂਸੀ ਫੌਜ ਨੂੰ ਹੁਣ ਭਾੜੇ ਦੇ ਸੈਨਿਕਾਂ ਦੀ ਵਰਤੋਂ ਕਰਨੀ ਪੈ ਰਹੀ ਹੈ। ਈਰਾਨ ਦੇ ਮਾਮਲੇ ’ਚ, ਅਜਿਹਾ ਕੋਈ ਸੰਕੇਤ ਨਹੀਂ ਮਿਲ ਰਿਹਾ ਕਿ ਅਮਰੀਕਾ ਇਸ ਜੰਗ ਨੂੰ ਰੋਕਣ ਵਾਲਾ ਹੈ। ਕਿਉਂਕਿ ਇਹ ਜੰਗ ਮਸ਼ੀਨਾਂ ਰਾਹੀਂ ਲੜੀ ਜਾ ਰਹੀ ਹੈ, ਇਸ ਲਈ ਜਦੋਂ ਤੱਕ ਮਸ਼ੀਨਾਂ ਦੀ ਸਪਲਾਈ ਜਾਰੀ ਰਹੇਗੀ, ਅਮਰੀਕਾ ਇਸ ਜੰਗ ਨੂੰ ਜਾਰੀ ਰੱਖ ਸਕਦਾ ਹੈ।
ਜਦੋਂ ਕੋਈ ਦੇਸ਼ ਜੰਗ ਸ਼ੁਰੂ ਕਰਦਾ ਹੈ, ਤਾਂ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੂੰ ਕਦੋਂ ਰੋਕਣਾ ਹੈ। ਜੰਗ ਹਰ ਦੇਸ਼ ਅਤੇ ਹਰ ਇਨਸਾਨ ਦਾ ਅਸਲੀ ਚਿਹਰਾ ਸਾਹਮਣੇ ਲਿਆ ਦਿੰਦੀ ਹੈ। ਜਦੋਂ ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ, ਤਾਂ ਭਾਰਤ ਨੇ ਉਸ ਦੀ ਨਿੰਦਾ ਨਹੀਂ ਕੀਤੀ, ਸਗੋਂ ਇਹ ਕਿਹਾ ਕਿ ‘ਇਹ ਜੰਗ ਦਾ ਦੌਰ ਨਹੀਂ ਹੈ।’ ਜਦੋਂ ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਗਵਾ ਕੀਤਾ ਸੀ, ਉਦੋਂ ਇਸ ਤਰ੍ਹਾਂ ਦੀਆਂ ਨਸੀਹਤਾਂ ਗਾਇਬ ਸਨ। ਪੱਛਮੀ ਏਸ਼ੀਆ ’ਚ ਚੱਲ ਰਹੀ ਮੌਜੂਦਾ ਜੰਗ ’ਚ ਵੀ ਇਹ ਗੱਲਾਂ ਸਾਫ਼ ਤੌਰ ’ਤੇ ਗਾਇਬ ਹਨ।
-ਪੀ. ਚਿਦਾਂਬਰਮ
