‘ਮਣੀਪੁਰ ’ਚ ਹਿੰਸਾ ’ਤੇ ਕਾਬੂ ਪਾਉਣਾ ਬਹੁਤ ਜ਼ਰੂਰੀ’ ‘ਜ਼ਿੰਦਗੀਆਂ ਹੀ ਨਹੀਂ, ਦੇਸ਼ ਦੀ ਏਕਤਾ-ਅਖੰਡਤਾ ਵੀ ਦਾਅ ’ਤੇ!
Wednesday, Jun 11, 2025 - 06:45 AM (IST)

3 ਮਈ, 2023 ਨੂੰ ਦੇਸ਼ ਦੇ ਉੱਤਰ ਪੂਰਬੀ ਸੂਬੇ ‘ਮਣੀਪੁਰ’ ’ਚ ‘ਮੈਤੇਈ’ ਭਾਈਚਾਰੇ ਨੂੰ ਐੱਸ. ਟੀ. ਦਾ ਦਰਜਾ ਦਿੱਤੇ ਜਾਣ ਦੇ ਹਾਈ ਕੋਰਟ ਦੇ ਹੁਕਮ ਦੇ ਵਿਰੁੱਧ ‘ਕੁਕੀ’ ਭਾਈਚਾਰੇ ਵਲੋਂ ਹਮਾਇਤ ਪ੍ਰਾਪਤ ‘ਆਦਿਵਾਸੀ ਸ਼ਾਤਰ ਸੰਘ’ ਵਲੋਂ ਕੱਢੇ ਗਏ ‘ਮਾਰਚ’ ਦੇ ਬਾਅਦ ਸੂਬੇ ’ਚ ਭੜਕੀ ਹਿੰਸਾ ਅਜੇ ਤੱਕ ਜਾਰੀ ਹੈ।
ਇਸ ’ਚ ਸਾੜਫੂਕ, ਜ਼ੁਲਮ, ਦੰਗਾ, ਹੱਤਿਆ ਅਤੇ ਸਮੂਹਿਕ ਜਬਰ-ਜ਼ਨਾਹ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਹਿੰਸਾ ਦੌਰਾਨ ਸਮਾਜ ਵਿਰੋਧੀ ਅਨਸਰਾਂ ਨੇ ਪੁਲਸ ਦੇ ਹਥਿਆਰਾਂ ਦੇ ਭੰਡਾਰ ’ਚੋਂ ਗੋਲਾ-ਬਾਰੂਦ ਅਤੇ ਹਜ਼ਾਰਾਂ ਦੀ ਗਿਣਤੀ ’ਚ ਹਥਿਆਰ ਵੀ ਲੁੱਟੇ ਹਨ।
ਹੁਣ ਤੱਕ ਇਸ ਹਿੰਸਾ ’ਚ ਅਜੇ ਤੱਕ 260 ਤੋਂ ਵੱਧ ਲੋਕਾਂ ਦੀ ਮੌਤ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ਪਿਛਲੀ ਵਾਰ ਮਣੀਪੁਰ ’ਚ ਅਜਿਹੀ ਹਿੰਸਾ 1992 ’ਚ ਦੇਖਣ ਨੂੰ ਮਿਲੀ ਸੀ ਜਦ ਦੋ ਭਾਈਚਾਰਿਆਂ ਦਰਮਿਆਨ ਹਿੰਸਕ ਸੰਘਰਸ਼ ’ਚ 100 ਲੋਕ ਮਾਰੇ ਗਏ ਸਨ।
ਮੁੱਖ ਮੰਤਰੀ ‘ਐੱਨ.ਬੀਰੇਨ ਸਿੰਘ’ ਵਲੋਂ ਇਸ ਹਿੰਸਾ ਨੂੰ ਰੋਕਣ ’ਚ ਨਾਕਾਮ ਰਹਿਣ ਦੇ ਕਾਰਨ 18 ਅਕਤੂਬਰ, 2024 ਨੂੰ ਭਾਜਪਾ ਦੇ 19 ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਭੇਜ ਕੇ ਮੁੱਖ ਮੰਤਰੀ ‘ਐੱਨ. ਬੀਰੇਨ ਿਸੰਘ’ ਨੂੰ ਹਟਾਉਣ ਦੀ ਮੰਗ ਕੀਤੀ।
ਫਿਰ 3 ਫਰਵਰੀ 2025 ਨੂੰ ਮਣੀਪੁਰ ਦੇ ਪੰਚਾਇਤੀ ਰਾਜ ਮੰਤਰੀ ‘ਯੁਮਨਾਮ ਖੇਮਚੰਦ ਸਿੰਘ’ ਨੇ ਨਵੀਂ ਦਿੱਲੀ ’ਚ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਮੁੱਖ ਮੰਤਰੀ ‘ਐੱਨ ਬੀਰੇਨ ਿਸੰਘ’ ਨੂੰ ਨਹੀਂ ਬਦਲਣ ’ਤੇ ਸਰਕਾਰ ਡਿੱਗ ਜਾਣ ਦਾ ਖਤਰਾ ਹੈ।
ਆਖਿਰ ਮੁੱਖ ਮੰਤਰੀ ‘ਐੱਨ.ਬੀਰੇਨ ਿਸੰਘ’ ਵਲੋਂ 9 ਫਰਵਰੀ, 2025 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਅਤੇ 13 ਫਰਵਰੀ ਨੂੰ ਸੂਬੇ ’ਚ ਰਾਸ਼ਟਰਪਤੀ ਰਾਜ ਲਾਗੂ ਹੋਣ ਤੋਂ ਬਾਅਦ ਰਾਜਪਾਲ ‘ਅਜੇ ਕੁਮਾਰ ਭੱਲਾ’ ਨੇ ਪ੍ਰਸ਼ਾਸਨ ਸੰਭਾਲ ਲਿਆ।
ਰਾਜਪਾਲ ‘ਅਜੇ ਕੁਮਾਰ ਭੱਲਾ’ ਵਲੋਂ ਵੱਖ-ਵੱਖ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰ ਕੇ ਸੂਬੇ ’ਚ ਸ਼ਾਂਤੀ ਬਹਾਲ ਕਰਨ ’ਚ ਲੋਕਾਂ ਤੋਂ ਸਹਿਯੋਗ ਮੰਗਣ ਦੇ ਬਾਵਜੂਦ ਅਜੇ ਤੱਕ ਅਜਿਹਾ ਹੋ ਨਹੀਂ ਸਕਿਆ।
ਇਸ ਦੌਰਾਨ ‘ਮਣੀਪੁਰ’ ਭਾਜਪਾ ਨੇਤਾ ‘ਥੋਕਚੋਮ ਰਾਧੇਸ਼ਿਆਮ ਸਿੰਘ’ ਨੇ 28 ਮਈ, 2025 ਨੂੰ ਰਾਜਪਾਲ ‘ਅਜੇ ਭੱਲਾ’ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਸੂਬੇ ’ਚ ਨਵੀਂ ਸਰਕਾਰ ਬਣਾਉਣ ਦੇ ਲਈ 44 ਵਿਧਾਇਕ ਤਿਆਰ ਹਨ।
ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ‘ਮਣੀਪੁਰ’ ’ਚ ‘ਕੁਕੀ’ ਅਤੇ ‘ਮੈਤੇਈ’ ਭਾਈਚਾਰਿਆਂ ਦਰਮਿਆਨ ਸ਼ਾਂਤੀ ਇਕ ਧੋਖਾ ਹੀ ਬਣੀ ਹੋਈ ਹੈ। ‘ਮੈਤੇਈ’ ਭਾਈਚਾਰੇ ਵਲੋਂ ਸੂਬੇ ’ਚ ਬੁਲਾਏ ਗਏ 10 ਦਿਨਾਂ ਬੰਦ ਦੇ ਦੌਰਾਨ ਉੱਥੇ ਹਿੰਸਾ ਦੀ ਤਾਜ਼ਾ ਘਟਨਾ ’ਚ 7 ਜੂਨ ਨੂੰ ‘ਮੈਤੇਈ’ ਭਾਈਚਾਰੇ ਦੇ ਸੰਗਠਨ ‘ਅਰਾਮਬਾਈ ਤੇਂਗੋਲ’ ਦੇ ਨੇਤਾ ‘ਕਾਨਨ ਸਿੰਘ’ ਦੀ ਗ੍ਰਿਫਤਾਰ ਤੋਂ ਬਾਅਦ 8 ਜੂਨ ਨੂੰ ਹਿੰਸਾ ਭੜਕ ਉਠੀ ਹੈ।
ਇਸ ਦੌਰਾਨ ‘ਮੈਤੇਈ’ ਪ੍ਰਦਰਸ਼ਨਕਾਰੀਆਂ ਨੇ ਆਪਣੇ ਨੇਤਾ ‘ਕਾਨਨ ਸਿੰਘ’ ਅਤੇ ਹੋਰ ਅੰਦੋਲਨਕਾਰੀਆਂ ਦੀ ਗ੍ਰਿਫਤਾਰੀ ਦੇ ਵਿਰੁੱਧ ਪ੍ਰਦਰਸ਼ਨ ਦੇ ਦੌਰਾਨ ਕਈ ਥਾਵਾਂ ’ਤੇ ਸੜਕਾਂ ’ਤੇ ਜਾਮ ਲਗਾਇਆ ਅਤੇ ਟਾਇਰ ਅਤੇ ਫਰਨੀਚਰ ਸਾੜ ਕੇ ਰੋਸ ਜਤਾਇਆ। ਉਨ੍ਹਾਂ ਨੇ ਸਰਕਾਰੀ ਬੱਸਾਂ ਆਦਿ ਨੂੰ ਅੱਗ ਵੀ ਲਗਾ ਦਿੱਤੀ।
ਰਾਜਧਾਨੀ ‘ਇੰਫਾਲ’ ’ਚ ਰਾਜਭਵਨ ਤੋਂ ਲਗਭਗ 200 ਮੀਟਰ ਦੂਰ ‘ਕੰਗਲਾ ਗੇਟ’ ਦੇ ਸਾਹਮਣੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਦੇ ਲਈ ਸੁਰੱਖਿਆ ਫੋਰਸਾਂ ਨੂੰ ਅੱਥਰੂ ਗੈਸ ਛੱਡਣੀ ਪਈ ਅਤੇ 9 ਜੂਨ ਦੀ ਰਾਤ ਨੂੰ ਕਰਫਿਊ ਦਾ ਉਲੰਘਣ ਕਰਦੇ ਹੋਏ ਲੋਕ ਘਰਾਂ ਤੋਂ ਨਿਕਲ ਕੇ ਸੜਕਾਂ ’ਤੇ ਆ ਗਏ। ਉਨ੍ਹਾਂ ਨੇ ਇੰਫਾਲ (ਪੂਰਬ) ਜ਼ਿਲੇ ਦੇ ਸ਼ਹਿਰ ‘ਯਾਈਰੀਪੋਕ ਤੁਲੀਹਾਰ’ ’ਚ ਕੁਲੈਕਟਰ ਦੇ ਦਫਤਰ ਨੂੰ ਅੱਗ ਵੀ ਲਗਾ ਦਿੱਤੀ। ਜਿਸ ਤੋਂ ਬਾਅਦ ਸੂਬੇ ਦੇ 5 ਜ਼ਿਲਿਆਂ ’ਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ।
10 ਜੂਨ ਨੂੰ ਵੀ ਮੈਤੇਈ ਸੰਗਠਨ ‘ਅਰਾਮਬਾਈ ਤੇਂਗੋਲ’ ਦੇ ਨੇਤਾ ‘ਕਾਨਨ ਸਿੰਘ’ ਅਤੇ 4 ਹੋਰ ਨੇਤਾਵਾਂ ਦੀ ਿਬਨਾਂ ਸ਼ਰਤ ਿਰਹਾਈ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਪ੍ਰਦਰਸ਼ਨ ਕੀਤਾ ਅਤੇ ‘ਇੰਫਾਲ ਘਾਟੀ’ ਦੇ ਕਈ ਜ਼ਿਲਿਆਂ ’ਚ ਸੁਰੱਖਿਆ ਫੋਰਸਾਂ ਦੇ ਨਾਲ ਉਨ੍ਹਾਂ ਦੀਆਂ ਝੜਪਾਂ ਵੀ ਹੋਈਆਂ।
ਇਸ ਦੌਰਾਨ ਭਾਜਪਾ ਦੀ ਲੀਡਰਸ਼ਿਪ ਨੇ ਸਾਬਕਾ ਮੁੱਖ ਮੰਤਰੀ ‘ਐੱਨ.ਬੀਰੇਨ ਸਿੰਘ’ ਅਤੇ ਰਾਜ ਸਭਾ ਦੇ ਸੰਸਦ ਮੈਂਬਰ ‘ਲੋਸੇਂਬਾ ਸਮਾਜਾਓ’ ਨੂੰ ਦਿੱਲੀ ਸੱਦ ਲਿਆ ਹੈ। ਇਸ ਪਿਛੋਕੜ ’ਚ ਕੇਂਦਰ ਸਰਕਾਰ ਜਿੰਨੀ ਜਲਦੀ ਆਪਸ ’ਚ ਲੜ ਰਹੇ ਸਭ ਧਿਰਾਂ ਨੂੰ ਇਕੱਠਿਆਂ ਬਿਠਾ ਕੇ ਇਹ ਸਮੱਸਿਆ ਹੱਲ ਕਰ ਲਵੇਗੀ, ਓਨਾ ਹੀ ਚੰਗਾ ਹੈ।
ਜੰਗੀ ਪੱਖੋਂ ਅਹਿਮ ਇਸ ਸਰਹੱਦੀ ਸੂਬੇ ’ਚ ਲਗਾਤਾਰ ਪਿਛਲੇ ਦੋ ਸਾਲਾਂ ਤੋਂ ਹਿੰਸਾ ਦਾ ਜਾਰੀ ਰਹਿਣਾ ਅਤਿਅੰਤ ਚਿੰਤਾਜਨਕ ਹੈ ਕਿਉਂਕਿ ਇਸ ਦੇ ਸਿੱਟੇ ਵਜੋਂ ਸੂਬੇ ਦੇ ਲੋਕਾਂ ਦੀ ਸੁਰੱਖਿਆ ਅਤੇ ਜਾਇਦਾਦ ਹੀ ਨਹੀਂ ਸਗੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾਅ ’ਤੇ ਲੱਗੀ ਹੋਈ ਹੈ।
–ਵਿਜੇ ਕੁਮਾਰ