ਕਈ ਵਿਦੇਸ਼ੀਆਂ ਲਈ, ਮੋਦੀ ਖ਼ੁਦ ਦੇਸ਼ ਦਾ ਸਮਾਨਾਰਥੀ ਬਣੇ

Monday, Mar 02, 2026 - 04:16 PM (IST)

ਕਈ ਵਿਦੇਸ਼ੀਆਂ ਲਈ, ਮੋਦੀ ਖ਼ੁਦ ਦੇਸ਼ ਦਾ ਸਮਾਨਾਰਥੀ ਬਣੇ

ਦੁਨੀਆ ਭਰ ਦੇ ਹਵਾਈ ਅੱਡਿਆਂ ’ਤੇ ਇਮੀਗ੍ਰੇਸ਼ਨ ਕਾਊਂਟਰਾਂ ’ਤੇ, ਗੱਲਬਾਤ ’ਚ ਇਕ ਛੋਟਾ ਪਰ ਬਹੁਤ ਕੁਝ ਬਿਆਨ ਕਰ ਦੇਣ ਵਾਲਾ ਬਦਲਾਅ ਆਇਆ ਹੈ। ਪਹਿਲਾਂ, ਜਦੋਂ ਕੋਈ ਭਾਰਤੀ ਵਿਦੇਸ਼ ਯਾਤਰਾ ’ਤੇ ਜਾਂਦਾ ਸੀ ਅਤੇ ਕੋਈ ਉਨ੍ਹਾਂ ਤੋਂ ਪੁੱਛਦਾ ਸੀ, ‘‘ਤੁਸੀਂ ਕਿੱਥੋਂ ਹੋ?’’ ਤਾਂ ਜਵਾਬ ਸਿੱਧਾ ਹੁੰਦਾ ਸੀ, ‘‘ਮੈਂ ਇੰਡੀਆ ਤੋਂ ਹਾਂ।’’ ਕਦੇ-ਕਦੇ ਬਿਹਤਰ ਪ੍ਰਭਾਵ ਲਈ ਕੋਈ ‘ਦਿੱਲੀ ਦੇ ਨੇੜੇ’ ਜਾਂ ‘ਮੁੰਬਈ ਦੇ ਕੋਲ’ ਵੀ ਜੋੜ ਦਿੰਦਾ ਸੀ। ਦੇਸ਼ ਦਾ ਨਾਂ ਹੀ ਆਪਣੇ ਆਪ ’ਚ ਕਾਫ਼ੀ ਸੀ।

ਹੁਣ, ਅਕਸਰ ਪ੍ਰਤੀਕਿਰਿਆ ਵੱਖਰੀ ਹੁੰਦੀ ਹੈ। ‘‘ਓਹ, ਇੰਡੀਆ? ਮੋਦੀ!’’

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ ’ਤੇ ਆਪਣਾ ਨਾਂ ਇੰਨੀ ਮਜ਼ਬੂਤੀ ਨਾਲ ਦਰਜ ਕਰਾ ਦਿੱਤਾ ਹੈ ਕਿ ਕਈ ਵਿਦੇਸ਼ੀਆਂ ਲਈ, ਉਹ ਖ਼ੁਦ ਦੇਸ਼ ਦਾ ਪਰਿਆਇ (ਸਮਾਨਾਰਥੀ) ਬਣ ਗਏ ਹਨ। ਇਹ ਕੋਈ ਛੋਟੀ ਉਪਲਬਧੀ ਨਹੀਂ ਹੈ... ਵਡਨਗਰ ਤੋਂ ਵਿਸ਼ਵ ਮੰਚ ਤੱਕ।

ਭਾਰਤ ’ਚ ਪਹਿਲਾਂ ਵੀ ਵਿਸ਼ਵ ਪੱਧਰ ’ਤੇ ਸਤਿਕਾਰੇ ਜਾਣ ਵਾਲੇ ਆਗੂ ਰਹੇ ਹਨ। ਜਵਾਹਰ ਲਾਲ ਨਹਿਰੂ ਨਵੇਂ ਆਜ਼ਾਦ ਹੋਏ ਰਾਸ਼ਟਰਾਂ ’ਚ ਪ੍ਰਸ਼ੰਸਾ ਦੇ ਪਾਤਰ ਸਨ। ਇੰਦਰਾ ਗਾਂਧੀ ਦੀ ਸ਼ਖ਼ਸੀਅਤ ਬਹੁਤ ਪ੍ਰਭਾਵਸ਼ਾਲੀ ਸੀ। ਅਟਲ ਬਿਹਾਰੀ ਵਾਜਪਾਈ ਪ੍ਰਤੀ ਅਥਾਹ ਸਦਭਾਵਨਾ ਸੀ ਪਰ ਅੱਜ ਜੋ ਫਰਕ ਹੈ, ਉਹ ਹੈ ‘ਦ੍ਰਿਸ਼ਟਤਾ’। ਸੋਸ਼ਲ ਮੀਡੀਆ, 24 ਘੰਟੇ ਦੀਆਂ ਖ਼ਬਰਾਂ ਅਤੇ ਵਾਇਰਲ ਤਸਵੀਰਾਂ ਦੇ ਦੌਰ ’ਚ, ਲੀਡਰਸ਼ਿਪ ਹੁਣ ਸਿਰਫ਼ ਡਿਪਲੋਮੈਟਿਕ ਸੰਦੇਸ਼ਾਂ ਅਤੇ ਬੰਦ ਕਮਰਾ ਮੀਟਿੰਗਾਂ ਤੱਕ ਸੀਮਤ ਨਹੀਂ ਰਹਿ ਗਈ। ਇਹ ਟੈਲੀਵਿਜ਼ਨ ’ਤੇ ਦਿਖਾਈ ਦਿੰਦੀ ਹੈ, ਇਸ ਦੀਆਂ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ, ਇਸ ਨੂੰ ਟਵੀਟ ਕੀਤਾ ਜਾਂਦਾ ਹੈ ਅਤੇ ਵਾਰ-ਵਾਰ ਦੁਹਰਾਇਆ ਜਾਂਦਾ ਹੈ ਅਤੇ ਸ਼੍ਰੀ ਮੋਦੀ ਨੇ ਇਸ ਯੁੱਗ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਹੈ।

ਜਦੋਂ ਉਹ ਵਿਸ਼ਵ ਨੇਤਾਵਾਂ ਨੂੰ ਗਲੇ ਲਗਾਉਂਦੇ ਹਨ, ਤਾਂ ਉਹ ‘ਮੀਮ’ ਬਣ ਜਾਂਦਾ ਹੈ। ਜਦੋਂ ਉਹ ਨਿਊਯਾਰਕ ਜਾਂ ਸਿਡਨੀ ’ਚ ਪ੍ਰਵਾਸੀ ਭਾਰਤੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹਨ, ਤਾਂ ਉਹ ਟ੍ਰੈਂਡ ਕਰਦਾ ਹੈ। ਜਦੋਂ ਉਹ ਵਿਸ਼ਵ ਮੰਚਾਂ ’ਤੇ ਬੋਲਦੇ ਹਨ, ਤਾਂ ਕੈਮਰੇ ਉਨ੍ਹਾਂ ’ਤੇ ਟਿਕੇ ਰਹਿੰਦੇ ਹਨ।

ਨਿੱਜੀ ਬ੍ਰਾਂਡਿੰਗ ਦੀ ਸ਼ਕਤੀ : ਪਿਛਲੇ ਦਹਾਕਿਆਂ ’ਚ, ਭਾਰਤ ਦੀ ਵਿਦੇਸ਼ ਨੀਤੀ ਨੂੰ ਅਕਸਰ ਸੁਚੇਤ, ਮਿਣੀ-ਤੁਲੀ ਅਤੇ ਕਦੇ-ਕਦੇ ਝਿਜਕ ਭਰੀ ਦੱਸਿਆ ਜਾਂਦਾ ਸੀ। ਅੱਜ, ਇਹ ਕਿਤੇ ਵੱਧ ਮੁਖਰ ਦਿਖਾਈ ਦਿੰਦੀ ਹੈ—ਕਦੇ ਦਲੇਰਾਨਾ, ਕਦੇ ਵਿਵਾਦਪੂਰਨ ਪਰ ਸ਼ਾਇਦ ਹੀ ਕਦੇ ਅਦਿੱਖ।

ਮੋਦੀ ਨੇ ਰਾਸ਼ਟਰੀ ਬ੍ਰਾਂਡ ਦੇ ਨਾਲ-ਨਾਲ ਇਕ ਮਜ਼ਬੂਤ ਨਿੱਜੀ ਬ੍ਰਾਂਡ ਬਣਾਇਆ ਹੈ। ਹੁਣ ਇਹ ਦੋਵੇਂ ਨਾਲ-ਨਾਲ ਚੱਲਦੇ ਹਨ। ਜਦੋਂ ਉਹ ਟਰੰਪ, ਵਲਾਦੀਮੀਰ ਪੁਤਿਨ ਜਾਂ ਇਮੈਨੁਅਲ ਮੈਕਰੋਂ ਵਰਗੇ ਨੇਤਾਵਾਂ ਨੂੰ ਮਿਲਦੇ ਹਨ, ਤਾਂ ਦੇਸ਼ ’ਚ ਉਨ੍ਹਾਂ ਦੇ ਹਾਵ-ਭਾਵ ਨੂੰ ਧਿਆਨ ਨਾਲ ਦੇਖਿਆ ਜਾਂਦਾ ਹੈ। ਤਸਵੀਰਾਂ ਦਾ ਅਧਿਐਨ ਪਰਿਵਾਰਕ ਐਲਬਮਾਂ ਵਾਂਗ ਕੀਤਾ ਜਾਂਦਾ ਹੈ। ਬਾਡੀ ਲੈਂਗੁਏਜ ਦਾ ਵਿਸ਼ਲੇਸ਼ਣ ਕ੍ਰਿਕਟ ਮੈਚ ਦੇ ਰੀਪਲੇਅ ਵਾਂਗ ਹੁੰਦਾ ਹੈ। ਉਨ੍ਹਾਂ ਨੇ ਖ਼ੁਦ ਨੂੰ ਵਿਚਾਰਧਾਰਕ ਸੀਮਾਵਾਂ ਤੋਂ ਪਰ੍ਹੇ, ਕਈ ਸ਼ਕਤੀਸ਼ਾਲੀ ਨੇਤਾਵਾਂ ਦੇ ਦੋਸਤ ਵਜੋਂ ਸਥਾਪਿਤ ਕੀਤਾ ਹੈ।

ਸਮਰਥਕਾਂ ਲਈ ਇਹ ਸ਼ਕਤੀ ਦਾ ਸੰਕੇਤ ਹੈ, ਜਦਕਿ ਆਲੋਚਕਾਂ ਲਈ ਇਹ ਅਕਸ ਦੇ ਬਹੁਤ ਜ਼ਿਆਦਾ ਕੇਂਦਰੀਕਰਨ ਦਾ ਸੰਕੇਤ ਹੋ ਸਕਦਾ ਹੈ ਪਰ ਜੋ ਵੀ ਹੋਵੇ, ਇਹ ‘ਮੌਜੂਦਗੀ’ ਦਾ ਸੰਕੇਤ ਜ਼ਰੂਰ ਹੈ।

ਇਸ ਵਿਸ਼ਵਵਿਆਪੀ ਪਛਾਣ ਦੇ ਸਭ ਤੋਂ ਵੱਡੇ ਕਾਰਨਾਂ ’ਚੋਂ ਇਕ ਪ੍ਰਵਾਸੀ ਭਾਰਤੀ ਹਨ। ਸਿਲੀਕਾਨ ਵੈਲੀ ਤੋਂ ਲੰਡਨ ਤੱਕ, ਦੁਬਈ ਤੋਂ ਸਿੰਗਾਪੁਰ ਤੱਕ, ਵਿਦੇਸ਼ਾਂ ’ਚ ਭਾਰਤੀ ਇਕ ਮਜ਼ਬੂਤ ਅਤੇ ਮੁਖਰ ਭਾਈਚਾਰੇ ਵਜੋਂ ਉਭਰੇ ਹਨ। ਮੋਦੀ ਨੇ ਉਨ੍ਹਾਂ ਨਾਲ ਇਸ ਤਰ੍ਹਾਂ ਸਿੱਧਾ ਸੰਵਾਦ ਕੀਤਾ ਹੈ ਜਿਵੇਂ ਪਹਿਲਾਂ ਕਿਸੇ ਨੇਤਾ ਨੇ ਨਹੀਂ ਕੀਤਾ ਸੀ। ਸਟੇਡੀਅਮ ਵਰਗੇ ਵੱਡੇ ਸਮਾਗਮ, ਜੋਸ਼ੀਲੇ ਭਾਸ਼ਣ, ਨਾਅਰੇ, ਝੰਡੇ—ਇਹ ਕੂਟਨੀਤੀ ਘੱਟ ਅਤੇ ਇਕ ਉਤਸਵ ਵੱਧ ਲੱਗਦਾ ਹੈ।

ਇਕ ਹੋਰ ਸੂਖਮ ਬਦਲਾਅ ਆਇਆ ਹੈ। ਅੰਤਰਰਾਸ਼ਟਰੀ ਮੰਚਾਂ ’ਤੇ ਹੁਣ ‘ਭਾਰਤ’ ਸ਼ਬਦ ਜ਼ਿਆਦਾ ਸੁਣਾਈ ਦਿੰਦਾ ਹੈ। ਦੇਸ਼ ਦੀ ਆਧੁਨਿਕ ਪਛਾਣ ਦੇ ਨਾਲ-ਨਾਲ ਉਸਦੀ ਸੱਭਿਅਤਾ ਦੀ ਪਛਾਣ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਾਚੀਨ ਮੰਦਰ ਅਤੇ ਅਤਿ-ਆਧੁਨਿਕ ਤਕਨੀਕ ਵਾਲਾ ਦੇਸ਼। ਯੋਗਾ ਅਤੇ ਡਿਜੀਟਲ ਭੁਗਤਾਨ ਵਾਲਾ ਦੇਸ਼। ਪਰੰਪਰਾ ਅਤੇ ਸਟਾਰਟਅੱਪ ਵਾਲਾ ਦੇਸ਼। ਸੱਭਿਆਚਾਰਕ ਪ੍ਰਤੀਕਾਂ-ਮੰਦਰਾਂ, ਵਿਰਾਸਤ, ਅਧਿਆਤਮਿਕਤਾ ਨੂੰ ਆਰਥਿਕ ਅਤੇ ਤਕਨੀਕੀ ਅਭਿਲਾਸ਼ਾਵਾਂ ਦੇ ਨਾਲ ਸਾਹਮਣੇ ਰੱਖ ਕੇ, ਮੋਦੀ ਨੇ ਭਾਰਤ ਨੂੰ ਪ੍ਰਾਚੀਨ ਅਤੇ ਉਤਸ਼ਾਹੀ, ਦੋਵਾਂ ਰੂਪਾਂ ’ਚ ਪੇਸ਼ ਕੀਤਾ ਹੈ।

ਸ਼ਾਨੋ-ਸ਼ੌਕਤ ਸੋਚ-ਸਮਝ ਕੇ ਤਿਆਰ ਕੀਤੀ ਗਈ : 

ਆਧੁਨਿਕ ਯੁੱਗ ਦਾ ਹਰ ਪ੍ਰਭਾਵਸ਼ਾਲੀ ਨੇਤਾ ਸ਼ਾਨੋ-ਸ਼ੌਕਤ ਦੀ ਮਹੱਤਤਾ ਨੂੰ ਸਮਝਦਾ ਹੈ। ਵਿਸ਼ਾਲ ਰੈਲੀਆਂ, ਸ਼ਾਨਦਾਰ ਆਯੋਜਨ ਅਤੇ ਸੋਚ-ਸਮਝ ਕੇ ਤਿਆਰ ਕੀਤੇ ਗਏ ਅੰਤਰਰਾਸ਼ਟਰੀ ਦੌਰੇ। ਆਲੋਚਕ ਇਸ ਨੂੰ ਤਮਾਸ਼ਾ ਕਹਿ ਸਕਦੇ ਹਨ, ਸਮਰਥਕ ਇਸ ਨੂੰ ਆਤਮਵਿਸ਼ਵਾਸ ਕਹਿ ਸਕਦੇ ਹਨ, ਪਰ ਕੋਈ ਵੀ ਇਸ ਨੂੰ ਬੋਰਿੰਗ ਨਹੀਂ ਕਹਿ ਸਕਦਾ।

ਸਾਵਧਾਨੀ ਨਾਲ ਚੁਣੀ ਗਈ ਪੋਸ਼ਾਕ, ਚਿੱਟੀ ਦਾੜ੍ਹੀ, ਭਾਸ਼ਣਾਂ ਦੌਰਾਨ ਜਾਣ-ਬੁੱਝ ਕੇ ਲਿਆ ਗਿਆ ਠਹਿਰਾਅ—ਇਹ ਮਹਿਜ਼ ਇਤਫ਼ਾਕ ਨਹੀਂ ਹਨ। ਇਹ ਇਕ ਪਛਾਣਨ ਯੋਗ ਵਿਸ਼ਵਵਿਆਪੀ ਸ਼ਖ਼ਸੀਅਤ ਦੇ ਨਿਰਮਾਣ ’ਚ ਯੋਗਦਾਨ ਪਾਉਂਦੇ ਹਨ। ਅਜਿਹੀ ਦੁਨੀਆ ’ਚ ਜਿੱਥੇ ਨੇਤਾ ਜਲਦੀ ਭੁੱਲ ਜਾਂਦੇ ਹਨ, ਉੱਥੇ ਪਛਾਣ ਮਾਅਨੇ ਰੱਖਦੀ ਹੈ।

ਬੇਸ਼ੱਕ, ਕੋਈ ਵੀ ਨੇਤਾ ਆਲੋਚਨਾ ਤੋਂ ਪਰ੍ਹੇ ਨਹੀਂ ਹੈ। ਦੇਸ਼ ਦੇ ਅੰਦਰ ਬੇਰੁਜ਼ਗਾਰੀ, ਸਮਾਜਿਕ ਸਦਭਾਵਨਾ, ਪ੍ਰੈੱਸ ਦੀ ਆਜ਼ਾਦੀ ਅਤੇ ਸੰਘੀ ਤਣਾਅ ਬਾਰੇ ਬਹਿਸਾਂ ਹੁੰਦੀਆਂ ਹਨ। ਇਹ ਗੱਲਬਾਤ ਅਸਲੀ ਅਤੇ ਨਿਰੰਤਰ ਹੈ। ਭਾਰਤ ਵਰਗੇ ਵਿਸ਼ਾਲ ਅਤੇ ਵਿਭਿੰਨਤਾ ਭਰਪੂਰ ਲੋਕਤੰਤਰ ’ਚ ਮਤਭੇਦ ਹੋਣਾ ਸੁਭਾਵਿਕ ਹੈ ਪਰ ਇੱਥੇ ਇਕ ਦਿਲਚਸਪ ਨੁਕਤਾ ਹੈ— ਅੰਤਰਰਾਸ਼ਟਰੀ ਦ੍ਰਿਸ਼ਟਤਾ ਸਵੈ-ਚਾਲਿਤ ਤੌਰ ’ਤੇ ਸਰਵਵਿਆਪੀ ਸਹਿਮਤੀ ਨਹੀਂ ਹੁੰਦੀ। ਇਸ ਦਾ ਸਿੱਧਾ ਮਤਲਬ ‘ਪ੍ਰਭਾਵ’ ਹੈ।

ਵਿਦੇਸ਼ਾਂ ’ਚ ਆਲੋਚਕ ਵੀ ਉਨ੍ਹਾਂ ਦਾ ਨਾਂ ਜਾਣਦੇ ਹਨ ਅਤੇ ਵਿਸ਼ਵ ਰਾਜਨੀਤੀ ’ਚ, ਜਾਣਿਆ ਜਾਣਾ ਹੀ ਅਕਸਰ ਸੁਣੇ ਜਾਣ ਵੱਲ ਪਹਿਲਾ ਕਦਮ ਹੁੰਦਾ ਹੈ।

ਇਕ ਔਸਤ ਭਾਰਤੀ ਯਾਤਰੀ ਲਈ, ਇਹ ਇਕ ਛੋਟਾ ਮਨੋਵਿਗਿਆਨਕ ਹੁਲਾਰਾ ਹੁੰਦਾ ਹੈ ਜਦੋਂ ਕੋਈ ਵਿਦੇਸ਼ੀ ਉਨ੍ਹਾਂ ਦੇ ਦੇਸ਼ ਨੂੰ ਤੁਰੰਤ ਪਛਾਣ ਲੈਂਦਾ ਹੈ। ਪਹਿਲਾਂ, ਕਿਸੇ ਨੂੰ ਇਹ ਦੱਸਣਾ ਪੈਂਦਾ ਸੀ ਕਿ ਨਕਸ਼ੇ ’ਤੇ ਭਾਰਤ ਕਿੱਥੇ ਹੈ। ਅੱਜ, ਤਕਨੀਕ, ਆਰਥਿਕਤਾ, ਪੁਲਾੜ ਮਿਸ਼ਨ ਅਤੇ ਲੀਡਰਸ਼ਿਪ ਨੇ ਜਾਗਰੂਕਤਾ ਵਧਾ ਦਿੱਤੀ ਹੈ।

ਜਦੋਂ ਕੋਈ ਕਹਿੰਦਾ ਹੈ, ‘ਆਹ, ਮੋਦੀ!’, ਤਾਂ ਇਹ ਸੰਕੇਤ ਦਿੰਦਾ ਹੈ ਕਿ ਭਾਰਤ ਨੇ ਵਿਸ਼ਵ ਦੀ ਕਲਪਨਾ ’ਚ ਆਪਣੀ ਜਗ੍ਹਾ ਬਣਾ ਲਈ ਹੈ। 1.4 ਅਰਬ ਲੋਕਾਂ ਦੇ ਦੇਸ਼ ਨੂੰ ਇਕ ਵਿਅਕਤੀ ਤੱਕ ਸੀਮਤ ਕਰਨਾ ਭਾਵੇਂ ਸਰਲ ਲੱਗੇ, ਪਰ ਅੰਤਰਰਾਸ਼ਟਰੀ ਸਬੰਧਾਂ ’ਚ ਚਿਹਰੇ ਅਕਸਰ ਝੰਡਿਆਂ ਦੀ ਨੁਮਾਇੰਦਗੀ ਕਰਦੇ ਹਨ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਪ੍ਰਤੀਕ ਬਣ ਜਾਂਦੇ ਹਨ ਅਤੇ ਵਰਤਮਾਨ ’ਚ, ਮੋਦੀ ਸਭ ਤੋਂ ਵੱਧ ਪਛਾਣੇ ਜਾਣ ਵਾਲੇ ਭਾਰਤੀ ਸਿਆਸੀ ਚਿਹਰੇ ਹਨ।

ਅਸਲੀ ਪ੍ਰੀਖਿਆ ਹਾਲਾਂਕਿ ਇਸ ਦੀ ਨਿਰੰਤਰਤਾ ਦੀ ਹੋਵੇਗੀ।

ਕੀ ਇਹ ਪਛਾਣ ਲੰਬੇ ਸਮੇਂ ਦੀ ਸੰਸਥਾਗਤ ਤਾਕਤ ’ਚ ਬਦਲੇਗੀ? ਕੀ ਭਵਿੱਖ ’ਚ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਕੋਈ ਵੀ ਬੈਠੇ, ਭਾਰਤ ਦੀ ਵਿਸ਼ਵ ਪੱਧਰੀ ਸਥਿਤੀ ਇਸੇ ਤਰ੍ਹਾਂ ਮਜ਼ਬੂਤ ​​ਰਹੇਗੀ? ਇਹ ਸੱਚੀ ਪਰਿਪੱਕਤਾ ਦੀ ਪਛਾਣ ਹੈ।

ਫਿਲਹਾਲ, ਜਦੋਂ ਕੋਈ ਭਾਰਤੀ ਵਿਦੇਸ਼ ’ਚ ਮੁਸਕਰਾਉਂਦਾ ਹੈ ਅਤੇ ਕਹਿੰਦਾ ਹੈ, ‘ਹਾਂ, ਮੈਂ ਭਾਰਤ ਤੋਂ ਹਾਂ’ ਅਤੇ ਜਵਾਬ ਆਉਂਦਾ ਹੈ, ‘ਮੋਦੀ!’, ਤਾਂ ਇਹ ਉਸ ਦਹਾਕੇ ਨੂੰ ਦਰਸਾਉਂਦਾ ਹੈ ਜਿਸ ’ਚ ਭਾਰਤ ਨੇ ਖ਼ੁਦ ਨੂੰ ਜ਼ੋਰ-ਸ਼ੋਰ ਨਾਲ ਅਤੇ ਸਪੱਸ਼ਟ ਰੂਪ ’ਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ।

ਭਾਵੇਂ ਲੋਕ ਇਸ ਨੂੰ ਚੰਗਾ ਮੰਨਣ ਜਾਂ ਬੁਰਾ, ਜਦੋਂ ਅੱਜ ਬਹੁਤ ਸਾਰੇ ਲੋਕ ਭਾਰਤ ਬਾਰੇ ਸੋਚਦੇ ਹਨ, ਤਾਂ ਉਹ ਨਰਿੰਦਰ ਮੋਦੀ ਬਾਰੇ ਸੋਚਦੇ ਹਨ ਅਤੇ ਇਹ ਆਪਣੇ ਆਪ ’ਚ ਇਕ ਮਹੱਤਵਪੂਰਨ ਸਿਆਸੀ ਉਪਲਬਧੀ ਹੈ।

ਦੇਵੀ ਐੱਮ.ਚੇਰੀਅਨ


author

Rakesh

Content Editor

Related News