ਆਖ਼ਿਰ ਕਦੋਂ ਰੁਕੇਗਾ ਦੇਸ਼ ਵਿਚ ਦਲਿਤ ਭਾਈਚਾਰੇ ਨਾਲ ਵਿਤਕਰਾ

Monday, Feb 16, 2026 - 06:36 AM (IST)

ਆਖ਼ਿਰ ਕਦੋਂ ਰੁਕੇਗਾ ਦੇਸ਼ ਵਿਚ ਦਲਿਤ ਭਾਈਚਾਰੇ ਨਾਲ ਵਿਤਕਰਾ

ਛੂਤਛਾਤ ਅਤੇ ਜਾਤੀ ਆਧਾਰਿਤ ਵਿਤਕਰੇ ਮਿਟਾਉਣ ਲਈ ਮਹਾਤਮਾ ਗਾਂਧੀ ਅਤੇ ਹੋਰ ਮਹਾਪੁਰਖਾਂ ਨੇ ਅਣਥੱਕ ਯਤਨ ਕੀਤੇ ਪਰ ਇਸ ਦੇ ਬਾਵਜੂਦ ਅੱਜ ਵੀ ਦੇਸ਼ ’ਚ ਕਈ ਥਾਵਾਂ ’ਤੇ ਦਲਿਤ ਭਾਈਚਾਰੇ ਨਾਲ ਵਿਤਕਰਾ ਜਾਰੀ ਹੈ।

ਇਸੇ ਸਿਲਸਿਲੇ ’ਚ ਓਡਿਸ਼ਾ ਦੇ ਕੇਂਦਰਪਾੜਾ ਜ਼ਿਲੇ ਦੇ ਨੁਆਗਾਂਵ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ‘ਸਰਮਿਸ਼ਤਾ ਸੇਠੀ’ ਨਾਮੀ ਇਕ ਗ੍ਰੈਜੂਏਟ ਦਲਿਤ ਮੁਟਿਆਰ ਨੂੰ ਆਂਗਣਵਾੜੀ ਦੀ ਸਹਾਇਕ ਕੁੱਕ ਨਿਯੁਕਤ ਕੀਤੇ ਜਾਣ ਤੋਂ ਬਾਅਦ, ਪਿੰਡ ਦੀ ਕਮੇਟੀ ਨੇ ਇਸ ਦੇ ਵਿਰੋਧ ’ਚ ਆਪਣੇ ਬੱਚਿਆਂ ਨੂੰ ਉਕਤ ਆਂਗਣਵਾੜੀ ਕੇਂਦਰ ਵਿਚ ਭੇਜਣਾ ਹੀ ਬੰਦ ਕਰ ਦਿੱਤਾ। ਇਸ ਕਾਰਨ ਇਹ ਆਂਗਣਵਾੜੀ ਕੇਂਦਰ ਲਗਭਗ 3 ਮਹੀਨਿਆਂ ਤੋਂ ਬੰਦ ਹੈ।

ਇੱਥੇ ਆਉਣ ਵਾਲੇ ਲਗਭਗ 60 ਉੱਚ ਜਾਤੀਆਂ ਦੇ ਵਧੇਰੇ ਬੱਚਿਆਂ ਦੇ ਮਾਤਾ-ਪਿਤਾ ਪਿੰਡ ਦੀ ਉਕਤ ਕਮੇਟੀ ’ਚ ਸ਼ਾਮਲ ਸਨ ਅਤੇ ਇਹ ਸਤਰਾਂ ਲਿਖੇ ਜਾਣ ਤੱਕ ਅਜੇ ਤੱਕ ਇਸ ਸਮੱਸਿਆ ਨੂੰ ਸੁਲਝਾਇਆ ਨਹੀਂ ਜਾ ਸਕਿਆ ਹੈ।

ਵਰਣਨਯੋਗ ਹੈ ਕਿ ਇਸ ਪਿੰਡ ’ਚ ਰਹਿਣ ਵਾਲੇ ਲਗਭਗ 45 ਪਰਿਵਾਰਾਂ ’ਚ 7 ਦਲਿਤ ਪਰਿਵਾਰ ਵੀ ਸ਼ਾਮਲ ਹਨ। ਉਨ੍ਹਾਂ ਇਸ ਕੇਂਦਰ ’ਚ ਕੰਮ ਕਰ ਰਹੀ ਉੱਚ ਜਾਤੀ ਦੀ ਇਕ ਆਂਗਣਵਾੜੀ ਵਰਕਰ ‘ਲਿਜ਼ਾ ਰਾਣੀ ਪਾਂਡਵ’ ਨੂੰ ਕਿਹਾ ਕਿ ਉਨ੍ਹਾਂ ਦੇ ਬੱਚੇ ਇਕ ਦਲਿਤ ਔਰਤ ਦੇ ਹੱਥ ਦਾ ਬਣਿਆ ਖਾਣਾ ਨਹੀਂ ਖਾਣਗੇ।

‘ਸਰਮਿਸ਼ਤਾ ਸੇਠੀ’ ਦੀ ਨਿਯੁਕਤੀ ਉਕਤ ਆਂਗਣਵਾੜੀ ’ਚ 24 ਨਵੰਬਰ, 2025 ਨੂੰ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਉੱਚੀ ਜਾਤੀ ਦੇ ਲੋਕਾਂ ਨੇ ਮੈਨੂੰ ਬੱਚਿਆਂ ਲਈ ਖਾਣਾ ਨਾ ਬਣਾਉਣ ਦੀ ਚਿਤਾਵਨੀ ਦਿੱਤੀ ਸੀ ਅਤੇ ਜਦੋਂ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ।

ਉਕਤ ਘਟਨਾਚੱਕਰ ਤੋਂ ਸਪੱਸ਼ਟ ਹੈ ਕਿ ਅਜੇ ਵੀ ਸਾਡੇ ਸਮਾਜ ’ਚ ਜਾਤ-ਪਾਤ ਦੀਆਂ ਜੜ੍ਹਾਂ ਕਿੰਨੀਆਂ ਡੂੰਘਾਈ ਤੱਕ ਸਮਾਈਆਂ ਹੋਈਆਂ ਹਨ। ਇਸ ਲਈ ਅਜਿਹੇ ਵਤੀਰੇ ’ਚ ਸ਼ਾਮਲ ਹੋਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।


author

Sandeep Kumar

Content Editor

Related News