ਭਾਰਤੀ ਉਪ-ਮਹਾਦੀਪ ’ਚ ਹਿੰਦੂ-ਮੁਸਲਿਮ ਸ਼ਾਂਤੀ ਨਾਲ ਕਿਉਂ ਨਹੀਂ ਰਹਿ ਸਕਦੇ?

Thursday, Jan 15, 2026 - 05:27 PM (IST)

ਭਾਰਤੀ ਉਪ-ਮਹਾਦੀਪ ’ਚ ਹਿੰਦੂ-ਮੁਸਲਿਮ ਸ਼ਾਂਤੀ ਨਾਲ ਕਿਉਂ ਨਹੀਂ ਰਹਿ ਸਕਦੇ?

ਬੀਤੇ ਐਤਵਾਰ (11 ਜਨਵਰੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਨਾਥ ਮੰਦਿਰ ਦੇ ਇਤਿਹਾਸ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਪੂਰਵਜਾਂ ਨੇ ਇਕ ਹਜ਼ਾਰ ਸਾਲ ਪਹਿਲਾਂ ਇਸ ਮੰਦਿਰ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਦੀ ਬਾਜ਼ੀ ਲਗਾ ਦਿੱਤੀ ਸੀ। ਉਨ੍ਹਾਂ ਅਨੁਸਾਰ ਸੋਮਨਾਥ ਮਹਾਦੇਵ ਮੰਦਿਰ ’ਤੇ ਝੰਡਾ ਲਹਿਰਾਉਣਾ ਭਾਰਤ ਦੀ ਸ਼ਕਤੀ ਅਤੇ ਤਾਕਤ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕਰਦਾ ਹੈ। ‘ਸੋਮਨਾਥ ਸਵਾਭਿਮਾਨ ਪਰਵ’ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗਜ਼ਨੀ ਤੋਂ ਲੈ ਕੇ ਔਰੰਗਜ਼ੇਬ ਤਕ ਸਾਰੇ ਮਜ਼੍ਹਬੀ ਕੱਟੜਪੰਥੀਆਂ ਨੂੰ ਇਹ ਭਰਮ ਸੀ ਕਿ ਉਨ੍ਹਾਂ ਨੇ ਆਪਣੀ ਤਲਵਾਰ ਨਾਲ ਸੋਮਨਾਥ ਨੂੰ ਜਿੱਤ ਲਿਆ ਹੈ ਪਰ ਸਮੇਂ ਦੇ ਚੱਕਰ ’ਚ ਉਹ ਹਮਲਾਵਰ ਇਤਿਹਾਸ ਦੇ ਪੰਨਿਆਂ ਤੱਕ ਸਿਮਟ ਗਏ ਜਦਕਿ ਸੋਮਨਾਥ ਅੱਜ ਵੀ ਪੂਰੀ ਸ਼ਾਨ ਨਾਲ ਖੜ੍ਹਾ ਹੈ।

ਅਜਿਹਾ ਲੱਗਦਾ ਹੈ ਕਿ ਇਥੇ ਪ੍ਰਧਾਨ ਮੰਤਰੀ ਮੋਦੀ ਪੂਰੀ ਸੱਚਾਈ ਦੱਸਣ ਤੋਂ ਇਕ ਕਦਮ ਪਹਿਲਾਂ ਰੁਕ ਗਏ। ਉਨ੍ਹਾਂ ਨੇ ਸਹੀ ਕਿਹਾ ਕਿ ਹਮਲਾਵਰ ਇਤਿਹਾਸ ਬਣ ਗਏ ਹਨ। ਸਵਾਲ ਇਹ ਹੈ ਕਿ ਕੀ ਗਜ਼ਨਵੀ, ਔਰੰਗਜ਼ੇਬ ਦੀ ਮਾਨਸਿਕਤਾ ਵੀ ਉਨ੍ਹਾਂ ਦੇ ਨਾਲ ਖਤਮ ਹੋ ਗਈ ਜਾਂ ਨਫਰਤ, ਕੱਟੜਤਾ ਦਾ ਜ਼ਹਿਰ ਅੱਜ ਸਿਰਫ ਆਪਣਾ ਰੂਪ ਬਦਲ ਕੇ ਅੱਜ ਵੀ ਇਸ ਧਰਤੀ ’ਤੇ ਮੌਜੂਦ ਹੈ।

ਉਕਤ ਸਵਾਲਾਂ ਦੇ ਜਵਾਬ ਮੌਜੂਦਾ ਸੰਸਾਰਕ ਸੱਚਾਈਆਂ ’ਚ ਮਿਲਦੇ ਹਨ। ਇਸ ਜ਼ਹਿਰੀਲੀ ਸੋਚ ਦੇ ਅਣਗਿਣਤ ਵਿਚਾਰਧਾਰਕ ‘ਰਕਤਬੀਜ’ ਨਾ ਸਿਰਫ ਅੱਜ ਤਕ ਜਿਊਂਦੇ ਹਨ ਸਗੋਂ ਦੁਨੀਆ ਦੇ ਕਈ ਹਿੱਸਿਆਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾ ਰਹੇ ਹਨ। 1980-90 ਦੇ ਦਹਾਕੇ ’ਚ ਕਸ਼ਮੀਰੀ ਪੰਡਿਤਾਂ ਦਾ ਕਤਲੇਆਮ-ਹਿਜਰਤ, 1993 ਦੇ ਮੁੰਬਈ ਧਮਾਕੇ (ਦਾਊਦ ਇਬ੍ਰਾਹੀਮ-ਯਾਕੂਬ ਮੇਨਨ), 2001 ’ਚ ਅਫਗਾਨਿਸਤਾਨ ਦੀ ਬਾਮਿਆਨ ਤਬਾਹੀ (ਮੁੱਲਾ ਉਮਰ), ਅਮਰੀਕਾ ਦਾ 9/11 ਅੱਤਵਾਦੀ ਹਮਲਾ (ਓਸਾਮਾ ਬਿਨ ਲਾਦੇਨ), ਭਾਰਤੀ ਸੰਸਦ ’ਤੇ ਜਿਹਾਦੀ ਹਮਲਾ (ਅਫਜ਼ਲ ਗੁਰੂ), 2008 ਦਾ 26/11 ਅੱਤਵਾਦੀ ਹਮਲਾ (ਕਸਾਬ ਸ਼ੋਏਬ ਨਾਜਿਰ ਆਦਿ), 2014 ’ਚ ਬ੍ਰਸਲਸ-ਬੈਲਜੀਅਮ (ਮੇਹਦੀ ਨੇਮੂਸ਼), 2015 ’ਚ ਪੈਰਿਸ-ਫਰਾਂਸ (ਅਬਦੇਲਹਮੀਦ-ਸਲਹ), 2016 ’ਚ ਨੀਸ-ਫਰਾਂਸ (ਮੁਹੰਮਦ ਬੁਲੇਲ), 2024 ’ਚ ਮੈਗਡੇਬਰਗ-ਜਰਮਨੀ (ਤਾਲੇਬ ਅਬਦੁੱਲ ਜੱਵਾਦ), ਅਕਤੂਬਰ 2025 ’ਚ ਬ੍ਰਿਟੇਨ (ਜਿਹਾਦ ਅਲ ਸ਼ਾਮੀ), ਅਪ੍ਰੈਲ 2025 ’ਚ ਪਹਿਲਗਾਮ (ਆਸਿਫ ਸੁਲੇਮਾਨ-ਆਦਿਲ-ਅਹਸਨ), ਨਵੰਬਰ 2025 ’ਚ ਦਿੱਲੀ (ਡਾ. ਉਮਰ ਉਨ ਨਬੀ ਆਦਿ) ਅਤੇ ਦਸੰਬਰ 2025 ’ਚ ਸਿਡਨੀ-ਆਸਟ੍ਰੇਲੀਆ (ਸਾਜਿਦ-ਨਵੀਦ) ਵਰਗੀਆਂ ਅੱਤਵਾਦੀ ਘਟਨਾਵਾਂ ਇਸ ਵਿਚਾਰਧਾਰਕ ਰਕਤਬੀਜਾਂ ਦੀ ਸੰਸਾਰਕ ਹਾਜ਼ਰੀ ਦੇ ਠੋਸ ਪ੍ਰਮਾਣ ਹਨ।

ਭਾਰਤ ’ਤੇ ਇਸਲਾਮੀ ਹਮਲੇ ਦੋ ਉਦੇਸ਼ਾਂ ਨਾਲ ਹੋਏ। ਪਹਿਲਾ-ਅਪਾਰ ਧਨ-ਸੰਪਦਾ ਦੀ ਲੁੱਟ, ਦੂਜਾ-ਮਜ਼੍ਹਬੀ ਜ਼ਿੰਮੇਵਾਰੀ ਦੀ ਪੂਰਤੀ। 1398 ’ਚ ਭਾਰਤ ਆ ਕੇ ਲੱਖਾਂ ਹਿੰਦੂਆਂ ਦਾ ਕਤਲੇਆਮ ਕਰਨ ਵਾਲੇ ਅਤੇ ਬਾਬਰ ਦੇ ਵੰਸ਼ਜ ਤੈਮੂਰ ਨੇ ਆਪਣੀ ਆਤਮਕਥਾ ‘ਤੁਜੂਕ-ਏ-ਤੈਮੂਰੀ’ ਵਿਚ ਇਨ੍ਹਾਂ ਉਦੇਸ਼ਾਂ ਦਾ ਸਪੱਸ਼ਟ ਜ਼ਿਕਰ ਕੀਤਾ ਹੈ। ਇਤਿਹਾਸਕਾਰ ਅਬ੍ਰਾਹਮ ਏਰਾਲੀ ਅਨੁਸਾਰ, ਗਜ਼ਨਵੀ ਨੇ ਭਾਰਤ ’ਚ ‘ਮੂਰਤੀਪੂਜਕਾਂ’ ਵਿਰੁੱਧ ਹਰ ਸਾਲ ਜਿਹਾਦ ਕਰਨ ਦੀ ਸਹੁੰ ਖਾਧੀ ਸੀ ਅਤੇ ਉਸ ਨੇ ਆਪਣੇ 32 ਸਾਲਾਂ ਦੇ ਸ਼ਾਸਨਕਾਲ ’ਚ ਭਾਰਤ ’ਤੇ ਇਕ ਦਰਜਨ ਤੋਂ ਵੱਧ ਹਮਲੇ ਕੀਤੇ।

ਗਜ਼ਨਵੀ ਲਈ ਹਿੰਦੂਆਂ ਦਾ ਕਤਲੇਆਮ ਅਤੇ ਲੁੱਟ-ਖੋਹ, ਦੋਵੇਂ ਇਕ-ਦੂਜੇ ਦੇ ਪੂਰਕ ਸਨ। ਆਪਣੀ ਭਾਰਤੀ ਮੁਹਿੰਮ ਦੌਰਾਨ ਜਦੋਂ ਇਕ ਹਾਰੇ ਹੋਏ ਹਿੰਦੂ ਰਾਜਾ ਨੇ ਮੂਰਤੀ ਨਾ ਤੋੜਨ ਦੇ ਬਦਲੇ ਉਸ ਨੂੰ ਭਾਰੀ ਫਿਰੌਤੀ ਦੇਣ ਦੀ ਪੇਸ਼ਕਸ਼ ਕੀਤੀ, ਤਾਂ ਉਸ ਨੇ ਸਾਫ ਕਿਹਾ ਕਿ ਇਸਲਾਮ ’ਚ ਕਾਫਿਰਾਂ ਦੇ ਪੂਜਾ ਸਥਾਨਾਂ ਨੂੰ ਤੋੜਨਾ ਸਵਾਬ ਦਾ ਕੰਮ ਹੈ ਅਤੇ ਉਹ ਹਿੰਦੁਸਤਾਨ ਦੀਆਂ ਸਾਰੀਆਂ ਮੂਰਤੀਆਂ ਨੂੰ ਮਿਟਾਉਣਾ ਚਾਹੁੰਦਾ ਹੈ। ਗਜ਼ਨਵੀ ਦੇ ਸਮਕਾਲੀ ਅਲ-ਬੇਰੂਨੀ ਨੇ ਵੀ ਲਿਖਿਆ ਸੀ ਕਿ ਮਹਿਮੂਦ ਨੇ ਭਾਰਤ ਦੀ ਖੁਸ਼ਹਾਲੀ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਅਤੇ ਸੋਮਨਾਥ ਦੀ ਮੂਰਤੀ ਨੂੰ ਤੋੜ ਕੇ ਉਸ ਦੇ ਟੁਕੜਿਆਂ ਨੂੰ ਗਜ਼ਨੀ ਲੈ ਗਿਆ, ਜਿਸ ਨੂੰ ਉਸ ਨੇ ਇਕ ਮਸਜਿਦ ਦੇ ਦਰਵਾਜ਼ੇ ’ਤੇ ਰੱਖ ਦਿੱਤਾ ਤਾਂ ਕਿ ਆਉਂਦੇ-ਜਾਂਦੇ ਲੋਕ ਉਸ ’ਤੇ ਆਪਣੇ ਪੈਰ ਰਗੜ ਸਕਣ।

ਇਸਲਾਮੀ ਇਤਿਹਾਸ ’ਚ ਸੋਮਨਾਥ ਮੁਹਿੰਮ ਨੂੰ ਕਈ ਇਸਲਾਮੀ ਕਵੀਆਂ-ਲੇਖਕਾਂ ਨੇ ਇਕ ਮਹਾਨ ਉਪਲਬਧੀ ਮੰਨਦੇ ਹੋਏ ‘ਕਾਫਿਰਾਂ ’ਤੇ ਇਸਲਾਮ ਦੀ ਜਿੱਤ’ ਦੱਸਿਆ। 1955 ’ਚ ‘ਪਾਕਿਸਤਾਨ ਹਿਸਟੋਰੀਕਲ ਸੋਸਾਇਟੀ’ ਵਲੋਂ ਪ੍ਰਕਾਸ਼ਿਤ ਕਿਤਾਬ ‘ਏ ਸ਼ਾਰਟ ਹਿਸਟਰੀ ਆਫ ਹਿੰਦ-ਪਾਕਿਸਤਾਨ’ ਵਿਚ ਵੀ ਲਿਖਿਆ ਸੀ ਕਿ ਸੋਮਨਾਥ ਪ੍ਰਾਜੈਕਟ ਇਸਲਾਮ ਦੇ ਫੌਜੀ ਇਤਿਹਾਸ ਦੀ ਇਕ ਮਹਾਨਤਮ ਘਟਨਾ ਸੀ ਅਤੇ ਇਸ ਨਾਲ ਪੂਰੇ ਇਸਲਾਮੀ ਜਗਤ ’ਚ ਖੁਸ਼ੀ ਦੀ ਲਹਿਰ ਦੌੜ ਗਈ ਸੀ।

ਮੌਜੂਦਾ ਭਾਰਤ ’ਚ ਹਿੰਦੂ-ਮੁਸਲਮਾਨਾਂ ਦੀ ਕੁੱਲ ਆਬਾਦੀ ਲਗਭਗ 95 ਫੀਸਦੀ ਹੈ। ਅਜਿਹੇ ’ਚ ਉਨ੍ਹਾਂ ਨੂੰ ਸ਼ਾਂਤੀ-ਸਮਾਨਤਾ ਦੇ ਨਾਲ ਰਹਿਣਾ ਹੀ ਹੋਵੇਗਾ। ਇਹ ਸੁਭਾਵਿਕ ਵੀ ਹੈ, ਕਿਉਂਕਿ ਦੋਵਾਂ ਦੇ ਪੂਰਵਜ ਸਨਾਤਨੀ ਹੀ ਹਨ ਪਰ ਇਤਿਹਾਸ ਦੀਆਂ ਕੌੜੀਆਂ ਯਾਦਾਂ ਉਨ੍ਹਾਂ ਨੂੰ ਵਾਰ-ਵਾਰ ਆਹਮਣੇ-ਸਾਹਮਣੇ ਖੜ੍ਹਾ ਕਰ ਦਿੰਦੀਆਂ ਹਨ। ਭਾਰਤ ’ਚ ਇਸਲਾਮ ਕੋਈ ਸਮਾਨਾਂਤਰ ਪੂਜਾ ਪ੍ਰਣਾਲੀ ਦੇ ਰੂਪ ’ਚ ਨਹੀਂ ਸਗੋਂ ਇਕ ਸਿਆਸੀ-ਫੌਜੀ ਮਜ਼੍ਹਬੀ ਸ਼ਕਤੀ ਦੇ ਰੂਪ ’ਚ ਆਇਆ, ਜਿਸ ਨੇ ਹਾਰੇ ਹੋਏ ਕਾਫਿਰਾਂ ਦੀ ਪਛਾਣ, ਆਸਥਾ ਅਤੇ ਆਤਮ-ਸਨਮਾਨ ਨੂੰ ਰੌਲਿਆ। ਲਗਭਗ 800 ਸਾਲਾਂ ਤਕ ਭਾਰਤ ਦੇ ਕਈ ਹਿੱਸਿਆਂ ’ਤੇ ਇਸਲਾਮੀ ਸ਼ਾਸਨ ਰਿਹਾ ਜਿਸ ’ਚ ਮੰਦਿਰ ਤਬਾਹੀ, ਜਬਰੀ ਧਰਮ ਤਬਦੀਲੀ, ਜਜ਼ੀਆ ਅਤੇ ਗੈਰ-ਮੁਸਲਮਾਨਾਂ ਦਾ ਦਮਨ ਆਦਿ ਰਾਜਕੀ ਨੀਤੀ ਦਾ ਹਿੱਸਾ ਸਨ।

ਇਹ ਠੀਕ ਹੈ ਕਿ ਕਈ ਮੁਸਲਮਾਨ ਸ਼ਾਂਤੀਪੂਰਵਕ ਰਹਿਣਾ ਚਾਹੁੰਦੇ ਹਨ ਪਰ ਇਸਲਾਮੀ ਸਿਧਾਂਤ ’ਚ ਈਸ਼ਵਰ ਨੂੰ ਇਕ ਮੰਨਣ ਦੀ ਗੁੰਜਾਇਸ਼ ਨਿਗੂਣੀ ਹੈ। ਇਹੀ ਕਾਰਨ ਹੈ ਕਿ ਇਕ ਪੱਖ ਸੰਘਰਸ਼-ਅਪਮਾਨ ਨੂੰ ਯਾਦ ਕਰਦਾ ਹੈ, ਤਾਂ ਦੂਜਾ ਪੱਖ ਉਸ ’ਤੇ ਮਾਣ। ਇਹੀ ਹਿੰਦੂ-ਮੁਸਲਿਮ ਰਿਸ਼ਤਿਆਂ ’ਚ ਜ਼ਹਿਰ ਘੋਲਦਾ ਹੈ। ਅਤੀਤ ਬਦਲਿਆ ਨਹੀਂ ਜਾ ਸਕਦਾ ਪਰ ਕੀ ਇਤਿਹਾਸਕ ਅਪਰਾਧਾਂ ਅਤੇ ਉਸ ਦੇ ਦੋਸ਼ੀਆਂ ਦਾ ਗੁਣਗਾਨ ਕੀਤਾ ਜਾਣਾ ਚਾਹੀਦਾ ਹੈ?

ਸਾਲ 1947 ਦੀ ਵੰਡ ਹਿੰਦੂ-ਮੁਸਲਿਮ ਵਿਚਾਲੇ ਇਸੇ ਸੱਭਿਅਤਾ ਵਾਲੇ ਟਕਰਾਅ ਦਾ ਮਾੜਾ ਨਤੀਜਾ ਸੀ, ਜੋ ਉਦੋਂ ਖਤਮ ਹੋ ਜਾਣਾ ਚਾਹੀਦਾ ਸੀ। ਜਿਥੇ ਪਾਕਿਸਤਾਨ-ਬੰਗਲਾਦੇਸ਼ ਸ਼ੁੱਧ ਇਸਲਾਮੀ ਰਾਸ਼ਟਰ ਬਣ ਗਏ, ਤਾਂ ਖੰਡਿਤ ਭਾਰਤ ’ਚ ‘ਦੋ ਰਾਸ਼ਟਰ ਸਿਧਾਂਤ’ ਦੀ ਜ਼ਹਿਰੀਲੀ ਮਾਨਸਿਕਤਾ ਅੱਜ ਵੀ ਜ਼ਿੰਦਾ ਹੈ। ਮਾਰਕਸ-ਮੈਕਾਲੇ ਮਾਨਸਪੁੱਤਰ ਇਸ ਖੱਡ ਨੂੰ ਪੂਰਨ ਦੀ ਬਜਾਏ ਇਸ ਨੂੰ ਹੋਰ ਡੂੰਘਾ ਕਰਦੇ ਹਨ। ਸ਼ਾਂਤੀ ਉਦੋਂ ਹੀ ਸੰਭਵ ਹੈ ਜਦੋਂ ਇਤਿਹਾਸ ਨਾਲ ਇਮਾਨਦਾਰੀ ਵਰਤੀ ਜਾਏ, ਝੂਠੇ ਨੈਰੇਟਿਵਾਂ ਨੂੰ ਤੋੜਿਆ ਜਾਏ ਅਤੇ ਨਫਰਤ ਫੈਲਾਉਣ ਵਾਲੀ ਮਾਨਸਿਕਤਾ ’ਤੇ ਖੁੱਲ੍ਹੀ ਬਹਿਸ ਹੋਵੇ। ਕੀ ਅਜਿਹਾ ਨੇੜ ਭਵਿੱਖ ’ਚ ਹੋਵੇਗਾ?

ਬਲਬੀਰ ਪੁੰਜ

punjbalbir@gmail.com


author

Anmol Tagra

Content Editor

Related News