‘ਫਰਜ਼ੀ ਦਾ ਬੋਲਬਾਲਾ’ ਫੜੇ ਜਾ ਰਹੇ ਵਿਭਾਗਾਂ ਦੇ ਨਕਲੀ ਅਧਿਕਾਰੀ!
Wednesday, Mar 18, 2026 - 04:36 AM (IST)
ਦੇਸ਼ ’ਚ ਨਕਲੀ ਖੁਰਾਕ ਪਦਾਰਥਾਂ, ਦਵਾਈਆਂ, ਖਾਦਾਂ, ਕੀਟਨਾਸ਼ਕਾਂ, ਕਰੰਸੀ ਆਦਿ ਦੀਆਂ ਗੱਲਾਂ ਤਾਂ ਸੁਣੀਆਂ ਜਾਂਦੀਆਂ ਸਨ, ਪਰ ਹੁਣ ਇਹ ਬਿਮਾਰੀ ਸਮਾਜ ਵਿਰੋਧੀ ਅਨਸਰਾਂ ਵੱਲੋਂ ਖ਼ੁਦ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਲੋਕਾਂ ਨੂੰ ਠੱਗਣ ਤੱਕ ਪਹੁੰਚ ਗਈ ਹੈ, ਜੋ ਪਿਛਲੇ 3 ਮਹੀਨਿਆਂ ’ਚ ਸਾਹਮਣੇ ਆਈਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ।
* 11 ਦਸੰਬਰ, 2025 ਨੂੰ ਫਰਜ਼ੀ ਦਸਤਾਵੇਜ਼ ਬਣਾਉਣ ਅਤੇ ਕੁੜੀਆਂ ਨੂੰ ਆਪਣੇ ਪਿਆਰ ਦੇ ਜਾਲ ’ਚ ਫਸਾ ਕੇ ਠੱਗਣ ’ਚ ਮਾਹਿਰ ਅਤੇ ਖ਼ੁਦ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦਾ ਅਧਿਕਾਰੀ ਦੱਸ ਕੇ ਲੋਕਾਂ ਤੋਂ ਕਰੋੜਾਂ ਰੁਪਏ ਠੱਗਣ ਦੇ ਦੋਸ਼ੀ ‘ਗੌਰਵ ਸਿੰਘ’ ਉਰਫ਼ ‘ਲਲਿਤ ਕਿਸ਼ੋਰ’ ਨੂੰ ‘ਗੋਰਖਪੁਰ’ (ਉੱਤਰ ਪ੍ਰਦੇਸ਼) ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ।
ਗੌਰਵ ਸਿੰਘ ’ਤੇ ਇਕ ਐੱਸ. ਡੀ. ਐੱਮ. ਨੂੰ ਥੱਪੜ ਮਾਰਨ ਦਾ ਵੀ ਦੋਸ਼ ਹੈ। ਉਸ ਨੇ ‘ਬਿਹਾਰ’, ‘ਉੱਤਰ ਪ੍ਰਦੇਸ਼’, ‘ਝਾਰਖੰਡ’ ਅਤੇ ‘ਮੱਧ ਪ੍ਰਦੇਸ਼’ ’ਚ ਆਪਣਾ ਨੈੱਟਵਰਕ ਕਾਇਮ ਕੀਤਾ ਹੋਇਆ ਸੀ। ਉਹ ਬਿਲਡਰਾਂ ਅਤੇ ਕਾਰੋਬਾਰੀਆਂ ਨੂੰ ਸਰਕਾਰੀ ਠੇਕੇ ਦਿਵਾਉਣ ਦਾ ਲਾਲਚ ਦੇ ਕੇ ਵਸੂਲੀ ਕਰਦਾ ਸੀ। ਉਸ ਦੇ ਮੋਬਾਈਲ ਦੀ ਜਾਂਚ ਕਰਨ ’ਤੇ ਉਸ ਦੀ ਪਤਨੀ ਤੋਂ ਇਲਾਵਾ 4 ਗਰਲਫ੍ਰੈਂਡਸ ਦਾ ਵੀ ਪਤਾ ਲੱਗਾ ਹੈ।
* 2 ਜਨਵਰੀ, 2026 ਨੂੰ ‘ਪਲਾਮੂ’ (ਝਾਰਖੰਡ) ’ਚ ਪੁਲਸ ਨੇ ‘ਰਾਜੇਸ਼ ਕੁਮਾਰ’ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਲੰਬੇ ਸਮੇਂ ਤੋਂ ਖ਼ੁਦ ਨੂੰ ਆਈ. ਏ. ਐੱਸ. ਅਧਿਕਾਰੀ ਦੱਸ ਕੇ ਲੋਕਾਂ ਨੂੰ ਠੱਗਦਾ ਆ ਰਿਹਾ ਸੀ। ਗ੍ਰਿਫ਼ਤਾਰੀ ਦੇ ਦਿਨ ਵੀ ਉਹ ਇਕ ਪੁਲਸ ਸਟੇਸ਼ਨ ’ਚ ਜ਼ਮੀਨ ਸਬੰਧੀ ਕੋਈ ਵਿਵਾਦ ਸੁਲਝਾਉਣ ਦੇ ਨਾਂ ’ਤੇ ਅਧਿਕਾਰੀਆਂ ’ਤੇ ਧੌਂਸ ਜਮਾਉਣ ਪਹੁੰਚਿਆ ਸੀ ਪਰ ਉਸ ਦੀ ਪੋਲ ਖੁੱਲ੍ਹ ਗਈ ਅਤੇ ਉਹ ਫੜਿਆ ਗਿਆ।
* 30 ਜਨਵਰੀ, 2026 ਨੂੰ ਖ਼ੁਦ ਨੂੰ ਇੰਟੈਲੀਜੈਂਸ ਬਿਊਰੋ ਦਾ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਦੱਸ ਕੇ ਲੋਕਾਂ ਤੋਂ ਠੱਗੀ ਅਤੇ ਜਬਰੀ ਵਸੂਲੀ ਕਰਨ ਦੇ ਦੋਸ਼ ’ਚ ‘ਵਿਮਲ ਭੱਟ’ ਨਾਂ ਦੇ ਠੱਗ ਨੂੰ ‘ਦਿੱਲੀ ਪੁਲਸ’ ਨੇ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਇੰਟੈਲੀਜੈਂਸ ਬਿਊਰੋ ਦਾ ਫਰਜ਼ੀ ਪਛਾਣ ਪੱਤਰ, ਵਾਕੀ-ਟਾਕੀ, ਪੁਲਸ ਸਾਇਰਨ ਅਤੇ ਗ੍ਰਹਿ ਮੰਤਰਾਲੇ ਦੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ।
* 30 ਜਨਵਰੀ, 2026 ਨੂੰ ਹੀ ‘ਕਾਨਪੁਰ’ (ਯੂ. ਪੀ.) ’ਚ ਖ਼ੁਦ ਨੂੰ ਜ਼ਿਲਾ ਮੈਜਿਸਟ੍ਰੇਟ ਦੱਸਣ ਵਾਲੇ ਇਕ ਠੱਗ ਨੂੰ ਅਧਿਕਾਰੀਆਂ ਨੇ ਇਕ ਮੁਟਿਆਰ ਤੋਂ 26 ਲੱਖ ਰੁਪਏ ਅਤੇ ਗਹਿਣੇ ਠੱਗਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ।
* 31 ਜਨਵਰੀ, 2026 ਨੂੰ ‘ਪੁਣੇ’ (ਮਹਾਰਾਸ਼ਟਰ) ’ਚ ਖ਼ੁਦ ਨੂੰ ਸੀ. ਬੀ. ਆਈ. ਅਧਿਕਾਰੀ ਦੱਸ ਕੇ ਇਕ ਬਜ਼ੁਰਗ ਤੋਂ 10.74 ਕਰੋੜ ਰੁਪਏ ਠੱਗਣ ਦੇ ਦੋਸ਼ ’ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ।
* 2 ਫਰਵਰੀ, 2026 ਨੂੰ ਮੁੰਬਈ ਪੁਲਸ ਨੇ ‘ਪਰਸ਼ੂਰਾਮ ਜਗਤਾਪ’ ਨਾਂ ਦੇ ਇਕ ਠੱਗ ਨੂੰ ਗ੍ਰਿਫ਼ਤਾਰ ਕੀਤਾ। ਉਸ ’ਤੇ ਖ਼ੁਦ ਨੂੰ ਏ. ਸੀ. ਪੀ. ਦੱਸ ਕੇ ਲੋਕਾਂ ਨੂੰ ‘ਡਿਜੀਟਲ ਅਰੈਸਟ’ ਦੀ ਧਮਕੀ ਦੇ ਕੇ ਲਗਭਗ 2 ਕਰੋੜ ਰੁਪਏ ਠੱਗਣ ਦਾ ਦੋਸ਼ ਹੈ।
* 2 ਮਾਰਚ, 2026 ਨੂੰ ‘ਬੇਗੂਸਰਾਏ’ (ਬਿਹਾਰ) ਦੀ ਫਰਜ਼ੀ ਵਰਦੀ ’ਤੇ ਨੇਮ ਪਲੇਟ ਲਾ ਕੇ ਘੁੰਮਣ, ਲੋਕਾਂ ’ਤੇ ਧੌਂਸ ਜਮਾਉਣ ਅਤੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਵਸੂਲ ਕਰਨ ਵਾਲੀ ‘ਕਜੋਮਾ ਕੁਮਾਰੀ’ ਨਾਂ ਦੀ ਇਕ ਫਰਜ਼ੀ ਮਹਿਲਾ ਸਿਪਾਹੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ।
* 9 ਮਾਰਚ, 2026 ਨੂੰ ‘ਨਵੀ ਮੁੰਬਈ’ (ਮਹਾਰਾਸ਼ਟਰ) ’ਚ ਮੁੰਬਈ ਪੁਲਸ ਨੇ ‘ਵਾਸ਼ੀ’ ਤੋਂ ‘ਮੁਹੰਮਦ ਤਾਰਿਕ ਪਠਾਨ’ ਨੂੰ ਗ੍ਰਿਫ਼ਤਾਰ ਕੀਤਾ। ਉਸ ’ਤੇ ਖ਼ੁਦ ਨੂੰ ਗ੍ਰਹਿ ਮੰਤਰਾਲੇ ਨਾਲ ਜੁੜਿਆ ਆਈ. ਏ. ਐੱਸ. ਅਧਿਕਾਰੀ ਦੱਸ ਕੇ ਪੁਲਸ ਜਾਂਚਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਹੈ।
* 15 ਮਾਰਚ, 2026 ਨੂੰ ‘ਪ੍ਰਯਾਗਰਾਜ’ (ਉੱਤਰ ਪ੍ਰਦੇਸ਼) ’ਚ ਖ਼ੁਦ ਨੂੰ ‘ਰੇਲਵੇ ਪ੍ਰੋਟੈਕਸ਼ਨ ਫੋਰਸ’ ਦਾ ਅਧਿਕਾਰੀ ਦੱਸ ਕੇ ਲੋਕਾਂ ਨੂੰ ਠੱਗਣ ਵਾਲੇ ‘ਦਿਵਿਆਂਸ਼ੂ ਕੁਮਾਰ’ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ।
* 16 ਮਾਰਚ, 2026 ਨੂੰ ‘ਤਿਰੂਵਨੰਤਪੁਰਮ’ ’ਚ ਪੁਲਸ ਨੇ ਇਕ 41 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਜੋ ਖ਼ੁਦ ਨੂੰ ਕਸਟਮ ਅਧਿਕਾਰੀ ਦੱਸ ਕੇ ਰਿਆਇਤੀ ਦਰਾਂ ’ਤੇ ਸੋਨਾ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਦੀ ਸੀ।
* ਅਤੇ ਹੁਣ 16 ਮਾਰਚ, 2026 ਨੂੰ ਹੀ ‘ਬਰਗਾਹ’ (ਓਡਿਸ਼ਾ) ਜ਼ਿਲੇ ਦੇ ‘ਅੱਟਾ ਬੀਰਾ’ ਸ਼ਹਿਰ ’ਚ ਪੁਲਸ ਨੇ ‘ਵਿਕਰਮ ਬੇਹਰਾ’ ਨਾਂ ਦੇ ਨੌਜਵਾਨ ਨੂੰ ਓਡਿਸ਼ਾ ਪੁਲਸ ਦੀ ਵਰਦੀ ਪਹਿਨ ਕੇ ਘੁੰਮਣ ਅਤੇ ਲੋਕਾਂ ਨੂੰ ਧਮਕਾ ਕੇ ਰੰਗਦਾਰੀ ਵਸੂਲ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਜਾਅਲਸਾਜ਼ੀ ਕਿਸ ਕਦਰ ਵਧ ਰਹੀ ਹੈ। ਇਸ ਲਈ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ, ਤਾਂ ਜੋ ਉਹ ਸਮਾਜ ਨਾਲ ਧੋਖਾ ਨਾ ਕਰ ਸਕਣ ਅਤੇ ਦੂਜਿਆਂ ਨੂੰ ਸਬਕ ਮਿਲੇ।
—ਵਿਜੇ ਕੁਮਾਰ
