ਏ. ਆਈ. ਲਈ ‘ਹਾਂ’, ਪਰ ਕੁਝ ਡਰ ਵੀ

Sunday, Feb 22, 2026 - 04:20 PM (IST)

ਏ. ਆਈ. ਲਈ ‘ਹਾਂ’, ਪਰ ਕੁਝ ਡਰ ਵੀ

ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਆ ਚੁੱਕਾ ਹੈ। ਇਹ ਸੱਚ ਹੈ ਕਿ ਏ. ਆਈ. ਮਨੁੱਖੀ ਸਮਰੱਥਾ ਅਤੇ ਉਤਪਾਦਕਤਾ ਨੂੰ ਕਈ ਗੁਣਾ ਵਧਾ ਦੇਵੇਗਾ।

ਭਾਰਤ ਕੋਲ ਮਨੁੱਖੀ ਸਰੋਤਾਂ ਦਾ ਇਕ ਵਿਸ਼ਾਲ ਅਤੇ ਵਧਦਾ ਹੋਇਆ ਖ਼ਜ਼ਾਨਾ ਹੈ (ਘੱਟੋ-ਘੱਟ 2050 ਤੱਕ)। ਹਾਲਾਂਕਿ, ਇਸ ਦੀ ਗੁਣਵੱਤਾ ਵਿਕਸਿਤ ਦੇਸ਼ਾਂ ਦੇ ਮਨੁੱਖੀ ਸਰੋਤਾਂ ਤੋਂ ਕਾਫ਼ੀ ਭਿੰਨ ਹੈ। ਇਕ ਵਿਕਸਿਤ ਦੇਸ਼ ’ਚ, ਵਿਵਹਾਰਕ ਰੂਪ ’ਚ ਹਰ ਕੋਈ ਸਕੂਲੀ ਸਿੱਖਿਆ ਪ੍ਰਾਪਤ ਹੈ ਅਤੇ ਇਕ ਵੱਡਾ ਹਿੱਸਾ ਕਾਲਜ-ਸਿੱਖਿਅਤ ਹੈ। ਉੱਥੇ ਜੀਵਨ ਭਰ ਸਿੱਖਣ ਅਤੇ ਨਵੇਂ ਹੁਨਰ ਹਾਸਲ ਕਰਨ ਦਾ ਮੌਕਾ ਹੈ। ਭਾਰਤ ’ਚ, ‘ਜਨਸੰਖਿਆ ਲਾਭ’ ਆਪਣੇ ਨਾਲ ਜਨਸੰਖਿਆ ਬੋਝ ਵੀ ਲੈ ਕੇ ਆਉਂਦਾ ਹੈ, ਜਦਕਿ ਪ੍ਰਾਇਮਰੀ ਪੱਧਰ ’ਤੇ ਸਕੂਲੀ ਦਾਖਲਾ ਬਹੁਤ ਜ਼ਿਆਦਾ ਹੈ, ਪਰ ਉੱਚ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਪੱਧਰਾਂ ’ਤੇ ਦਾਖਲੇ ’ਚ ਹਰ ਪੜਾਅ ’ਤੇ ਗਿਰਾਵਟ ਆਉਂਦੀ ਹੈ। ਉੱਚ ਸਿੱਖਿਆ ’ਚ ਕੁੱਲ ਦਾਖਲਾ ਅਨੁਪਾਤ (ਜੀ. ਈ. ਆਰ.) 45-50 ਫੀਸਦੀ ਦੇ ਵਿਚਾਲੇ ਹੈ। ਕਾਲਜ ’ਚ ਦਾਖਲ ਜ਼ਿਆਦਾਤਰ ਵਿਦਿਆਰਥੀ ਅਜਿਹੀ ਗ੍ਰੈਜੂਏਸ਼ਨ ਡਿਗਰੀ ਪ੍ਰਾਪਤ ਕਰਦੇ ਹਨ ਜੋ ਉਨ੍ਹਾਂ ਨੂੰ ‘ਹੁਨਰਮੰਦ’ ਜਾਂ ‘ਰੋਜ਼ਗਾਰ ਯੋਗ’ ਨਹੀਂ ਬਣਾਉਂਦੀ—ਇਹੀ ਮੁੱਖ ਕਾਰਨ ਹੈ ਕਿ ਨੌਜਵਾਨ ਮਰਦਾਂ ਅਤੇ ਔਰਤਾਂ ਲਈ ਢੁੱਕਵੀਂ ਨੌਕਰੀ ਲੱਭਣਾ ਇਕ ਕਠਿਨ ਕਾਰਜ ਹੈ।

ਭਵਿੱਖ ਅਤੇ ਡਰ ਵੀ : ਮੈਂ ਸ਼੍ਰੀ ਡਾਰੀਓ ਅਮੋਦੇਈ (ਸੀ. ਈ. ਓ., ਐਂਥ੍ਰੋਪਿਕ) ਦੇ ਕਾਪੀਰਾਈਟ ਵਾਲੇ 38 ਪੰਨਿਆਂ ਦੇ ਨਿਬੰਧ ‘ਦਿ ਐਡੋਲਸੈਂਸ ਆਫ਼ ਟੈਕਨਾਲੋਜੀ’ ਦੀ ਸਮੀਖਿਆ ਦਾ ਸਾਰ ਪੜ੍ਹਿਆ ਹੈ। ਆਰਥਿਕ ਉਥਲ-ਪੁਥਲ ’ਤੇ, ਉਹ ਕਹਿੰਦੇ ਹਨ ਕਿ ਏ. ਆਈ. ਲੇਬਰ ਬਾਜ਼ਾਰਾਂ ਨੂੰ ‘ਅਸਾਧਾਰਨ ਗਤੀ ਨਾਲ ਅਤੇ ਵਿਆਪਕ ਪੇਸ਼ੇਵਰ ਸ਼੍ਰੇਣੀਆਂ ’ਚ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਸੰਭਾਵਿਤ ਤੌਰ ’ਤੇ ਨੌਕਰੀਆਂ ਦਾ ਇਕ ਵੱਡਾ ਹਿੱਸਾ ਖ਼ਤਮ ਹੋ ਸਕਦਾ ਹੈ, ਵਿਸ਼ੇਸ਼ ਤੌਰ ’ਤੇ ਨਜ਼ਦੀਕੀ ਭਵਿੱਖ ’ਚ ਵ੍ਹਾਈਟ-ਕਾਲਰ ਕੰਮ।’ ਇਹ ਡਰਾਉਣਾ ਹੈ। ਭਾਰਤ ’ਚ ਇਕ ਹੋਰ ਅਧਿਐਨ ’ਚ ਪਾਇਆ ਗਿਆ ਕਿ ਏ. ਆਈ. ਜਾਤ ਨੂੰ ਪਛਾਣਦਾ ਹੈ। ਜੇਕਰ ਮਨੁੱਖਾਂ ਨੇ ਏ. ਆਈ. ਨੂੰ ਜਾਤ-ਪੱਖਪਾਤ ਸਿਖਾਇਆ ਹੈ, ਤਾਂ ਇਹ ਹੋਰ ਵੀ ਡਰਾਉਣਾ ਹੈ।

ਮਾਣਯੋਗ ਪ੍ਰਧਾਨ ਮੰਤਰੀ ਸਹੀ ਹਨ ਕਿ ਏ. ਆਈ. ਭਵਿੱਖ ਅਤੇ ਕਿਸਮਤ ਦੇ ਦੁਆਰ ਖੋਲ੍ਹੇਗਾ ਪਰ ਇਹ ਡਰ ਵੀ ਹੈ ਕਿ ਨੌਕਰੀਆਂ ਚਲੀਆਂ ਜਾਣਗੀਆਂ। ਨਿਯਮਿਤ ਅਤੇ ਦੁਹਰਾਉਣ ਵਾਲੇ ਕੰਮ ਜਿਵੇਂ ਟਿਕਟ ਜਾਰੀ ਕਰਨ ਵਾਲੇ ਅਤੇ ਚੈੱਕ ਕਰਨ ਵਾਲੇ, ਬੱਸ ਅਤੇ ਟ੍ਰੇਨ ਕੰਡਕਟਰ, ਰੇਲ ਸਿਗਨਲਮੈਨ, ਟ੍ਰੈਫਿਕ ਪੁਲਸ ਅਧਿਕਾਰੀ, ਸਟੈਨੋਗ੍ਰਾਫਰ ਅਤੇ ਟਾਈਪਿਸਟ, ਟੂਰਿਸਟ ਗਾਈਡ, ਅਨੁਵਾਦਕ, ਲੈਬ ਟੈਕਨੀਸ਼ੀਅਨ, ਬੈਂਕ ਟੈਲਰ, ਨਿੱਜੀ ਟਿਊਟਰ ਆਦਿ ਗਾਇਬ ਹੋ ਸਕਦੇ ਹਨ। ਮਾਈਕ੍ਰੋਸਾਫਟ ਦੇ ਸੀ. ਈ. ਓ. ਨੇ ਕਿਹਾ ਕਿ ਵ੍ਹਾਈਟ ਕਾਲਰ ਨੌਕਰੀਆਂ ’ਚ ਕਈ ਕਾਰਜਾਂ ਨੂੰ ਆਟੋਮੈਟਿਕ ਕੀਤਾ ਜਾਵੇਗਾ। ਕੰਪਨੀ ਨੇ 2025 ’ਚ ਹਜ਼ਾਰਾਂ ਨੌਕਰੀਆਂ ਖ਼ਤਮ ਕਰ ਦਿੱਤੀਆਂ। ਟਾਟਾ ਕੰਸਲਟੈਂਸੀ ਸਰਵਿਸਿਜ਼ ਨੇ 2025 ’ਚ ਐਲਾਨ ਕੀਤਾ ਕਿ ਉਹ ਪੁਨਰਗਠਨ ਅਭਿਆਸ ਦੇ ਹਿੱਸੇ ਵਜੋਂ 12,000 ਤੋਂ ਵੱਧ ਕਰਮਚਾਰੀਆਂ ਨੂੰ ‘ਛੱਡ’ ਦੇਵੇਗੀ। ਸ਼੍ਰੀ ਵਿਨੋਦ ਖੋਸਲਾ ਨੇ ਭਵਿੱਖਬਾਣੀ ਕੀਤੀ ਹੈ ਕਿ ਏ. ਆਈ. ਆਈ. ਟੀ. ਸੇਵਾਵਾਂ ਨੂੰ ਸਮਾਪਤ ਕਰ ਸਕਦਾ ਹੈ ਅਤੇ ਬੀ. ਪੀ. ਓ. ਫਰਮਾਂ ਅਗਲੇ 4 ਸਾਲਾਂ ਦੇ ਅੰਦਰ ਲਗਭਗ ਗਾਇਬ ਹੋ ਸਕਦੀਆਂ ਹਨ।

ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਨੌਕਰੀਆਂ ਦੀ ਕਮੀ ਹੈ। ਵਰਤਮਾਨ ‘ਅਧਿਕਾਰਤ’ ਬੇਰੋਜ਼ਗਾਰੀ ਦਰ 5.1 ਫੀਸਦੀ ਹੈ ਪਰ ਅਸੀਂ ਜਾਣਦੇ ਹਾਂ ਕਿ ਇਹ ਜ਼ਿਆਦਾ ਹੈ। ਨੌਜਵਾਨ ਬੇਰੋਜ਼ਗਾਰੀ ਦਰ 15 ਫੀਸਦੀ ਹੈ। ਲੱਗਭਗ 55 ਫੀਸਦੀ ‘ਨਿਯੋਜਿਤ’ ਲੋਕ ਸਵੈ-ਰੋਜ਼ਗਾਰ ਜਾਂ ਦਿਹਾੜੀਦਾਰ ਲੇਬਰ ’ਚ ਹਨ। ਜੇਕਰ ਸ਼ਹਿਰੀ ਬਲੂ-ਕਾਲਰ ਨੌਕਰੀਆਂ ਵੀ ਦੁਰਲੱਭ ਹੋ ਜਾਂਦੀਆਂ ਹਨ ਅਤੇ ਬੇਰੋਜ਼ਗਾਰੀ ਸੂਚਨਾ ਤਕਨਾਲੋਜੀ ਜਿਹੇ ‘ਹੁਨਰਮੰਦ’ ਖੇਤਰਾਂ ’ਚ ਸਿੱਖਿਅਤ ਨੌਜਵਾਨਾਂ ਤੱਕ ਫੈਲ ਜਾਂਦੀ ਹੈ, ਤਾਂ ਸਥਿਤੀ ਵਿਸਫੋਟਕ ਹੋ ਜਾਵੇਗੀ।

ਜਿੱਥੋਂ ਤੱਕ ਮੈਨੂੰ ਪਤਾ ਹੈ, ਭਾਰਤ ਸਮੇਤ ਦੁਨੀਆ ਅਜੇ ਤੱਕ ਹੱਲਾਂ ਨਾਲ ਤਿਆਰ ਨਹੀਂ ਹੈ। ਮੁੱਖ ਆਰਥਿਕ ਸਲਾਹਕਾਰ ਨੇ ਉੱਨਤ ਅਰਥਵਿਵਸਥਾਵਾਂ (ਜਨਸੰਖਿਆ ਗਿਰਾਵਟ ਦਾ ਸਾਹਮਣਾ ਕਰਨ ਵਾਲੇ, ਜਿੱਥੇ ਏ. ਆਈ. ਇਕ ਪਲੱਸ ਹੋ ਸਕਦਾ ਹੈ) ਅਤੇ ਵਿਕਾਸਸ਼ੀਲ ਦੇਸ਼ਾਂ (ਜਿੱਥੇ ਏ. ਆਈ. ਰਾਜ ਦੀ ਸਮਰੱਥਾ ਲਈ ਇਕ ‘ਸਟ੍ਰੈੱਸ ਟੈਸਟ’ ਹੋਵੇਗਾ) ’ਤੇ ਏ. ਆਈ. ਦੇ ਪ੍ਰਭਾਵ ਦੇ ਵਿਚਾਲੇ ਫਰਕ ਕੀਤਾ। ਸੁਭਾਵਿਕ ਰੂਪ ’ਚ, ਹੱਲ ਵੱਖਰੇ ਹੋਣਗੇ। ਉਨ੍ਹਾਂ ਦਾ ਹੱਲ ਇਹ ਹੈ ਕਿ ‘ਨਿਰੰਤਰ ਨਿਸ਼ਪਾਦਨ ਭਾਰਤ ਨੂੰ ਪਹਿਲਾ ਵੱਡਾ ਸਮਾਜ ਬਣਨ ’ਚ ਮਦਦ ਕਰ ਸਕਦਾ ਹੈ... ਜੋ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਨਾਲ ਤਕਨੀਕ ਅਪਣਾਉਣ ਨੂੰ ਇਕਸਾਰ ਕਰਦਾ ਹੈ।’ ਕਾਸ਼ ਹੱਲ ਇੰਨਾ ਸਰਲ ਹੁੰਦਾ।

ਕਠਿਨ ਉਪਾਅ : ਤਕਨਾਲੋਜੀ ਨੂੰ ਲਗਾਤਾਰ ਅਪਣਾਉਣ ਦੇ ਸ਼ੁਰੂਆਤੀ ਨਤੀਜੇ ਨੌਕਰੀਆਂ ’ਚ ਕਮੀ ਦੇ ਰੂਪ ਵਿਚ ਸਾਹਮਣੇ ਆਏ ਹਨ, ਘੱਟੋ-ਘੱਟ ਭਾਰਤੀ ਕਾਰਖਾਨਿਆਂ ’ਚ। ਭਾਰਤ ਨੂੰ ਤਿਆਰ ਰਹਿਣਾ ਚਾਹੀਦਾ ਹੈ-ਇਹ ਪਛਾਣਨ ਲਈ ਕਿ ਵਿਕਸਿਤ ਦੇਸ਼ਾਂ ਦੇ ਉਲਟ, ਭਾਰਤ ਨੂੰ ਉਨ੍ਹਾਂ ਨੌਜਵਾਨਾਂ ਲਈ ਵੱਖ-ਵੱਖ ਕਿਸਮ ਦੀਆਂ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ, ਜੋ ਸਕੂਲ ਦੀ ਪੜ੍ਹਾਈ ਵਿਚਾਲੇ ਛੱਡ ਦਿੰਦੇ ਹਨ;

ਸੈਕੰਡਰੀ ਪੱਧਰ ’ਤੇ, ਵਿਦਿਆਰਥੀਆਂ ਦੀ ਅਕਾਦਮਿਕ ਅਤੇ ਗੈਰ-ਅਕਾਦਮਿਕ ਧਾਰਾ ਨੂੰ ਵੱਖ ਕਰਨਾ;

ਗੈਰ-ਵਿਗਿਆਨ ਵਿਸ਼ਿਆਂ ’ਚ ਕਈ ‘ਪਾਸ’ ਕੋਰਸਾਂ ਨੂੰ ਬੰਦ ਕਰਨਾ ਅਤੇ ਵਿਦਿਆਰਥੀਆਂ ਨੂੰ ਹੁਨਰ ਕੋਰਸਾਂ ਵੱਲ ਮੋੜਨਾ;

ਸਿੱਖਿਆ, ਸਿਹਤ ਸੇਵਾਵਾਂ ਅਤੇ ਵਾਤਾਵਰਣ ਪ੍ਰਬੰਧਨ ’ਚ ਵੱਡੇ ਪੱਧਰ ’ਤੇ ਨਿਵੇਸ਼ ਕਰਨਾ;

ਇਹ ਸਵੀਕਾਰ ਕਰਨਾ ਕਿ ਵਰਤਮਾਨ ਸਮੇਂ ’ਚ, ਐੱਮ. ਐੱਸ. ਐੱਮ. ਈ. ਭਾਰਤ ’ਚ ਸਭ ਤੋਂ ਵੱਡੇ ਰੋਜ਼ਗਾਰ ਪੈਦਾ ਕਰਨ ਵਾਲੇ ਹਨ। ਜੇਕਰ ਏ. ਆਈ. ਐੱਮ. ਐੱਸ. ਐੱਮ. ਈ. ਦੀ ਮਦਦ ਕਰ ਸਕਦਾ ਹੈ, ਤਾਂ ਉਹ ਹੋਰ ਨੌਕਰੀਆਂ ਪੈਦਾ ਕਰਨ ਦੇ ਸਮਰੱਥ ਹੋਣਗੇ।

ਡਰਾਉਣਾ ਭਵਿੱਖ : ਬਿਨਾਂ ਨੌਕਰੀ ਜਾਂ ਘੱਟ ਨੌਕਰੀਆਂ ਵਾਲੀ ਦੁਨੀਆ ਇਕ ਡਰਾਉਣੇ ਭਵਿੱਖ ਵੱਲ ਇਸ਼ਾਰਾ ਕਰਦੀ ਹੈ। ‘ਕੰਮ’ ਇਕ ਇਨਸਾਨ ਨੂੰ ਪਰਿਭਾਸ਼ਿਤ ਕਰਦਾ ਹੈ। ਜੇਕਰ ਏ. ਆਈ. ਸਾਡਾ ਸਾਰਾ ਕੰਮ ਕਰੇਗਾ, ਤਾਂ ਇਨਸਾਨ ਕੀ ਕਰਨਗੇ? ਜਦਕਿ ਅਗਲੇ ਕੁਝ ਸਾਲਾਂ ਦੌਰਾਨ ਏ. ਆਈ. ਦਾ ਪ੍ਰਭਾਵ ਸਾਹਮਣੇ ਆਏਗਾ, ਇਹ ਇਸ ਪ੍ਰਸ਼ਨ ’ਤੇ ਵਿਚਾਰ ਕਰਨ ਦਾ ਸਮਾਂ ਹੈ।

ਪੀ. ਚਿਦਾਂਬਰਮ
 


author

Rakesh

Content Editor

Related News