ਭਾਰਤ ਵਿਚ ਸੋਨੇ ਦੀ ਸਮੱਗਲਿੰਗ ਜ਼ੋਰਾਂ ’ਤੇ

Sunday, Dec 15, 2024 - 02:35 AM (IST)

ਭਾਰਤ ਵਿਚ ਸੋਨੇ ਦੀ ਸਮੱਗਲਿੰਗ ਜ਼ੋਰਾਂ ’ਤੇ

ਭਾਰਤ ਸਰਕਾਰ ਕਈ ਸਾਲਾਂ ਤੋਂ ਦੇਸ਼ ਵਿਚ ਸੋਨੇ ਅਤੇ ਹੋਰ ਕੀਮਤੀ ਵਸਤੂਆਂ ਦੀ ਗੈਰ-ਕਾਨੂੰਨੀ ਸਮੱਗਲਿੰਗ ਨੂੰ ਰੋਕਣ ਲਈ ਯਤਨਸ਼ੀਲ ਹੈ ਅਤੇ ਇਸ ਲਈ ਕਾਨੂੰਨ ਵੀ ਬਣਾਏ ਹਨ, ਪਰ ਸਮੱਗਲਰ ਵੀ ਨਿੱਤ ਨਵੇਂ ਤਰੀਕੇ ਲੱਭ ਕੇ ਉਸ ਦੇ ਯਤਨਾਂ ਨੂੰ ਨਾਕਾਮ ਕਰ ਰਹੇ ਹਨ, ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 9 ਅਕਤੂਬਰ ਨੂੰ ਗੁਹਾਟੀ (ਅਸਾਮ) ਵਿਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਤਾਇਨਾਤ ‘ਬਾਰਡਰ ਸਕਿਓਰਿਟੀ ਫੋਰਸ’ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਲਗਭਗ 45.03 ਲੱਖ ਰੁਪਏ ਦੀ ਕੀਮਤ ਦਾ 583.410 ਗ੍ਰਾਮ ਸੋਨਾ ਜ਼ਬਤ ਕੀਤਾ।

* 24 ਅਕਤੂਬਰ ਨੂੰ ‘ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ’ (ਡੀ.ਆਰ.ਆਈ.) ਦੇ ਅਧਿਕਾਰੀਆਂ ਨੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 2 ਯਾਤਰੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 7.6 ਕਰੋੜ ਰੁਪਏ ਦਾ 9.4 ਕਿਲੋ ਸੋਨਾ ਜ਼ਬਤ ਕੀਤਾ।

* 4 ਨਵੰਬਰ ਨੂੰ ‘ਬਾਰਡਰ ਸਕਿਓਰਿਟੀ ਫੋਰਸ’ ਨੇ ਮੁਰਸ਼ਦਾਬਾਦ ’ਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਇਕ ਸਮੱਗਲਰ ਕੋਲੋਂ ਚੱਪਲਾਂ ’ਚ ਲੁਕੋਇਆ ਹੋਇਆ 37.5 ਲੱਖ ਰੁਪਏ ਮੁੱਲ ਦਾ 466.5 ਗ੍ਰਾਮ ਸੋਨਾ ਜ਼ਬਤ ਕੀਤਾ।

* 5 ਨਵੰਬਰ ਨੂੰ ਪੱਛਮੀ ਬੰਗਾਲ ਦੀ ‘ਹਰਿਦਾਸਪੁਰ’ ਸਰਹੱਦੀ ਚੌਕੀ ’ਤੇ ਤਾਇਨਾਤ ‘ਬਾਰਡਰ ਸਕਿਓਰਿਟੀ ਫੋਰਸ’ ਦੇ ਅਧਿਕਾਰੀਆਂ ਨੇ ਲਗਭਗ 87.8 ਲੱਖ ਰੁਪਏ ਦੀ ਕੀਮਤ ਦਾ 1.6 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ, ਜੋ ਬੰਗਲਾਦੇਸ਼ ਤੋਂ ਭਾਰਤ ਵਿਚ ਸਮੱਗਲ ਕਰ ਕੇ ਲਿਆਂਦਾ ਜਾ ਰਿਹਾ ਸੀ।

* 20 ਨਵੰਬਰ ਨੂੰ ‘ਬਾਰਡਰ ਸਕਿਓਰਿਟੀ ਫੋਰਸ’ ਨੇ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲੇ ਦੇ ਅੰਚਲਪਾੜਾ ਪਿੰਡ ’ਚ ਇਕ ਸਿਵਲ ਇੰਜੀਨੀਅਰ ਨੂੰ ਗ੍ਰਿਫਤਾਰ ਕਰ ਕੇ 4.36 ਕਰੋੜ ਰੁਪਏ ਦਾ ਕਰੀਬ 6 ਕਿਲੋ ਸੋਨਾ ਜ਼ਬਤ ਕੀਤਾ।

* 29 ਨਵੰਬਰ ਨੂੰ ਵਾਰਾਣਸੀ ਦੇ ‘ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ’ ’ਤੇ ਕਸਟਮ ਵਿਭਾਗ ਨੇ ਸ਼ਾਰਜਾਹ ਤੋਂ ਆਏ ਇਕ ਯਾਤਰੀ ਨੂੰ ਗ੍ਰਿਫਤਾਰ ਕਰ ਕੇ 62 ਲੱਖ ਰੁਪਏ ਦੀ ਕੀਮਤ ਦਾ 816 ਗ੍ਰਾਮ ਸੋਨਾ ਬਰਾਮਦ ਕੀਤਾ, ਜੋ ਉਹ ਆਪਣੇ ਪ੍ਰਾਈਵੇਟ ਪਾਰਟ ’ਚ ਲੁਕੋ ਕੇ ਲਿਆਇਆ ਸੀ।

* 30 ਨਵੰਬਰ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਜੇਦਾਹ (ਸਾਊਦੀ ਅਰਬ) ਤੋਂ ਆਏ ਇਕ ਯਾਤਰੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਕਰੀਬ 1 ਕਰੋੜ ਰੁਪਏ ਦੀ ਕੀਮਤ ਦਾ 1321 ਗ੍ਰਾਮ ਸੋਨਾ ਬਰਾਮਦ ਕੀਤਾ, ਜੋ ਉਹ ਆਪਣੇ ਅੰਡਰਵੀਅਰ ’ਚ ਰਸਾਇਣਕ ਪੇਸਟ ਦੇ ਰੂਪ ’ਚ ਲੁਕੋ ਕੇ ਲਿਆਇਆ ਸੀ।

* 5 ਦਸੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ 3 ਵਿਦੇਸ਼ੀ ਯਾਤਰੀਆਂ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 439 ਗ੍ਰਾਮ ਸੋਨਾ ਬਰਾਮਦ ਕੀਤਾ, ਜੋ ਉਨ੍ਹਾਂ ਨੇ ਆਪਣੇ ਨਿੱਜੀ ਅੰਗਾਂ ’ਚ ਲੁਕੋ ਕੇ ਰੱਖਿਆ ਹੋਇਆ ਸੀ।

* 6 ਦਸੰਬਰ ਨੂੰ ‘ਬਾਰਡਰ ਸਕਿਓਰਿਟੀ ਫੋਰਸ’ ਦੇ ਅਧਿਕਾਰੀਆਂ ਨੇ ਅਗਰਤਲਾ (ਤ੍ਰਿਪੁਰਾ) ਦੇ ਸੋਨਾਮੁਰਾ ਵਿਖੇ ਲਗਭਗ 1.74 ਕਰੋੜ ਰੁਪਏ ਦੀ ਕੀਮਤ ਦਾ 2 ਕਿਲੋ 177 ਗ੍ਰਾਮ ਸੋਨਾ ਬਰਾਮਦ ਕੀਤਾ, ਜਦੋਂ ਕਿ ਇਸ ਨੂੰ ਲਿਆਉਣ ਵਾਲੇ ਸਮੱਗਲਰ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਵਿਚ ਕਾਮਯਾਬ ਹੋ ਗਏ।

* 8 ਦਸੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ‘ਏਅਰ ਇੰਟੈਲੀਜੈਂਸ ਯੂਨਿਟ’ ਨੇ ਸੋਨੇ ਦੀ ਸਮੱਗਲਿੰਗ ਦੇ 2 ਮਾਮਲਿਆਂ ’ਚ 4 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਕਰੀਬ 1 ਕਰੋੜ ਰੁਪਏ ਦੀ ਕੀਮਤ ਦਾ ਕੁੱਲ 1438 ਗ੍ਰਾਮ ਸੋਨਾ ਬਰਾਮਦ ਕੀਤਾ।

* 10 ਦਸੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਯਾਤਰੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋ 1 ਕਰੋੜ 81 ਲੱਖ ਰੁਪਏ ਤੋਂ ਵੱਧ ਦੀ ਕੀਮਤ ਦਾ 2 ਕਿਲੋ 723 ਗ੍ਰਾਮ ਸੋਨਾ ਬਰਾਮਦ ਕੀਤਾ, ਜਿਸ ਨੂੰ ਉਸ ਨੇ ਆਪਣੇ ਅੰਡਰਵੀਅਰ ’ਚ ਪੇਸਟ ਦੇ ਰੂਪ ’ਚ ਲੁਕੋਇਆ ਹੋਇਆ ਸੀ।

* 10 ਦਸੰਬਰ ਨੂੰ ਹੀ ‘ਬਾਰਡਰ ਸਕਿਓਰਿਟੀ ਫੋਰਸ’ ਦੇ ਜਵਾਨਾਂ ਨੇ ਭਾਰਤ-ਬੰਗਲਾਦੇਸ਼ ਸਰਹੱਦੀ ਖੇਤਰ ’ਚ ‘ਨਦੀਆ’ ਜ਼ਿਲ੍ਹਾ ਸਰਹੱਦੀ ਚੌਕੀ ‘ਪੁਤੀਖਾਲੀ’ ਇਲਾਕੇ ਵਿਚ ਇਕ ਸਕੂਟੀ ਸਵਾਰ ਅਤੇ ਉਸ ਦੇ 2 ਸਾਥੀਆਂ ਨੂੰ ਲਗਭਗ 1 ਕਰੋੜ 28 ਲੱਖ ਰੁਪਏ ਮੁੱਲ ਦੇ 12 ਸੋਨੇ ਦੇ ਬਿਸਕੁਟਾਂ ਅਤੇ 2 ਇੱਟਾਂ ਸਮੇਤ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਕੁੱਲ ਵਜ਼ਨ 1 ਕਿਲੋ 76 ਗ੍ਰਾਮ ਸੀ।

* 12 ਦਸੰਬਰ ਨੂੰ ਜੈਪੁਰ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 2 ਯਾਤਰੀਆਂ ਵਲੋਂ ਸਮੱਗਲ ਕਰ ਕੇ ਲਿਆਂਦਾ ਗਿਆ 4 ਕਰੋੜ ਰੁਪਏ ਤੋਂ ਵੱਧ ਦਾ ਲਗਭਗ 7 ਕਿਲੋ ਸੋਨਾ ਬਰਾਮਦ ਕੀਤਾ।

* ਅਤੇ ਹੁਣ 13 ਦਸੰਬਰ ਨੂੰ ਡੀ. ਆਰ. ਆਈ. (ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ) ਦੇ ਅਧਿਕਾਰੀਆਂ ਨੇ ਮੁੰਬਈ ’ਚ ‘ਡੀ. ਜੇ ਲਾਈਟ’ ’ਚ ਲੁਕੋ ਕੇ ਰੱਖਿਆ ਗਿਆ 9.6 ਕਰੋੜ ਰੁਪਏ ਮੁੱਲ ਦਾ 12 ਕਿਲੋ ਸੋਨਾ ਬਰਾਮਦ ਕਰ ਕੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ।

ਇੰਨੀ ਵੱਡੀ ਮਾਤਰਾ ਵਿਚ ਸੋਨੇ ਦੀ ਸਮੱਗਲਿੰਗ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਜਿੱਥੇ ਇਸ ਨੂੰ ਰੋਕਣ ਲਈ ਹਰ ਥਾਂ ਚੌਕਸੀ ਵਧਾਉਣ ਦੀ ਲੋੜ ਹੈ, ਉੱਥੇ ਹੀ ਇਸ ਨੂੰ ਫੜਨ ਵਾਲੇ ਸਟਾਫ਼ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੂਜਿਆਂ ਨੂੰ ਵੀ ਪ੍ਰੇਰਣਾ ਮਿਲੇ ਅਤੇ ਉਹ ਵੱਧ ਚੁਸਤੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ।

-ਵਿਜੇ ਕੁਮਾਰ


author

Harpreet SIngh

Content Editor

Related News