ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ

Tuesday, Mar 31, 2026 - 05:38 PM (IST)

ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ

ਜੇਵਰ ’ਚ ਨਵਾਂ ਨੋਇਡਾ ਕੌਮਾਂਤਰੀ ਹਵਾਈ ਅੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਸਭ ਤੋਂ ਮਹੱਤਵਪੂਰਨ ਪ੍ਰਾਜੈਕਟਾਂ ’ਚੋਂ ਇਕ ਹੈ। ਇਹ ਇਕ ਵਿਸ਼ਾਲ ਪ੍ਰਾਜੈਕਟ ਹੈ ਜਿਸ ਨੂੰ ਕਈ ਪੜਾਵਾਂ ’ਚ ਬਣਾਇਆ ਜਾਵੇਗਾ ਅਤੇ ਇਸ ਦੇ ਪੂਰਾ ਹੋਣ ’ਤੇ ਇਹ ਸਾਲਾਨਾ ਲੱਗਭਗ 7 ਕਰੋੜ ਯਾਤਰੀਆਂ ਨੂੰ ਸੰਭਾਲਣ ਦੇ ਸਮਰੱਥ ਹੋਵੇਗਾ। ਇਸ ਪ੍ਰਾਜੈਕਟ ਦਾ ਮੁੱਖ ਟੀਚਾ ਐੱਨ. ਸੀ. ਆਰ. ਦੀ ਅਰਥਵਿਵਸਥਾ ਨੂੰ ਸੰਤੁਲਿਤ ਕਰਨਾ ਹੈ। ਲੰਬੇ ਸਮੇਂ ਤੋਂ ਜ਼ਿਆਦਾਤਰ ਆਰਥਿਕ ਵਿਕਾਸ ਦਿੱਲੀ ਅਤੇ ਗੁਰੂਗ੍ਰਾਮ ’ਚ ਕੇਂਦਰਿਤ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਹੈ।

ਜੇਵਰ ਕੋਲ ਇਕ ਵੱਡੇ ਕੇਂਦਰ ਵਜੋਂ ਵਿਕਸਤ ਹੋਣ ਦਾ ਚੰਗਾ ਮੌਕਾ ਹੈ। ਆਪਣੇ ਪਹਿਲੇ ਪੜਾਅ ’ਚ ਇਹ ਨਵਾਂ ਹਵਾਈ ਅੱਡਾ ਸਾਲਾਨਾ 1.2 ਕਰੋੜ ਵਾਧੂ ਯਾਤਰੀਆਂ ਦੀ ਆਵਾਜਾਈ ਨੂੰ ਸੰਭਾਲ ਸਕੇਗਾ। ਸਮੇਂ ਦੇ ਨਾਲ ਸ਼ਹਿਰ ਦੇ ਮੌਜੂਦਾ ਹਵਾਈ ਅੱਡੇ ਦੇ ਨਾਲ ਮਿਲ ਕੇ ਇਹ ਐੱਨ. ਸੀ. ਆਰ. ਨੂੰ ਕੁੱਲ 12 ਕਰੋੜ ਤੋਂ ਵੱਧ ਯਾਤਰੀਆਂ ਨੂੰ ਸੰਭਾਲਣ ਦੇ ਯੋਗ ਬਣਾਏਗਾ, ਜਿਸ ਨਾਲ ਇਹ ਦੁਨੀਆ ਦੇ ਸਭ ਤੋਂ ਵੱਡੇ ਹਵਾਬਾਜ਼ੀ ਖੇਤਰਾਂ ’ਚੋਂ ਇਕ ਬਣ ਜਾਵੇਗਾ। ਇਹ ਵਿਕਾਸ ਨੋਇਡਾ, ਗ੍ਰੇਟਰ ਨੋਇਡਾ, ਯਮੁਨਾ ਐਕਸਪ੍ਰੈੱਸ-ਵੇਅ ਖੇਤਰ ਨੂੰ ਵਧਣ ’ਚ ਮਦਦ ਕਰੇਗਾ, ਜੋ ਹੁਣ ਤੱਕ ਗੁਰੂਗ੍ਰਾਮ ਦੇ ਮੁਕਾਬਲੇ ਪਿੱਛੇ ਰਿਹਾ ਹੈ।

ਆਧੁਨਿਕ ਹਵਾਈ ਅੱਡੇ ਅਰਥਵਿਵਸਥਾ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਸਿੱਧੇ ਤੌਰ ’ਤੇ ਇਨ੍ਹਾਂ ਨਾਲ ਰੋਜ਼ਗਾਰ ਪੈਦਾ ਹੁੰਦਾ ਹੈ, ਜਿਵੇਂ ਹਵਾਈ ਅੱਡੇ ’ਤੇ ਕੰਮ ਕਰਨ ਵਾਲੇ ਕਰਮਚਾਰੀ। ਉਹ ਅਸਿੱਧੇ ਤੌਰ ’ਤੇ ਹੋਰ ਸਥਾਨਕ ਕਾਰੋਬਾਰਾਂ ਦੀ ਵੀ ਮਦਦ ਕਰਦੇ ਹਨ ਕਿਉਂਕਿ ਹਵਾਈ ਅੱਡੇ ਨਾਲ ਵਪਾਰ ਅਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲਦਾ ਹੈ। ਗਲੋਬਲ ਪੱਧਰ ’ਤੇ ਇਕ ਹਵਾਈ ਅੱਡਾ ਅਤੇ ਉਸ ਨਾਲ ਜੁੜੇ ਸਾਰੇ ਕਾਰੋਬਾਰ ਕਿਸੇ ਖੇਤਰ ਦੀ ਕੁੱਲ ਆਮਦਨ ’ਚ 2.4 ਫੀਸਦੀ ਤੱਕ ਦਾ ਵਾਧਾ ਕਰ ਸਕਦੇ ਹਨ ਅਤੇ ਜੇਵਰ ਹਵਾਈ ਅੱਡੇ ਦੇ ਵੀ ਅਗਲੇ ਦਸ ਸਾਲਾਂ ’ਚ ਇਸੇ ਦਿਸ਼ਾ ’ਚ ਵਧਣ ਦੀ ਉਮੀਦ ਹੈ।

ਅਜੇ ਸਥਿਤੀ ਇਹ ਹੈ ਕਿ ਉੱਤਰ ਭਾਰਤ ਦਾ ਲਗਭਗ ਪੂਰਾ ਹਵਾਈ ਮਾਲ ਦਿੱਲੀ ਦੇ ਏਅਰਪੋਰਟ ਤੋਂ ਹੀ ਜਾਂਦਾ ਹੈ, ਜਿਸ ਕਾਰਨ ਉੱਥੇ ਕਾਫ਼ੀ ਦਬਾਅ ਰਹਿੰਦਾ ਹੈ। ਜੇਵਰ ਏਅਰਪੋਰਟ ਇਸ ਬੋਝ ਨੂੰ ਵੰਡ ਦੇਵੇਗਾ, ਕਿਉਂਕਿ ਇੱਥੇ ਆਪਣਾ ਵੱਡਾ ਕਾਰਗੋ ਟਰਮੀਨਲ ਹੋਵੇਗਾ, ਜੋ ਹਰ ਸਾਲ 20-30 ਲੱਖ ਟਨ ਤੱਕ ਮਾਲ ਸੰਭਾਲ ਸਕੇਗਾ। ਇਸ ਦਾ ਸਿੱਧਾ ਫਾਇਦਾ ਲਾਗਤ ’ਤੇ ਪਵੇਗਾ। ਸ਼ਿਪਿੰਗ ਖਰਚ ਲੱਗਭਗ 10-15 ਫੀਸਦੀ ਤੱਕ ਘੱਟ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਤਾਜ਼ਾ ਖਾਧ ਪਦਾਰਥ, ਇਲੈਕਟ੍ਰਾਨਿਕਸ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਵਿਦੇਸ਼ ਭੇਜਣਾ ਸਸਤਾ ਅਤੇ ਸੌਖਾ ਹੋ ਜਾਵੇਗਾ। ਇਸ ਨਾਲ ਪੱਛਮੀ ਉੱਤਰ ਪ੍ਰਦੇਸ਼ ਅਤੇ ਐੱਨ. ਸੀ. ਆਰ. ਦੇ ਕਾਰੋਬਾਰੀਆਂ ਨੂੰ ਜ਼ਿਆਦਾ ਮੁਕਾਬਲੇਬਾਜ਼ ਬਣਨ ’ਚ ਮਦਦ ਮਿਲੇਗੀ ਅਤੇ ਖੇਤਰੀ ਅਰਥਵਿਵਸਥਾ ਵਿਚ 20,000-30,000 ਕਰੋੜ ਰੁਪਏ ਤੱਕ ਦਾ ਵਾਧੂ ਵਾਧਾ ਸੰਭਵ ਹੈ।

ਜੇਵਰ ਹਵਾਈ ਅੱਡੇ ਦੀ ਅਸਲੀ ਆਰਥਿਕ ਤਾਕਤ ਉਸ ਦੇ ਆਸ-ਪਾਸ ਬਣਨ ਵਾਲੇ ਨੈੱਟਵਰਕ ’ਚ ਲੁਕੀ ਹੈ, ਖਾਸ ਤੌਰ ’ਤੇ ਯਮੁਨਾ ਐਕਸਪ੍ਰੈੱਸ-ਵੇਅ ਅਤੇ ਦਿੱਲੀ-ਮੁੰਬਈ ਇੰਡਸਟ੍ਰੀਅਲ ਕਾਰੀਡੋਰ ਨਾਲ ਉਸ ਦੀ ਸਿੱਧੀ ਕਨੈਕਟੀਵਿਟੀ ’ਚ। ਇਹੀ ਕੁਨੈਕਸ਼ਨ ਇਸ ਖੇਤਰ ਨੂੰ ਸਿਰਫ਼ ਇਕ ਏਅਰਪੋਰਟ ਨਹੀਂ, ਸਗੋਂ ਇਕ ਵੱਡੇ ਉਦਯੋਗਿਕ ਅਤੇ ਲਾਜਿਸਟਿਕਸ ਹੱਬ ’ਚ ਬਦਲਣ ਵਾਲਾ ਹੈ। ਪਹਿਲਾਂ ਹੀ ਇਸ ਇਲਾਕੇ ’ਚ 5,000-6,000 ਹੈਕਟੇਅਰ ਜ਼ਮੀਨ ਫੈਕਟਰੀਆਂ, ਵੇਅਰਹਾਊਸ ਅਤੇ ਲਾਜਿਸਟਿਕਸ ਪਾਰਕ ਲਈ ਤੈਅ ਕੀਤੀ ਜਾ ਚੁੱਕੀ ਹੈ।

ਆਉਣ ਵਾਲੇ 10 ਸਾਲਾਂ ’ਚ ਜੇਕਰ ਇੱਥੇ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਹੁੰਦਾ ਹੈ ਤਾਂ ਇਸ ਦਾ ਕੁੱਲ ਅਸਰ 2-3 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਭਾਵ ਇਹ ਖੇਤਰ ਸਿਰਫ਼ ਖੁਦ ਨਹੀਂ ਵਧੇਗਾ, ਸਗੋਂ ਆਸ-ਪਾਸ ਦੀ ਪੂਰੀ ਅਰਥਵਿਵਸਥਾ ਨੂੰ ਗਤੀ ਦੇਵੇਗਾ। ਜੇਵਰ ਦਾ ਵਿਕਾਸ ਪੱਛਮੀ ਉੱਤਰ ਪ੍ਰਦੇਸ਼ ਦੀ ਤਸਵੀਰ ਬਦਲ ਸਕਦਾ ਹੈ, ਜਿੱਥੇ ਅੱਜ ਅਰਥਵਿਵਸਥਾ ਮੁੱਖ ਤੌਰ ’ਤੇ ਖੇਤੀਬਾੜੀ ’ਤੇ ਨਿਰਭਰ ਹੈ, ਉੱਥੇ ਹੀ ਭਵਿੱਖ ’ਚ ਇਹ ਖੇਤਰ ਉਦਯੋਗ ਅਤੇ ਲਾਜਿਸਟਿਕਸ ਦਾ ਵੱਡਾ ਕੇਂਦਰ ਬਣ ਕੇ ਉੱਭਰੇਗਾ।

ਇਹ ਪ੍ਰਾਜੈਕਟ ਆਪਣੇ ਨਿਰਮਾਣ ਪੜਾਅ ’ਚ ਹੀ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇ ਚੁੱਕਾ ਹੈ। ਜਦੋਂ ਹਵਾਈ ਅੱਡਾ ਸ਼ੁਰੂ ਹੋਵੇਗਾ ਤਾਂ ਸਿਰਫ ਪਹਿਲੇ ਪੜਾਅ ’ਚ ਹੀ 30,000-40,000 ਲੋਕਾਂ ਨੂੰ ਸਿੱਧੀਆਂ ਨੌਕਰੀਆਂ ਮਿਲਣਗੀਆਂ। ਅੱਗੇ ਚੱਲ ਕੇ, ਜਿਵੇਂ-ਜਿਵੇਂ ਇਸ ਦਾ ਵਿਸਤਾਰ ਹੋਵੇਗਾ, ਕੁੱਲ ਰੋਜ਼ਗਾਰ ਦੇ ਮੌਕੇ 1 ਲੱਖ ਤੋਂ 1.5 ਲੱਖ ਤੱਕ ਪਹੁੰਚ ਸਕਦੇ ਹਨ। ਸਭ ਤੋਂ ਵੱਡਾ ਅਸਰ ਅਸਿੱਧੀਆਂ ਨੌਕਰੀਆਂ ’ਚ ਮਿਲਣ ਦੀ ਸੰਭਾਵਨਾ ਹੈ। ਜਿਵੇਂ ਲਾਜਿਸਟਿਕਸ, ਹੋਟਲ, ਰਿਟੇਲ ਅਤੇ ਹੋਰ ਸੇਵਾਵਾਂ ’ਚ ਇਸ ਦਾ ਕਾਫ਼ੀ ਫਾਇਦਾ ਮਿਲੇਗਾ।

ਇਸ ਦਾ ਫਾਇਦਾ ਖਾਸ ਕਰ ਕੇ ਗੌਤਮ ਬੁੱਧ ਨਗਰ, ਬੁਲੰਦਸ਼ਹਿਰ ਅਤੇ ਅਲੀਗੜ੍ਹ ਵਰਗੇ ਜ਼ਿਲਿਆਂ ਦੇ ਲੋਕਾਂ ਨੂੰ ਮਿਲੇਗਾ, ਜਿਨ੍ਹਾਂ ਨੂੰ ਹੁਣ ਕੰਮ ਲਈ ਦਿੱਲੀ ਜਾਣ ਦੀ ਮਜਬੂਰੀ ਘੱਟ ਹੋ ਜਾਵੇਗੀ, ਕਿਉਂਕਿ ਉਨ੍ਹਾਂ ਦੇ ਆਸ-ਪਾਸ ਹੀ ਮੌਕੇ ਵਧਣਗੇ। ਥੋੜ੍ਹੇ ਸਮੇਂ ’ਚ ਇਹ ਪ੍ਰਾਜੈਕਟ ਨਿਰਮਾਣ ਅਤੇ ਨਿਵੇਸ਼ ਨੂੰ ਹੁਲਾਰਾ ਦੇਵੇਗਾ। ਦਰਮਿਆਨੇ ਸਮੇਂ ’ਚ ਇੱਥੇ ਆਉਣ ਵਾਲੇ ਉਦਯੋਗ ਖੇਤਰੀ ਜੀ. ਡੀ. ਪੀ. ਨੂੰ 0.5 ਫੀਸਦੀ ਤੋਂ 1 ਫੀਸਦੀ ਤੱਕ ਵਧਾ ਸਕਦੇ ਹਨ ਅਤੇ ਲੰਬੇ ਸਮੇਂ ’ਚ ਇਹ ਪ੍ਰਾਜੈਕਟ ਐੱਨ. ਸੀ. ਆਰ. ਨੂੰ ਦੁਨੀਆ ਦੇ ਸਭ ਤੋਂ ਵੱਡੇ ਅਤੇ ਵਿਕਸਤ ਆਰਥਿਕ ਖੇਤਰਾਂ ’ਚ ਸ਼ਾਮਲ ਕਰ ਸਕਦਾ ਹੈ।

ਮੋਦੀ ਸਰਕਾਰ ਦੀ ਦ੍ਰਿਸ਼ਟੀ ’ਚ ਜੇਵਰ ਇਕ ਦੂਰਅੰਦੇਸ਼ੀ ਅਤੇ ਰਣਨੀਤਕ ਨਿਵੇਸ਼ ਹੈ। ਇਹ ਵੱਖ-ਵੱਖ ਖੇਤਰਾਂ ਦੇ ਵਿਚਾਲੇ ਵਿਕਾਸ ਦੇ ਅੰਤਰ ਨੂੰ ਘੱਟ ਕਰੇਗਾ, ਭਾਰਤ ਦੀ ਗਲੋਬਲ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰੇਗਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੀ ਲੁਕੀ ਹੋਈ ਆਰਥਿਕ ਸਮਰੱਥਾ ਨੂੰ ਸਾਹਮਣੇ ਲਿਆਵੇਗਾ। ਨੋਇਡਾ ਇੰਟਰਨੈਸ਼ਨਲ ਏਅਰਪੋਰਟ ਸਿਰਫ਼ ਇਕ ਹਵਾਈ ਅੱਡਾ ਨਹੀਂ ਹੈ ਸਗੋਂ ਪੂਰੇ ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ ਹੈ।

-ਤੁਹਿਨ ਸਿਨਹਾ 
(ਰਾਸ਼ਟਰੀ ਬੁਲਾਰਾ, ਭਾਰਤੀ ਜਨਤਾ ਪਾਰਟੀ)


author

Harpreet SIngh

Content Editor

Related News