ਲੜਾਕੂ ਜਹਾਜ਼ ਅਪਗ੍ਰੇਡ : ਭਾਰਤ ਦਾ ਹਵਾਈ ਰੱਖਿਆ ’ਚ ਇਨਕਲਾਬੀ ਕਦਮ

Sunday, Mar 15, 2026 - 04:13 PM (IST)

ਲੜਾਕੂ ਜਹਾਜ਼ ਅਪਗ੍ਰੇਡ : ਭਾਰਤ ਦਾ ਹਵਾਈ ਰੱਖਿਆ ’ਚ ਇਨਕਲਾਬੀ ਕਦਮ

ਉੱਨਤ ਮਾਧਿਅਮ ਲੜਾਕੂ ਜਹਾਜ਼ (ਏ. ਐੱਮ. ਸੀ. ਏ.) ਨੂੰ 5.5ਵੀਂ ਅਤੇ ਛੇਵੀਂ ਪੀੜ੍ਹੀ ’ਚ ਅਪਗ੍ਰੇਡ ਕਰਨਾ ਭਾਰਤ ਦੀਆਂ ਰੱਖਿਆ ਸਮਰੱਥਾਵਾਂ ’ਚ ਇਕ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ। ਹਾਲ ਹੀ ਦੇ ਸਾਲਾਂ ’ਚ, ਭਾਰਤ ਨੇ ਆਪਣੀ ਹਵਾਈ ਫੌਜ ਨੂੰ ਮਜ਼ਬੂਤ ਬਣਾਉਣ ਲਈ ਸਵਦੇਸ਼ੀ ਤਕਨੀਕਾਂ ’ਤੇ ਜ਼ੋਰ ਦਿੱਤਾ ਹੈ। ‘ਐਮਕਾ’ ਪ੍ਰੋਗਰਾਮ ਇਸ ਦਿਸ਼ਾ ’ਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ। 2026 ਤੱਕ, ‘ਐਮਕਾ’ ਨੂੰ 5.5ਵੀਂ ਪੀੜ੍ਹੀ ਅਤੇ ਅੱਗੇ ਛੇਵੀਂ ਪੀੜ੍ਹੀ ਦੇ ਪੱਧਰ ਤੱਕ ਅਪਗ੍ਰੇਡ ਕਰਨ ਦੀ ਯੋਜਨਾ ਨੇ ਦੁਨੀਆ ਦਾ ਧਿਆਨ ਖਿੱਚਿਆ ਹੈ। ਇਸ ਯੋਜਨਾ ਦੇ ਤਹਿਤ, ਨਵੀਂ ਸਟੈਲਥ ਤਕਨੀਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ’ਤੇ ਜ਼ੋਰ ਦਿੱਤਾ ਗਿਆ ਹੈ। ਸਵਾਲ ਉੱਠਦਾ ਹੈ ਕਿ ਕੀ ਇਹ ਭਾਰਤ ਦੀ ਵਿਸ਼ਵ ਹਵਾਈ ਖੇਤਰ ’ਚ ਸਥਿਤੀ ਨੂੰ ਕਿਵੇਂ ਮਜ਼ਬੂਤ ਕਰੇਗਾ ਅਤੇ ਕੀ ਇਹ ਅਮਰੀਕਾ ਤੇ ਚੀਨ ਨਾਲ ਮੁਕਾਬਲਾ ਕਰਨ ’ਚ ਸਮਰੱਥ ਹੋਵੇਗਾ?

‘ਐਮਕਾ’ ਪ੍ਰੋਗਰਾਮ ਦੀ ਸ਼ੁਰੂਆਤ 2011 ’ਚ ਹੋਈ ਸੀ, ਜਦੋਂ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੀ ਐਰੋਨੌਟਿਕਲ ਡਿਵੈਲਪਮੈਂਟ ਏਜੰਸੀ (ਏ. ਡੀ. ਏ.) ਨੇ 5ਵੀਂ ਪੀੜ੍ਹੀ ਦੇ ਸਟੈਲਥ ਫਾਈਟਰ ਜੈੱਟ ਵਿਕਸਿਤ ਕਰਨ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ‘ਐਮਕਾ’ ਇਕ ਟਵਿਨ-ਇੰਜਣ, ਸਿੰਗਲ-ਸੀਟ ਜਹਾਜ਼ ਹੈ, ਜਿਸ ਦਾ ਵਜ਼ਨ ਲਗਭਗ 27 ਟਨ ਹੈ ਅਤੇ ਇਹ ਮੈਕ 2.15 ਦੀ ਗਤੀ ਨਾਲ ਉਡਾਣ ਭਰ ਸਕਦਾ ਹੈ। ਐੱਮ. ਕੇ.1 ਸੰਸਕਰਣ ਜੀ. ਈ. ਐੱਫ-414 ਇੰਜਣ ਦੀ ਵਰਤੋਂ ਕਰੇਗਾ, ਜਦਕਿ ਐੱਮ. ਕੇ. 2 ਨੂੰ 110-120 ਕੇ. ਐੱਨ. ਥ੍ਰਸਟ ਵਾਲੇ ਨਵੇਂ ਇੰਜਣ ਨਾਲ ਲੈਸ ਕੀਤਾ ਜਾਵੇਗਾ, ਜੋ ਫਰਾਂਸ ਦੀ ਸਾਫਰਾਨ ਜਾਂ ਹੋਰ ਸਾਂਝੇਦਾਰਾਂ ਨਾਲ ਸਹਿ-ਵਿਕਸਿਤ ਹੋਵੇਗਾ।

2026 ਤੱਕ, ‘ਐਮਕਾ’ ਐੱਮ. ਕੇ. 2 ਨੂੰ 5.5ਵੀਂ ਪੀੜ੍ਹੀ ਦਾ ਦਰਜਾ ਦਿੱਤਾ ਜਾ ਰਿਹਾ ਹੈ, ਜਿਸ ’ਚ ਛੇਵੀਂ ਪੀੜ੍ਹੀ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਏ. ਆਈ. ਸੰਚਾਲਿਤ ਇਲੈਕਟ੍ਰਾਨਿਕ ਪਾਇਲਟ ਅਤੇ ਪ੍ਰੈਡਿਕਟਿਵ ਮੇਨਟੀਨੈਂਸ ਸ਼ਾਮਲ ਹਨ। ਇਸ ਦਾ ਪ੍ਰੋਟੋਟਾਈਪ ਰੋਲਆਊਟ 2028 ਦੇ ਅੰਤ ਤੱਕ ਅਤੇ ਪਹਿਲੀ ਉਡਾਣ 2029 ’ਚ ਹੋਣ ਦੀ ਉਮੀਦ ਹੈ, ਜਦਕਿ ਇੰਡਕਸ਼ਨ 2035 ਤੱਕ ਹੋ ਸਕਦਾ ਹੈ। ਇਹ ਅਪਗ੍ਰੇਡ ਭਾਰਤ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸ਼ਾਂ ਦੀ ਸ਼੍ਰੇਣੀ ’ਚ ਖੜ੍ਹਾ ਕਰੇਗਾ, ਜੋ 5ਵੀਂ ਪੀੜ੍ਹੀ ਦੇ ਜਹਾਜ਼ ਸੰਚਾਲਿਤ ਕਰਦੇ ਹਨ।

ਜਾਣਕਾਰਾਂ ਦਾ ਮੰਨਣਾ ਹੈ ਕਿ ‘ਐਮਕਾ’ ’ਚ ਅਪਣਾਈ ਜਾ ਰਹੀ ਨਵੀਂ ਸਟੈਲਥ ਤਕਨੀਕ ਭਾਰਤ ਦੀ ਹਵਾਈ ਰੱਖਿਆ ਨੂੰ ਬੇਮਿਸਾਲ ਮਜ਼ਬੂਤੀ ਪ੍ਰਦਾਨ ਕਰੇਗੀ। ਸਟੈਲਥ ਦਾ ਮਤਲਬ ਹੈ ਰਾਡਾਰ ਤੋਂ ਬਚਾਅ, ਜੋ ਜਹਾਜ਼ ਨੂੰ ਦੁਸ਼ਮਣ ਦੀਆਂ ਨਜ਼ਰਾਂ ਤੋਂ ਛੁਪਾ ਕੇ ਰੱਖਦਾ ਹੈ। ‘ਐਮਕਾ’ ’ਚ ਡਾਈਵਰਟਰਲੈੱਸ ਸੁਪਰਸੋਨਿਕ ਇਨਲੈੱਟ (ਡੀ. ਐੱਯ. ਆਈ.), ਸਰਪੈਂਟਾਈਨ ਏਅਰ ਇਨਟੇਕ ਡਕਟ ਅਤੇ ਉੱਨਤ ਰਾਡਾਰ-ਐਬਜ਼ੌਰਬੈਂਟ ਮੈਟੀਰੀਅਲਜ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਵਿਸ਼ੇਸ਼ਤਾਵਾਂ ਰਾਡਾਰ ਸਿਗਨੇਚਰ ਨੂੰ ਘੱਟ ਤੋਂ ਘੱਟ ਕਰਦੀਆਂ ਹਨ, ਜਿਸ ਨਾਲ ਜਹਾਜ਼ ਦੁਸ਼ਮਣ ਦੇ ਹਵਾਈ ਰੱਖਿਆ ਸਿਸਟਮ ਨੂੰ ਵਿੰਨ੍ਹ ਸਕਦਾ ਹੈ। ਇਹ ਤਕਨੀਕ ‘ਐਮਕਾ’ ਨੂੰ ਚੀਨੀ ਜੇ-20 ਜਾਂ ਅਮਰੀਕੀ ਐੱਫ-35 ਵਰਗੇ ਜਹਾਜ਼ਾਂ ਤੋਂ ਬਿਹਤਰ ਲੁਕਾਅ ਪ੍ਰਦਾਨ ਕਰੇਗੀ।

ਜ਼ਿਕਰਯੋਗ ਹੈ ਕਿ ‘ਐਮਕਾ’ ’ਚ ‘ਇਲੈਕਟ੍ਰਾਨਿਕ ਪਾਇਲਟ’ ਨਾਮਕ ਏ. ਆਈ.-ਸਿਸਟਮ ਹੋਵੇਗਾ, ਜੋ ਪਾਇਲਟ ਨਾਲ ਸਹਿਯੋਗੀ ਦੀ ਭੂਮਿਕਾ ਨਿਭਾਏਗਾ। ਇਹ ਏ. ਆਈ. ਖਤਰੇ ਦਾ ਪਤਾ ਲਗਾਉਣ, ਰੂਟ ਆਪਟੀਮਾਈਜ਼ੇਸ਼ਨ, ਕੌਂਬੈਟ ਸਟ੍ਰੈਟਜੀ ਅਤੇ ਮਿਸ਼ਨ ਪਲਾਨਿੰਗ ’ਚ ਮਦਦ ਕਰੇਗਾ। ਇਸ ਤੋਂ ਇਲਾਵਾ, ਏ. ਆਈ.-ਆਧਾਰਿਤ ਪ੍ਰੈਡਿਕਟਿਵ ਮੇਨਟੀਨੈਂਸ ਨਾਲ ਜਹਾਜ਼ ਦੀ ਉਪਲਬਧਤਾ ਦਰ 75 ਫੀਸਦੀ ਤੱਕ ਪਹੁੰਚ ਜਾਵੇਗੀ, ਜੋ ਮੌਜੂਦਾ ਜਹਾਜ਼ਾਂ ਤੋਂ ਕਿਤੇ ਵੱਧ ਹੈ। ਸੈਂਸਰ ਫਿਊਜ਼ਨ ਅਤੇ ਨੈੱਟਵਰਕ-ਸੈਂਟ੍ਰਿਕ ਵਾਰਫੇਅਰ ਸਿਸਟਮ ‘ਐਮਕਾ’ ਨੂੰ ਡਰੋਨ ਸਵਾਮਰਸ ਅਤੇ ਹੋਰ ਪਲੇਟਫਾਰਮਾਂ ਨਾਲ ਏਕੀਕ੍ਰਿਤ ਕਰੇਗਾ। ਇਹ ਛੇਵੀਂ ਪੀੜ੍ਹੀ ਦੀ ਦਿਸ਼ਾ ’ਚ ਕਦਮ ਹੈ, ਜਿੱਥੇ ਏ. ਆਈ. ਖੁਦਮੁਖਤਿਆਰ ਫੈਸਲੇ ਲੈਣ ’ਚ ਸਮਰੱਥ ਹੋਵੇਗਾ। ਮਾਹਿਰਾਂ ਅਨੁਸਾਰ, ਇਹ ਅਪਗ੍ਰੇਡ ਭਾਰਤ ਦੀ ਹਵਾਈ ਫੌਜ ਨੂੰ ਆਧੁਨਿਕ ਜੰਗਾਂ ’ਚ ਬੜ੍ਹਤ ਦੇਵੇਗਾ, ਜਿੱਥੇ ਏ. ਆਈ. ਅਤੇ ਸਟੈਲਥ ਫੈਸਲਾਕੁੰਨ ਕਾਰਕ ਹਨ।

ਰੱਖਿਆ ਮਾਹਿਰ ਇਹ ਸਵਾਲ ਵੀ ਉਠਾ ਰਹੇ ਹਨ ਕਿ ਇਸ ਅਪਗ੍ਰੇਡ ਨਾਲ ਭਾਰਤ ਦੀ ਵਿਸ਼ਵ ਹਵਾਈ ਖੇਤਰ ’ਚ ਸਥਿਤੀ ਕਿਵੇਂ ਸੁਧਰੇਗੀ? ਇਹ ਸਵਦੇਸ਼ੀ ਤਕਨੀਕ ’ਤੇ ਨਿਰਭਰਤਾ ਵਧਾਏਗਾ, ਜੋ ਦਰਾਮਦ ’ਤੇ ਨਿਰਭਰਤਾ ਘਟਾਏਗਾ। ਮੌਜੂਦਾ ਸਮੇਂ ’ਚ, ਭਾਰਤੀ ਹਵਾਈ ਫੌਜ ’ਚ ਸਕੁਐਡਰਨ ਦੀ ਕਮੀ ਹੈ ਅਤੇ ‘ਐਮਕਾ’ ਇਸ ਕਮੀ ਨੂੰ ਪੂਰਾ ਕਰੇਗਾ। ਸਟੈਲਥ ਅਤੇ ਏ. ਆਈ. ਨਾਲ ਲੈਸ ‘ਐਮਕਾ’ ਭਾਰਤ ਨੂੰ ਇੰਡੋ-ਪੈਸੀਫਿਕ ਖੇਤਰ ’ਚ ਮਜ਼ਬੂਤ ਡਿਟਰੈਂਸ ਪ੍ਰਦਾਨ ਕਰੇਗਾ। ਚੀਨ ਨਾਲ ਸਰਹੱਦੀ ਵਿਵਾਦਾਂ ’ਚ ‘ਐਮਕਾ’ ਜੇ-20 ਦਾ ਮੁਕਾਬਲਾ ਕਰ ਸਕੇਗਾ, ਜੋ ਮੌਜੂਦਾ ਸਮੇਂ ’ਚ ਭਾਰਤ ਲਈ ਚੁਣੌਤੀ ਹੈ। ਪਾਕਿਸਤਾਨ ਦੇ ਚੀਨੀ ਜੇ-10 ਜਾਂ ਜੇ. ਐੱਫ.-17 ਦੇ ਖਿਲਾਫ ਵੀ ਇਹ ਸ੍ਰੇਸ਼ਠ ਹੋਵੇਗਾ। ਵਿਸ਼ਵ ਪੱਧਰ ’ਤੇ, ‘ਐਮਕਾ’ ਭਾਰਤ ਨੂੰ ਕਵਾਡ (ਭਾਰਤ, ਅਮਰੀਕਾ, ਜਾਪਾਨ, ਆਸਟ੍ਰੇਲੀਆ) ਵਰਗੇ ਗੱਠਜੋੜਾਂ ’ਚ ਮਜ਼ਬੂਤ ਭਾਗੀਦਾਰ ਬਣਾਏਗਾ। ਇਹ ਏਸ਼ੀਆ ’ਚ ਪਾਵਰ ਬੈਲੇਂਸ ਨੂੰ ਭਾਰਤ ਦੇ ਪੱਖ ’ਚ ਝੁਕਾ ਸਕਦਾ ਹੈ, ਕਿਉਂਕਿ ਇਹ ਚੌਥਾ ਦੇਸ਼ ਹੋਵੇਗਾ, ਜੋ ਸਵਦੇਸ਼ੀ 5ਵੀਂ ਪੀੜ੍ਹੀ ਦਾ ਜਹਾਜ਼ ਵਿਕਸਿਤ ਕਰੇਗਾ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਐੱਫ-22 ਅਤੇ ਐੱਫ-35 ਪਰਿਪੱਕ ਤਕਨੀਕ ਵਾਲੇ ਲੜਾਕੂ ਜਹਾਜ਼ ਹਨ, ਜਿਨ੍ਹਾਂ ਕੋਲ ਦਹਾਕਿਆਂ ਦਾ ਅਨੁਭਵ ਹੈ। ‘ਐਮਕਾ’ ਦੀਆਂ ਸਟੈਲਥ ਅਤੇ ਏ. ਆਈ. ਵਿਸ਼ੇਸ਼ਤਾਵਾਂ ਐੱਫ-35 ਨਾਲ ਤੁਲਨਾਯੋਗ ਹਨ ਪਰ ਉਤਪਾਦਨ ਅਤੇ ਸੰਚਾਲਨ ਅਨੁਭਵ ਦੀ ਕਮੀ ਇਕ ਕਮਜ਼ੋਰੀ ਹੈ। ਹਾਲਾਂਕਿ, ‘ਐਮਕਾ’ ਦੀ ਲਾਗਤ ਘੱਟ ਹੋਵੇਗੀ ਅਤੇ ਇਹ ਭਾਰਤ ਦੀਆਂ ਵਿਸ਼ੇਸ਼ ਜ਼ਰੂਰਤਾਂ ਦੇ ਅਨੁਕੂਲ ਹੋਵੇਗਾ। ਉੱਥੇ ਹੀ ਚੀਨ ਦੇ ਜੇ-20 ਦੇ ਖਿਲਾਫ ‘ਐਮਕਾ’ ਦੀ ਉੱਨਤ ਸਟੈਲਥ ਅਤੇ ਏ. ਆਈ. ਬੜ੍ਹਤ ਦੇ ਸਕਦੀ ਹੈ, ਖਾਸ ਕਰਕੇ ਐੱਲ. ਏ. ਸੀ. ’ਤੇ, ਜਿੱਥੇ ਜੇ-20 ਦੀ ਗਿਣਤੀ ਜ਼ਿਆਦਾ ਹੈ, ਪਰ ‘ਐਮਕਾ’ ਦੇ ਏ. ਆਈ. ਏਕੀਕਰਨ ਨਾਲ ਭਾਰਤ ਗੁਣਵੱਤਾ ’ਚ ਅੱਗੇ ਨਿਕਲ ਸਕਦਾ ਹੈ। ਦਾਅਵਾ ਹੈ ਕਿ ਛੇਵੀਂ ਪੀੜ੍ਹੀ ਵੱਲ ਅਪਗ੍ਰੇਡ ਹੋਣ ਨਾਲ ‘ਐਮਕਾ’ ਅਮਰੀਕਾ ਦੇ ‘ਨੈਕਸਟ ਜਨਰੇਸ਼ਨ ਏਅਰ ਡੋਮੀਨੈਂਸ’ (ਐੱਨ. ਜੀ. ਏ. ਡੀ.) ਜਾਂ ਚੀਨੀ ਛੇਵੀਂ ਪੀੜ੍ਹੀ ਦੇ ਪ੍ਰੋਗਰਾਮਾਂ ਨਾਲ ਮੁਕਾਬਲਾ ਜ਼ਰੂਰ ਕਰ ਸਕੇਗਾ ਪਰ ਉੱਥੇ ਹੀ ਇਸ ਪ੍ਰਾਜੈਕਟ ’ਚ ਚੁਣੌਤੀਆਂ ਵੀ ਹਨ, ਜਿਵੇਂ ਕਿ ਇੰਜਣ ਵਿਕਾਸ ’ਚ ਦੇਰੀ, ਫੰਡਿੰਗ ਦੀ ਕਮੀ ਅਤੇ ਸਮਾਂ ਸੀਮਾ ਦੀ ਪਾਲਣਾ। ਇਸ ਲਈ ਜੇਕਰ ‘ਐਮਕਾ’ ਨੂੰ ਇਕ ਸਫਲ ਪ੍ਰਾਜੈਕਟ ਬਣਾਉਣਾ ਹੈ ਤਾਂ ਸਰਕਾਰ ਨੂੰ ਸਮੇਂ ਸਿਰ ਫੰਡਿੰਗ ਅਤੇ ਅੰਤਰਰਾਸ਼ਟਰੀ ਸਾਂਝੇਦਾਰੀਆਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ।

—ਰਜਨੀਸ਼ ਕਪੂਰ


author

cherry

Content Editor

Related News