‘ਨਸ਼ਾ-ਮੁਕਤ ਹਿਮਾਚਲ ਬਣਾਉਣ ਲਈ’ ਸੂਬਾਈ ਸਰਕਾਰ ਦੇ ਵੱਡੇ ਕਦਮ!
Saturday, Feb 28, 2026 - 06:43 AM (IST)
ਅੱਜ ਦੇਸ਼ ਦੇ ਅਨੇਕਾਂ ਸੂਬਿਆਂ ’ਚ ਨਸ਼ੇ ਦੀ ਆਦਤ ਮਹਾਮਾਰੀ ਵਾਂਗ ਫੈਲਦੀ ਜਾ ਰਹੀ ਹੈ ਅਤੇ ਹਿਮਾਚਲ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਵੀ ਹੁਣ ਇਸ ਤੋਂ ਅਛੂਤੇ ਨਹੀਂ ਰਹੇ, ਜਿਸ ਨਾਲ ਉਨ੍ਹਾਂ ਦੀ ਸਿਹਤ ਤੇ ਚਰਿੱਤਰ ਵਿਗੜ ਰਿਹਾ ਹੈ ਅਤੇ ਪਰਿਵਾਰ ਉਜੜ ਰਹੇ ਹਨ।
ਸੂਬੇ ਦੇ ਕਈ ਹਿੱਸਿਆਂ ’ਚ ਵੱਡੀ ਮਾਤਰਾ ’ਚ ਹੈਰੋਇਨ, ਚਰਸ, ਭੁੱਕੀ, ਕੋਕੀਨ, ਅਫੀਮ, ਚਿੱਟੇ ਵਰਗੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮੱਦੇਨਜ਼ਰ ਹੁਣ ਸੂਬਾਈ ਸਰਕਾਰ ਵੱਲੋਂ ਨਸ਼ੀਲੇ ਪਦਾਰਥ ‘ਚਿੱਟੇ’ ਦੇ ਵਿਰੁੱਧ ਮੁਹਿੰਮ ਸ਼ੁਰੂ ਕਰ ਕੇ ਸੂਬੇ ਦੇ ਕੋਨੇ-ਕੋਨੇ ’ਚ ਲੋਕਾਂ ਨੂੰ ਨਸ਼ੇ ਦੇ ਘਾਤਕ ਪ੍ਰਭਾਵਾਂ ਦੇ ਵਿਸ਼ੇ ’ਚ ਜਾਗਰੂਕ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ‘ਠਾਕੁਰ ਸੁਖਵਿੰਦਰ ਸਿੰਘ ਸੁੱਖੂ’ ਨੇ ਚਿੱਟਾ ਸਮੱਗਲਰਾਂ ਨੂੰ ਨਸ਼ੇ ਦਾ ਕਾਰੋਬਾਰ ਛੱਡ ਦੇਣ ਜਾਂ ਜੇਲ ਜਾਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਜਾਵੇਗਾ।
ਸਰਕਾਰ ਨੇ ਚਿੱਟਾ ਸਮੱਗਲਿੰਗ ’ਚ ਫੜੇ ਜਾਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਬਿਨਾਂ ਨਿਯਮਿਤ ਵਿਭਾਗੀ ਜਾਂਚ ਦੇ ਨੌਕਰੀ ਤੋਂ ਬਰਖਾਸਤ ਕਰਨ, ਚਿੱਟਾ ਸਮੱਗਲਰਾਂ ਦੀ ਸੂਚਨਾ ਦੇਣ ਵਾਲਿਆਂ ਲਈ ਇਨਾਮੀ ਯੋਜਨਾ ਤਹਿਤ 2,000 ਰੁਪਏ ਤੋਂ 10 ਲੱਖ ਰੁਪਏ ਤੱਕ ਇਨਾਮ ਦੇਣ ਅਤੇ ਸਕੂਲੀ ਪਾਠ-ਪੁਸਤਕਾਂ ’ਚ ਵੀ ਨਸ਼ਿਆਂ ਦੇ ਸੇਵਨ ਦੇ ਮਾੜੇ ਨਤੀਜਿਆਂ ਸਬੰਧੀ ਅਧਿਆਏ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।
ਸਖ਼ਤੀ ਨਾਲ ਲਾਗੂ ਕਰਨ ’ਤੇ ਉਕਤ ਫੈਸਲਿਆਂ ਦੇ ਹਾਂਪੱਖੀ ਨਤੀਜੇ ਨਿਕਲ ਕੇ ਸੂਬੇ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਨ ’ਚ ਕੁਝ ਸਹਾਇਤਾ ਮਿਲ ਸਕਦੀ ਹੈ। ਹੋਰਨਾਂ ਸੂਬਿਆਂ ’ਚ ਵੀ, ਜਿੱਥੇ ਅਜਿਹੀ ਵਿਵਸਥਾ ਨਹੀਂ ਹੈ, ਇਸ ਤਰ੍ਹਾਂ ਦੇ ਫੈਸਲੇ ਜਲਦ ਤੋਂ ਜਲਦ ਸਖ਼ਤੀ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਹਨ।
—ਵਿਜੇ ਕੁਮਾਰ
