ਅਮਰੀਕਾ ਦੀ ਕੂਟਨੀਤੀ ਨਹੀਂ ਦਾਦਾਗਿਰੀ!
Monday, Mar 09, 2026 - 04:20 PM (IST)
ਅੱਜ ਦੁਨੀਆ ’ਚ ਹਰ ਪਾਸੇ ਯੁੱਧ, ਤਬਾਹੀ ਅਤੇ ਅਰਾਜਕਤਾ ਦਾ ਦੌਰ ਹੈ। ਵਿਕਾਸ ਦੀ ਗਤੀ ਰੁਕ ਰਹੀ ਹੈ। ਬੇਭਰੋਸਗੀ ਦਾ ਵਾਤਾਵਰਣ ਹੈ। ਅਨੇਕਾਂ ਦੇਸ਼ਾਂ ਦੇ ਨੇਤਾ ਹੀ ਮਵਾਲੀਆਂ ਵਾਂਗ ਵਰਤਾਓ ਕਰ ਰਹੇ ਹਨ, ਜਦਕਿ ਵਿਸ਼ਵ ਦੇ ਲੋਕ ਹਮੇਸ਼ਾ ਸ਼ਾਂਤੀ ਅਤੇ ਵਿਕਾਸ ਚਾਹੁੰਦੇ ਹਨ। ਇਸ ਉਥਲ-ਪੁਥਲ ’ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਭ ਤੋਂ ਅੱਗੇ ਹਨ। ਟਰੰਪ ਹੀ ਕਿਉਂ, ਅਮਰੀਕਾ ਦੀ ਤਾਂ ਫ਼ਿਤਰਤ ਹੀ ਰਹੀ ਹੈ ਕਿ ਕੋਈ ਬਹਾਨਾ ਲੱਭ ਕੇ ਕਮਜ਼ੋਰ ਦੇਸ਼ਾਂ ਨੂੰ ਦਬਾਉਣਾ ਅਤੇ ਉਨ੍ਹਾਂ ਦੇ ਸਾਧਨਾਂ ’ਤੇ ਕਬਜ਼ਾ ਕਰਨਾ।
ਹਾਲ ਹੀ ’ਚ ਸੋਸ਼ਲ ਮੀਡੀਆ ’ਤੇ @sankofa360 ਤੋਂ ਇਕ ਪੋਸਟ ਕਾਫ਼ੀ ਵਾਇਰਲ ਹੋਈ, ਜਿਸ ’ਚ ਲਿਖਿਆ ਹੈ ਕਿ ‘‘ਪਿਆਰੀ ਦੁਨੀਆ, ਕੀ ਤੁਸੀਂ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਝੂਠ ਬੋਲਣ ਤੋਂ ਥੱਕ ਨਹੀਂ ਗਏ ਹੋ? ਕੀ ਤੁਸੀਂ ਉਸ ਸਾਮਰਾਜ ਤੋਂ ਥੱਕ ਨਹੀਂ ਗਏ ਹੋ, ਜੋ ਖ਼ੂਨ ਅਤੇ ਮੌਤ ਦੀ ਭਾਲ ’ਚ ਨਹੀਂ ਰੁਕਦਾ? ਅਮਰੀਕਾ ਜਾਂ ਉਸ ਦੇ ਸਹਿਯੋਗੀ ਕਦੇ ਕਿਸੇ ਗੱਲ ’ਤੇ ਸੱਚੇ ਰਹੇ ਹਨ? ਦੁਨੀਆ ਕਦੋਂ ਇਨ੍ਹਾਂ ਦੇ ਝੂਠ ਤੋਂ ਅੱਕ ਜਾਵੇਗੀ? ਹੁਣ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਲੋਬਲ ਅਸ਼ਾਂਤੀ, ਮੌਤ, ਅਰਾਜਕਤਾ ਅਤੇ ਵਿਨਾਸ਼ ਦੇ ਜ਼ਿੰਮੇਵਾਰ ਕੌਣ ਹਨ? ਜੋ ਦੁਨੀਆ ਦੀ ਸਥਿਰਤਾ ਦੇ ਖ਼ਿਲਾਫ਼ ਹਨ? ਜੋ ਵਿਸ਼ਵ ਸ਼ਾਂਤੀ ਦੇ ਵਿਚਾਰ ਤੋਂ ਡਰਦੇ ਹਨ? ਤੁਹਾਡੀ ਚੁੱਪ ਸਹਿਯੋਗ ਹੈ! ਅਮਰੀਕਾ ਗਲੋਬਲ ਮੁਸੀਬਤ ਪੈਦਾ ਕਰਨ ਵਾਲਾ ਹੈ। ਮੌਤ ਅਤੇ ਵਿਨਾਸ਼ ਦੀ ਮਸ਼ੀਨ! ਅਮਰੀਕੀ ਸਾਮਰਾਜ ਦੀ ਤਾਨਾਸ਼ਾਹੀ ਦੇ ਖ਼ਿਲਾਫ਼ ਬੋਲੋ!!!’’
ਇਹ ਪੋਸਟ ਨਾ ਿਸਰਫ ਅਮਰੀਕਾ ਦੀਆਂ ਇਤਿਹਾਸਕ ਗਲਤੀਆਂ ਨੂੰ ਉਜਾਗਰ ਕਰਦੀ ਹੈ ਸਗੋਂ ਦੁਨੀਆ ਨੂੰ ਜਗਾਉਣ ਦਾ ਯਤਨ ਵੀ ਕਰਦੀ ਹੈ। ਅੱਜ, ਜਦੋਂ ਅਸੀਂ ਵੈਨੇਜ਼ੁਏਲਾ, ਕਿਊਬਾ ਅਤੇ ਈਰਾਨ ਵਰਗੇ ਦੇਸ਼ਾਂ ’ਚ ਅਮਰੀਕੀ ਦਖ਼ਲਅੰਦਾਜ਼ੀ ਦੀ ਨਵੀਂ ਲਹਿਰ ਦੇਖ ਰਹੇ ਹਾਂ, ਇਹ ਸਪੱਸ਼ਟ ਹੋ ਗਿਆ ਹੈ ਕਿ ਅਮਰੀਕਾ ਦੇ ਫੈਸਲੇ ਗਲਤ ਸਾਬਤ ਹੋ ਚੁੱਕੇ ਹਨ। ਇਨ੍ਹਾਂ ਯੁੱਧਾਂ ਨੇ ਨਾ ਸਿਰਫ ਲੱਖਾਂ ਜਾਨਾਂ ਲਈਆਂ, ਸਗੋਂ ਦੁਨੀਆ ਨੂੰ ਅਸਥਿਰਤਾ ਵੱਲ ਧੱਕਿਆ। ਅਮਰੀਕਾ ਦੀਆਂ ਇਨ੍ਹਾਂ ਗਲਤੀਆਂ ਤੋਂ ਇਹ ਪਤਾ ਚੱਲਦਾ ਹੈ ਕਿ ਗਲੋਬਲ ਭਾਈਚਾਰਾ ਹੁਣ ਯੁੱਧਾਂ ਤੋਂ ਕਿੰਨਾ ਅੱਕ ਚੁੱਕਾ ਹੈ?
ਅਮਰੀਕਾ ਦੀ ਵਿਦੇਸ਼ ਨੀਤੀ ਦਾ ਇਤਿਹਾਸ ਝੂਠ, ਦਖ਼ਲਅੰਦਾਜ਼ੀ ਅਤੇ ਯੁੱਧਾਂ ਨਾਲ ਭਰਿਆ ਪਿਆ ਹੈ। 1950 ਦੇ ਦਹਾਕੇ ਤੋਂ ਸ਼ੁਰੂ ਕਰੀਏ ਤਾਂ ਕੋਰੀਆਈ ਯੁੱਧ (1950-1953) ’ਚ ਅਮਰੀਕਾ ਨੇ ਉੱਤਰੀ ਕੋਰੀਆ ਦੇ ਹਮਲੇ ਦਾ ਬਹਾਨਾ ਬਣਾ ਕੇ ਦਖ਼ਲ ਦਿੱਤਾ ਪਰ ਅਸਲੀਅਤ ਇਹ ਸੀ ਕਿ ਇਹ ਸੀਤ ਯੁੱਧ ਦੀ ਰਣਨੀਤੀ ਦਾ ਹਿੱਸਾ ਸੀ। ਲੱਖਾਂ ਕੋਰੀਆਈ ਮਾਰੇ ਗਏ ਪਰ ਕੀ ਅਮਰੀਕਾ ਦੀ ਜਿੱਤ ਹੋਈ? ਨਹੀਂ, ਇਹ ਯੁੱਧ ਅੱਜ ਵੀ ਕੋਰੀਆਈ ਪ੍ਰਾਇਦੀਪ ’ਤੇ ਤਣਾਅ ਦਾ ਕਾਰਨ ਬਣਿਆ ਹੋਇਆ ਹੈ। ਇਸੇ ਤਰ੍ਹਾਂ, 1954 ’ਚ ਗੁਆਟੇਮਾਲਾ ’ਚ ਅਮਰੀਕਾ ਨੇ ਲੋਕਤੰਤਰੀ ਜਮਹੂਰੀ ਤੌਰ ’ਤੇ ਚੁਣੀ ਗਈ ਸਰਕਾਰ ਨੂੰ ਉਖਾੜ ਸੁੱਟਿਆ, ਕਿਉਂਕਿ ਉੱਥੋਂ ਦੀਆਂ ਭੂਮੀ ਸੁਧਾਰ ਨੀਤੀਆਂ ਅਮਰੀਕੀ ਕੰਪਨੀਆਂ ਨੂੰ ਪਸੰਦ ਨਹੀਂ ਆਈਆਂ। ਗੁਆਟੇਮਾਲਾ ਅੱਜ ਵੀ ਗਰੀਬੀ ਅਤੇ ਹਿੰਸਾ ਨਾਲ ਜੂਝ ਰਿਹਾ ਹੈ।
1950-60 ਦੇ ਦਹਾਕੇ ਤੋਂ ਅਮਰੀਕਾ ਦੇ ਝੂਠ ਦੀ ਫ਼ਹਿਰਿਸਤ ਲੰਬੀ ਹੈ। ਇੰਡੋਨੇਸ਼ੀਆ (1958) ’ਚ ਸੀ. ਆਈ. ਏ. ਨੇ ਵਿਦਰੋਹੀਆਂ ਨੂੰ ਸਮਰਥਨ ਦਿੱਤਾ ਪਰ ਅਸਫ਼ਲ ਰਿਹਾ। ਕਿਊਬਾ (1961) ’ਚ ‘ਬੇਅ ਆਫ ਪਿਗਸ’ ਹਮਲਾ ਇਕ ਵੱਡੀ ਅਸਫ਼ਲਤਾ ਸੀ, ਜਿੱਥੇ ਅਮਰੀਕਾ ਨੇ ਫਿਦਲ ਕਾਸਤਰੋ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਖ਼ੁਦ ਦੀ ਕਿਰਕਿਰੀ ਹੋਈ। ਵੀਅਤਨਾਮ ਯੁੱਧ (1961-1975) ਤਾਂ ਅਮਰੀਕੀ ਇਤਿਹਾਸ ਦਾ ਸਭ ਤੋਂ ਕਾਲਾ ਅਧਿਆਏ ਹੈ। ਅਮਰੀਕਾ ਨੇ ‘ਟੋਂਕਿਨ ਦੀ ਖਾੜੀ ਘਟਨਾ’ ਨੂੰ ਬਹਾਨਾ ਬਣਾ ਕੇ ਯੁੱਧ ਸ਼ੁਰੂ ਕੀਤਾ, ਜੋ ਬਾਅਦ ’ਚ ਝੂਠ ਸਾਬਤ ਹੋਇਆ। 58,000 ਅਮਰੀਕੀ ਸੈਨਿਕ ਅਤੇ ਲੱਖਾਂ ਵੀਅਤਨਾਮੀ ਮਾਰੇ ਗਏ। ਅਮਰੀਕਾ ਹਾਰ ਕੇ ਪਰਤਿਆ ਅਤੇ ਵੀਅਤਨਾਮ ਅੱਜ ਇਕ ਮਜ਼ਬੂਤ ਆਰਥਿਕਤਾ ਵਾਲਾ ਦੇਸ਼ ਹੈ। ਲਾਓਸ (1964-1973) ਅਤੇ ਕੰਬੋਡੀਆ (1969-1970) ’ਚ ਗੁਪਤ ਬੰਬਾਰੀ ਨੇ ਲੱਖਾਂ ਲੋਕਾਂ ਨੂੰ ਮਾਰ ਦਿੱਤਾ ਅਤੇ ਖਮੇਰ ਰੂਜ ਵਰਗੇ ਅੱਤਵਾਦ ਨੂੰ ਜਨਮ ਦਿੱਤਾ। ਕਾਂਗੋ (1964) ’ਚ ਅਮਰੀਕਾ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਪੈਟ੍ਰਿਸ ਲੁਮੁੰਬਾ ਦੀ ਹੱਤਿਆ ’ਚ ਭੂਮਿਕਾ ਨਿਭਾਈ, ਜੋ ਅਫ਼ਰੀਕਾ ਦੀ ਆਜ਼ਾਦੀ ਦੇ ਪ੍ਰਤੀਕ ਸਨ। ਡੋਮਿਨਿਕਨ ਰਿਪਬਲਿਕ (1965) ’ਚ ਦਖ਼ਲਅੰਦਾਜ਼ੀ ਨੇ ਲੋਕਤੰਤਰ ਨੂੰ ਕੁਚਲ ਦਿੱਤਾ।
1980 ਦੇ ਦਹਾਕੇ ’ਚ ਵੀ ਇਹ ਸਿਲਸਿਲਾ ਜਾਰੀ ਰਿਹਾ। ਗ੍ਰੇਨਾਡਾ (1983) ’ਚ ਅਮਰੀਕਾ ਨੇ ਮੈਡੀਕਲ ਵਿਦਿਆਰਥੀਆਂ ਦੀ ਸੁਰੱਖਿਆ ਦਾ ਬਹਾਨਾ ਬਣਾ ਕੇ ਹਮਲਾ ਕੀਤਾ ਪਰ ਇਹ ਛੋਟੇ ਦੇਸ਼ ’ਤੇ ਸਾਮਰਾਜਵਾਦੀ ਕਬਜ਼ਾ ਸੀ। ਲੈਬਨਾਨ (1983-1984) ’ਚ ਅਮਰੀਕੀ ਸੈਨਿਕਾਂ ਦੀ ਮੌਤ ਹੋਈ ਪਰ ਕੋਈ ਸਥਾਈ ਸ਼ਾਂਤੀ ਨਹੀਂ ਆਈ। ਲੀਬੀਆ (1986) ’ਚ ਗੱਦਾਫ਼ੀ ’ਤੇ ਹਮਲਾ, ਈਰਾਨ (1987-1988) ’ਚ ਨੇਵੀ ਸੰਘਰਸ਼, ਪਨਾਮਾ (1989) ’ਚ ਨੋਰੀਏਗਾ ਨੂੰ ਹਟਾਉਣਾ-ਇਹ ਸਾਰੇ ਫੈਸਲੇ ਅਮਰੀਕਾ ਦੀ ਤਾਕਤ ਦਿਖਾਉਣ ਲਈ ਸਨ ਪਰ ਉਨ੍ਹਾਂ ਨੇ ਖੇਤਰੀ ਅਸਥਿਰਤਾ ਵਧਾਈ।
ਇਰਾਕ ਖ਼ਿਲਾਫ਼ 1991 ਦੀ ਗਲਫ਼ ਵਾਰ, 1998 ਦੀ ਬੰਬਾਰੀ ਅਤੇ 2003 ਦਾ ਹਮਲਾ ‘ਮਹਾਵਿਨਾਸ਼ ਦੇ ਹਥਿਆਰਾਂ’ ਦੇ ਝੂਠ ’ਤੇ ਅਾਧਾਰਿਤ ਸੀ। ਸੱਦਾਮ ਹੁਸੈਨ ਨੂੰ ਹਟਾਇਆ ਗਿਆ ਪਰ ਇਰਾਕ ਅੱਜ ਵੀ ਅਰਾਜਕਤਾ ’ਚ ਡੁੱਬਿਆ ਹੈ, ਆਈ. ਐੱਸ. ਆਈ. ਐੱਸ. ਵਰਗੇ ਸਮੂਹ ਪੈਦਾ ਹੋਏ। ਸੋਮਾਲੀਆ (1992-1994, 2007-ਵਰਤਮਾਨ) ’ਚ ਅਮਰੀਕੀ ਦਖ਼ਲਅੰਦਾਜ਼ੀ ਨੇ ਸਮੁੰਦਰੀ ਡਕੈਤੀ ਅਤੇ ਅੱਤਵਾਦ ਵਧਾਇਆ। ਬੋਸਨੀਆ (1994-1995) ’ਚ ਨਾਟੋ ਹਮਲੇ, ਸੂਡਾਨ (1998) ’ਚ ਦੂਤਾਵਾਸ ਬੰਬਾਰੀ, ਅਫ਼ਗਾਨਿਸਤਾਨ (1998, 2001) ’ਚ ਤਾਲਿਬਾਨ ਖ਼ਿਲਾਫ਼ ਯੁੱਧ-ਇਹ ਸਾਰੇ ਅਮਰੀਕਾ ਦੀ ‘ਅੱਤਵਾਦ ਵਿਰੋਧੀ’ ਨੀਤੀ ਦੇ ਨਾਂ ’ਤੇ ਸਨ, ਪਰ ਅਫ਼ਗਾਨਿਸਤਾਨ ਤੋਂ 2021 ਦੀ ਸ਼ਰਮਨਾਕ ਵਾਪਸੀ ਨੇ ਸਾਬਤ ਕੀਤਾ ਕਿ 20 ਸਾਲ ਦਾ ਯੁੱਧ ਵਿਅਰਥ ਸੀ।
ਯੂਗੋਸਲਾਵੀਆ (1999) ’ਚ ਨਾਟੋ ਬੰਬਾਰੀ ਨੇ ਕੋਸੋਵੋ ਨੂੰ ਵੱਖ ਕੀਤਾ ਪਰ ਜਾਤੀ ਤਣਾਅ ਅੱਜ ਵੀ ਹਨ। ਯਮਨ (2002-ਵਰਤਮਾਨ) ’ਚ ਡਰੋਨ ਹਮਲਿਆਂ ਨੇ ਨਾਗਰਿਕਾਂ ਨੂੰ ਮਾਰ ਦਿੱਤਾ, ਪਾਕਿਸਤਾਨ (2004) ’ਚ ਵੀ ਇਹੀ ਹੋਇਆ। ਸੀਰੀਆ (2014) ’ਚ ਆਈ. ਐੱਸ. ਆਈ. ਐੱਸ. ਖ਼ਿਲਾਫ਼ ਦਖ਼ਲਅੰਦਾਜ਼ੀ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ। ਲੀਬੀਆ (2011) ’ਚ ਗੱਦਾਫ਼ੀ ਨੂੰ ਹਟਾਉਣ ਤੋਂ ਬਾਅਦ ਦੇਸ਼ ਖਾਨਾਜੰਗੀ ’ਚ ਫਸ ਗਿਆ। ਅਤੇ ਹੁਣ 2026 ’ਚ ਵੈਨੇਜ਼ੁਏਲਾ, ਕਿਊਬਾ ਅਤੇ ਈਰਾਨ ’ਤੇ ਝੂਠ। ਵੈਨੇਜ਼ੁਏਲਾ ’ਚ ਅਮਰੀਕਾ ਨੇ ਦਾਅਵਾ ਕੀਤਾ ਕਿ ਮਾਦੁਰੋ ਤਾਨਾਸ਼ਾਹ ਹੈ ਪਰ ਇਹ ਤੇਲ ਸਾਧਨਾਂ ’ਤੇ ਕਬਜ਼ੇ ਦੀ ਕੋਸ਼ਿਸ਼ ਹੈ। ਕਿਊਬਾ ’ਤੇ ਦਹਾਕਿਆਂ ਤੋਂ ਪਾਬੰਦੀਆਂ ਪਰ 2026 ’ਚ ਨਵੇਂ ਇਲਜ਼ਾਮ ਲਗਾ ਕੇ ਦਬਾਅ ਵਧਾਇਆ ਜਾ ਰਿਹਾ ਹੈ। ਈਰਾਨ ’ਤੇ ਪ੍ਰਮਾਣੂ ਪ੍ਰੋਗਰਾਮ ਦੇ ਬਹਾਨੇ ਹਮਲੇ ਦੀ ਧਮਕੀ, ਜਦਕਿ ਈਰਾਨ ਸ਼ਾਂਤੀ ਸਮਝੌਤੇ ਚਾਹੁੰਦਾ ਹੈ। ਇਹ ਸਾਰੇ ਫੈਸਲੇ ਗਲਤ ਸਾਬਤ ਹੋ ਚੁੱਕੇ ਹਨ।
ਸੰਯੁਕਤ ਰਾਸ਼ਟਰ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਯੁੱਧਾਂ ਨਾਲ ਕਰੋੜਾਂ ਲੋਕ ਉੱਜੜ ਗਏ, ਅਰਥਵਿਵਸਥਾਵਾਂ ਚਰਮਰਾ ਗਈਆਂ। ਯੂਕ੍ਰੇਨ-ਰੂਸ ਸੰਘਰਸ਼ ਅਤੇ ਇਜ਼ਰਾਈਲ-ਫ਼ਿਲਸਤੀਨ ਵਿਵਾਦ ’ਚ ਅਮਰੀਕਾ ਦੀ ਭੂਮਿਕਾ ਨੇ ਦਿਖਾਇਆ ਕਿ ਉਹ ਸ਼ਾਂਤੀ ਦਲਾਲ ਨਹੀਂ, ਸਗੋਂ ਯੁੱਧ ਉਕਸਾਉਣ ਵਾਲਾ ਹੈ। ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ ਹੁਣ ਚੀਨ ਅਤੇ ਰੂਸ ਵਰਗੇ ਭਾਈਵਾਲਾਂ ਵੱਲ ਮੁੜ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਦੇਸ਼ ਸ਼ਾਂਤੀ ਅਤੇ ਵਿਕਾਸ ’ਤੇ ਜ਼ੋਰ ਦਿੰਦੇ ਹਨ। ਕੋਰੋਨਾ ਮਹਾਮਾਰੀ ਅਤੇ ਜਲਵਾਯੂ ਤਬਦੀਲੀ ਵਰਗੀਆਂ ਚੁਣੌਤੀਆਂ ਨੇ ਸਾਬਤ ਕੀਤਾ ਕਿ ਦੁਨੀਆ ਨੂੰ ਸਹਿਯੋਗ ਚਾਹੀਦਾ ਹੈ, ਨਾ ਕਿ ਸੰਘਰਸ਼।
ਅਮਰੀਕਾ ਦੀਆਂ ਇਹ ਗਲਤੀਆਂ ਸਾਬਤ ਕਰਦੀਆਂ ਹਨ ਕਿ ਉਸ ਦੀ ਕੂਟਨੀਤੀ ਸਵਾਰਥ ’ਤੇ ਅਾਧਾਰਿਤ ਹੈ। ਉਹ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਢੌਂਗ ਰਚਦਾ ਹੈ ਪਰ ਅਸਲ ’ਚ ਸਾਧਨਾਂ ਅਤੇ ਦਬਦਬੇ ਦੀ ਭਾਲ ਕਰਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਦੁਨੀਆ ਜਾਗੇ। ਸੰਯੁਕਤ ਰਾਸ਼ਟਰ ’ਚ ਸੁਧਾਰ, ਬਹੁਪੱਖੀ ਸਮਝੌਤੇ ਅਤੇ ਸ਼ਾਂਤੀ ਵਾਰਤਾਵਾਂ ਹੀ ਰਸਤਾ ਹਨ।
ਵਿਨੀਤ ਨਾਰਾਇਣ
