ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਅੱਜ ਦੀ ਰਾਜਨੀਤੀ ’ਚ ‘ਵਿਲੇਨ’ ਕਿਉਂ ?

Sunday, Feb 22, 2026 - 05:23 PM (IST)

ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਅੱਜ ਦੀ ਰਾਜਨੀਤੀ ’ਚ ‘ਵਿਲੇਨ’ ਕਿਉਂ ?

ਆਜ਼ਾਦੀ ਦੇ ਅੰਦੋਲਨ ’ਚ ਮਹਾਤਮਾ ਗਾਂਧੀ ਅਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਯੋਗਦਾਨ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਪਤਾ ਨਹੀਂ ਅੱਜ ਦੇ ਕਥਿਤ ਰਾਜਨੇਤਾ ਉਨ੍ਹਾਂ ਨੂੰ ਗਾਲ੍ਹਾਂ ਕਿਉਂ ਕੱਢਣ ਲੱਗ ਪਏ ਹਨ? ਅੱਜ ਦੀ ਪੀੜ੍ਹੀ ਤਾਂ ਦੋਵਾਂ ਮਹਾਪੁਰਖਾਂ ਦੇ ਨਾਂ ਅਤੇ ਕੰਮ ਨੂੰ ਭੁੱਲ ਚੁੱਕੀ ਸੀ, ਦੇਸ਼ ਦੇ ਕਥਿਤ ਨੇਤਾਵਾਂ ਨੇ ਉਨ੍ਹਾਂ ਨੂੰ ਮੁੜ ਜ਼ਿੰਦਾ ਕਰ ਦਿੱਤਾ, ਪਰ ਜ਼ਿੰਦਾ ਉਨ੍ਹਾਂ ਨੂੰ ‘ਵਿਲੇਨ’ ਦੇ ਰੂਪ ’ਚ ਕੀਤਾ ਗਿਆ ਹੈ, ਜਿਸ ’ਤੇ ਮੈਨੂੰ ਇਤਰਾਜ਼ ਹੈ। ਆਜ਼ਾਦੀ ਅੰਦੋਲਨ ਦੌਰਾਨ ਆਜ਼ਾਦੀ ਹਾਸਲ ਕਰਨ ਦੀਆਂ ਕਈ ਸਮਾਨਾਂਤਰ ਲਹਿਰਾਂ ਚੱਲ ਰਹੀਆਂ ਸਨ ਪਰ ਆਜ਼ਾਦੀ ਦੀ ਜੰਗ ’ਚ ਸ਼ਾਂਤੀ, ਅਹਿੰਸਾ, ਅਸਹਿਯੋਗ ਅਤੇ ਸੱਤਿਆਗ੍ਰਹਿ ਦਾ ਸ਼ਾਸਤਰ ਉਠਾ ਕੇ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਲੜ ਰਹੇ ਸਨ। ਕਿਸ ਨੂੰ ਘੱਟ ਜਾਂ ਵੱਧ ਕਹੀਏ? ਆਜ਼ਾਦੀ ਦੀਆਂ ਸਾਰੀਆਂ ਲਹਿਰਾਂ ਦਾ ਇਕ ਹੀ ਉਦੇਸ਼ ਸੀ, ‘ਅੰਗਰੇਜ਼ੋ ਭਾਰਤ ਛੱਡੋ’।

ਆਜ਼ਾਦੀ ਦੀ ਕਿਸ ਲਹਿਰ ਦਾ ਯੋਗਦਾਨ ਘੱਟ ਸੀ? ਅੰਗਰੇਜ਼ ਇੰਝ ਹੀ ਭਾਰਤ ਨੂੰ ਛੱਡ ਕੇ ਨਹੀਂ ਗਏ। ਉਨ੍ਹਾਂ ਨੇ ਹਿੰਦੁਸਤਾਨ ਨੂੰ ਧਰਮ ਦੇ ਨਾਂ ’ਤੇ 2 ਟੁਕੜਿਆਂ ’ਚ ਵੰਡ ਕੇ ਇੱਥੋਂ ਸਦਾ ਲਈ ਚਲੇ ਜਾਣ ਦੀ ਧਾਰ ਲਈ ਸੀ, ਜਿਸ ’ਚ ਉਹ ਸਫ਼ਲ ਰਹੇ। ਅੱਜ ਦੇ ਨੇਤਾ ਜੋ ਮਹਾਤਮਾ ਗਾਂਧੀ ਨੂੰ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦਾ ਮੂਲ ਕਾਰਨ ਮੰਨਦੇ ਹਨ, ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਮਹਾਤਮਾ ਗਾਂਧੀ ਨੇ ਮੁਹੰਮਦ ਅਲੀ ਜਿੱਨਾਹ ਦੇ ਘਰ ਜਾ ਕੇ ਉਨ੍ਹਾਂ ਨੂੰ ਰੋਕਿਆ ਸੀ ਕਿ ਪਾਕਿਸਤਾਨ ਦੀ ਮੰਗ ਛੱਡ ਦਿਓ, ਜੇਕਰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੀ ਬਣਨਾ ਚਾਹੁੰਦੇ ਹੋ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਤੁਹਾਨੂੰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਾਉਣ ਨੂੰ ਤਿਆਰ ਹੈ ਪਰ ਜਿੱਨਾਹ ਟੱਸ ਤੋਂ ਮੱਸ ਨਾ ਹੋਏ ਅਤੇ ਦੇਸ਼ ਵੰਡਿਆ ਗਿਆ।

ਮਹਾਤਮਾ ਗਾਂਧੀ ਜਾਂ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼-ਵੰਡ ਦੇ ਕਿੱਥੇ ਦੋਸ਼ੀ ਹੋਏ? ਇਤਿਹਾਸ ਜਿਹਾ ਹੈ ਉਸ ਨੂੰ ਉਵੇਂ ਹੀ ਰਹਿਣ ਦਿੱਤਾ ਜਾਵੇ। ਨੇਤਾ ਜੀ ਸੁਭਾਸ਼ ਚੰਦਰ ਬੋਸ, ਚੰਦਰਸ਼ੇਖਰ ਆਜ਼ਾਦ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ. ਊਧਮ ਸਿੰਘ, ਪੰਡਿਤ ਨਹਿਰੂ, ਸ. ਪਟੇਲ ਅਤੇ ਮਹਾਤਮਾ ਗਾਂਧੀ ਸਾਰੇ ਆਜ਼ਾਦੀ ਦੇ ਪਰਵਾਨੇ ਸਨ। ਆਜ਼ਾਦੀ ਦੀ ਫਿਲਾਸਫੀ ਘੜੀ ਲਾਲ, ਪਾਲ, ਬਾਲ ਅਤੇ ਗੋਪਾਲ ਿਕ੍ਰਸ਼ਨ ਗੋਖਲੇ ਨੇ। ਅੱਜ ਦੇ ਰਾਜਨੇਤਾ ਆਜ਼ਾਦੀ ਦਾ ਸਿਹਰਾ ਕਿਸੇ ਇਕ ਆਜ਼ਾਦੀ ਪਰਵਾਨੇ ਨੂੰ ਨਾ ਦੇਣ। ਜਿਸ ਨੇ ਵੀ ਕੁਝ ਕੀਤਾ, ਚੰਗਾ ਕੀਤਾ।

79 ਸਾਲਾਂ ਦੇ ਬਾਅਦ ਆਪਣੇ ਪੂਰਵਜਾਂ ਨੂੰ ਕੋਸਣਾ, ਉਨ੍ਹਾਂ ਨੂੰ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਲਈ ਦੋਸ਼ੀ ਠਹਿਰਾਉਣਾ, ਅਣਉਚਿਤ ਹੈ। ਸਾਨੂੰ ਆਪਣੇ ਪੁਰਾਣੇ ਨੇਤਾਵਾਂ ਪ੍ਰਤੀ ਨਫ਼ਰਤ ਨਹੀਂ, ਸਗੋਂ ਆਦਰ ਦਾ ਭਾਵ ਜਾਗ੍ਰਿਤ ਕਰਨਾ ਚਾਹੀਦਾ ਹੈ। ਇੰਝ ਹੀ ਦੇਸ਼ ’ਚ ਦੱਬੇ ਮੁਰਦੇ ਨਾ ਉਖਾੜੋ। ਨਹਿਰੂ ਨਵੇਂ ਭਾਰਤ ਦੇ ਨਿਰਮਾਤਾ ਹਨ। ਗਾਂਧੀ ਇਸ ਦੇਸ਼ ਦੇ ਨਾਗਰਿਕਾਂ ਨੂੰ ਆਤਮਨਿਰਭਰ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਦਾ ਚਰਖਾ ਪ੍ਰਾਚੀਨ ਸੰਸਕ੍ਰਿਤੀ ਅਤੇ ਸੱਭਿਅਤਾ ਦਾ ਪ੍ਰਤੀਕ ਹੈ। ਮਹਾਤਮਾ ਗਾਂਧੀ ਨੇ ਇਕ ਹੀ ਲੰਗੋਟੀ ’ਚ ਜ਼ਿੰਦਗੀ ਕੱਟ ਦਿੱਤੀ। ਇੱਥੋਂ ਤੱਕ ਕਿ ‘ਇੰਗਲੈਂਡ ਗੋਲਮੇਜ਼ ਕਾਨਫਰੰਸ’ ’ਚ ਵੀ ਇਕ ਲੰਗੋਟੀ ਅਤੇ ਇਕ ਧੋਤੀ ’ਚ ਗਏ। ਮਹਾਤਮਾ ਗਾਂਧੀ ਨੂੰ ‘ਮਹਾਤਮਾ’, ‘ਬਾਪੂ’, ‘ਰਾਸ਼ਟਰਪਿਤਾ’ ਦੇ ਅਲੰਕਾਰ ਐਵੇਂ ਹੀ ਨਹੀਂ ਮਿਲੇ। ਮਹਾਤਮਾ ਗਾਂਧੀ ਨੇ ਕਲੇਸ਼, ਹਿੰਸਾ, ਅਨਿਆਂ, ਅੱਤਿਆਚਾਰ ਅਤੇ ਸ਼ੋਸ਼ਣ ਦੇ ਨਿਵਾਰਣ ਲਈ ਅਹਿੰਸਾ ਦਾ ਸਹਾਰਾ ਲਿਆ। ਸੱਤਿਆਗ੍ਰਹਿ ਰਾਹੀਂ ਦੂਜੇ ਵਿਅਕਤੀ ਦੇ ਦਿਲ ’ਚ ਸੱਚਾਈ ਪ੍ਰਤੀ ਸਨਮਾਨ ਜਗਾ ਕੇ ਉਸ ਨੂੰ ਦੇਸ਼ ਹਿੱਤ ’ਚ ਲਿਆਉਣਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਸੀ।

ਸੱਤਿਆਗ੍ਰਿਹੀ ਝੂਠੇ ਵੱਕਾਰ ਦੇ ਚੱਕਰ ’ਚ ਆਪਣੇ ਸੱਚ ਦੇ ਮਾਰਗ ਨੂੰ ਤਿਆਗਦਾ ਨਹੀਂ। ਚਰਖੇ ਦੇ ਪਿੱਛੇ ਦੀ ਭਾਵਨਾ ਸੀ ਕਿ ਅਸੀਂ ਸਾਦਾ ਖਾਈਏ, ਸਾਦਾ ਪਹਿਨੀਏ ਅਤੇ ਹੰਕਾਰ ਨੂੰ ਛੱਡ ਕੇ ਸਮਾਜ ’ਚ ਸ਼ਾਂਤੀ ਨਾਲ ਵਿਚਰਨ ਕਰੀਏ। ਆਪਣੇ ਿਜਊਂਦੇ ਜੀਅ ਉਨ੍ਹਾਂ ਨੇ ਕਸ਼ਟ, ਆਲੋਚਨਾ, ਨਿੰਦਾ ਦਾ ਹੱਸਦੇ-ਹੱਸਦੇ ਸਾਹਮਣਾ ਕੀਤਾ, ਕਿਸੇ ਪ੍ਰਤੀ ਨਫਰਤ ਦਾ ਭਾਵ ਨਹੀਂ ਸੀ। ਮਹਾਤਮਾ ਗਾਧੀਂ ਦੀ ‘ਆਤਮ ਵਿਜੇ’ ਦੀ ਭਾਵਨਾ ਨਾਲ ਮਨੁੱਖ ਮਨ, ਇੰਦਰੀਆਂ, ਸਰੀਰ, ਬੁੱਧੀ ’ਤੇ ਕੰਟਰੋਲ ਕਰ ਸਕਦਾ ਹੈ। ਨਫਰਤ ਤੇ ਭੈਅ ਨੂੰ ਤਿਆਗਣ ਨਾਲ ਸੱਚਾਈ ਦੇ ਦਰਸ਼ਨ ਹੋ ਸਕਦੇ ਹਨ। ਮਹਾਤਮਾ ਗਾਂਧੀ ਈਸ਼ਵਰ ਭਗਤ ਸਨ। ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ। ‘ਧਰਮ ਤਬਦੀਲੀ’ ਨੂੰ ਗਾਂਧੀ ਜੀ ਅਣਉਚਿਤ ਸਮਝਦੇ ਸੀ। ਮਾਨਵ ਸੇਵਾ ਹੀ ਪਰਮ ਧਰਮ ਹੈ। ਰਾਜਨੀਤੀ ਧਰਮ ਦੀ ਦਾਸੀ ਹੈ, ਮਾਲਕ ਨਹੀਂ। ਧਰਮ ਰਾਜਨੀਤੀ ਨੂੰ ਪਵਿੱਤਰ ਬਣਾਉਂਦਾ ਹੈ। ਰਾਮ, ਸੀਤਾ, ਰਾਮਚਰਿਤ ਮਾਨਸ ਮਹਾਤਮਾ ਗਾਂਧੀ ਦੇ ਆਦਰਸ਼ ਸਨ। ਪਹਿਲੇ ਵਿਸ਼ਵ ਯੁੱਧ ’ਚ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦਾ ਸਹਿਯੋਗ ਕੀਤਾ, ਪਰ ਯੁੱਧ ਸਮਾਪਤੀ ’ਤੇ ਅੰਗਰੇਜ਼ਾਂ ਨੇ ‘ਰੋਲਟ ਐਕਟ’ ਜਿਹਾ ਭਾਰਤ ਵਿਰੋਧੀ ਐਕਟ ਪਾਸ ਕਰ ਦਿੱਤਾ ਅਤੇ ਸਥਾਨਕ ਲੋਕਾਂ ’ਤੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ। ਇਸੇ ਲਈ ਮਹਾਤਮਾ ਗਾਂਧੀ ਨੇ ਦੂਜੇ ਵਿਸ਼ਵ ਯੁੱਧ ’ਚ ਅੰਗਰੇਜ਼ਾਂ ਦਾ ਵਿਰੋਧ ਕੀਤਾ।

ਮਹਾਤਮਾ ਗਾਂਧੀ ਇਸ ਲਈ ‘ਮਹਾਤਮਾ’ ਸੀ ਕਿਉਂਕਿ ਉਹ ਦੂਜਿਆਂ ਲਈ ਜੀਏ ਅਤੇ ਦੂਜਿਆਂ ਦੇ ਹੱਥੋਂ ਮਰੇ ਵੀ। ਉਹ ਭਾਰਤ ਦੇ ਸੱਚੇ ਪ੍ਰਤੀਨਿਧ ਸੀ। ‘ਬਿਰਲਾ ਹਾਊਸ’ ’ਚ ਠਹਿਰ ਕੇ ਲੱਖਪਤੀਆਂ ’ਚ ਰਹਿ ਕੇ ਵੀ ਉਨ੍ਹਾਂ ਦੀ ਸੋਚ ਸਦਾ ਗਰੀਬਾਂ ਦੇ ਹਿੱਤਾ ’ਚ ਰਹੀ। ਉਨ੍ਹਾਂ ਨੇ ਹਮੇਸ਼ਾ ਰੇਲਵੇ ਦੇ ਤੀਜੇ ਦਰਜੇ ’ਚ ਯਾਤਰਾ ਕੀਤੀ। ਰਾਸ਼ਟਰ ਦੀ ਰਫਤਾਰ, ਸਥਿਤੀ, ਕ੍ਰਿਤੀ ਅਤੇ ਮਤੀ ’ਚ ਉਨ੍ਹਾਂ ਦਾ ਵਿਲੱਖਣ ਯੋਗਦਾਨ ਹੈ। ਗਾਂਧੀ ਹਮੇਸ਼ਾ ਮਨੁੱਖਤਾ ਦੀ ਰੱਖਿਆ ’ਚ ਖੜ੍ਹੇ ਰਹੇ।

ਅੱਜ ਦਾ ਨੇਤਾ ਪੰਡਿਤ ਨਹਿਰੂ ’ਤੇ ਵੀ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਦੇ ਲਾਰਡ ਮਾਊਂਟਬੈਟਨ ਦੀ ਪਤਨੀ ਨਾਲ ਅੰਦਰੂਨੀ ਰਿਸ਼ਤੇ ਸੀ। ਕਸ਼ਮੀਰ ਸਮੱਸਿਆ ਨਹਿਰੂ ਦੀ ਦੇਣ ਹੈ। ਉਨ੍ਹਾਂ ਦੀ ਕਸ਼ਮੀਰ ਘਾਟੀ ਦੇ ਨੇਤਾ ਸ਼ੇਖ ਅਬਦੁੱਲਾ ਨਾਲ ਮਿੱਤਰਤਾ ਸੀ। ਆਦਿ-ਆਦਿ। ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਡਿਤ ਨਹਿਰੂ ਆਧੁਨਿਕ ਭਾਰਤ ਦੇ ਨਵ-ਨਿਰਮਾਣ ’ਚ ਵਿਸ਼ਵਾਸ ਰੱਖਦੇ ਸਨ। ਉਦਯੋਗਿਕ ਖੇਤਰ ’ਚ ਭਾਰਤ ਨੂੰ ਦੁਨੀਆ ਦੇ ਨਕਸ਼ੇ ’ਤੇ ਦੇਖਣਾ ਚਾਹੁੰਦੇ ਸਨ। ਨਹਿਰੂ ਇਕ ਫਿਲਾਸਫੀ ਸੀ। ਆਪਣੇ ਅਜਿਹੇ ਨੇਤਾਵਾਂ ਨੂੰ ਕੋਸਣ, ਉਨ੍ਹਾਂ ਨੂੰ ਗਾਲੀ-ਗਲੋਚ ਕਰਨ ਨਾਲ ਦੇਸ਼ ਦਾ ਹਿੱਤ ਨਹੀਂ ਹੋਵੇਗਾ। ਅੱਜ ਦਾ ਨੇਤਾ ਗਾਂਧੀ ਅਤੇ ਜਵਾਹਰ ਤੋਂ ਅੱਗੇ ਨਿਕਲ ਕੇ ਦਿਖਾਏ, ਆਪਣੇ ਆਪ ਨੂੰ ਗਾਂਧੀ ਅਤੇ ਨਹਿਰੂ ਬਣਾਏ।

-ਮਾਸਟਰ ਮੋਹਨ ਲਾਲ
(ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)


author

Harpreet SIngh

Content Editor

Related News