ਭਾਰਤ ’ਚ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਵਿਸ਼ਵ ਸੰਮੇਲਨ

Monday, Feb 16, 2026 - 05:54 AM (IST)

ਭਾਰਤ ’ਚ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਵਿਸ਼ਵ ਸੰਮੇਲਨ

ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਭਾਵ ਨਕਲੀ ਬੁੱਧੀਮਤਾ ਭਾਰਤ ਅਤੇ ਵਿਸ਼ਵ ਦੇ ਹੋਰ ਦੇਸ਼ਾਂ ’ਚ ਵਿਕਾਸ, ਗਵਰਨੈਂਸ ’ਚ ਸੁਧਾਰ ਅਤੇ ਪਬਲਿਕ ਸਰਵਿਸ ਡਲਿਵਰੀ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਅੱਜ ਦੀ ਤਰੀਕ ’ਚ ਭਾਰਤ ਨੂੰ ਵਿਸ਼ਵ ’ਚ ਏ. ਆਈ. ਦੀ ਉੱਭਰਦੀ ਹੱਬ ਵਜੋਂ ਦੇਖਿਆ ਜਾ ਰਿਹਾ ਹੈ।

ਇਸੇ ਸਿਲਸਿਲੇ ’ਚ ਭਾਰਤ ’ਚ ਪਹਿਲੀ ਵਾਰ ‘ਏ. ਆਈ. ਇੰਪੈਕਟ ਸਮਿਟ’ ਦਾ ਆਯੋਜਨ ਨਵੀਂ ਦਿੱਲੀ ਦੇ ‘ਭਾਰਤ ਮੰਡਪਮ’ ’ਚ 19-20 ਫਰਵਰੀ ਨੂੰ ਕੀਤਾ ਜਾ ਰਿਹਾ ਹੈ। ਇਹ ਸਮਿਟ ‘ਗਲੋਬਲ ਸਾਊਥ’ ’ਚ ਆਯੋਜਿਤ ਕੀਤੀ ਜਾਣ ਵਾਲੀ ਪਹਿਲੀ ਏ. ਆਈ. ਫੋਰਮ ਹੈ। ਇਸ ਸੰਮੇਲਨ ’ਚ ਦੁਨੀਆ ਭਰ ਦੇ ਨੇਤਾ, ਨੀਤੀ ਘੜਨ ਵਾਲੇ, ਇੰਡਸਟਰੀ ਅਤੇ ਐਕਸਪਰਟ ਸ਼ਾਮਲ ਹੋਣਗੇ ਜਿਸ ’ਚ ਏ. ਆਈ. ਦੀ ਤਬਦੀਲੀ ਲਿਆਉਣ ਵਾਲੀ ਸਮਰੱਥਾ ਅਤੇ ਨਵੀਆਂ ਧਾਰਨਾਵਾਂ ’ਤੇ ਚਰਚਾ ਕੀਤੀ ਜਾਵੇਗੀ।

ਭਾਰਤ ਲਈ ਇਹ ਮਾਣ ਦੀ ਗੱਲ ਹੈ ਕਿ ਇਸ ’ਚ ਸਾਰੀ ਦੁਨੀਆ ਤੋਂ ਤਕਨੀਕ ਜਗਤ ਦੇ ਮਾਹਿਰ ਅਤੇ ਨੀਤੀ ਘੜਨ ਵਾਲੇ ਸ਼ਾਮਲ ਹੋਣਗੇ। ਸੰਯੁਕਤ ਰਾਸ਼ਟਰ ਦੀ ਭਾਈਵਾਲੀ ’ਚ ਆਯੋਜਿਤ ਕੀਤੇ ਜਾਣ ਵਾਲੇ ਇਸ ਸੰਮੇਲਨ ’ਚ ਆਪਸੀ ਭਰੋਸੇ ਅਤੇ ਸੁਰੱਖਿਆ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ’ਚ 20 ਦੇਸ਼ਾਂ ਦੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਉਪ-ਰਾਸ਼ਟਰਪਤੀਆਂ ਸਮੇਤ 30 ਤੋਂ ਵੱਧ ਦੇਸ਼ਾਂ ਦੇ 300 ਤੋਂ ਵੱਧ ਐਗਜ਼ੀਬਿਟਰ ਹਿੱਸਾ ਲੈਣਗੇ।

ਇਨ੍ਹਾਂ ’ਚ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ, ਗੁਆਨਾ ਦੇ ਉਪ-ਰਾਸ਼ਟਰਪਤੀ ਭਰਤ ਜਗਦੇਵ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ, ਐਸਟੋਨੀਆ ਦੇ ਰਾਸ਼ਟਰਪਤੀ ਅਲਾਰ ਕਾਰਿਸ, ਬੋਲੀਵੀਆ ਦੇ ਉਪ-ਰਾਸ਼ਟਰਪਤੀ ਐਡਮੰਡ ਤਾਰਾ ਮੋਂਟਾਨੋ, ਫਿਨਲੈਂਡ ਦੇ ਪ੍ਰਧਾਨ ਮੰਤਰੀ ਪੇਟੇਰੀ ਆਰਪੋ, ਸਪੇਨ ਦੇ ਰਾਸ਼ਟਰਪਤੀ ਸਾਂਚੇਜ਼ ਪੇਰੇਜ਼, ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ, ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗੀ ਪਾਰਮੇਲਿਨ, ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਡਿਕ ਸਕੋਫ, ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਰੇ, ਯੂ. ਏ. ਈ. ਦੇ ਸ਼ੇਖ ਖਾਲਿਦ ਬਿਨ ਮੁਹੰਮਦ, ਅਾਬੂਧਾਬੀ ਦੇ ਕਰਾਊਨ ਪ੍ਰਿੰਸ ਆਦਿ ਸ਼ਾਮਲ ਹਨ।

ਇਸ ਸੰਮੇਲਨ ’ਚ ਚੀਨ ਅਤੇ ਅਮਰੀਕਾ ਵੱਲੋਂ ਵੀ ਆਪਣੇ ਸੀਨੀਅਰ ਅਧਿਕਾਰੀਆਂ ਦਾ ਵਫਦ ਭੇਜਣ ਦੀ ਆਸ ਹੈ।

ਇਹ ਵਿਕਾਸਸ਼ੀਲ ਦੇਸ਼ਾਂ ’ਚ ਆਯੋਜਿਤ ਹੋਣ ਵਾਲਾ ਆਪਣੀ ਕਿਸਮ ਦਾ ਪਹਿਲਾ ਆਯੋਜਨ ਹੈ। ਭਾਰਤ ਨੇ ਹਾਲ ਦੇ ਸਾਲਾਂ ’ਚ ਖ਼ੁਦ ਨੂੰ ਇਕ ਏ. ਆਈ. ਪਾਵਰ ਹਾਊਸ ਦੇ ਰੂਪ ’ਚ ਸਥਾਪਤ ਕੀਤਾ ਹੈ। ਭਾਰਤ ਕੋਲ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਏ. ਆਈ. ਵਰਕਫੋਰਸ ਅਤੇ ਵਿਸ਼ਾਲ ਡਾਟਾ ਸੋਮਾ ਹੈ ਅਤੇ ਇਸ ਆਯੋਜਨ ਨਾਲ ਭਾਰਤ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦਾ ਹੈ ਕਿ ਏ. ਆਈ. ਸਿਰਫ ਵਿਕਸਿਤ ਦੇਸ਼ਾਂ ਲਈ ਨਹੀਂ ਸਗੋਂ ਵਿਕਾਸਸ਼ੀਲ ਦੇਸ਼ਾਂ ਦੀਆਂ ਸਮੱਸਿਆਵਾਂ, ਖੇਤੀਬਾੜੀ, ਸਿਹਤ ਆਦਿ ਨੂੰ ਹੱਲ ਕਰਨ ਦਾ ਜ਼ਰੀਆ ਹੈ।

ਏਸ਼ੀਆ ਸੁਸਾਇਟੀ ਪਾਲਿਸੀ ਇੰਸਟੀਚਿਊਟ (ਏ. ਐੱਸ. ਪੀ. ਆਈ.) ਦੀ ਮੈਨੇਜਿੰਗ ਡਾਇਰੈਕਟਰ ਰਾਰੀ ਡੇਨੀਅਲਜ਼ ਦਾ ਕਹਿਣਾ ਹੈ ਕਿ ਭਾਰਤ ਦੀਆਂ ਉੱਭਰਦੀਆਂ ਏ. ਆਈ. ਗਾਈਡਲਾਈਨਜ਼ ਅਤੇ ਪਾਲਿਸੀ ਹੋਰ ਉੱਭਰਦੀਆਂ ਅਰਥਵਿਵਸਥਾਵਾਂ ਲਈ ਇਕ ਮਾਡਲ ਬਣ ਸਕਦੀ ਹੈ। ਇਹ ਸੰਮੇਲਨ ਭਾਰਤ ਦੀ ਭਾਸ਼ਾਈ ਅਤੇ ਸੱਭਿਆਚਾਰਕ ਵੰਨ-ਸੁਵੰਨਤਾ ਮੁਤਾਬਕ ਬਹੁ-ਭਾਸ਼ਾਈ ਅਤੇ ਬਹੁ-ਮਾਡਲ ਏ. ਆਈ. ਸਿਸਟਮ ਨੂੰ ਵਿਕਸਿਤ ਕਰਨ ’ਚ ਸਹਾਇਕ ਹੋਵੇਗਾ।

ਇੰਨੀ ਵੱਡੀ ਗਿਣਤੀ ’ਚ ਭਾਰਤ ’ਚ ਵਿਸ਼ਵ ਭਰ ਦੇ ਨੇਤਾਵਾਂ ਦਾ ਇਕੱਠਾ ਹੋਣਾ ਭਾਰਤ ਲਈ ਨਾ ਸਿਰਫ ਮਾਣ ਅਤੇ ਵੱਕਾਰ ਦੀ ਗੱਲ ਹੈ, ਸਗੋਂ ਇਸ ਨਾਲ ਭਾਰਤ ਨੂੰ ਆਰਥਿਕ ਅਤੇ ਸਿੱਖਿਆ ਦੇ ਖੇਤਰ ’ਚ ਅੱਗੇ ਵਧਣ ਦੇ ਅਨੇਕਾਂ ਅਨਮੋਲ ਮੌਕੇ ਮਿਲਣਗੇ।


author

Sandeep Kumar

Content Editor

Related News