‘ਦੁਨੀਆ ਦੇ ਪੁਲਸਿਮੈਨ’ ਸਾਹਮਣੇ ਝੁਕਿਆ ਭਾਰਤ

Sunday, Mar 08, 2026 - 03:47 PM (IST)

‘ਦੁਨੀਆ ਦੇ ਪੁਲਸਿਮੈਨ’ ਸਾਹਮਣੇ ਝੁਕਿਆ ਭਾਰਤ

ਇਕ ਹੋਰ ਯੁੱਧ ਛਿੜ ਗਿਆ ਹੈ। ਇਜ਼ਰਾਈਲ ਉਕਸਾਉਣ ਵਾਲਾ ਹੈ, ਅਮਰੀਕਾ ਜੱਲਾਦ ਹੈ। ਇਜ਼ਰਾਈਲ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਿਸ਼ਵਾਸ ਦਿਵਾ ਦਿੱਤਾ ਹੈ ਕਿ ਈਰਾਨ ਕੋਲ ਪ੍ਰਮਾਣੂ ਹਥਿਆਰ ਹਨ ਜਾਂ ਉਸ ਨੇ ਉਨ੍ਹਾਂ ਨੂੰ ਵਿਕਸਿਤ ਕਰਨ ਦਾ ਕੰਮ ਲਗਭਗ ਪੂਰਾ ਕਰ ਲਿਆ ਹੈ ਅਤੇ ਉਸ ਨੇ ਅਮਰੀਕਾ ਨੂੰ ਧਮਕਾਉਣ ਦੀ ਯੋਜਨਾ ਬਣਾਈ ਹੈ। ਹਾਲਾਂਕਿ, ‘ਦਿ ਵਾਲ ਸਟ੍ਰੀਟ ਜਰਨਲ’ ਨੇ ਰਿਪੋਰਟ ਦਿੱਤੀ ਹੈ ਕਿ ਵਰਗੀਕ੍ਰਿਤ ਜਾਣਕਾਰੀ ਤੱਕ ਪਹੁੰਚ ਰੱਖਣ ਵਾਲੇ ਅਮਰੀਕੀ ਅਧਿਕਾਰੀਆਂ ਨੇ ਕਥਿਤ ਖ਼ਤਰਿਆਂ ਨੂੰ ਆਧਾਰ ਰਹਿਤ ਦੱਸਦੇ ਹੋਏ ਸਿਰੇ ਤੋਂ ਰੱਦ ਕਰ ਦਿੱਤਾ। ਫਿਰ ਵੀ, ਟਰੰਪ ਨੇ ਇਜ਼ਰਾਈਲ ਦੇ ਨਾਲ ਸਾਂਝੇਦਾਰੀ ’ਚ ਈਰਾਨ ਵਿਰੁੱਧ ਵੱਡੀ ਪੱਧਰ ’ਤੇ ਯੁੱਧ ਸ਼ੁਰੂ ਕਰ ਦਿੱਤਾ।

ਪੁਰਾਣੇ ਝੂਠ : ਈਰਾਨ ਦੇ ਪ੍ਰਮਾਣੂ ਹਥਿਆਰਾਂ ਦਾ ਕਥਿਤ ਖ਼ਤਰਾ ਉਸੇ ਤਰ੍ਹਾਂ ਦਾ ਝੂਠ ਹੈ, ਜਿਵੇਂ ਇਰਾਕ ਕੋਲ ‘ਵਿਨਾਸ਼ਕਾਰੀ ਹਥਿਆਰਾਂ’ ਦਾ ਝੂਠ ਸੀ, ਜਿਸ ਦੀ ਵਰਤੋਂ ਰਾਸ਼ਟਰਪਤੀ ਬੁਸ਼ ਨੇ ਇਰਾਕ ’ਤੇ ਹਮਲਾ (2003) ਕਰਨ ਲਈ ਕੀਤੀ ਸੀ। ਇਹ ਉਸ ਝੂਠ ਵਰਗਾ ਵੀ ਹੈ ਕਿ ਮੁਅੰਮਰ ਅਲ-ਗੱਦਾਫ਼ੀ ਨੇ ਲੀਬੀਆ ’ਚ ਨਾਗਰਿਕਾਂ ਦੇ ਕਤਲੇਆਮ ਦੀ ਯੋਜਨਾ ਬਣਾਈ ਸੀ, ਜਿਸ ਨੂੰ ਰਾਸ਼ਟਰਪਤੀ ਓਬਾਮਾ ਨੇ ‘ਮਨੁੱਖੀ ਸੰਕਟ ਨੂੰ ਰੋਕਣ’ ਲਈ ਅਮਰੀਕੀ ਦਖਲਅੰਦਾਜ਼ੀ ਨੂੰ ਸਹੀ ਠਹਿਰਾਉਣ ਲਈ ਪ੍ਰਚਾਰਿਤ ਕੀਤਾ ਸੀ (2011)। ਟਰੰਪ ਨੇ ਵੈਨੇਜ਼ੁਏਲਾ (2026) ’ਚ ‘ਸੱਤਾ ਤਬਦੀਲੀ’ ਲਿਆਉਣ ਲਈ ਮੁਨਰੋ ਸਿਧਾਂਤ ਨੂੰ ਫਿਰ ਤੋਂ ਈਜਾਦ ਕੀਤਾ ਅਤੇ ਈਰਾਨ ਵਿਰੁੱਧ ਯੁੱਧ ਛੇੜਨ ਲਈ ਇਸ ਸਿਧਾਂਤ ਦਾ ਵਿਸਥਾਰ ਕੀਤਾ ਹੈ।

ਇਹ ਫੌਜੀ ਦਖਲਅੰਦਾਜ਼ੀ ਗੈਰ-ਕਾਨੂੰਨੀ ਸੀ ਅਤੇ ਹੈ। ਅਮਰੀਕਾ ਦਾ ਰਾਸ਼ਟਰਪਤੀ ਅਮਰੀਕੀ ਕਾਂਗਰਸ ਦੇ ਅਧਿਕਾਰ ਤੋਂ ਬਿਨਾਂ ਕਿਸੇ ਦੂਜੇ ਦੇਸ਼ ਦੇ ਵਿਰੁੱਧ ਯੁੱਧ ਦਾ ਐਲਾਨ ਨਹੀਂ ਕਰ ਸਕਦਾ। ਅਜਿਹੀ ਦਖਲਅੰਦਾਜ਼ੀ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਵੀ ਵਿਰੁੱਧ ਹੈ। ਗੈਰ-ਕਾਨੂੰਨੀ ਹੋਣ ਤੋਂ ਇਲਾਵਾ, ਕਿਸੇ ਵੀ ਦੇਸ਼ ਲਈ ਦੂਜੇ ਪ੍ਰਭੂਸੱਤਾ ਸੰਪੰਨ ਰਾਸ਼ਟਰ ਦੀ ਸੱਤਾ ਬਦਲਣਾ ਨਾਜਾਇਜ਼ ਹੈ। ਜਿਸ ਤਰ੍ਹਾਂ ਰੂਸ ਵੱਲੋਂ ਯੂਕ੍ਰੇਨ ਵਿਰੁੱਧ ਲੜਿਆ ਜਾ ਰਿਹਾ ਯੁੱਧ ਨਾਜਾਇਜ਼ ਹੈ, ਉਸੇ ਤਰ੍ਹਾਂ ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਦਾ ਅਗਵਾ ਕਰਨਾ ਨਾਜਾਇਜ਼ ਸੀ ਅਤੇ ਅਮਰੀਕਾ ਤੇ ਇਜ਼ਰਾਈਲ ਲਈ ਈਰਾਨ ਦੇ ਅਯਾਤੁੱਲਾ ਖ਼ਾਮੇਨੇਈ ਅਤੇ ਉਨ੍ਹਾਂ ਦੇ ਸਾਥੀ ਨੇਤਾਵਾਂ ਨੂੰ ਖ਼ਤਮ ਕਰਨਾ ਨਾਜਾਇਜ਼ ਹੈ। ਭਾਰਤ ਨੇ 6 ਦਿਨਾਂ ਦੇ ਬਾਅਦ ਹੀ ਇਨ੍ਹਾਂ ਮੌਤਾਂ ’ਤੇ ਸ਼ੋਕ ਪ੍ਰਗਟਾਇਆ।

ਨੇਸੇਟ (ਇਜ਼ਰਾੲੀਲ ਦੀ ਸੰਸਦ) ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਇਜ਼ਰਾਈਲੀ ਪਰਿਵਾਰਾਂ ਪ੍ਰਤੀ ਭਾਰਤ ਦੀ ਸੰਵੇਦਨਾ ਪ੍ਰਗਟਾਈ, ‘ਜਿਨ੍ਹਾਂ ਦੀ ਦੁਨੀਆ 7 ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਗਏ ਘਿਨੌਣੇ ਹਮਲੇ ’ਚ ਉਜੜ ਗਈ ਸੀ।’ ਉਨ੍ਹਾਂ ਨੇ ਹੈਰਾਨ ਕਰ ਦੇਣ ਵਾਲੇ ਅੰਦਾਜ਼ ’ਚ ਅੱਗੇ ਕਿਹਾ, ‘‘ਭਾਰਤ ਇਸ ਘੜੀ ’ਚ ਅਤੇ ਇਸ ਦੇ ਬਾਅਦ ਵੀ, ਪੂਰੀ ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ ਇਜ਼ਰਾਈਲ ਨਾਲ ਖੜ੍ਹਾ ਹੈ।’’ ਪਰ ਉਨ੍ਹਾਂ ਨੇ ਗਾਜ਼ਾ ’ਚ ਫਿਲਸਤੀਨੀ ਬਸਤੀਆਂ ਦੇ ਅਸਲ ਵਿਨਾਸ਼ ਬਾਰੇ ਨਿੰਦਾ ਦਾ ਇਕ ਸ਼ਬਦ ਵੀ ਨਹੀਂ ਬੋਲਿਆ। ਹਾਲਾਂਕਿ ਇਹ ਸੱਚ ਹੈ ਕਿ ਹਮਾਸ ਦੇ ਬਿਨਾਂ ਕਿਸੇ ਕਾਰਨ ਹਮਲੇ ’ਚ 1,219 ਇਜ਼ਰਾਈਲੀ ਮਾਰੇ ਗਏ ਸਨ ਪਰ ਇਹ ਵੀ ਸੱਚ ਹੈ ਕਿ ਗਾਜ਼ਾ ’ਚ ਇਜ਼ਰਾਈਲ ਵੱਲੋਂ 70,000 ਤੋਂ ਵੱਧ ਫਿਲਸਤੀਨੀ ਮਾਰੇ ਗਏ ਹਨ।

ਸ਼੍ਰੀ ਮੋਦੀ ਦਾ ਭਾਸ਼ਣ 25 ਫਰਵਰੀ, 2026 ਨੂੰ ਦਿੱਤਾ ਗਿਆ ਸੀ। ਯੁੱਧ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਸ਼ੁਰੂ ਕੀਤਾ ਗਿਆ ਸੀ। ਈਰਾਨ ਨੇ ਜਵਾਬੀ ਕਾਰਵਾਈ ਕੀਤੀ ਅਤੇ ਕਈ ਅਰਬ ਦੇਸ਼ਾਂ ’ਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ। ਟਰੰਪ ਨੇ ਕਿਹਾ ਕਿ ਯੁੱਧ 4 ਤੋਂ 5 ਹਫ਼ਤੇ ਜਾਂ ਉਸ ਤੋਂ ਵੱਧ ਸਮੇਂ ਤੱਕ ਜਾਰੀ ਰਹਿ ਸਕਦਾ ਹੈ। ਇਜ਼ਰਾਈਲ ਨੂੰ ਉਨ੍ਹਾਂ ਦੇ ਸਮਰਥਨ ਨੇ ਉਨ੍ਹਾਂ ਸਾਰੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ, ਜੋ ਭਾਰਤ ਯੁੱਧ ਨੂੰ ਸਮਾਪਤ ਕਰਨ ਜਾਂ ਹੋਰ ਅਰਬ ਦੇਸ਼ਾਂ ’ਚ ਇਸ ਦੇ ਪਸਾਰ ਨੂੰ ਰੋਕਣ ਲਈ ਨਿਭਾਅ ਸਕਦਾ ਸੀ। ਆਪਣਾ ਨੈਤਿਕ ਅਧਿਕਾਰ ਗੁਆ ਕੇ, ਭਾਰਤ ਇਕ ਅਸਮਰੱਥ ਦਰਸ਼ਕ ਬਣਿਆ ਹੋਇਆ ਹੈ ਜਦਕਿ ਯੁੱਧ ਪੂਰੇ ਖੇਤਰ ਅਤੇ ਉਸ ਤੋਂ ਅੱਗੇ, ਸ਼੍ਰੀਲੰਕਾ ਦੇ ਕੋਲ ਅੰਤਰਰਾਸ਼ਟਰੀ ਜਲ-ਖੇਤਰ ਤੱਕ ਫੈਲ ਰਿਹਾ ਹੈ।

ਸੱਤਾ ਤਬਦੀਲੀ : ਮੁੱਖ ਮੁੱਦਾ ‘ਸੱਤਾ ਤਬਦੀਲੀ’ ਹੈ। ਕਿਸੇ ਦੇਸ਼ ’ਚ ਸ਼ਾਸਨ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ, ਜ਼ੋਰ-ਜ਼ਬਰਦਸਤੀ ਨਾਲ ਸ਼ਾਸਨ ਬਦਲਣਾ ਕਿਸੇ ਦੂਜੇ ਦੇਸ਼ ਦਾ ਕੰਮ ਨਹੀਂ ਹੈ। ਉਸ ਮਿਆਰ ਅਨੁਸਾਰ, 50 ਤੋਂ ਵੱਧ ਦੇਸ਼ ਅਜਿਹੇ ਹਨ, ਜਿੱਥੇ ਮੌਜੂਦਾ ਸਰਕਾਰ ਬਦਲੇ ਜਾਣ ਦੇ ਯੋਗ ਹੈ। ਇਨ੍ਹਾਂ ’ਚੋਂ ਕਈ ਤਾਨਾਸ਼ਾਹ, ਅਸਲ ’ਚ, ਅਮਰੀਕੀ ਮਿੱਤਰ ਅਤੇ ਗਾਹਕ ਹਨ।

ਜੂਨ 2025 ’ਚ, ਅਮਰੀਕਾ ਨੇ ਇਜ਼ਰਾਈਲ ਦੇ ਉਕਸਾਵੇ ’ਤੇ ‘ਮਿਡਨਾਈਟ ਹੈਮਰ’ ਚਲਾਇਆ ਅਤੇ 12 ਦਿਨਾਂ ਦੇ ਬਾਅਦ ਦਾਅਵਾ ਕੀਤਾ ਕਿ ‘ਈਰਾਨ ਦੀਆਂ ਪ੍ਰਮੁੱਖ ਪ੍ਰਮਾਣੂ ਸੰਵਰਧਨ ਸੁਵਿਧਾਵਾਂ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੀਆਂ ਗਈਆਂ ਹਨ।’ ਜੇਕਰ ਉਹ ਦਾਅਵਾ ਸੱਚ ਸੀ, ਤਾਂ ਈਰਾਨ ਪ੍ਰਮਾਣੂ ਹਥਿਆਰਾਂ ਦਾ ਭੰਡਾਰ ਕਿਵੇਂ ਕਰ ਸਕਦਾ ਸੀ ਜਾਂ ਯੂਰੇਨੀਅਮ ਨੂੰ ਕਿਵੇਂ ਸੰਵਰਧਿਤ ਕਰ ਸਕਦਾ ਸੀ, ਜਿਸ ਨਾਲ ਅਮਰੀਕਾ ਨੂੰ ਖ਼ਤਰਾ ਹੋਵੇ? ਇਸ ਤੋਂ ਇਲਾਵਾ, ਓਮਾਨ, ਜੋ ਈਰਾਨ ਅਤੇ ਅਮਰੀਕਾ ਦੇ ਵਿਚਾਲੇ ਵਿਚੋਲਗੀ ਕਰ ਰਿਹਾ ਸੀ, ਨੇ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਈਰਾਨ ‘ਸੰਵਰਧਿਤ ਯੂਰੇਨੀਅਮ ਦੇ ਸਿਫ਼ਰ ਭੰਡਾਰਨ ਅਤੇ ਕਦੇ ਵੀ ਪ੍ਰਮਾਣੂ ਬੰਬ ਨਾ ਰੱਖਣ’ ’ਤੇ ਸਹਿਮਤ ਹੋ ਗਿਆ ਸੀ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਕ ਪ੍ਰਾਸੰਗਿਕ ਪ੍ਰਸ਼ਨ ਪੁੱਛਿਆ, ‘‘ਈਰਾਨ ’ਚ ਪ੍ਰਮਾਣੂ ਹਥਿਆਰਾਂ ਦੇ ਸਬੂਤ ਕਿੱਥੇ ਹਨ?’’ ਅਤੀਤ ’ਚ ਅਮਰੀਕਾ ਵੱਲੋਂ ਸ਼ੁਰੂ ਕੀਤੇ ਗਏ ਕੁਝ ਹੋਰ ਯੁੱਧਾਂ ਦੀ ਤਰ੍ਹਾਂ, ਈਰਾਨ ਦੇ ਵਿਰੁੱਧ ਯੁੱਧ ਵੀ ਇਕ ਝੂਠ ’ਤੇ ਅਾਧਾਰਿਤ ਹੈ।

ਇਜ਼ਰਾਈਲ ਈਰਾਨ ਦਾ ਕੱਟੜ ਦੁਸ਼ਮਣ ਹੈ ਅਤੇ ਇਸ ਦਾ ਉਲਟ ਵੀ ਸੱਚ ਹੈ। ਅਮਰੀਕਾ ਨੇ ਇਰਾਕ ਅਤੇ ਲੀਬੀਆ ਤੋਂ ਇਜ਼ਰਾਈਲ ਦੇ ਖ਼ਤਰਿਆਂ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ। ਇਜ਼ਰਾਈਲ ਨੇ, ਘੱਟੋ-ਘੱਟ ਫਿਲਹਾਲ ਲਈ, ਸਾਊਦੀ ਅਰਬ ਨਾਲ ਸ਼ਾਂਤੀ ਬਣਾ ਲਈ ਹੈ। ਮੱਧ ਪੂਰਬ ’ਚ ਇਕੋ-ਇਕ ਪ੍ਰਮੁੱਖ ਸ਼ਕਤੀ ਬਣਨ ਦੇ ਇਜ਼ਰਾਈਲ ਦੇ ਰਸਤੇ ’ਚ ਸਿਰਫ ਈਰਾਨ ਖੜ੍ਹਾ ਸੀ। ਇਜ਼ਰਾਈਲ ਨੇ ਅਮਰੀਕਾ ਨੂੰ ਈਰਾਨ ’ਚ ਸੱਤਾ ਤਬਦੀਲੀ ਲਿਆਉਣ ਅਤੇ ਈਰਾਨ ਨੂੰ ਇਕ ਅਧੀਨ ਰਾਜ ਬਣਾਉਣ ਲਈ ਫੁਸਲਾਇਆ। ਇਹ ਇਕ ਘਿਨਾਉਣਾ ਸਿਧਾਂਤ ਹੈ। ਸ਼ਾਸਨ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ, ਸ਼ਾਸਨ ਬਦਲਣਾ ਉਸ ਦੇਸ਼ ਦੇ ਲੋਕਾਂ ਦਾ ਇਕੋ-ਇਕ ਅਧਿਕਾਰ ਹੈ।

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਸਫਲਤਾ ਦੇ ਵਧਾ-ਚੜ੍ਹਾ ਕੇ ਦਾਅਵੇ ਕੀਤੇ ਜਾ ਰਹੇ ਹਨ। ਇਕ ਸਤਿਕਾਰਤ ਇਜ਼ਰਾਈਲੀ ਪੱਤਰਕਾਰ ਐਲਨ ਮਿਜ਼ਰਾਹੀ ਦਾ ਨਜ਼ਰੀਆ ਵੱਖਰਾ ਹੈ। ਇਹ ਬਿਨਾਂ ਸੈਨਿਕਾਂ ਵਾਲਾ ਯੁੱਧ ਹੈ। ਮਸ਼ੀਨਾਂ ਮਸ਼ੀਨਾਂ ਨਾਲ ਲੜ ਰਹੀਆਂ ਹਨ। ਉਹ ਮਸ਼ੀਨਾਂ ਜਿੱਤਣਗੀਆਂ, ਜੋ ਸਭ ਤੋਂ ਘਾਤਕ ਹਨ ਅਤੇ ਜਿਨ੍ਹਾਂ ਦੀ ਸਪਲਾਈ ਬੇਅੰਤ ਹੈ।

ਭਾਰਤ ਦੀ ਸ਼ਾਨ ਘਟੀ : ਪੂਰੇ ਖੇਤਰ ’ਚ ਵਧਦੀ ਹਿੰਸਾ ਅਤੇ ਵਿਨਾਸ਼ ਦੇ ਵਿਚਾਲੇ, ਭਾਰਤ ਜਿਸ ਦੇ ਇਸ ਖੇਤਰ ’ਚ ਮਹੱਤਵਪੂਰਨ ਹਿੱਤ-ਮਨੁੱਖੀ, ਆਰਥਿਕ ਅਤੇ ਰਾਜਨੀਤਕ-ਹਨ, ਅਲੱਗ-ਥਲੱਗ ਪੈ ਗਿਆ ਹੈ। ਈਰਾਨ ਨੇ ਜਾਰਡਨ, ਕੁਵੈਤ, ਬਹਿਰੀਨ, ਕਤਰ, ਸਾਊਦੀ ਅਰਬ, ਯੂ. ਏ. ਈ. ਅਤੇ ਇਰਾਕ ’ਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਖੇਤਰ ’ਚ 1 ਕਰੋੜ ਭਾਰਤੀ ਹਨ। ਭਾਰਤ ਦੇ ਤੇਲ, ਬਰਾਮਦ ਅਤੇ ਹੋਰ ਆਰਥਿਕ ਹਿੱਤ ਜੁੜੇ ਹਨ। ਉਸ ਨੇ ਈਰਾਨ ਦੇ ਚਾਬਹਾਰ ਬੰਦਰਗਾਹ ’ਚ 370 ਮਿਲੀਅਨ ਅਮਰੀਕੀ ਡਾਲਰ ਨਿਵੇਸ਼ ਕਰਨ ਦੀ ਵਚਨਬੱਧਤਾ ਜਤਾਈ ਹੈ। ਇਨ੍ਹਾਂ ਹਿੱਤਾਂ ਦੇ ਬਾਵਜੂਦ, ਭਾਰਤ ਬਿਨਾਂ ਕਿਸੇ ਆਵਾਜ਼ ਜਾਂ ਪ੍ਰਭਾਵ ਦੇ ਹੈ ਅਤੇ ਇਹ ਸਭ ਇਜ਼ਰਾਈਲ ਦੇ ਉਦੇਸ਼ਾਂ ਪ੍ਰਤੀ ਭਾਰਤ ਦੇ ਸਿਧਾਂਤਹੀਣ ਸਮਰਥਨ ਦੇ ਕਾਰਨ ਹੈ।

-ਪੀ. ਚਿਦਾਂਬਰਮ


author

Anmol Tagra

Content Editor

Related News