ਚੀਨ ਦੇ ਨਾਲ ਭਾਰਤ ਦਾ ਵਪਾਰ ਅਸੰਤੁਲਨ
Monday, Nov 24, 2025 - 07:33 AM (IST)
ਇਸ ਵਿੱਤੀ ਸਾਲ ਦੇ ਪਹਿਲੇ 7 ਮਹੀਨਿਆਂ ’ਚ ਚੀਨ ਨੂੰ ਭਾਰਤ ਤੋਂ ਬਰਾਮਦ ’ਚ ਲਗਾਤਾਰ ਵਾਧਾ ਹੁੰਦਾ ਰਿਹਾ ਜੋ ਅਕਤੂਬਰ ’ਚ 42 ਫੀਸਦੀ ਦੇ ਵਾਧੇ ਦੇ ਨਾਲ ਸਰਵਉੱਚ ਸਿਖਰ ’ਤੇ ਪਹੁੰਚ ਗਿਆ। ਇਸ ਨਾਲ ਭਾਰਤ ਨੂੰ ਭਾਰੀ ਭਰਕਮ ਅਮਰੀਕੀ ਟੈਰਿਫ ਦਾ ਸਾਹਮਣਾ ਕਰਨ ’ਚ ਕੁਝ ਸਹਾਇਤਾ ਮਿਲੀ ਹੈ। ਇਕ ਸਾਲ ਪਹਿਲਾਂ ਦੀ ਤੁਲਨਾ ’ਚ ਭਾਰਤ ਤੋਂ ਚੀਨ ਨੂੰ ਸਾਡੀ ਬਰਾਮਦ ’ਚ 24.7 ਫੀਸਦੀ ਦਾ ਵਾਧਾ ਹੋਇਆ ਜੋ ਅਪ੍ਰੈਲ-ਅਕਤੂਬਰ ਵਿਚਾਲੇ 10.03 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਅਤੇ ਇਸ ’ਚ ਪੈਟਰੋਲੀਅਮ ਉਤਪਾਦਾਂ, ਦੂਰਸੰਚਾਰ ਉਪਕਰਣਾਂ ਅਤੇ ਸਮੁੰਦਰੀ ਉਤਪਾਦਾਂ ਦੀ ਹਿੱਸੇਦਾਰੀ ਸਭ ਤੋਂ ਵੱਧ ਰਹੀ।
ਕਿਉਂਕਿ ਇਸ ਸਮੇਂ ਵਿਸ਼ਵਵਿਆਪੀ ਮੰਗ ਅਨਿਸ਼ਚਿਤ ਬਣੀ ਹੋਈ ਹੈ ਅਤੇ ਅਨੇਕ ਮਹੱਤਵਪੂਰਨ ਅਰਥਵਿਵਸਥਾਵਾਂ ਨੂੰ ਆਪਣੇ ਬਰਾਮਦੀ ਖੇਤਰ ’ਚ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਿਹਾਜ਼ ਨਾਲ ਇਹ ਮਿਆਦ ਭਾਰਤ-ਚੀਨ ਵਪਾਰ ਸੰਬੰਧਾਂ ਦੇ ਸਭ ਤੋਂ ਵੱਧ ਲਚਕੀਲੇ ਦੌਰ ’ਚੋਂ ਇਕ ਸੀ। ਇਸ ਮਿਆਦ ਦੌਰਾਨ ਭਾਰਤ ਦੀ ਸਭ ਤੋਂ ਵੱਧ ਦਰਾਮਦ 73.99 ਬਿਲੀਅਨ ਡਾਲਰ ਵੀ ਚੀਨ ਤੋਂ ਹੀ ਹੋਈ।
ਵਰਣਨਯੋਗ ਹੈ ਕਿ ਅਪ੍ਰੈਲ-ਜੁਲਾਈ 2025-26 ਦੀ ਮਿਆਦ ’ਚ ਭਾਰਤ ਦੀ ਬਰਾਮਦ 19.97 ਫੀਸਦੀ ਵਧ ਕੇ 5.75 ਬਿਲੀਅਨ ਡਾਲਰ ਹੋ ਗਈ, ਜਦਕਿ ਦਰਾਮਦ 13.06 ਫੀਸਦੀ ਵਧ ਕੇ 40.65 ਬਿਲੀਅਨ ਡਾਲਰ ਹੋ ਗਈ। ਸਾਲ 2024-25 ’ਚ ਭਾਰਤ ਨੇ ਕੁੱਲ 14.25 ਬਿਲੀਅਨ ਡਾਲਰ ਦਾ ਸਾਮਾਨ ਬਰਾਮਦ ਕੀਤਾ ਜਦਕਿ 113.5 ਬਿਲੀਅਨ ਡਾਲਰ ਦਾ ਸਾਮਾਨ ਦਰਾਮਦ ਕੀਤਾ। ਇਸ ਨਾਲ (ਦਰਾਮਦ ਅਤੇ ਬਰਾਮਦ ’ਚ ਫਰਕ) ਵਪਾਰ ਘਾਟਾ ਜੋ 2003-04 ’ਚ 1.1 ਬਿਲੀਅਨ ਡਾਲਰ ਸੀ, ਉਹ 2024-25 ’ਚ ਵਧ ਕੇ 99.2 ਬਿਲੀਅਨ ਡਾਲਰ ਹੋ ਗਿਆ। ਪਿਛਲੇ ਵਿੱਤੀ ਸਾਲ ’ਚ ਚੀਨ ਦਾ ਵਪਾਰ ਘਾਟਾ ਭਾਰਤ ਦੇ ਕੁੱਲ ਵਪਾਰ ਅਸੰਤੁਲਨ (283 ਬਿਲੀਅਨ) ਦਾ 35 ਫੀਸਦੀ ਸੀ ਅਤੇ 2023-24 ’ਚ ਫਰਕ 85.1 ਬਿਲੀਅਨ ਡਾਲਰ ਦਾ ਰਿਹਾ।
ਥਿੰਕ ਟੈਂਕ ‘ਜੀ. ਟੀ. ਆਰ. ਆਈ’ ਅਨੁਸਾਰ ਚੀਨ ਦੇ ਨਾਲ ਸਾਡਾ ਵਪਾਰ ਘਾਟਾ ਇਸ ਲਈ ਚਿੰਤਾਜਨਕ ਹੈ ਕਿਉਂਕਿ ਉਦਯੋਗਾਂ ਦੇ ਲਗਭਗ ਹਰੇਕ ਖੇਤਰ ’ਚ ਚੀਨ ਭਾਰਤ ’ਤੇ ਹਾਵੀ ਹੈ। ਇਸ ’ਚ ਦਵਾਈਆਂ ਅਤੇ ਇਲੈਕਟ੍ਰਾਨਿਕਸ ਦੇ ਸਾਮਾਨ ਤੋਂ ਲੈ ਕੇ ਨਿਰਮਾਣ ਸਮੱਗਰੀ, ਨਵਿਆਉਣਯੋਗ ਊਰਜਾ ਅਤੇ ਖਪਤਕਾਰ ਸਮੱਗਰੀਆਂ ਸ਼ਾਮਲ ਹਨ। ‘ਜੀ. ਟੀ. ਆਰ. ਆਈ.’ ਵਿਸ਼ਲੇਸ਼ਣ ਦੇ ਅਨੁਸਾਰ ਐਂਟੀਬਾਇਓਟਿਕ ਦਵਾਈਆਂ ਦੇ ਮਾਮਲੇ ’ਚ ਭਾਰਤ ਦੀ ਜ਼ਰੂਰਤ ਦੇ 97.7 ਫੀਸਦੀ ਸਾਮਾਨ ਦੀ ਸਪਲਾਈ, ਇਲੈਕਟ੍ਰਾਨਿਕਸ ਦੇ 96.8 ਫੀਸਦੀ ਸਾਮਾਨ ਦੀ ਸਪਲਾਈ ਅਤੇ ਨਵਿਆਉਣਯੋਗ ਊਰਜਾ ਦੇ ਮਾਮਲੇ ’ਚ ਸੌਰ ਪੈਨਲਾਂ ਦੀ 82.7 ਫੀਸਦੀ ਜ਼ਰੂਰਤ ਦੀ ਪੂਰਤੀ ਅਤੇ ਲਿਥੀਅਮ ਇਯੋਨ ਬੈਟਰੀਆਂ ਦੀ 75.2 ਫੀਸਦੀ ਜ਼ਰੂਰਤ ਦੀ ਸਪਲਾਈ ਚੀਨ ਕਰਦਾ ਹੈ।
ਇੱਥੋਂ ਤੱਕ ਕਿ ਲੈਪਟਾਪ (ਹਿੱਸੇਦਾਰੀ 80.5 ਫੀਸਦੀ), ਕਸ਼ੀਦਾਕਾਰੀ ਦੀ ਮਸ਼ੀਨਰੀ (91.4 ਫੀਸਦੀ) ਅਤੇ ਵਿਸਕੋਸ ਯਾਰਨ (98.9 ਫੀਸਦੀ) ਦੀ ਸਪਲਾਈ ਚੀਨ ਤੋਂ ਹੀ ਹੁੰਦੀ ਹੈ।
ਜੀ. ਟੀ. ਆਰ. ਆਈ. ਦੇ ਬਾਨੀ ਅਜੇ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਬੀਜਿੰਗ ਤੋਂ ਸਾਮਾਨ ’ਤੇ ਦਰਾਮਦ ’ਤੇ ਬਹੁਤ ਜ਼ਿਆਦਾ ਨਿਰਭਰਤਾ ਨਾਲ ਚੀਨ ਨੂੰ ਭਾਰਤ ’ਤੇ ਤਰਜੀਹ ਮਿਲਦੀ ਹੈ ਅਤੇ ਸਿਆਸੀ ਤਣਾਅ ਦੇ ਮੌਕੇ ’ਤੇ ਚੀਨ ਆਪਣੀ ਸਪਲਾਈ ਚੇਨ ਨੂੰ ਭਾਰਤ ਵਿਰੁੱਧ ਇਕ ਹਥਿਆਰ ਦੇ ਰੂਪ ’ਚ ਵਰਤ ਸਕਦਾ ਹੈ। ਭਾਰਤ ਵਲੋਂ ਚੀਨ ਨੂੰ ਬਰਾਮਦ ’ਚ ਕਮੀ ਦੇ ਸਿੱਟੇ ਵਜੋਂ ਇਹ ਅਸੰਤੁਲਨ ਵਧਦਾ ਜਾ ਰਿਹਾ ਹੈ। ਦੋ ਦਹਾਕੇ ਪਹਿਲਾਂ ਭਾਰਤ ਵਲੋਂ ਚੀਨ ਤੋਂ ਦਰਾਮਦ ਦੇ ਮੁਕਾਬਲੇ ’ਚ 42 ਫੀਸਦੀ ਸਾਮਾਨ ਬਰਾਮਦ ਕੀਤਾ ਜਾਂਦਾ ਸੀ ਜੋ ਹੁਣ ਘੱਟ ਕੇ ਸਿਰਫ 11.2 ਫੀਸਦੀ ਰਹਿ ਗਿਆ ਹੈ।
ਪਰ ਵਣਜ ਮੰਤਰਾਲੇ ਅਨੁਸਾਰ ਚੀਨ ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਜ਼ਿਆਦਾਤਰ ਵਸਤਾਂ ਕੱਚਾ ਮਾਲ ਹੀ ਹਨ ਜਿਨ੍ਹਾਂ ’ਚ ਇਲੈਕਟ੍ਰਾਨਿਕ ਪੁਰਜ਼ੇ, ਮੋਬਾਈਲ ਫੋਨ ਦੇ ਪੁਰਜ਼ੇ, ਮਸ਼ੀਨਰੀ ਅਤੇ ਦਵਾਈਆਂ ਦੇ ਸਾਮਾਨ ’ਚ ਵਰਤੇ ਜਾਣ ਵਾਲੇ ਪਦਾਰਥ ਸ਼ਾਮਲ ਹਨ। ਇਨ੍ਹਾਂ ਤੋਂ ਬਣਾਏ ਗਏ (ਫਿਨਿਸ਼ਡ) ਉਤਪਾਦਾਂ ਦੀ ਬਰਾਮਦ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਦੀ ਦਰਾਮਦ ਵੀ ਹੁੰਦੀ ਹੈ। ਇਨ੍ਹਾਂ ਸ਼੍ਰੇਣੀਆਂ ’ਚ ਭਾਰਤ ਦੀ ਨਿਰਭਰਤਾ ਮੁੱਖ ਤੌਰ ’ਤੇ ਸਪਲਾਈ ਅਤੇ ਮੰਗ ’ਚ ਫਰਕ ਦਾ ਨਤੀਜਾ ਹੈ।
ਹਾਲਾਂਕਿ ਭਾਰਤ ਸਰਕਾਰ ਨੇ 14 ਤੋਂ ਵੱਧ ਖੇਤਰਾਂ ’ਚ ਘਰੇਲੂ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਉਤਸ਼ਾਹਜਨਕ ਯੋਜਨਾਵਾਂ ਜਾਰੀ ਕੀਤੀਆਂ ਹਨ ਅਤੇ ਸਰਕਾਰ ਭਾਰਤੀ ਵਪਾਰਕ ਅਦਾਰਿਆਂ ਨੂੰ ਬਦਲਵੇਂ ਸਪਲਾਈ ਕਰਤਾਵਾਂ ਦੀ ਭਾਲ ਨੂੰ ਬੜ੍ਹਾਵਾ ਦੇ ਰਹੀ ਹੈ ਤਾਂ ਕਿ ਕਿਸੇ ਚੀਜ਼ ਦੀ ਸਪਲਾਈ ਲਈ ਕਿਸੇ ਨੂੰ ਇਕ ਸਰੋਤ ’ਤੇ ਹੀ ਿਨਰਭਰ ਨਾ ਰਹਿਣਾ ਪਵੇ। ਇਸ ਦੇ ਨਾਲ ਹੀ ਵਣਜ ਮੰਤਰਾਲੇ ਵਲੋਂ ਨਿਯਮਿਤ ਤੌਰ ’ਤੇ ਵਿਦੇਸ਼ਾਂ ਤੋਂ ਕੀਤੀ ਜਾਣ ਵਾਲੀ ਦਰਾਮਦ ’ਚ ਵਾਧੇ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਅਤੇ ‘ਡਾਇਰੈਕਟੋਰੇਟ ਜਨਰਲ ਆਫ ਟ੍ਰੇਡ ਰੈਮੇਡੀਜ਼’ ਨੂੰ ਅਣਉਚਿਤ ਵਪਾਰ ਆਚਰਣ ਕਰਨ ਵਾਲਿਆਂ ਵਿਰੁੱਧ ਉਚਿਤ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਿਗਆ ਹੈ।
ਜਿੱਥੋਂ ਤੱਕ ਚੀਨ ਦੇ ਨਾਲ ਵਪਾਰ ਅਸੰਤੁਲਨ ਨਾਲ ਭਾਰਤ ’ਤੇ ਪੈਣ ਵਾਲੇ ਪ੍ਰਭਾਵ ਦਾ ਸੰਬੰਧ ਹੈ, ਇਸ ਨਾਲ ਸਾਡੇ ਵਿਦੇਸ਼ੀ ਮੁਦਰਾ ਭੰਡਾਰ ’ਤੇ ਦਬਾਅ ਪੈਂਦਾ ਹੈ, ਵਿਦੇਸ਼ੀ ਸਪਲਾਇਰਾਂ ’ਤੇ ਨਿਰਭਰਤਾ ਵਧਦੀ ਹੈ ਅਤੇ ਸਸਤੀ ਦਰਾਮਦ ਨਾਲ ਸਥਾਨਕ ਨਿਰਮਾਤਾਵਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਮੁਦਰਾ ਦੀ ਕਦਰ ਘਟਾਈ ਹੋਣ ਦੇ ਕਾਰਨ ਦਰਾਮਦੀ ਵਸਤਾਂ ਦੀ ਲਾਗਤ ’ਚ ਵਾਧਾ ਹੁੰਦਾ ਹੈ। ਮਹਿੰਗਾਈ ਵਧਦੀ ਹੈ ਅਤੇ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਵਿਦੇਸ਼ੀ ਦਰਾਮਦ ’ਤੇ ਨਿਰਭਰਤਾ ਭਾਰਤ ਦੇ ਲੰਬੇ ਸਮੇਂ ਦੇ ਉਦਯੋਗਿਕ ਵਿਕਾਸ ’ਚ ਰੁਕਾਵਟ ਬਣਦੀ ਹੈ।
