ਲੜੀ ਜਾ ਰਹੀ ਹੈ ਇਕ ਬੇਮਤਲਬ ਦੀ ਜੰਗ

Friday, Mar 13, 2026 - 03:50 PM (IST)

ਲੜੀ ਜਾ ਰਹੀ ਹੈ ਇਕ ਬੇਮਤਲਬ ਦੀ ਜੰਗ

ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਲੱਗਿਆ ਸੀ ਕਿ ਈਰਾਨ ਨੂੰ 4 ਦਿਨਾਂ ’ਚ ਗੋਡਿਆਂ ’ਤੇ ਲਿਆ ਦਿੱਤਾ ਜਾਵੇਗਾ। ਅਯਾਤੁੱਲਾ ਖ਼ਾਮੇਨੇਈ, ਉਨ੍ਹਾਂ ਦੇ ਦਾਮਾਦ, ਬੇਟੀ, ਦੋਹਤੀ, ਰੱਖਿਆ ਮੰਤਰੀ, ਸੈਨਾ ਦੇ ਸਰਵਉੱਚ ਕਮਾਂਡਰ ਆਦਿ ਨੂੰ ਮਾਰ ਕੇ ਅਜਿਹੀਆਂ ਸੰਭਾਵਨਾਵਾਂ ਜਾਗ ਵੀ ਗਈਆਂ ਸਨ ਪਰ ਹੁਣ ਟਰੰਪ ਖ਼ੁਦ ਕਹਿ ਰਹੇ ਹਨ ਕਿ 4 ਦਿਨ ਦੀ ਜਗ੍ਹਾ 4 ਹਫ਼ਤੇ ਲੱਗ ਸਕਦੇ ਹਨ। ਚਾਰ ਹਫ਼ਤੇ ਵੀ ਘੱਟ ਤੋਂ ਘੱਟ। ਉਧਰ ਈਰਾਨ ਚਾਹੁੰਦਾ ਹੈ ਕਿ ਲੜਾਈ 4 ਮਹੀਨੇ ਚੱਲੇ। ਕਿਹਾ ਜਾਂਦਾ ਹੈ ਕਿ ਜ਼ਿੰਦਗੀ ਚਾਰ ਦਿਨ ਦੀ ਹੈ। ਬਹਾਦੁਰ ਸ਼ਾਹ ਜ਼ਫ਼ਰ ਦਾ ਸ਼ੇਅਰ ਹੈ— ‘ਉਮਰੇ ਦਰਾਜ ਸੇ ਮਾਂਗ ਕਰ ਲਾਏ ਥੇ ਚਾਰ ਦਿਨ, ਦੋ ਕਟ ਗਏ ਆਰਜ਼ੂ ਮੇਂ, ਦੋ ਇੰਤਜ਼ਾਰ ਮੇਂ।’ ਤਾਂ ਦੁਨੀਆ, ਖ਼ਾਸ ਤੌਰ ’ਤੇ ਖਾੜੀ ਦੇਸ਼ਾਂ, ਯੂਰਪੀਨ ਯੂਨੀਅਨ ਅਤੇ ਭਾਰਤ ਦੇ ਦਿਨ ਇਸੇ ਇੰਤਜ਼ਾਰ ’ਚ (ਇਸ ਆਰਜ਼ੂ ਦੇ ਨਾਲ) ਕੱਟ ਰਹੇ ਹਨ ਕਿ ਹੁਣ ਯੁੱਧ ਵਿਰਾਮ, ਜੰਗ ਖਤਮ ਹੋਵੇਗੀ ਅਤੇ ਗੱਲਬਾਤ ਸ਼ੁਰੂ ਹੋਵੇਗੀ।

ਟਰੰਪ ਕਹਿ ਚੁੱਕੇ ਹਨ ਅਤੇ ਕਹਿ ਕੇ ਮੁੱਕਰ ਚੁੱਕੇ ਹਨ ਕਿ ਈਰਾਨ ਗੱਲ ਕਰਨਾ ਚਾਹੁੰਦਾ ਹੈ ਪਰ ਅਮਰੀਕਾ ਨੇ ਕਹਿ ਦਿੱਤਾ ਹੈ ਕਿ ਬਹੁਤ ਦੇਰ ਕਰ ਦਿੱਤੀ। ਉਧਰ ਈਰਾਨ ਨੇ ਪਹਿਲਾਂ ਕਿਹਾ ਕਿ ਉਹ ਆਪਣੀ ਤਰਫ਼ੋਂ ਗੱਲਬਾਤ ਦੀ ਪਹਿਲ ਨਹੀਂ ਕਰੇਗਾ। ਉਸ ਤੋਂ ਬਾਅਦ ਕਿਹਾ ਕਿ ਪਹਿਲਾਂ ਜੰਗ ਖ਼ਤਮ ਹੋਵੇ ਫਿਰ ਗੱਲ ਹੋਵੇਗੀ। ਭਾਵ ਸਾਫ਼ ਹੈ ਕਿ ਦੋਵੇਂ ਦੇਸ਼ ਕੋਈ ਵਿਚਕਾਰਲਾ ਰਸਤਾ ਤਲਾਸ਼ ਰਹੇ ਹਨ ਪਰ ਨੱਕ ਦੀ ਲੜਾਈ ਦਾ ਵੀ ਖ਼ਿਆਲ ਰੱਖ ਰਹੇ ਹਨ।

ਜਦੋਂ ਤੱਕ ਸੂਰਤ ਨਜ਼ਰ ਨਹੀਂ ਆਉਂਦੀ ਉਦੋਂ ਤੱਕ ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਧਦੀਆਂ ਰਹਿਣਗੀਆਂ, ਸ਼ੇਅਰ ਬਾਜ਼ਾਰ ਹਿਚਕੋਲੇ ਖਾਂਦਾ ਰਹੇਗਾ, ਮਹਿੰਗਾਈ ਵਧਣ ਦਾ ਖ਼ਦਸ਼ਾ ਪ੍ਰੇਸ਼ਾਨ ਕਰਦਾ ਰਹੇਗਾ, ਬਹੁਤ ਸਾਰੇ ਦੇਸ਼ਾਂ ਦਾ ਬਜਟ ਗੜਬੜਾਉਂਦਾ ਰਹੇਗਾ ਅਤੇ ਆਰਥਿਕ ਮੰਦੀ ਦਾ ਸਾਇਆ ਮੰਡਰਾਉਂਦਾ ਰਹੇਗਾ। ਈਰਾਨ ਸ਼ਾਇਦ ਚਾਹੁੰਦਾ ਵੀ ਇਹੀ ਹੈ ਪਰ ਟਰੰਪ ਕੀ ਚਾਹੁੰਦੇ ਹਨ, ਨੇਤਨਯਾਹੂ ਦੇ ਦਿਲ ’ਚ ਕੀ ਹੈ, ਸਾਫ਼ ਨਹੀਂ ਹੈ। ਦੋਵੇਂ ਸੱਤਾ ਤਬਦੀਲੀ ਚਾਹੁੰਦੇ ਹਨ ਪਰ ਅਜਿਹਾ ਹੁੰਦਾ ਦਿਸਦਾ ਨਹੀਂ, ਖ਼ਾਸ ਕਰ ਕੇ ਖ਼ਾਮੇਨੇਈ ਦੀ ਹੱਤਿਆ ਤੋਂ ਬਾਅਦ। ਖ਼ਾਮੇਨੇਈ ਦੀ ਮੌਤ ਨੇ ਪੂਰੇ ਈਰਾਨ ਨੂੰ ਇਕ ਕਰ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਲੈਣ ਵਾਲੇ ਨੂੰ (ਭਾਵੇਂ ਹੀ ਉਨ੍ਹਾਂ ਦਾ ਬੇਟਾ ਕਿਉਂ ਨਾ ਹੋਵੇ) ਹੋਰ ਵੀ ਜ਼ਿਆਦਾ ਕੱਟੜ ਹੋਣਾ ਹੀ ਪਵੇਗਾ। ਉਹ ਗੱਲਬਾਤ ਲਈ ਤਿਆਰ ਹੋਇਆ ਤਾਂ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।

ਟਰੰਪ ਦਾ ਕਹਿਣਾ ਕਿ 4 ਮਕਸਦ ਸਨ। ਇਕ, ਈਰਾਨ ਦੀ ਨੇਵੀ ਦਾ ਖ਼ਾਤਮਾ ਕਰਨਾ। ਦੋ, ਈਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਨੇਸਤੋ-ਨਾਬੂਦ ਕਰਨਾ। ਤਿੰਨ, ਈਰਾਨ ਦੀ ਮਿਜ਼ਾਈਲ ਸਮਰੱਥਾ ਨੂੰ ਕਾਫ਼ੀ ਹੱਦ ਤੱਕ ਸੀਮਤ ਕਰਨਾ ਅਤੇ ਚਾਰ, ਸੱਤਾ ਤਬਦੀਲੀ ਕਰਨਾ। ਜਾਣਕਾਰਾਂ ਦਾ ਕਹਿਣਾ ਹੈ ਕਿ ਸੱਤਾ ਤਬਦੀਲੀ ਨੂੰ ਛੱਡ ਕੇ ਬਾਕੀ ’ਚ ਉਹ ਕਾਫ਼ੀ ਹੱਦ ਤੱਕ ਕਾਮਯਾਬ ਹੋ ਚੁੱਕਾ ਹੈ। ਆਈ. ਏ. ਈ. ਏ. (ਅੰਤਰਰਾਸ਼ਟਰੀ ਐਟੋਮਿਕ ਐਨਰਜੀ ਏਜੰਸੀ) ਕਹਿ ਹੀ ਚੁੱਕੀ ਹੈ ਕਿ ਈਰਾਨ ਪ੍ਰਮਾਣੂ ਬੰਬ ਨਹੀਂ ਬਣਾ ਰਿਹਾ। ਈਰਾਨ ਸਾਫ਼ ਕਰ ਚੁੱਕਾ ਹੈ ਕਿ ਅਯਾਤੁੱਲਾ ਖ਼ਾਮੇਨੇਈ ਦਾ ਦਿੱਤਾ ਅਜਿਹੇ ਬੰਬ ਨਾ ਬਣਾਉਣ ਦਾ ਫ਼ਤਵਾ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਅਮਲ ’ਚ ਰਹੇਗਾ। ਅਜਿਹੇ ’ਚ ਟਰੰਪ ਕਦੇ ਵੀ ਐਲਾਨ ਕਰ ਸਕਦੇ ਹਨ ਕਿ ਈਰਾਨ ਦਾ ਮਿਜ਼ਾਈਲ ਸਿਸਟਮ, ਨੇਵੀ ਅਤੇ ਪ੍ਰਮਾਣੂ ਟਿਕਾਣੇ ਬਰਬਾਦ ਕੀਤੇ ਜਾ ਚੁੱਕੇ ਹਨ ਅਤੇ ਵਿਸ਼ਵ ਸ਼ਾਂਤੀ ਲਈ ਯੁੱਧ ’ਚ ਜਾਣ ਦਾ ਉਸ ਦਾ ਮਕਸਦ ਪੂਰਾ ਹੋ ਗਿਆ ਹੈ (ਪੂਰੀ ਦੁਨੀਆ ਇਸ ’ਤੇ ਸੁੱਖ ਦਾ ਸਾਹ ਲਵੇਗੀ, ਸ਼ਾਇਦ ਹੀ ਕੋਈ ਉਨ੍ਹਾਂ ਦੇ ਦਾਅਵਿਆਂ ਨੂੰ ਚੁਣੌਤੀ ਦੇਵੇਗਾ)।

ਇਜ਼ਰਾਈਲ ਚਾਹੁੰਦਾ ਹੈ ਕਿ ਈਰਾਨ ਨੂੰ ਕਮਜ਼ੋਰ ਕਰ ਦਿੱਤਾ ਜਾਵੇ। ਇੰਨਾ ਕਮਜ਼ੋਰ ਕਿ ਖਾੜੀ ਦੇਸ਼ਾਂ ’ਚ ਉਸ ਦੀ ਕੋਈ ਪੁੱਛਗਿੱਛ ਨਾ ਰਹੇ ਅਤੇ ਨੇਤਨਯਾਹੂ ਖਾੜੀ ਦੇਸ਼ਾਂ ਦੇ ਥਾਣੇਦਾਰ ਬਣ ਜਾਣ। ਦੋਵਾਂ ਦੇਸ਼ਾਂ ਦੀ ਲਗਾਤਾਰ ਬੰਬਾਰੀ ਨੇ ਪਹਿਲਾਂ ਤੋਂ ਕਮਜ਼ੋਰ ਈਰਾਨ ਨੂੰ ਹੋਰ ਜ਼ਿਆਦਾ ਕਮਜ਼ੋਰ ਕੀਤਾ ਹੈ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨੇਤਨਯਾਹੂ ਆਪਣੀ ਇਸ ਜਿੱਤ ਦੇ ਬਲ ’ਤੇ ਅਕਤੂਬਰ ਦੀਆਂ ਚੋਣਾਂ ’ਚ ਉਤਰ ਸਕਦੇ ਹਨ ਜਾਂ ਫਿਰ ਜਲਦ ਚੋਣਾਂ ਕਰਵਾ ਕੇ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਟਰੰਪ ਨੇ ਕਿਉਂਕਿ ਅਗਲੀ ਚੋਣ ਲੜਨੀ ਨਹੀਂ ਹੈ, ਲਿਹਾਜ਼ਾ ਉਹ ਵੀ ਚਾਹੁਣਗੇ ਕਿ ਸੈਨਿਕਾਂ ਦੇ ਤਾਬੂਤਾਂ ਦੀ ਗਿਣਤੀ ਵਧਣ ਤੋਂ ਪਹਿਲਾਂ ਉਹ ਪਤਲੀ ਗਲੀ ਫੜ ਲੈਣ।

ਉਧਰ ਈਰਾਨ ਨੇ 5 ਤਰ੍ਹਾਂ ਦੀਆਂ ਮਿਜ਼ਾਈਲਾਂ ਅਤੇ ਸਸਤੇ ਡਰੋਨ ਨਾਲ ਅਮਰੀਕਾ ਅਤੇ ਇਜ਼ਰਾਈਲ ਨੂੰ ਹੈਰਾਨ-ਪ੍ਰੇਸ਼ਾਨ ਕੀਤਾ ਹੋਇਆ ਹੈ। ਈਰਾਨ ਦਾ ਸਸਤਾ ਡਰੋਨ ਸਿਰਫ਼ 20,000 ਡਾਲਰ (ਕਰੀਬ 17 ਲੱਖ ਰੁਪਏ) ਦਾ ਪੈਂਦਾ ਹੈ, ਜਦਕਿ ਇਸ ਡਰੋਨ ਨੂੰ ਹਵਾ ’ਚ ਹੀ ਮਾਰਨ ਲਈ ਜੋ ਮਿਜ਼ਾਈਲ ਇੰਟਰਸੈਪਟਰ ਅਮਰੀਕਾ ਦਾਗ਼ਦਾ ਹੈ, ਉਸ ਦੀ ਕੀਮਤ 4 ਮਿਲੀਅਨ ਡਾਲਰ (ਕਰੀਬ 8 ਕਰੋੜ ਰੁਪਏ) ਬੈਠਦੀ ਹੈ। ਹੁਣ ਈਰਾਨ ਕੋਲ ਤਾਂ ਹਜ਼ਾਰਾਂ ਦੀ ਗਿਣਤੀ ’ਚ ਅਜਿਹੀਆਂ ਮਿਜ਼ਾਈਲਾਂ ਅਤੇ ਡਰੋਨ ਹਨ, ਉਸ ਦੇ ਦੋਸਤ ਹਮਾਸ ਕੋਲ 30 ਤੋਂ 40 ਹਜ਼ਾਰ ਪੁਰਾਣੀਆਂ ਮਿਜ਼ਾਈਲਾਂ ਹਨ ਪਰ ਅਮਰੀਕਾ ਕੋਲ ਇੰਟਰਸੈਪਟਰ ਦੀ ਘਾਟ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਖ਼ੁਦ ਸਵੀਕਾਰਿਆ ਹੈ ਕਿ ਈਰਾਨ ਹਰ ਮਹੀਨੇ 100 ਮਿਜ਼ਾਈਲਾਂ ਬਣਾਉਣ ਦੀ ਸਮਰੱਥਾ ਰੱਖਦਾ ਹੈ, ਜਦਕਿ ਅਮਰੀਕਾ ’ਚ ਇਕ ਮਹੀਨੇ ’ਚ ਸਿਰਫ਼ 6 ਇੰਟਰਸੈਪਟਰ ਬਣਾਉਣ ਦੀ ਸਮਰੱਥਾ ਹੈ।

ਈਰਾਨ ਨੇ ਪਿਛਲੇ ਸਾਲ ਜੁਲਾਈ ਦੇ 12 ਦਿਨ ਦੇ ਯੁੱਧ ਤੋਂ ਸਬਕ ਸਿੱਖਿਆ ਅਤੇ ਪੂਰੇ ਦੇਸ਼ ’ਚ 33 ਤੋਂ ਜ਼ਿਆਦਾ ਟਿਕਾਣਿਆਂ ’ਤੇ ਮਿਜ਼ਾਈਲ ਲਾਂਚਰ ਤਾਇਨਾਤ ਕਰ ਦਿੱਤੇ। ਇਨ੍ਹਾਂ ਵਿਚੋਂ ਕੁਝ ਤਾਂ ਜ਼ਮੀਨ ਦੇ ਅੰਦਰ ਵੀ ਹਨ। ਈਰਾਨ ਇਨ੍ਹਾਂ ਦੇ ਭਰੋਸੇ 4 ਮਹੀਨਿਆਂ ਤੱਕ ਲੜਾਈ ਜਾਰੀ ਰੱਖਣਾ ਚਾਹੁੰਦਾ ਹੈ, ਤਾਂ ਜੋ ਉਦੋਂ ਤੱਕ ਯੂਰਪੀ ਦੇਸ਼ਾਂ, ਖਾੜੀ ਦੇ ਦੇਸ਼ਾਂ ਅਤੇ ਭਾਰਤ ਵਰਗੇ ਦੇਸ਼ਾਂ ’ਚ ਤ੍ਰਾਹ-ਤ੍ਰਾਹ ਮਚ ਜਾਵੇ ਅਤੇ ਇਹੀ ਦੇਸ਼ ਅਮਰੀਕਾ ’ਤੇ ਸੀਜ਼ਫਾਇਰ ਲਈ ਦਬਾਅ ਪਾਉਣ ਲੱਗੇ ਹਨ। ਅਮਰੀਕਾ ਅਤੇ ਇਜ਼ਰਾਈਲ ਇਸ ਨੂੰ ਸਮਝ ਰਹੇ ਹਨ ਅਤੇ ਈਰਾਨ ਦੀ ਮਿਜ਼ਾਈਲ ਕਮਾਂਡ ’ਤੇ ਹਮਲੇ-ਦਰ-ਹਮਲੇ ਕਰ ਰਹੇ ਹਨ।

ਉਧਰ ਈਰਾਨ ਖਾੜੀ ਦੇਸ਼ਾਂ ’ਚ ਸਥਾਪਤ ਅਮਰੀਕੀ ਸੈਨਿਕ ਟਿਕਾਣਿਆਂ ’ਤੇ ਲੱਗੇ ਰਾਡਾਰ ਨਸ਼ਟ ਕਰਨ ’ਚ ਲੱਗਾ ਹੈ ਜੋ ਈਰਾਨੀ ਮਿਜ਼ਾਈਲ ਦਾ ਪਤਾ ਲਗਾਉਂਦੇ ਹਨ। ਹਾਲ ਹੀ ’ਚ ਈਰਾਨ ਨੇ ਕਤਰ ’ਚ ਅਜਿਹੇ ਹੀ ਰਾਡਾਰ ਨੂੰ ਨਸ਼ਟ ਕੀਤਾ, ਜਿਸ ਦੀ ਕੀਮਤ 1 ਬਿਲੀਅਨ ਡਾਲਰ ਦੱਸੀ ਜਾਂਦੀ ਹੈ। ਕਹਿਣ ਦਾ ਮਤਲਬ ਇਹੀ ਹੈ ਕਿ ਸਾਰੀ ਖੇਡ ਤਕਨੀਕ ਦੀ ਹੈ। ਈਰਾਨ ਅਮਰੀਕਾ ਦੇ ਜੀ. ਪੀ. ਐੱਸ. ਸਿਸਟਮ ’ਤੇ ਕੰਮ ਨਹੀਂ ਕਰਦਾ। ਉਸ ਨੇ ਚੀਨ ਦੇ ਜੀ. ਪੀ. ਐੱਸ. ਨੂੰ ਲਿਆ ਹੈ ਜੋ ਅਮਰੀਕਾ ਦੀ ਪਕੜ ਤੋਂ ਬਾਹਰ ਹੈ।

ਸਾਫ਼ ਹੈ ਕਿ ਇਸ ਯੁੱਧ ’ਚ ਈਰਾਨ ਦੀ ਹਾਰ ਤੈਅ ਹੈ। ਸਭ ਤੋਂ ਜ਼ਿਆਦਾ ਨੁਕਸਾਨ ਵੀ ਈਰਾਨ ਨੂੰ ਉਠਾਉਣਾ ਪਵੇਗਾ ਪਰ ਈਰਾਨ ਦਾ ਵਜੂਦ ਕਾਇਮ ਰਹੇਗਾ, ਮੌਜੂਦਾ ਸੱਤਾ ਬਰਕਰਾਰ ਰਹੇਗੀ। ਇਜ਼ਰਾਈਲ ਦੇ ਨੁਕਸਾਨ ਦੀ ਪੂਰਤੀ ਅਮਰੀਕਾ ਕਰ ਹੀ ਦੇਵੇਗਾ ਪਰ ਤਬਾਹੀ ਤੋਂ ਬਾਅਦ ਵੀ ਨੇਤਨਯਾਹੂ ਚੋਣਾਂ ਹਾਰ ਗਏ ਤਾਂ ਬਾਕੀ ਜ਼ਿੰਦਗੀ ਜੇਲ ’ਚ ਬਿਤਾਉਣੀ ਪੈ ਸਕਦੀ ਹੈ ਜਾਂ ਹੋ ਸਕਦਾ ਹੈ ਕਿ ਇਸ ਜੰਗ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਸਜ਼ਾ ’ਚ ਛੋਟ ਮਿਲ ਜਾਵੇ। ਟਰੰਪ ਨੂੰ ਆਰਥਿਕ ਨੁਕਸਾਨ ਝੱਲਣਾ ਹੋਵੇਗਾ, ਅਮਰੀਕੀ ਜਨਤਾ ਦੀ ਨਾਰਾਜ਼ਗੀ ਝੱਲਣੀ ਹੋਵੇਗੀ, ਜੋ ਇਹ ਮੰਨਦੀ ਹੈ ਕਿ ਟਰੰਪ ਇਸ ਜੰਗ ’ਚ ਗ਼ਲਤ ਕੁੱਦ ਗਏ। ਸਿਰਫ਼ 25 ਫ਼ੀਸਦੀ ਜਨਤਾ ਉਨ੍ਹਾਂ ਦੇ ਨਾਲ ਹੈ। ਜੇਕਰ ਟਰੰਪ ਇਸ ਸਾਲ ਨਵੰਬਰ ’ਚ ਕਾਂਗਰਸ ਅਤੇ ਸੀਨੇਟ ਦੀਆਂ ਮੱਧਕਾਲੀ ਚੋਣਾਂ ’ਚ ਬਹੁਮਤ ਗੁਆ ਬੈਠੇ ਤਾਂ ਦੁਨੀਆ ਉਨ੍ਹਾਂ ਤੋਂ ਡਰਨਾ ਛੱਡ ਦੇਵੇਗੀ। ਈਰਾਨ ਜੰਗ ’ਚ ਹਾਰ ਦਾ ਅਪਮਾਨ ਭੁੱਲੇਗਾ ਨਹੀਂ ਅਤੇ ਹੋ ਸਕਦਾ ਹੈ ਕਿ ਪ੍ਰਮਾਣੂ ਬੰਬ ਬਣਾਉਣ ’ਚ ਕਾਮਯਾਬ ਹੋ ਜਾਵੇ। ਕੁਲ ਮਿਲਾ ਕੇ ਇਕ ਬੇਮਤਲਬ ਦੀ ਜੰਗ ਲੜੀ ਜਾ ਰਹੀ ਹੈ ਜੋ ਜਿੰਨੀ ਜਲਦ ਖ਼ਤਮ ਹੋਵੇ, ਓਨਾ ਹੀ ਬਿਹਤਰ ਹੈ।

ਵਿਜੇ ਵਿਦਰੋਹੀ


author

Rakesh

Content Editor

Related News