ਉੱਤਰ-ਪੂਰਬ ਦੀ ਮਹਿਲਾ ਸ਼ਕਤੀ ਦਾ ਨਾਰੀ ਵੰਦਨ
Saturday, Apr 18, 2026 - 04:26 PM (IST)
ਭਾਰਤਵਰਸ਼ ਆਦਿਕਾਲ ਤੋਂ ਮਾਂ ਸ਼ਕਤੀ ਦੀ ਵੰਦਨਾ ਦਾ ਦੇਸ਼ ਰਿਹਾ ਹੈ। ਇੱਥੇ ਵਿੱਦਿਆ ਲਈ ਸਰਸਵਤੀ, ਸੁੱਖ-ਸੰਪਦਾ ਲਈ ਲਕਸ਼ਮੀ ਅਤੇ ਸ਼ਕਤੀ ਲਈ ਦੁਰਗਾ ਦੀ ਉਪਾਸਨਾ ਦਾ ਵਿਧਾਨ ਹੈ। ਪ੍ਰਿਥਵੀ ਨੂੰ ਅਸੀਂ ਮਾਤਾ ਮੰਨਿਆ ਹੈ ਅਤੇ ਅਸੀਂ ਭਵਾਨੀ ਭਾਰਤੀ ਦੀ ਉਪਾਸਨਾ ਕਰਦੇ ਹੋਏ ਭਾਰਤ ਮਾਤਾ ਨੂੰ ਜਗਤ ਜਨਨੀ ਮੰਨਦੇ ਹਾਂ। ਸਾਡੇ ਇੱਥੇ ਪਿਤਾ ਭੂਮੀ ਨਹੀਂ, ਮਾਤ ਭੂਮੀ ਦੀ ਅਰਾਧਨਾ ਹੁੰਦੀ ਹੈ। ਰਾਮ ਤੋਂ ਪਹਿਲਾਂ ਸਿਆ ਜੁੜਦੀ ਹੈ ਤਾਂ ਅਸੀਂ ਸਿਆਰਾਮ-ਸਿਆਰਾਮ ਜਪਦੇ ਹਾਂ। ਔਰਤ ਨੂੰ ਪਰਦੇ ’ਚ ਜਾਇਦਾਦ ਜਾਂ ਖੇਤੀ ਸਮਝਣਾ ਇਹ ਸਾਮੀ ਜਾਂ ਅਬ੍ਰਾਹਮਿਕ ਆਸਥਾਵਾਂ ਦਾ ਮੰਨਣਾ ਹੁੰਦਾ ਹੋਵੇਗਾ। ਅਸੀਂ ਔਰਤ ਨੂੰ ਮਾਂ ਸ਼ਕਤੀ ਦੀ ਪ੍ਰਤੀਕ ਮੰਨ ਕੇ ਇਸ ਵਿਸ਼ਵਾਸ ਨਾਲ ਜੀਵਨ ਬਤੀਤ ਕਰਦੇ ਹਾਂ ਕਿ ਸਭ ਕਰਜ਼ਿਆਂ ਤੋਂ ਉਤਾਰਾ ਹੋਣਾ ਸੰਭਵ ਹੈ ਸਿਵਾਏ ਮਾਂ ਦੇ ਕਰਜ਼ੇ ਦੇ।
ਪਰ ਅਕਸਰ ਨਾਰੀ ਸ਼ਕਤੀ ਵੰਦਨਾ ਦੇ ਪ੍ਰਵਾਹ ’ਚ ਅਸੀਂ ਭਾਰਤ ਅਕਸਾਈਚਿਨ ਤੋਂ ਕੰਨਿਆਕੁਮਾਰੀ ਜਾਂ ਓਖਾ ਤੋਂ ਗੁਹਾਟੀ ਤੱਕ ਮੰਨ ਲੈਂਦੇ ਹਾਂ। ਉਸ ਤੋਂ ਅੱਗੇ ਦੇ ਅਸ਼ਟ ਲਕਸ਼ਮੀ ਪ੍ਰਦੇਸ਼ ਭੁਲਾ ਦਿੰਦੇ ਹਾਂ। ਲਲਦਿਅਦ, ਰਾਣੀ ਕਰਨਾਵਤੀ, ਰਾਣੀ ਅਹਿਲਿਆਬਾਈ, ਕੰਣਗੀ, ਅਵੱਯਾਰ, ਚੇਨੰਮਾ, ਰਾਣੀ ਲਕਸ਼ਮੀਬਾਈ ਆਦਿ ਦੇ ਨਾਂ ਅਕਸਰ ਯਾਦ ਕਰਨ ਯੋਗ ਅਤੇ ਵੰਦਨ ਯੋਗ ਹਨ ਪਰ ਭਾਰਤ ਇਸ ਤੋਂ ਅੱਗੇ ਵੀ ਹੈ ਅਤੇ ਉੱਥੋਂ ਦੀ ਨਾਰੀ ਸ਼ਕਤੀ ਅਤੇ ਹਰ ਖੇਤਰ ’ਚ ਮਹਿਲਾ ਲੀਡਰਸ਼ਿਪ ਦੀ ਅਸਾਧਾਰਨ ਪ੍ਰੰਪਰਾ ਦੀ ਯਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕ੍ਰਾਂਤੀਕਾਰੀ ਨਾਰੀ ਵੰਦਨ ਕਾਨੂੰਨ ਨੂੰ ਪੂਰਨ ਕਰੇਗੀ।
ਉੱਤਰ-ਪੂਰਵਾਂਚਲ ’ਚ ਅੱਠ ਪ੍ਰਦੇਸ਼ ਹਨ ਜਿਨ੍ਹਾਂ ਦੀ ਲੱਗਭਗ ਪੰਜ ਹਜ਼ਾਰ ਕਿਲੋਮੀਟਰ ਤੋਂ ਵੱਧ ਦੀ ਸੀਮਾ ਪੰਜ ਦੇਸ਼ਾਂ ਨਾਲ ਮਿਲਦੀ ਹੈ। ਇਹ ਸਿੱਖਿਆ ਪ੍ਰਣਾਲੀ ਦਾ ਦੋਸ਼ ਹੈ ਕਿ ਜ਼ਿਆਦਾਤਰ ਭਾਰਤੀ ਉੱਤਰ-ਪੂਰਵਾਂਚਲ ਦੇ ਸਾਰੇ ਸੂਬਿਆਂ ਦੇ ਨਾਂ ਵੀ ਸ਼ਾਇਦ ਨਾ ਦੱਸ ਸਕਣ। ਇਨ੍ਹਾਂ ਅੱਠ ਪ੍ਰਦੇਸ਼ਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸ਼ਟ ਲਕਸ਼ਮੀ ਦਾ ਨਾਂ ਦੇ ਕੇ ਉੱਥੋਂ ਦੀ ਨਾਰੀ ਸ਼ਕਤੀ ਦਾ ਸਭ ਤੋਂ ਪਹਿਲਾਂ ਵੰਦਨ ਕੀਤਾ। ਇਨ੍ਹਾਂ ਅੱਠ ਪ੍ਰਦੇਸ਼ਾਂ ਦੀਆਂ ਸੀਮਾਵਾਂ ਨੇਪਾਲ, ਭੂਟਾਨ, ਤਿੱਬਤ (ਚੀਨ), ਮਿਆਂਮਾਰ, ਬੰਗਲਾਦੇਸ਼ ਅਤੇ ਥਾਈਲੈਂਡ ਨਾਲ ਜੁੜਦੀਆਂ ਹਨ। ਬਾਕੀ ਦੇਸ਼ ਨਾਲ ਇਕ ਛੋਟਾ ਜਿਹਾ 22 ਕਿਲੋਮੀਟਰ ਦਾ ਗਲਿਆਰਾ ਹੈ ਜਿਸ ਨੂੰ ਸਿਲੀਗੁੜੀ ਕਾਰੀਡੋਰ ਜਾਂ ਚਿਕਨ ਨੈੱਕ ਕਹਿੰਦੇ ਹਨ।
ਜ਼ਿਆਦਾਤਰ ਪ੍ਰਦੇਸ਼ ਜਨਜਾਤੀ ਬਹੁਲਤਾ ਵਾਲੇ ਹਨ ਅਤੇ ਪੂਰੇ ਦੇਸ਼ ਦੀ ਔਸਤ ਸਾਖਰਤਾ ਤੋਂ ਕਿਤੇ ਜ਼ਿਆਦਾ ਉੱਤਰ-ਪੂਰਵਾਂਚਲ ਦੇ ਲੋਕ ਪੜ੍ਹੇ-ਲਿਖੇ ਹਨ।
ਇੱਥੋਂ ਦੀਆਂ ਔਰਤਾਂ ਹਰ ਪ੍ਰਦੇਸ਼ ਦੀ ਆਰਥਿਕਤਾ ਦੀ ਧੁਰੀ ਹਨ ਅਤੇ ਪੂਰੇ ਦੇਸ਼ ’ਚ ਸਭ ਤੋਂ ਵੱਧ ਸਿਹਤਮੰਦ ਮਹਿਲਾ-ਪੁਰਸ਼ ਅਨੁਪਾਤ ਉੱਤਰ-ਪੂਰਵਾਂਚਲ ’ਚ ਹੈ। ਇੱਥੇ ਕਿਸੇ ਵੀ ਸੂਬੇ ’ਚ ਦਾਜ ਜਾਂ ਮਹਿਲਾ ਤਸ਼ੱਦਦ ਵਰਗੀ ਸਮੱਸਿਆ ਦੀ ਘਾਟ ਹੈ। ਇਹੀ ਨਹੀਂ, ਇਨ੍ਹਾਂ ਸਾਰੇ ਅੱਠਾਂ ਸੂਬਿਆਂ ’ਚ ਸਿੱਖਿਆ, ਸਿਹਤ, ਖੇਡਾਂ, ਵਪਾਰ, ਸਰਕਾਰੀ ਨੌਕਰੀਆਂ ਆਦਿ ’ਚ ਉੱਤਰ-ਪੂਰਵਾਂਚਲ ਦੀਆਂ ਦੋ ਕਰੋੜ ਤੋਂ ਵੱਧ ਔਰਤਾਂ ਦੀ ਲੀਡਰਸ਼ਿਪ ਹਰ ਖੇਤਰ ’ਚ ਦਿਸਦੀ ਹੈ। ਹਾਲਾਂਕਿ ਸਾਰੇ ਅੱਠ ਸੂਬਿਆਂ ਦੀ ਕੁੱਲ ਜਨਸੰਖਿਆ ਸਾਢੇ ਚਾਰ ਕਰੋੜ ਹੈ ਜਿਨ੍ਹਾਂ ’ਚ ਔਰਤਾਂ ਹੁਣ ਢਾਈ ਕਰੋੜ ਦੇ ਆਸ-ਪਾਸ ਮੰਨੀਆਂ ਜਾਂਦੀਆਂ ਹਨ। ਫਿਰ ਵੀ ਮਣੀਪੁਰ, ਮੇਘਾਲਿਆ, ਨਾਗਾਲੈਂਡ, ਅਰੁਣਾਚਲ, ਮਿਜ਼ੋਰਮ ਵਰਗੇ ਸੂਬੇ ਹਨ ਜਿੱਥੇ ਖੇਤੀ ਅਤੇ ਵਪਾਰ, ਪ੍ਰਾਹੁਣਚਾਰੀ ਸੇਵਾ (ਏਅਰਹੋਸਟੈੱਸ, ਹਸਪਤਾਲ ਸੇਵਾ, ਨਵੇਂ ਮਹਿਮਾਨਾਂ ਦਾ ਸਵਾਗਤ ਆਦਿ) ਦੇ ਖੇਤਰ ’ਚ ਉੱਥੋਂ ਦੀਆਂ ਹੋਣਹਾਰ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਔਰਤਾਂ ਬਾਕੀ ਭਾਰਤ ਦੇ ਕਿਸੇ ਵੀ ਖੇਤਰ ਨੂੰ ਚੁਣੌਤੀ ਦਿੰਦੀਆਂ ਹਨ।
ਮਣੀਪੁਰ ’ਚ ਜਾਣ ’ਤੇ ਉੱਥੋਂ ਦਾ ਬਾਜ਼ਾਰ, ਸਬਜ਼ੀ ਮੰਡੀ, ਕੱਪੜਾ ਮੰਡੀ, ਮਲਟੀਪਲੈਕਸ ਮਾਲ ਔਰਤਾਂ ਵਲੋਂ ਸੰਚਾਲਿਤ ਦਿਸਦੇ ਹਨ। ਮੇਘਾਲਿਆ ’ਚ ਪੂਰਾ ਖਾਸੀ ਸਮਾਜ ਮਾਤ ਪ੍ਰਧਾਨ ਹੈ। ਵਿਆਹ ਤੋਂ ਬਾਅਦ ਬੇਟੀ ਮਾਂ ਦੇ ਘਰ ’ਚ ਰਹਿੰਦੀ ਹੈ ਅਤੇ ਦਾਮਾਦ ਉਸਦੇ ਨਾਲ ਰਹਿਣ ਆ ਜਾਂਦਾ ਹੈ। ਨਾਂ ਦੇ ਨਾਲ ਜੋ ਕਬੀਲੇ ਜਾਂ ਜਾਤੀ ਦਾ ਨਾਂ ਲੱਗਦਾ ਹੈ, ਉਹ ਬੇਟੀ ਆਪਣੀ ਮਾਂ ਦੇ ਵੰਸ਼ ਦੇ ਨਾਂ ਦੀ ਹੀ ਵਰਤੋਂ ਕਰਦੀ ਹੈ ਅਤੇ ਉਨ੍ਹਾਂ ਦੀ ਔਲਾਦ ਵੀ ਅਜਿਹਾ ਕਰਦੀ ਹੈ। ਅਾਸਾਮ ’ਚ ਬੋਡੋ, ਦਿਮਾਸ਼ਾਕਛਾਰੀ ਵਰਗੀਆਂ ਜਨਜਾਤੀਆਂ ਵੀ ਮਾਂ ਦੀ ਲੀਡਰਸ਼ਿਪ ’ਚ ਅੱਗੇ ਵਧਦੀਆਂ ਹਨ।
ਅੰਗਰੇਜ਼ਾਂ ਦੇ ਵਿਰੁੱਧ ਗੁਰਿੱਲਾ ਯੁੱਧ ਸੰਗਠਿਤ ਕਰ ਕੇ ਇਕ ਸਾਲ ਤੱਕ ਉਨ੍ਹਾਂ ਦੇ ਛੱਕੇ ਛੁਡਾਉਣ ਵਾਲੀ 16 ਸਾਲ ਦੀ ਨਾਗਾ ਯੋਧਾ ਗਾਈਦਿਨਲਿਊ ਦੀ ਕਥਾ ਹੁਣ ਕੁਝ ਅੰਸ਼ਾਂ ’ਚ ਰਾਸ਼ਟਰ ਸੇਵਿਕਾ ਸਮਿਤੀ, ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ ਦੇ ਯਤਨਾਂ ਨਾਲ ਬਾਕੀ ਦੇਸ਼ ’ਚ ਪ੍ਰਸਾਰਿਤ ਹੋਈ ਹੈ। ਗਾਈਦਿਨਲਿਊ ਨੂੰ ਅੰਗਰੇਜ਼ਾਂ ਨੇ ਧੋਖੇ ਨਾਲ ਅਤੇ ਇਕ ਸਾਲ ’ਚ ਇਕ ਲੱਖ ਫੌਜ ਲਗਾ ਕੇ 1932 ’ਚ ਗ੍ਰਿਫ਼ਤਾਰ ਕੀਤਾ ਸੀ। ਪੰਡਿਤ ਨਹਿਰੂ ਇਸ ਘਟਨਾ ਤੋਂ ਇੰਨੇ ਦੁਖੀ ਹੋਏ ਕਿ ਉਹ ਗਾਈਦਿਨਲਿਊ ਨੂੰ ਮਿਲਣ 1937 ’ਚ ਸ਼ਿਲਾਂਗ ਜੇਲ ’ਚ ਗਏ। 16 ਸਾਲ ਦੀ ਗਾਈਦਿਨਲਿਊ ਦੀ ਸ਼ਾਨ ਅਤੇ ਤੇਜ ਤੋਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਨੂੰ ਰਾਣੀ ਦਾ ਖਿਤਾਬ ਦਿੱਤਾ। ਉਦੋਂ ਤੋਂ ਗਾਈਦਿਨਲਿਊ ਨੂੰ ਰਾਣੀ ਗਾਈਦਿਨਲਿਊ ਕਹਿਣ ਲੱਗੇ।
ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। ਸ਼੍ਰੀਮਤੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਆਜ਼ਾਦੀ ਦੀ ਸਿਲਵਰ ਜੁਬਲੀ ’ਚ ਤਾਮਰਪੱਤਰ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਅਟਲ ਜੀ ਦੇ ਸਮੇਂ ਉਨ੍ਹਾਂ ’ਤੇ ਡਾਕ-ਟਿਕਟ ਨਿਕਲੀ ਅਤੇ ਉਨ੍ਹਾਂ ਦੇ ਨਾਂ ’ਤੇ ਵੀਰਤਾ ਪੁਰਸਕਾਰ ਵੀ ਸਥਾਪਿਤ ਕੀਤਾ ਗਿਆ। ਉਹ ਵਨਵਾਸੀ ਕਲਿਆਣ ਆਸ਼ਰਮ ਦੀ ਵਰਕਰ ਬਣੀ ਅਤੇ ਉਨ੍ਹਾਂ ਨੇ ਈਸਾਈ ਧਰਮ ਪਰਿਵਰਤਨ ਦਾ ਘੋਰ ਵਿਰੋਧ ਕੀਤਾ। ਉਹ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਉੱਤਰ-ਪੂਰਵਾਂਚਲ ਦੀ ਪ੍ਰਧਾਨ ਵੀ ਰਹੀ।
ਉੱਤਰ-ਪੂਰਵਾਂਚਲ ਦੀਆਂ ਚਮਕਦੀਆਂ ਮਹਿਲਾ ਸਿਤਾਰਿਆਂ ’ਚ ਜੁਮਡੇ ਯੋਂਗਾਮ ਗਾਮਲਿਨ, ਖਿਨਸਾਂਗ ਵਾਂਗਸੁਗ, ਡੇਲੀਨਾ ਖੋਮਡੁਪ, ਬੀਨਾ ਲਕਸ਼ਮੀ ਨੇਪਰਾਮ, ਤੇਮਸੁਲਾ ਆਓ, ਸਾਈਕੋ ਮੀਰਾਬਾਈ ਚਾਨੂ, ਪੈਟ੍ਰੀਸ਼ੀਆ ਮੁਖਿਮ, ਅੰਸ਼ੂ ਜਾਮਸੇਂਪਾ, ਰੀਮਾ ਦਾਸ, ਇਲਾਮ ਇੰਦਰਾ ਦੇਵੀ, ਦਰਸ਼ਨਾ ਝਾਵੇਰੀ ਵਰਗੇ ਨਾਂ ਉੱਥੇ ਬਹੁਤ ਪ੍ਰਸਿੱਧ ਹਨ ਪਰ ਇਹ ਨਾਂ ਬਾਕੀ ਦੇਸ਼ ’ਚ ਜਾਣੇ-ਪਛਾਣੇ ਨਹੀਂ ਹਨ। ਉੱਥੋਂ ਦੇ ਖੇਤਰ, ਉਨ੍ਹਾਂ ਦੀਆਂ ਖੇਡਾਂ ’ਚ ਮਹਾਨ ਉਪਲਬਧੀਆਂ, ਉੱਥੋਂ ਦੀਆਂ ਬ੍ਰਹਮਪੁੱਤਰ ਅਤੇ ਲੋਹਿਤ ਨਦੀਆਂ, ਉੱਥੋਂ ਦੀ ਨਾਰੀ ਸ਼ਕਤੀ ਦੀਆਂ ਅਦਭੁਤ ਉਪਲਬਧੀਆਂ, ਇਨ੍ਹਾਂ ਸਭ ਨੇ ਸੰਪੂਰਨ ਭਾਰਤ ਰਾਸ਼ਟਰੀ ਨਾਰੀ ਵੰਦਨ ਕਾਨੂੰਨ ਨੂੰ ਮਜ਼ਬੂਤ ਕੀਤਾ ਹੈ। ਬਾਕੀ ਦੇਸ਼ ਦੇ ਸਕੂਲਾਂ ਦੇ ਸੰਚਾਲਕਾਂ ਅਤੇ ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਮਹਾਨ ਭਾਰਤੀ ਔਰਤਾਂ ਦੇ ਸਬੰਧ ’ਚ ਵੀ ਆਪਣੇ-ਆਪਣੇ ਸਕੂਲਾਂ ਦੇ ਪਾਠਕ੍ਰਮ ’ਚ ਵੇਰਵਾ ਸ਼ਾਮਲ ਕਰਵਾਉਣ, ਉਦੋਂ ਹੋਵੇਗਾ ਸੰਪੂਰਨ ਭਾਰਤੀ ਨਾਰੀ ਵੰਦਨ।
—ਤਰੁਣ ਵਿਜੇ
