ਕਾਬੁਲ ਦੇ ਨਾਲ ਵਿਗੜਦੇ ਰਿਸ਼ਤੇ, ਇਸਲਾਮਾਬਾਦ ਦੇ ਲਈ ਖਤਰਾ
Saturday, Nov 08, 2025 - 04:21 PM (IST)
ਤੁਰਕੀ ਅਤੇ ਕਤਰ ਦੀ ਵਿਚੋਲਗੀ ’ਚ ਇਸਤਾਂਬੁਲ ’ਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਹੋਈ ਗੱਲਬਾਤ ਅੜਿੱਕੇ ’ਚ ਖਤਮ ਹੋ ਗਈ। ਮੇਜ਼ਬਾਨ ਦੇਸ਼ਾਂ ਵਲੋਂ ਅੰਤਿਮ ਪਲਾਂ ’ਚ ਸਮਝੌਤਾ ਕਰਾਉਣ ਦੇ ਯਤਨ ਅਸਫਲ ਰਹੇ ਹਨ। ਹਾਲਾਂਕਿ, ਕਤਰ ’ਚ ਹੋਈ ਜੰਗਬੰਦੀ ਅਜੇ ਵੀ ਜਾਰੀ ਹੈ।
ਦੋਵਾਂ ਧਿਰਾਂ ਨੇ ਇਕੋ ਜਿਹੇ ਕਾਰਨ ਦੱਸਦੇ ਹੋਏ ਗੱਲਬਾਤ ਦੇ ਟੁੱਟਣ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ। ਇਸਲਾਮਾਬਾਦ ਅਤੇ ਕਾਬੁਲ ਦੀ ਅਧਿਕਾਰਤ ਟਿੱਪਣੀ ਇਹ ਰਹੀ ਹੈ ਕਿ ਗੱਲਬਾਤ ਦੇ ਵਿਚਾਲੇ ਹੀ ਵਾਰਤਾਕਾਰਾਂ ਨੂੰ ਆਪਣੀਆਂ-ਆਪਣੀਆਂ ਰਾਜਧਾਨੀਆਂ ਤੋਂ ਫੋਨ ਕਾਲਾਂ ਆਈਆਂ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਰੁਖ ਸਖਤ ਕਰ ਲਿਆ, ਜਿਸ ਦੇ ਸਿੱਟੇ ਵਜੋਂ ਗੱਲਬਾਤ ਅਸਫਲ ਰਹੀ।
ਦੋਵਾਂ ਧਿਰਾਂ ’ਚ ਵੱਡੇ ਮਤਭੇਦ ਸਨ। ਪਾਕਿਸਤਾਨ ਨੇ ਜ਼ੋਰ ਦੇ ਕੇ ਕਿਹਾ ਕਿ ਅਫਗਾਨਿਸਤਾਨ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ’ਤੇ ਲਗਾਮ ਲਗਾਏ ਜੋ ਖੈਬਰ ਪਖਤੂਨਖਵਾ (ਕੇ. ਪੀ.) ’ਚ ਨਿਯਮਿਤ ਤੌਰ ’ਤੇ ਪਾਕਿਸਤਾਨੀ ਫੌਜ ਨੂੰ ਨਿਸ਼ਾਨਾ ਬਣਾਉਂਦੀ ਰਹੀ ਹੈ। ਇਸ ਦਾ ਮਤਲਬ ਸੀ ਕਿ ਅਫਗਾਨਿਸਤਾਨ ਨੂੰ ਪਾਕਿਸਤਾਨ ਦੀ ਸੁਰੱਖਿਆ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਦੂਜੇ ਪਾਸੇ ਅਫਗਾਨ ਵਾਰਤਾਕਾਰਾਂ ਨੇ ਮੰਗ ਕੀਤੀ ਕਿ ਪਾਕਿਸਤਾਨ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਅਮਰੀਕੀ ਡਰੋਨਾਂ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ਨੂੰ ਰੋਕੇ।
ਤਾਲਿਬਾਨ ਨੇ ਵਾਰ-ਵਾਰ ਕਿਹਾ ਹੈ ਕਿ ਟੀ. ਟੀ. ਪੀ. ਪਾਕਿਸਤਾਨ ਦੀ ਸਮੱਸਿਆ ਹੈ ਅਤੇ ਉਨ੍ਹਾਂ ਦੀ ਧਰਤੀ ’ਤੇ ਮੌਜੂਦ ਨਹੀਂ ਹੈ ਜਦਕਿ ਪਾਕਿਸਤਾਨ ਦਾ ਦਾਅਵਾ ਕੁਝ ਹੋਰ ਹੈ। ਅਮਰੀਕੀ ਡਰੋਨ ਦੇ ਮਾਮਲੇ ’ਚ, ਪਾਕਿਸਤਾਨ ਨੇ ਕਿਹਾ ਕਿ ਉਸ ਦਾ ਅਮਰੀਕਾ ਦੇ ਨਾਲ ਆਪਣਾ ਹਵਾਈ ਖੇਤਰ ਖੋਲ੍ਹਣ ਦਾ ਸਮਝੌਤਾ ਹੈ, ਜਿਸ ਨੂੰ ਉਹ ਤੋੜ ਨਹੀਂ ਸਕਦਾ ਹਾਲਾਂਕਿ ਉਸ ਨੇ ਸਿੱਧੇ ਤੌਰ ’ਤੇ ਅਮਰੀਕਾ ਦਾ ਨਾਂ ਨਹੀਂ ਲਿਆ। ਉਸ ਨੇ ਆਈ. ਐੱਸ. ਆਈ. (ਇਸਲਾਮਿਕ ਸਟੇਟ-ਖੁਰਾਸਾਨ ਪ੍ਰਾਂਤ) ’ਤੇ ਲਗਾਮ ਲਗਾਉਣ ਤੋਂ ਵੀ ਇਨਕਾਰ ਕਰ ਦਿੱਤਾ ਜੋ ਕਾਬੁਲ ਸ਼ਾਸਨ ਨੂੰ ਉਖਾੜ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ।
ਟੋਲੋ ਨਿਊਜ਼ ਅਨੁਸਾਰ, ‘ਤੁਰਕੀ ਅਤੇ ਕਤਰ ਦੇ ਵਿਚੋਲੇ ਵੀ ਗੱਲਬਾਤ ਦੌਰਾਨ ਪਾਕਿਸਤਾਨੀ ਪੱਖ ਦੇ ਵਿਵਹਾਰ ਤੋਂ ਹੈਰਾਨ ਅਤੇ ਪ੍ਰੇਸ਼ਾਨ ਸਨ।’ ਗੱਲਬਾਤ ਅਸਫਲ ਹੋਣ ਤੋਂ ਬਾਅਦ ਦੋਵਾਂ ਪੱਖਾਂ ਨੇ ਇਕ-ਦੂਜੇ ’ਤੇ ਹਮਲਾ ਹੋਣ ਦੀ ਸਥਿਤੀ ’ਚ ਹਮਲੇ ਦੀ ਧਕਮੀ ਦੇਣਾ ਸ਼ੁਰੂ ਕਰ ਦਿੱਤਾ। ਅੰਦਰੂਨੀ ਤੌਰ ’ਤੇ, ਮੀਡੀਆ ਨੇ ਇਕ-ਦੂਜੇ ’ਤੇ ਦੋਸ਼ ਲਗਾਉਂਦੇ ਹੋਏ ਰਾਸ਼ਟਰੀ ਭਾਵਨਾਵਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਹੈ।
ਆਪਣੇ ਗੁਆਂਢੀਆਂ ਨਾਲ ਪਾਕਿਸਤਾਨ ਦੇ ਸੰਬੰਧਾਂ ’ਤੇ, ਅਫਗਾਨ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਾਕੀ ਨੇ ਦਿੱਲੀ ’ਚ ਮਜ਼ਾਕ ਕੀਤਾ ਸੀ, ‘‘ਸਾਡੇ 5 ਹੋਰ ਗੁਆਂਢੀ ਹਨ। ਸਾਰੇ ਸਾਡੇ ਤੋਂ ਖੁਸ਼ ਹਨ ਅਤੇ ਸਿਰਫ ਪਾਕਿਸਤਾਨ ਨਾਲ ਸਮੱਸਿਆਵਾਂ ਹਨ।’’ ਪਾਕਿਸਤਾਨ ਦੀਆਂ ਮੌਜੂਦਾ ਸਮੇਂ ਆਪਣੇ ਤਿੰਨ ਪ੍ਰਮੁੱਖ ਗੁਆਂਢੀਆਂ-ਭਾਰਤ, ਈਰਾਨ ਅਤੇ ਅਫਗਾਨਿਸਤਾਨ ਨਾਲ ਸਰਹੱਦਾਂ ਤਣਾਅਪੂਰਨ ਹਨ। ਹੁਣ ਸਮਾਂ ਆ ਗਿਆ ਹੈ ਕਿ ਇਸਲਾਮਾਬਾਦ ਆਪਣੇ ਅੰਦਰ ਝਾਕੇ ਅਤੇ ਆਪਣੀਆਂ ਰਣਨੀਤੀਆਂ ਦਾ ਮੁੜ ਮੁਲਾਂਕਣ ਕਰੇ। ਆਪਣੀਆਂ ਨੀਤੀਆਂ ਨੂੰ ਨਜ਼ਰਅੰਦਾਜ਼ ਕਰ ਕੇ ਦੋਸ਼ ਕਿਸੇ ਹੋਰ ’ਤੇ ਮੜਨਾ ਉਨ੍ਹਾਂ ਦੀ ਆਦਤ ਰਹੀ ਹੈ।
ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾਹ ਤਰਾਰ ਨੇ ਸੋਸ਼ਲ ਮੀਡੀਆ ’ਤੇ ਟਿੱਪਣੀ ਕੀਤੀ ਕਿ ਵਾਰਤਾ ‘ਕੋਈ ਵਿਵਹਾਰਕ ਹੱਲ ਕੱਢਣ ’ਚ ਅਸਫਲ ਰਹੀ।’ ਅਜਿਹੀਆਂ ਖਬਰਾਂ ਹਨ ਕਿ ਵਾਰਤਾ ਅਸਫਲ ਹੋਣ ਦੇ ਤੁਰੰਤ ਬਾਅਦ ਟੀ. ਟੀ. ਪੀ. ਨੇ ਖੈਬਰ ਪਖਤੂਨਖਵਾ ’ਚ ਪਾਕਿਸਤਾਨੀ ਸੁਰੱਖਿਆ ਬਲਾਂ ਦੇ ਟਿਕਾਣਿਆਂ ’ਤੇ ਹਮਲੇ ਸ਼ੁਰੂ ਕਰ ਦਿੱਤੇ। ਜਾਣਕਾਰੀ ’ਚ ਇਹ ਵੀ ਕਿਹਾ ਹੈ ਕਿ ਪੇਸ਼ਾਵਰ ’ਚ ਅਣਪਛਾਤੇ ਬੰਦੂਕਧਾਰੀਆਂ ਨੇ ਆਈ. ਐੱਸ. ਆਈ. ਦੇ ਇਕ ਸੀਨੀਅਰ ਮੈਂਬਰ ਨੂੰ ਮਾਰ ਦਿੱਤਾ। ਉਹ ਅਫਗਾਨਿਸਤਾਨ ’ਚ ਹਮਲਿਆਂ ਦਾ ਤਾਲਮੇਲ ਬਿਠਾਉਣ ਲਈ ਜ਼ਿੰਮੇਵਾਰ ਸੀ।
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ, ਜਿਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਤਾਲਿਬਾਨ ਭਾਰਤ ਦੀ ਗੋਦ ’ਚ ਬੈਠਾ ਹੈ, ਨੇ ਹੁਣ ਇਸ ਅਸਫਲਤਾ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਤਾਲਿਬਾਨ ਨੂੰ ‘ਨਵੀਂ ਦਿੱਲੀ ਦਾ ਹਥਿਆਰ’ ਕਰਾਰ ਦਿੱਤਾ ਅਤੇ ਉਸ ਨੂੰ ਮਿਟਾ ਦੇਣ ਦੀ ਧਮਕੀ ਦਿੱਤੀ।
ਇਕ ਸੋਸ਼ਲ ਮੀਡੀਆ ਪੋਸਟ ’ਚ, ਬਹਾਦੁਰੀ ਦਿਖਾਉਂਦੇ ਹੋਏ ਆਸਿਫ ਨੇ ਕਿਹਾ, ‘‘ਅਸੀਂ ਬਹੁਤ ਲੰਬੇ ਸਮੇਂ ਤੱਕ ਤੁਹਾਡੇ ਵਿਸ਼ਵਾਸਘਾਤ ਅਤੇ ਮਜ਼ਾਕ ਨੂੰ ਸਹਿਣ ਕੀਤਾ ਹੈ ਪਰ ਹੁਣ ਹੋਰ ਨਹੀਂ।’’ ਇਹ ਉਹੀ ਪਾਕਿਸਤਾਨ ਹੈ ਜਿਸ ਨੂੰ ਹਾਲ ਹੀ ’ਚ ਭਾਰਤ ਅਤੇ ਤਾਲਿਬਾਨ, ਦੋਵਾਂ ਨੇ ਧੂੜ ਚਟਾ ਦਿੱਤੀ ਸੀ।
ਇਸਲਾਮਾਬਾਦ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਤਾਲਿਬਾਨ ਉਨ੍ਹਾਂ ਦੇ ਪ੍ਰਭਾਵ ਖੇਤਰ ਤੋਂ ਬਾਹਰ ਨਿਕਲ ਕੇ ਦਿੱਲੀ ਦੇ ਕਰੀਬ ਆ ਰਹੇ ਹਨ। ਇਹ ਅਗਸਤ, 2021 ਤੋਂ ਬਿਲਕੁੱਲ ਵੱਖਰਾ ਹੈ, ਜਦੋਂ ਤਾਲਿਬਾਨ ਨੇ ਅਮਰੀਕਾ ਨੂੰ ਦੇਸ਼ ਛੱਡਣ ’ਤੇ ਮਜਬੂਰ ਕਰ ਦਿੱਤਾ ਸੀ ਅਤੇ ਪਾਕਿਸਤਾਨ ਦਾ ਮੰਨਣਾ ਸੀ ਕਿ ਇਹ ਉਨ੍ਹਾਂ ਦੇ ਕੰਟਰੋਲ ’ਚ ਰਹੇਗਾ।
ਭਾਰਤ ਨੇ ਅਫਗਾਨਿਸਤਾਨ ਦਾ ਸਮਰਥਨ ਕੀਤਾ ਅਤੇ ਉਸ ਦੇ ਬੁਲਾਰੇ ਨੇ ਕਿਹਾ, ‘‘ਭਾਰਤ ਅਫਗਾਨਿਸਤਾਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਆਜ਼ਾਦੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।’’ ਪਾਕਿਸਤਾਨ ਆਪਣੇ ਦੋਵਾਂ ਪ੍ਰਮੁੱਖ ਗੁਆਂਢੀਆਂ, ਭਾਰਤ ਅਤੇ ਅਫਗਾਨਿਸਤਾਨ ਨਾਲ ਤਣਾਅ ਦਾ ਜੋਖਮ ਨਹੀਂ ਉਠਾ ਸਕਦਾ ਅਤੇ ਨਾਲ ਹੀ ਆਈ. ਐੱਸ. ਐੱਫ. ’ਚ ਭਾਗ ਨਹੀਂ ਲੈ ਸਕਦਾ। ਉਸ ਨੂੰ ਆਪਣੀਆਂ ਰਾਖਵੀਆਂ ਟੁਕੜੀਆਂ ਨੂੰ ਕੰਟਰੋਲ ਰੇਖਾ ਤੋਂ ਅਫਗਾਨ ਸਰਹੱਦ ’ਤੇ ਤਬਦੀਲ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਸ ਨੂੰ ਪਤਾ ਹੈ ਕਿ ਭਾਰਤ ਦੀ ਧਰਤੀ ’ਤੇ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਨਤੀਜਾ ‘ਆਪ੍ਰੇਸ਼ਨ ਸਿੰਧੂਰ 2.0’ ਹੋ ਸਕਦਾ ਹੈ।
-ਮੇਜਰ ਜਨਰਲ ਹਰਸ਼ ਕੱਕੜ (ਸੇਵਾਮੁਕਤ ਮੇਜਰ ਜਨਰਲ, ਭਾਰਤੀ ਫੌਜ)
