ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਦਾ ਕ੍ਰਿਸ਼ਮਾ : ਘੱਟਗਿਣਤੀ ਤੋਂ ਬਹੁਗਿਣਤੀ ਸਰਕਾਰ

Saturday, Apr 25, 2026 - 03:36 PM (IST)

ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਦਾ ਕ੍ਰਿਸ਼ਮਾ : ਘੱਟਗਿਣਤੀ ਤੋਂ ਬਹੁਗਿਣਤੀ ਸਰਕਾਰ

ਮਾਰਕ ਕਾਰਨੀ ਨਿਸ਼ਚਿਤ ਤੌਰ ’ਤੇ ਕੈਨੇਡਾ ਦੇ ਇਕ ਸਮਰੱਥ, ਦੂਰਦ੍ਰਿਸ਼ਟੀ ਭਰਪੂਰ, ਗਤੀਸ਼ੀਲ ਅਤੇ ਅਡੋਲ ਦਲੇਰਾਨਾ ਰਾਜਨੀਤਿਕ ਵਿਚਾਰਧਾਰਾ ਵਾਲੇ ਪ੍ਰਧਾਨ ਮੰਤਰੀ ਵਜੋਂ ਸਥਾਪਿਤ ਹੋ ਰਹੇ ਹਨ। ਭਾਰਤੀ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵਾਂਗ ਇਕ ਨਾਮਵਰ ਅਰਥਸ਼ਾਸਤਰੀ ਵਜੋਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਿਬਰਲ ਸਰਕਾਰ ਵਿਚ ਸੰਕਟ ਕਾਲ ਸਮੇਂ ਉਹ ਉੱਤਰਾਧਿਕਾਰੀ ਵਜੋਂ ਅੱਗੇ ਲਿਆਂਦੇ ਗਏ ਪਰ ਦੋਹਾਂ ਵਿਚ ਇਹ ਫਰਕ ਜ਼ਰੂਰ ਨਜ਼ਰ ਆਉਂਦਾ ਹੈ ਕਿ ਜਿੱਥੇ ਡਾਕਟਰ ਮਨਮੋਹਨ ਸਿੰਘ ਆਪਣੇ 10 ਸਾਲਾ ਕਾਰਜਕਾਲ ਵਿਚ ਕਾਂਗਰਸ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਦੇ ਰਾਜਨੀਤਿਕ ਪਰਛਾਵੇਂ ਵਿਚ ਆਪਣੀ ਰਾਜਨੀਤਿਕ, ਆਰਥਿਕ ਅਤੇ ਪ੍ਰਸ਼ਾਸਨਿਕ ਪ੍ਰਤਿਭਾ ਦਾ ਖੁੱਲ੍ਹ ਕੇ ਪ੍ਰਗਟਾਵਾ ਨਾ ਕਰ ਸਕੇ, ਉਥੇ ਮਾਰਕ ਕਾਰਨੀ ਦੀ ਆਜ਼ਾਦ ਲਿਬਰਲ ਅਤੇ ਸਿਧਾਂਤਕ ਤੌਰ ’ਤੇ ਦੂਰਅੰਦੇਸ਼ ਵਿਚਾਰਧਾਰਕ ਹੋਂਦ ਅਤੇ ਹਸਤੀ ਨੇ ਪੂਰੇ ਵਿਸ਼ਵ ਨੂੰ ਹੈਰਾਨ ਕਰਕੇ ਰੱਖ ਦਿੱਤਾ। ਉਹ ਰਤਾ ਭਰ ਵੀ ਅਮਰੀਕੀ ਹਿਟਲਰਾਨਾ ਤਬੀਅਤ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਲਗਾਤਾਰ ਧਮਕੀਆਂ ਤੋਂ ਨਹੀਂ ਥਿੜਕੇ ਸਗੋਂ ਦਾਵੋਸ (ਸਵਿਟਜ਼ਰਲੈਂਡ) ਵਿਖੇ 56ਵੇਂ ਵਿਸ਼ਵ ਆਰਥਿਕ ਫੋਰਮ ਵਿਚ 20 ਜਨਵਰੀ, 2026 ਵਿਚ ਖੰਡਿਤ ਹੋਈ ਵਿਸ਼ਵ ਵਿਵਸਥਾ ਦੀ ਥਾਂ ਨਵੀਂ ਭੂ-ਰਾਜਨੀਤਿਕ ਵਿਵਸਥਾ ਦੇ ਅਾਧਾਰ ਦੀ ਆਹਟ ਨੂੰ ਉਜਾਗਰ ਕਰਦਿਆਂ ਅਮਰੀਕੀ ਮਹਾਸ਼ਕਤੀ ਅਤੇ ਤਾਨਾਸ਼ਾਹਵਾਦੀ ਟਰੰਪ ਟੈਰਰ ਨੂੰ ਦਲੇਰਾਨਾ ਚੁਣੌਤੀ ਦਿੰਦੇ ਪੂਰੇ ਵਿਸ਼ਵ ਨੂੰ ਇਤਿਹਾਸਕ ਹਲੂਣੇ ਨਾਲ ਜਾਗ੍ਰਿਤ ਹੋਣ ਦਾ ਸੁਨੇਹਾ ਦਿੱਤਾ ।

ਘੱਟ ਗਿਣਤੀ ਸਰਕਾਰ : 28 ਅਪ੍ਰੈਲ 2025 ਵਿਚ 45ਵੀਆਂ ਪਾਰਲੀਮੈਂਟਰੀ ਆਮ ਚੋਣਾਂ ਵਿਚ ਕੈਨੇਡੀਅਨ ਜਨਤਾ ਨੇ ਉਨ੍ਹਾਂ ਦੇ ਹੱਕ ਵਿਚ ਘੱਟਗਿਣਤੀ ਸਰਕਾਰ ਦੇ ਗਠਨ ਦਾ ਫਤਵਾ ਦਿੱਤਾ ਸੀ। ਉਹ 343 ਮੈਂਬਰਾਂ ਦੇ ਹਾਊਸ ਆਫ ਕਾਮਨਜ਼ ਵਿਚ ਬਹੁਮਤ ਤੋਂ ਸਿਰਫ ਤਿੰਨ (169) ਵੋਟਾਂ ਦੀ ਦੂਰੀ ’ਤੇ ਸਨ ਪਰ ਜਲਦ ਹੀ ਪੂਰੇ ਦੇਸ਼ ਅੰਦਰ ਉਨ੍ਹਾਂ ਦੀ ਲੀਡਰਸ਼ਿਪ ਦੀ ਸਵੀਕਾਰਤਾ, ਹਰਮਨਪਿਆਰਤਾ, ਪ੍ਰਸ਼ਾਸਨਿਕ, ਆਰਥਿਕ, ਰਾਜਨੀਤਿਕ ਸਮਰੱਥਾ ਵਿਚ ਵਾਧਾ ਹੋਣ, ਉਨ੍ਹਾਂ ਦੇ ਗਵਾਹੀ ਵਿਚ ਪੂਰੇ ਦੇਸ਼ ਵੱਲੋਂ ਇਕਜੁੱਟਤਾ ਨਾਲ ਟਰੰਪ ਵਰਗੇ ਤਾਨਾਸ਼ਾਹ ਅਤੇ ਅਮਰੀਕੀ ਸਾਮਰਾਜ ਦੇ ਪ੍ਰਸਾਰਵਾਦ ਦਾ ਜਵਾਬ ਦੇਣ ਲਈ ਬਣੀ ਸਹਿਮਤੀ ਕਰਕੇ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਅਤੇ ਐੱਨ. ਡੀ. ਪੀ. ਦੇ ਪਾਰਲੀਮੈਂਟ ਮੈਂਬਰਾਂ ਨੇ ਦਲ ਬਦਲ ਕੇ ਉਨ੍ਹਾਂ ਦੀ ਅਗਵਾਈ ਵਿਚ ਸਮਰੱਥ ਸਥਿਰ ਅਤੇ ਪ੍ਰਭਾਵਸ਼ਾਲੀ ਸਰਕਾਰ ਨੂੰ ਤਰਜੀਹ ਦਿੱਤੀ।

ਬਹੁਮਤ : ਮਾਰਕ ਕਾਰਨੀ ਨੇ ਭਾਰਤੀ ਲੋਕਤੰਤਰ ਅੰਦਰ ਲੀਡਰਸ਼ਿਪ ਵਾਂਗ ਆਪਣੀ ਘੱਟਗਿਣਤੀ ਸਰਕਾਰ ਨੂੰ ਬਹੁਗਿਣਤੀ ਵਿਚ ਬਦਲਣ ਲਈ ਨਾ ਕੋਈ ਗੰਦੀ ਰਾਜਨੀਤਿਕ ਖੇਡ ਖੇਡੀ ਅਤੇ ਨਾ ਹੀ ਕਿਸੇ ਕਿਸਮ ਦਾ ਭ੍ਰਿਸ਼ਟਾਚਾਰੀ ਹੱਥਕੰਡਾ ਅਪਣਾਇਆ। ਵਿਰੋਧੀ ਧਿਰ ਵੱਲੋਂ ਵਾਰ-ਵਾਰ ਅਵਿਸ਼ਵਾਸ ਦੇ ਮਤਿਆਂ ਅਤੇ ਬਜਟ ਪਾਸ ਕਰਨ ਵੇਲੇ ਬੜੇ ਠਰ੍ਹੰਮੇ, ਸੰਜੀਦਗੀ ਅਤੇ ਰਾਜਨੀਤਿਕ ਡਿਪਲੋਮੈਸੀ ਨਾਲ ਸਾਹਮਣਾ ਕੀਤਾ। ਹੈਰਾਨੀ ਇਸ ਗੱਲ ਦੀ ਹੈ ਕਿ ਵਿਰੋਧੀ ਧਿਰ ਅੰਦਰ ਕਾਰਨੀ ਹਮਾਇਤੀ ਸੰਸਦ ਮੈਂਬਰਾਂ ਨੇ ਅਜਿਹੀਆਂ ਚੁਣੌਤੀਆਂ ਵੇਲੇ ਕਾਰਨੀ ਸਰਕਾਰ ਦੀ ਮਦਦ ਕੀਤੀ।

ਪੰਜ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਲਿਬਰਲ ਪਾਰਟੀ ਵਿਚ ਸ਼ਾਮਲ ਹੋਣ ਅਤੇ 13 ਅਪ੍ਰੈਲ, 2026 ਨੂੰ ਤਿੰਨ ਉਪ ਸੰਸਦੀ ਚੋਣਾਂ ਵਿਚ ਲਿਬਰਲ ਉਮੀਦਵਾਰਾਂ ਵੱਲੋਂ ਜਿੱਤਣ ਨਾਲ ਕਰੀਬ ਇਕ ਸਾਲ ਬਾਅਦ ਪ੍ਰਧਾਨ ਮੰਤਰੀ ਕਾਰਨੀ ਨੇ ਸੰਸਦ ਵਿਚ ਪੂਰਨ ਬਹੁਮਤ ਪ੍ਰਾਪਤ ਕਰ ਲਿਆ ਹੈ। ਇਸ ਵੇਲੇ 343 ਮੈਂਬਰੀ ਹਾਊਸ ਆਫ ਕਾਮਨ ਵਿਚ ਲਿਬਰਲਾਂ ਕੋਲ 174, ਕੰਜ਼ਰਵੇਟਵਾਂ ਕੋਲ 140, ਐੱਨ. ਡੀ. ਪੀ. ਕੋਲ 6 ਅਤੇ ਗਰੀਨ ਪਾਰਟੀ ਕੋਲ ਇਕ ਸੀਟ ਹੈ।

ਦੋਸ਼ : ਵਿਰੋਧੀ ਧਿਰ ਕੰਜ਼ਰਵੇਟਿਵ ਆਗੂ ਪੈਰੇ ਪੋਲੀਅਾਵਰ ਨੇ ਸੰਸਦ ਵਿਚ ਬਹੁਮਤ ਪ੍ਰਾਪਤ ਕਰਨ ਨੂੰ ਅੰਦਰੂਨੀ ਗੰਦੀ ਖੇਡ ਰਾਹੀਂ ਲਿਬਰਲਾਂ ਵੱਲੋਂ ‘ਬਣਾਵਟੀ’ ਅਤੇ ‘ਨਿਰਮਿਤ’ ਕਰਾਰ ਦਿੱਤਾ ਹੈ।

ਪਰ ਰਾਜਨੀਤੀ ਸ਼ਾਸਤਰ ਵਿਗਿਆਨੀ ਲੋਰੀ ਟਰਨਬੁਲ ਦਾ ਕਹਿਣਾ ਹੈ ਕਿ ਕਾਨੂੰਨਨ, ਸੰਵਿਧਾਨਕ, ਰਾਜਨੀਤਿਕ ਤਰਕਸੰਗਤਾ ਪੱਖੋਂ ਜੇ ਇਸ ਬਹੁਮਤ ਨੂੰ ਵੇਖਿਆ ਜਾਏ ਤਾਂ ਇਹ ਬਿਲਕੁਲ ਸਹੀ ਹੈ ਅਤੇ ਪੈਰੇ ਪੋਲੀਆਵਰ ਦਾ ਸਟੈਂਡ ਗਲਤ ਹੈ। ਕਾਨੂੰਨੀ ਅਤੇ ਸੰਵਿਧਾਨਕ ਤੌਰ ’ਤੇ ਕਿਸੇ ਵੀ ਦਲ ਬਦਲੀ ਤੇ ਫੈਡਰਲ ਕਾਨੂੰਨ ਵਿਚ ਉਪ ਚੋਣ ਕਰਾਏ ਜਾਣ ਦੀ ਕੋਈ ਵਿਵਸਥਾ ਨਹੀਂ ਹੈ। ਸੰਨ 2011 ਵਿਚ ਦਲ ਬਦਲੀ ਉਪਰੰਤ ਉਪ ਚੋਣ ਕਰਾਉਣ ਦੀ ਕਾਨੂੰਨੀ ਵਿਵਸਥਾ ਕਰਨ ਵਿਰੁੱਧ ਖੁਦ ਵਿਰੋਧੀ ਧਿਰ ਆਗੂ ਪੈਰੇ ਪੋਲੀਅਾਵਰ ਨੇ ਵੋਟ ਪਾਈ ਸੀ ਸੋ ਅਜੋਕੇ ਕੈਨੇਡੀਅਨ ਸੰਵਿਧਾਨ ਅੰਦਰ ਕੋਈ ਵੀ ਸੰਸਦ ਮੈਂਬਰ ਕਿਸੇ ਵੀ ਧਿਰ ਦੀ ਹਮਾਇਤ ਕਰਨ ਲਈ ਆਜ਼ਾਦ ਹੈ। ਉਹ ਸਪੱਸ਼ਟ ਕਹਿੰਦੀ ਹੈ ਕਿ ਕੈਨੇਡੀਅਨ ਸੰਸਦ ਮੈਂਬਰਾਂ ਨੂੰ ਵੋਟਰਾਂ ਵੱਲੋਂ ਵਿਅਕਤੀਗਤ ਤੌਰ ’ਤੇ ਚੁਣਿਆ ਜਾਂਦਾ ਹੈ। ਉਹ ਪ੍ਰਧਾਨ ਮੰਤਰੀ ਅਤੇ ਪਾਰਟੀਆਂ ਨਹੀਂ ਚੁਣਦੇ। ਸੋ ਸੰਸਦ ਮੈਂਬਰ ਪੂਰਨ ਤੌਰ ’ਤੇ ਆਜ਼ਾਦ ਹੁੰਦੇ ਹਨ।

ਪ੍ਰਧਾਨ ਮੰਤਰੀ ਨੂੰ ਸੰਸਦ ਦੇ ਅੰਦਰ ਬਹੁਮਤ ਦੀ ਲੋੜ ਹੈ ਭਾਵੇਂ ਕਿਸੇ ਪਾਰਟੀ ਅਤੇ ਮੈਂਬਰਾਂ ਦੁਆਰਾ ਪ੍ਰਾਪਤ ਹੋਵੇ। ਸੰਵਿਧਾਨ ਪਾਰਟੀ ਸਬੰਧੀਕਰਨ ਬਾਰੇ ਬਿਲਕੁਲ ਚੁੱਪ ਹੈ।

ਪੈਰੇ ਪੋਲੀਆਵਰ ਭੁੱਲ ਗਿਆ ਕਿ ਸੰਨ 2008 ਵਿਚ ਕੈਨੇਡੀਅਰ ਵੋਟਰਾਂ ਨੇ ਸਟੀਫਨ ਹਾਰਪਰ ਦੀ ਅਗਵਾਈ ਵਿਚ ਘੱਟਗਿਣਤੀ ਸਰਕਾਰ ਨੂੰ ਚੁਣਿਆ ਸੀ। ਜਦੋਂ ਲਿਬਰਲਾਂ, ਐੱਨ. ਡੀ. ਪੀ. ਅਤੇ ਬਲਾਕ ਕਿਊਬੈਕ ਮੈਂਬਰਾਂ ਨੇ ਮਿਲ ਕੇ ਉਸ ਵਿਰੁੱਧ ਬੇਵਿਸ਼ਵਾਸੀ ਦਾ ਮਤਾ ਲਿਆਉਣਾ ਚਾਹਿਆ ਤਾਂ ਉਹ ਗਵਰਨਰ ਜਨਰਲ ਪਾਸ ਪਾਰਲੀਮੈਂਟ ਨੂੰ ਮੁਅੱਤਲ ਕੀਤੇ ਜਾਣ ਲਈ ਚਲਾ ਗਿਆ। ਟਰਨਬੁੱਲ ਦਾ ਕਹਿਣਾ ਹੈ ਕਿ ਇਹ ਸਟੀਫਨ ਹਾਰਪਰ ਦਾ ਗੈਰ-ਸੰਵਿਧਾਨਕ ਕਦਮ ਸੀ। ਕੀ ਕੰਜ਼ਰਵੇਟਵਾਂ ਨੇ ਸਟੀਫਨ ਹਾਰਪਰ ਦੀ ਅਗਵਾਈ ਵਿਚ ਲਿਬਰਲ ਪਾਰਟੀ ਮੈਂਬਰ ਲੀਓਨਾ ਐਲੀਸਲੇਵ ਦੀ ਦਲ ਬਦਲੀ ਸਵੀਕਾਰ ਨਹੀਂ ਸੀ ਕੀਤੀ ? ਕੀ ਸੰਨ 2006 ਵਿਚ ਵੈਨਕੂਵਰ ਤੋਂ ਚੁਣੇ ਲਿਬਰਲ ਸੰਸਦ ਮੈਂਬਰ ਡੇਵਿਡ ਇਮਰਸਨ ਨੂੰ ਦਲ ਬਦਲੀ ਬਾਅਦ ਤੁਰੰਤ ਕੈਬਨਿਟ ਮੰਤਰੀ ਨਹੀਂ ਸੀ ਬਣਾਇਆ ? ਉਦੋਂ ਇਨ੍ਹਾਂ ਲਿਬਰਲਾਂ ਨੂੰ ਕਿਸੇ ਨੇ ਨਹੀਂ ਕਿਹਾ ਕਿ ਉਹ ਉਪ ਚੋਣਾਂ ਲੜਨ। ਤਤਕਾਲੀ ਲਿਬਰਲ ਆਗੂ ਸਟੀਫਨ ਡਿਓਨ ਦਾ ਕਹਿਣਾ ਹੈ ਕਿ ਕੈਨੇਡੀਅਨ ਲੋਕਤੰਤਰ ਅੰਦਰ ਵੋਟਰ ਮੈਂਬਰ ਪਾਰਲੀਮੈਂਟ ਚੁਣਦੇ ਹਨ। ਉਨ੍ਹਾਂ ਦੀ ਚੋਣ ਘੱਟਗਿਣਤੀ ਜਾਂ ਬਹੁਗਿਣਤੀ ਸਰਕਾਰ ਨੂੰ ਆਕਾਰ ਦਿੰਦੀ ਹੈ।

ਬ੍ਰਿਟਿਸ਼ ਕੋਲੰਬੀਆ ਦੀ ਲੰਬਾ ਚਿਰ ਰਹੀ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਦਾ ਮੰਨਣਾ ਹੈ ਕਿ ਜੇ ਕੋਈ ਸੰਸਦ ਮੈਂਬਰ ਆਪਣੇ ਆਗੂ ਜਾਂ ਉਸਦੇ ਨਿਰਦੇਸ਼ਾਂ ਨਾਲ ਸਹਿਮਤ ਨਹੀਂ ਤਾਂ ਉਹ ਦਲ ਬਦਲੀ ਲਈ ਆਜ਼ਾਦ ਹੁੰਦਾ ਹੈ। ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਵਿਚ ਦਲ ਬਦਲੀ ਲੋਕਤੰਤਰੀ ਵਿਵਸਥਾ ਦਾ ਹਿੱਸਾ ਹੈ |

ਸੰਕਟਕਾਲੀਨ ਇਕਜੁੱਟਤਾ : ਮਾਂਟਰੀਅਲ ਵਿਖੇ 9-11 ਅਪ੍ਰੈਲ ਨੂੰ ਲਿਬਰਲ ਪਾਰਟੀ ਕਨਵੈਨਸ਼ਨ ਵਿਚ ਪ੍ਰਧਾਨ ਮੰਤਰੀ ਕਾਰਨੀ ਨੇ ਖੂਬਸੂਰਤੀ ਨਾਲ ਕਿਹਾ ਕਿ ਇਕਜੁੱਟਤਾ ਨਾਲ ਇਕਸਾਰਤਾ ਲੋੜੀਂਦੀ ਨਹੀਂ। ਰਾਜਨੀਤਿਕ ਜਾਂ ਬਹੁਮਤ ਦਬਦਬੇ ਨਾਲੋਂ ਰਾਜਨੀਤਿਕ ਹਿੱਸੇਦਾਰੀ ਬਿਹਤਰ ਹੁੰਦੀ ਹੈ। ਅੱਜ ਕਾਰਨੀ ਸਰਕਾਰ ਰਾਸ਼ਟਰੀ ਇਕਜੁੱਟਤਾਵਾਦੀ ਸਰਕਾਰ ਅਖਵਾਉਂਦੀ ਹੈ। ਅਮਰੀਕੀ ਰਾਸ਼ਟਰਪਤੀ ਨੇ ਜਿਵੇਂ ਕੈਨੇਡਾ ਵਿਰੁੱਧ ਆਰਥਿਕ, ਇਰਾਕ ਵਿਰੁੱਧ ਫੌਜੀ, ਪੱਛਮੀ ਉਦਾਰਵਾਦੀ ਵਿਚਾਰਧਾਰਾ ਵਿਰੁੱਧ ਅਤੇ ਕੌਮਾਂਤਰੀ ਪੱਧਰ ’ਤੇ ਟੈਰਿਫ ਜੰਗਾਂ ਸ਼ੁਰੂ ਕੀਤੀਆਂ ਹੋਈਆਂ ਹਨ, ਉਨ੍ਹਾਂ ਦੇ ਮੁਕਾਬਲੇ ਲਈ ਦੇਸ਼ ਅੰਦਰ ਇਕ-ਦੂਸਰੇ ਨਾਲ ਲੜਨ ਦੀ ਬਜਾਏ ਇਕਜੁੱਟ ਹੋ ਕੇ ਮੁਕਾਬਲਾ ਕਰਨ ਦੀ ਲੋੜ ਹੈ।

ਹੁਣ ਦੂਰਅੰਦੇਸ਼ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਨੂੰ ਅਮਰੀਕਾ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਦਾ ਅਹਿਦ ਕੀਤਾ ਹੈ। ‘ਨਾਫਟਾ’ ਸਮਝੌਤਾ ਤੋੜ ਕੇ ਡੋਨਾਲਡ ਟਰੰਪ ਨੇ 45ਵੇਂ ਰਾਸ਼ਟਰਪਤੀ ਹੁੰਦੇ ‘ਕੁਸਮਾ’ ਸਮਝੌਤਾ ਕੈਨੇਡਾ ਅਤੇ ਮੈਕਸੀਕੋ ਨਾਲ ਕੀਤਾ ਸੀ ਪਰ ਕੀ ਅਗਲੇ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਨੂੰ ਰੱਦ ਕਰਕੇ ਮੁੜ ਨਾਫਟਾ ਬਹਾਲ ਕੀਤਾ ਸੀ? ਸੋ ਉਨ੍ਹਾਂ ਸਾਫ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਅਤੇ ਪ੍ਰਸ਼ਾਸਨ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਹੁਣ ਅਮਰੀਕਾ ਨਾਲ 75 ਪ੍ਰਤੀਸ਼ਤ ਵਪਾਰ ਦੇ ਦਿਨ ਲੱਦ ਗਏ। ਨਵੀਂ ਉਭਰਦੀ ਵਿਸ਼ਵ ਵਿਵਸਥਾ ਵਿਚ ਉਨ੍ਹਾਂ ਯੂਰਪੀਅਨ, ਲਿਟਾਨੀ ਏਸ਼ੀਆਈ ਦੇਸ਼ਾਂ ਜਿਨ੍ਹਾਂ ਵਿਚ ਚੀਨ ਅਤੇ ਭਾਰਤ ਮਹੱਤਵਪੂਰਨ ਹਨ, ਨਾਲ ਆਪਣੇ ਵਪਾਰਕ, ਕਲਚਰਲ, ਯੁੱਧਨੀਤਕ ਸਬੰਧ ਪਕੇਰੇ ਕਰਨ ਦਾ ਫੈਸਲਾ ਲਿਆ ਹੈ।

(ਰਾਜ ਸੂਚਨਾ ਕਮਿਸ਼ਨਰ ਪੰਜਾਬ/ ਕਿੰਗਸਟਨ -ਕੈਨੇਡਾ) ਦਰਬਾਰਾ ਸਿੰਘ ਕਾਹਲੋਂ
 


author

rajwinder kaur

Content Editor

Related News