70 ਤੋਂ ਬਾਅਦ ਦਾ ਜੀਵਨ : ਗਿਆਨ, ਹਾਸੇ ਅਤੇ ਯੋਗਦਾਨ ਦਾ ਯੁੱਗ
Friday, Mar 13, 2026 - 03:59 PM (IST)
ਆਧੁਨਿਕ ਸਮਾਜ ਕਦੇ-ਕਦੇ 70 ਦੀ ਉਮਰ ਨੂੰ ਉਹ ਪੜਾਅ ਮੰਨਦਾ ਹੈ, ਜਦੋਂ ਵਿਅਕਤੀ ਨੂੰ ਹੌਲੀ ਹੋ ਜਾਣਾ ਚਾਹੀਦਾ ਹੈ, ਇਕ ਪਾਸੇ ਹਟ ਜਾਣਾ ਚਾਹੀਦਾ ਹੈ ਅਤੇ ਚੁੱਪਚਾਪ ਕਿਨਾਰੇ ਤੋਂ ਜੀਵਨ ਨੂੰ ਦੇਖਣਾ ਚਾਹੀਦਾ ਹੈ ਪਰ ਜਿਸ ਕਿਸੇ ਨੇ ਵੀ ਇਤਿਹਾਸ ਦਾ ਅਧਿਐਨ ਕੀਤਾ ਹੈ ਜਾਂ ਜੀਵਨ ਨੂੰ ਧਿਆਨ ਨਾਲ ਦੇਖਿਆ ਹੈ, ਉਹ ਜਾਣਦਾ ਹੈ ਕਿ ਇਹ ਧਾਰਨਾ ਨਾ ਸਿਰਫ ਗਲਤ ਹੈ, ਸਗੋਂ ਅਨਿਆਂਪੂਰਨ ਵੀ ਹੈ। ਸੱਚ ਤਾਂ ਇਹ ਹੈ ਕਿ 70 ਤੋਂ ਬਾਅਦ ਦੇ ਸਾਲ ਜੀਵਨ ਦਾ ਸਭ ਤੋਂ ਸਾਰਥਕ ਕਾਲ ਬਣ ਸਕਦੇ ਹਨ, ਇਕ ਅਜਿਹਾ ਸਮਾਂ, ਜਦੋਂ ਗਿਆਨ, ਹਾਸਾ ਅਤੇ ਅਨੁਭਵ ਮਿਲ ਕੇ ਸਮਾਜ ਲਈ ਸ਼ਕਤੀਸ਼ਾਲੀ ਯੋਗਦਾਨ ਦਿੰਦੇ ਹਨ।
ਹਰੇਕ ਮਨੁੱਖ ਦੇ ਹਿਰਦੇ ’ਚ 2 ਸਰਲ ਇੱਛਾਵਾਂ ਹੁੰਦੀਆਂ ਹਨ—ਪ੍ਰੇਮ ਅਤੇ ਸਤਿਕਾਰ ਨਾਲ ਜਿਊਣਾ ਅਤੇ ਮੌਤ ਤੋਂ ਬਾਅਦ ਯਾਦ ਕੀਤਾ ਜਾਣਾ। ਕੋਈ ਵੀ ਦੁਨੀਆ ਦੀਆਂ ਯਾਦਾਂ ਤੋਂ ਇਸ ਤਰ੍ਹਾਂ ਓਝਲ ਨਹੀਂ ਹੋਣਾ ਚਾਹੁੰਦਾ, ਜਿਵੇਂ ਉਸ ਦੇ ਜੀਵਨ ਦਾ ਕੋਈ ਅਰਥ ਹੀ ਨਾ ਰਿਹਾ ਹੋਵੇ। ਪਰ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਪੀੜ੍ਹੀਆਂ ਤੱਕ ਸਿਰਫ ਕੁਝ ਹੀ ਲੋਕਾਂ ਨੂੰ ਯਾਦ ਰੱਖਿਆ ਜਾਂਦਾ ਹੈ। ਬਾਕੀ ਲੋਕ ਸਮੇਂ ਦੇ ਨਾਲ ਹੌਲੀ-ਹੌਲੀ ਭੁਲਾ ਦਿੱਤੇ ਜਾਂਦੇ ਹਨ। ਜੋ ਸਿਰਫ ਆਪਣੇ ਲਈ ਜਿਊਂਦੇ ਹਨ, ਉਹ ਯਾਦਾਂ ਤੋਂ ਓਝਲ ਹੋ ਜਾਂਦੇ ਹਨ।
ਗੁਰਬਾਣੀ ਸਾਨੂੰ ਵਾਰ-ਵਾਰ ਯਾਦ ਦਿਵਾਉਂਦੀ ਹੈ ਕਿ ਜੀਵਨ ਅਸਥਾਈ ਹੈ ਪਰ ਸੱਚ ਦਾ ਆਚਰਣ ਅਤੇ ਮਨੁੱਖਤਾ ਦੀ ਸੇਵਾ ਵਿਅਕਤੀ ਨੂੰ ਲੋਕਾਂ ਦੇ ਦਿਲਾਂ ’ਚ ਅਮਰ ਕਰ ਦਿੰਦੀ ਹੈ। ਜੋ ਲੋਕ 70 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ, ਉਨ੍ਹਾਂ ਲਈ ਇਹ ਸੰਦੇਸ਼ ਵਿਸ਼ੇਸ਼ ਅਰਥ ਰੱਖਦਾ ਹੈ। ਇਸ ਸਮੇਂ ਤੱਕ, ਇਕ ਵਿਅਕਤੀ ਸਮਾਜਿਕ ਅਤੇ ਰਾਜਨੀਤਕ ਤਬਦੀਲੀਆਂ, ਪਰਿਵਾਰਕ ਜ਼ਿੰਮੇਵਾਰੀਆਂ, ਸਫਲਤਾਵਾਂ ਅਤੇ ਅਸਫਲਤਾਵਾਂ ਦੇ ਕਈ ਦਹਾਕਿਆਂ ’ਚੋਂ ਗੁਜ਼ਰ ਚੁੱਕਾ ਹੁੰਦਾ ਹੈ, ਭਾਵ ‘ਤਜਰਬਾ’ ਇਕੱਠਾ ਕਰ ਲਿਆ ਹੁੰਦਾ ਹੈ। ਤਜਰਬਾ ਜੀਵਨ ਦੇ ਮਾਧਿਅਮ ਰਾਹੀਂ ਹੌਲੀ-ਹੌਲੀ ਹਾਸਲ ਕੀਤਾ ਜਾਂਦਾ ਹੈ। ਇਸੇ ਲਈ ਬਜ਼ੁਰਗਾਂ ਦੀ ਤੁਲਨਾ ਕਦੇ-ਕਦੇ ਗਿਆਨ ਦੀਆਂ ਚੱਲਦੀਆਂ-ਫਿਰਦੀਆਂ ਲਾਇਬ੍ਰੇਰੀਆਂ ਨਾਲ ਕੀਤੀ ਜਾਂਦੀ ਹੈ।
ਸਿੱਖ ਪਰੰਪਰਾ ਕਈ ਅਜਿਹੀਆਂ ਪ੍ਰੇਰਕ ਉਦਾਹਰਣਾਂ ਪੇਸ਼ ਕਰਦੀ ਹੈ। ਤੀਸਰੇ ਸਿੱਖ ਗੁਰੂ, ਸ੍ਰੀ ਗੁਰੂ ਅਮਰ ਦਾਸ ਜੀ ਨੇ ਗੁਰੂ ਬਣਨ ਤੋਂ ਪਹਿਲਾਂ, ਨਿਮਰਤਾ ਦੇ ਨਾਲ ਸੇਵਾ ’ਚ ਕਈ ਸਾਲ ਬਿਤਾਏ। ਵਧੇਰੇ ਉਮਰ ’ਚ ਵੀ ਉਹ ਤੜਕਸਾਰ ਤੋਂ ਪਹਿਲਾਂ ਉੱਠਦੇ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਪਾਣੀ ਲਿਆਉਣ ਲਈ ਮੀਲਾਂ ਪੈਦਲ ਚੱਲਦੇ ਸਨ। ਕਲਪਨਾ ਕਰੋ, 60 ਸਾਲ ਤੋਂ ਵੱਧ ਦੀ ਉਮਰ ਦਾ ਇਕ ਵਿਅਕਤੀ ਹਰ ਸਵੇਰ ਪਾਣੀ ਦੇ ਭਾਰੀ ਘੜੇ ਲੈ ਕੇ ਖੁਸ਼ੀ-ਖੁਸ਼ੀ ਲੰਬੀ ਦੂਰੀ ਤੈਅ ਕਰ ਰਿਹਾ ਹੈ। ਅਸਲ ’ਚ, ਉਹ 73 ਸਾਲ ਦੀ ਉਮਰ ’ਚ ਗੁਰੂ ਬਣੇ ਅਤੇ ਅਸਾਧਾਰਨ ਗਿਆਨ ਅਤੇ ਜਥੇਬੰਦਕ ਸਮਰੱਥਾ ਨਾਲ ਸਿੱਖ ਭਾਈਚਾਰੇ ਦੀ ਅਗਵਾਈ ਕੀਤੀ।
ਮਹਾਨ ਸਿੱਖ ਯੋਧਾ ਅਤੇ ਸੰਤ ਬਾਬਾ ਦੀਪ ਸਿੰਘ ਜੀ ਲਗਭਗ 75 ਸਾਲ ਦੇ ਸਨ, ਜਦੋਂ ਉਨ੍ਹਾਂ ਨੇ ਹਮਲਾਵਰ ਤਾਕਤਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੀ ਰੱਖਿਆ ਲਈ ਹਥਿਆਰ ਉਠਾਏ ਸਨ। ਜਦੋਂ ਉਹ ਆਪਣੇ ਸਾਥੀਆਂ ਨਾਲ ਅੰਮ੍ਰਿਤਸਰ ਵੱਲ ਵਧੇ, ਤਾਂ ਕਿਸੇ ਨੇ ਉਨ੍ਹਾਂ ਨੂੰ ਚਿੰਤਾ ’ਚ ਪੁੱਛਿਆ ਹੋਵੇਗਾ, ‘‘ਬਾਬਾ ਜੀ, ਕੀ ਇਹ ਘਰ ’ਤੇ ਆਰਾਮ ਕਰਨ ਦੀ ਉਮਰ ਨਹੀਂ ਹੈ?’’ ਇਤਿਹਾਸ ਉਨ੍ਹਾਂ ਦੇ ਅਮਰ ਉੱਤਰ ਨੂੰ ਦਰਜ ਕਰਦਾ ਹੈ—ਕਿ ਜੀਵਨ ਸੱਚ ਅਤੇ ਧਾਰਮਿਕਤਾ ਦੀ ਸੇਵਾ ’ਚ ਜੀਵਿਆ ਜਾਣਾ ਚਾਹੀਦਾ ਹੈ। ਉਸ ਉਮਰ ’ਚ ਉਨ੍ਹਾਂ ਦੀ ਹਿੰਮਤ ਪੌਰਾਣਿਕ ਬਣ ਗਈ।
ਸਬਕ ਸਪੱਸ਼ਟ ਹੈ : 70 ਉਪਯੋਗਤਾ ਦਾ ਅੰਤ ਨਹੀਂ ਹੈ, ਇਹ ਮਹਾਨਤਾ ਦੀ ਸ਼ੁਰੂਆਤ ਹੋ ਸਕਦੀ ਹੈ। ਆਧੁਨਿਕ ਸਮੇਂ ’ਚ, ਬਜ਼ੁਰਗਾਂ ਕੋਲ ਉਪਲਬਧ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਸਟੀਲ ਨਹੀਂ ਸਗੋਂ ਗਿਆਨ ਹੈ। ਗਿਆਨ ਅਤੇ ਤਜਰਬਾ ਮਿਲ ਕੇ ਇਕ ਤਾਕਤ ਬਣਾਉਂਦੇ ਹਨ। ਦਹਾਕਿਆਂ ਤੱਕ ਜੀਵਨ ਦਾ ਨਿਰੀਖਣ ਕਰਨ ਵਾਲੇ ਵਿਅਕਤੀ ਦੁਆਰਾ ਲਿਖਿਆ ਗਿਆ ਇਕ ਵਿਚਾਰਸ਼ੀਲ ਲੇਖ ਸੌ ਭਾਸ਼ਣਾਂ ਨਾਲੋਂ ਵੱਧ ਦਿਮਾਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਦੋਂ ਬਜ਼ੁਰਗ ਲਿਖਦੇ ਹਨ, ਬੋਲਦੇ ਹਨ ਅਤੇ ਨੌਜਵਾਨ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦੇ ਹਨ, ਤਾਂ ਉਹ ਇਕ ਅਜਿਹਾ ਖਜ਼ਾਨਾ ਸੌਂਪਦੇ ਹਨ, ਜੋ ਪਾਠ-ਪੁਸਤਕਾਂ ’ਚ ਨਹੀਂ ਮਿਲ ਸਕਦਾ।
ਪੰਜਾਬ ਨੂੰ ਅੱਜ ਵਿਸ਼ੇਸ਼ ਤੌਰ ’ਤੇ ਅਜਿਹੇ ਗਿਆਨ ਦੀ ਲੋੜ ਹੈ। ਰਾਜ ਨੇ ਮਹਾਨ ਸੰਤ, ਯੋਧੇ, ਵਿਦਵਾਨ ਅਤੇ ਸੁਧਾਰਕ ਦਿੱਤੇ ਹਨ। ਫਿਰ ਵੀ ਆਧੁਨਿਕ ਚੁਣੌਤੀਆਂ—ਆਰਥਿਕ ਮੁਸ਼ਕਲਾਂ, ਸਮਾਜਿਕ ਵੰਡ ਅਤੇ ਬਦਲਦੀਆਂ ਕਦਰਾਂ-ਕੀਮਤਾਂ—ਵਿਚਾਰਸ਼ੀਲ ਮਾਰਗਦਰਸ਼ਨ ਦੀ ਮੰਗ ਕਰਦੀਆਂ ਹਨ। ਬਜ਼ੁਰਗਾਂ ਕੋਲ ਇਤਿਹਾਸ ਦਾ ਲੰਬੇ ਸਮੇਂ ਦਾ ਦ੍ਰਿਸ਼ਟੀਕੋਣ ਹੁੰਦਾ ਹੈ। ਉਨ੍ਹਾਂ ਨੂੰ ਅਜਿਹੀਆਂ ਘਟਨਾਵਾਂ, ਨੀਤੀਆਂ ਅਤੇ ਅੰਦੋਲਨ ਯਾਦ ਹੁੰਦੇ ਹਨ, ਜਿਨ੍ਹਾਂ ਨੂੰ ਨੌਜਵਾਨ ਪੀੜ੍ਹੀ ਸਿਰਫ ਕਿਤਾਬਾਂ ਤੋਂ ਜਾਣਦੀ ਹੈ।
ਜਨਤਕ ਜੀਵਨ ਤੋਂ ਹਟਣ ਦੀ ਬਜਾਏ, ਬਜ਼ੁਰਗ ਸਰਪ੍ਰਸਤ, ਲੇਖਕ ਅਤੇ ਵਿਚਾਰਸ਼ੀਲ ਟਿੱਪਣੀਕਾਰ ਬਣ ਸਕਦੇ ਹਨ। ਉਹ ਅਖਬਾਰਾਂ, ਪੁਸਤਕਾਂ, ਭਾਈਚਾਰਕ ਮੀਟਿੰਗਾਂ ਅਤੇ ਨੌਜਵਾਨਾਂ ਨਾਲ ਗੱਲਬਾਤ ਦੇ ਮਾਧਿਅਮ ਰਾਹੀਂ ਅੰਤਰ-ਦ੍ਰਿਸ਼ਟੀ ਸਾਂਝੀ ਕਰ ਸਕਦੇ ਹਨ। ਕਦੇ-ਕਦੇ ਪੋਤੇ-ਪੋਤੀਆਂ ਨੂੰ ਸੁਣਾਈ ਗਈ ਇਕ ਸਾਧਾਰਨ ਕਹਾਣੀ ਵੀ ਇਕ ਲੰਬੇ ਲੈਕਚਰ ਨਾਲੋਂ ਵੱਧ ਗਿਆਨ ਰੱਖਦੀ ਹੈ।
70 ਤੱਕ ਪਹੁੰਚਣ ਦਾ ਇਕ ਹੋਰ ਲਾਭ ਵੀ ਹੈ—ਵਿਅਕਤੀ ’ਚ ਜੀਵਨ ਪ੍ਰਤੀ ਹਾਸੇ ਦੀ ਇਕ ਸਿਹਤਮੰਦ ਸਮਝ ਵਿਕਸਿਤ ਹੋ ਜਾਂਦੀ ਹੈ। ਇਕ ਬਜ਼ੁਰਗ ਸੱਜਣ ਨੇ ਇਕ ਵਾਰ ਮਜ਼ਾਕ ’ਚ ਕਿਹਾ ਸੀ, ‘‘ਜਦੋਂ ਮੈਂ ਛੋਟਾ ਸੀ, ਤਾਂ ਮੈਂ ਦੁਨੀਆ ਬਦਲਣੀ ਚਾਹੁੰਦਾ ਸੀ। 50 ਦੀ ਉਮਰ ’ਚ, ਮੈਂ ਆਪਣਾ ਸ਼ਹਿਰ ਬਦਲਣਾ ਚਾਹੁੰਦਾ ਸੀ। 70 ਦੀ ਉਮਰ ’ਚ, ਮੈਂ ਸੌਂ ਜਾਣ ਤੋਂ ਪਹਿਲਾਂ ਟੈਲੀਵਿਜ਼ਨ ਚੈਨਲ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹਾਂ।’’ ਇਸ ਤਰ੍ਹਾਂ ਦਾ ਹਾਸਾ ਕਮਜ਼ੋਰੀ ਦਾ ਨਹੀਂ, ਗਿਆਨ ਦਾ ਲੱਛਣ ਹੈ।
ਬਾਅਦ ਦੇ ਸਾਲ ਸਭ ਤੋਂ ਸੁਖਦਾਈ ਵੀ ਹੋ ਸਕਦੇ ਹਨ, ਜੇਕਰ ਉਨ੍ਹਾਂ ਨੂੰ ਬੁੱਧੀਮਾਨੀ ਨਾਲ ਜੀਵਿਆ ਜਾਵੇ। ਜ਼ਿੰਮੇਵਾਰੀਆਂ ਹਲਕੀਆਂ ਹੋ ਜਾਂਦੀਆਂ ਹਨ। ਬੱਚੇ ਆਜ਼ਾਦ ਹੋ ਜਾਂਦੇ ਹਨ। ਪੜ੍ਹਨ, ਚਿੰਤਨ, ਲਿਖਣ, ਯਾਤਰਾ ਅਤੇ ਅਧਿਆਤਮਿਕ ਵਿਕਾਸ ਲਈ ਵਧੇਰੇ ਸਮਾਂ ਮਿਲਦਾ ਹੈ। ਕਈ ਮਹਾਨ ਚਿੰਤਕਾਂ ਨੇ ਆਪਣੇ ਬਾਅਦ ਦੇ ਸਾਲਾਂ ’ਚ ਵਰਣਨਯੋਗ ਕੰਮ ਕੀਤੇ। ਤਜਰਬਾ ਵਿਚਾਰਾਂ ਨੂੰ ਡੂੰਘਾਈ ਦਿੰਦਾ ਹੈ।
ਹਰ ਵਿਅਕਤੀ ਨੇ ਅੰਤ ’ਚ ਇਹ ਦੁਨੀਆ ਛੱਡਣੀ ਹੈ। ਇਹ ਕੁਦਰਤ ਦਾ ਸਰਵਵਿਆਪੀ ਨਿਯਮ ਹੈ ਪਰ ਕੁਝ ਲੋਕ ਪਿੱਛੇ ਵਿਚਾਰ, ਮੁੱਲ ਅਤੇ ਪ੍ਰੇਰਣਾ ਛੱਡ ਜਾਂਦੇ ਹਨ, ਜੋ ਸਦੀਆਂ ਤੱਕ ਚੱਲਦੇ ਹਨ। 70 ਸਾਲ ਦੀ ਉਮਰ ਪਾਰ ਕਰ ਚੁੱਕੇ ਲੋਕਾਂ ਲਈ ਮੌਕਾ ਬਹੁਤ ਵੱਡਾ ਹੈ। ਇਹ ਸੋਚਣ ਦੀ ਬਜਾਏ ਕਿ ਜੀਵਨ ਦਾ ਕੰਮ ਸਮਾਪਤ ਹੋ ਗਿਆ ਹੈ, ਉਹ ਮਹਿਸੂਸ ਕਰ ਸਕਦੇ ਹਨ ਕਿ ਉਨ੍ਹਾਂ ਦਾ ਸਭ ਤੋਂ ਕੀਮਤੀ ਯੋਗਦਾਨ ਅਜੇ ਵੀ ਉਨ੍ਹਾਂ ਦੇ ਸਾਹਮਣੇ ਹੋ ਸਕਦਾ ਹੈ। ਗਿਆਨ, ਤਜਰਬਾ ਅਤੇ ਨੈਤਿਕ ਹਿੰਮਤ ਦੀ ਸ਼ਕਤੀ ਸਰੀਰਕ ਸ਼ਕਤੀ ਨਾਲੋਂ ਕਿਤੇ ਵੱਧ ਹੈ। ਇਹ ਗੁਣ ਸਮਾਜ ਦਾ ਮਾਰਗਦਰਸ਼ਨ, ਨੌਜਵਾਨਾਂ ਨੂੰ ਪ੍ਰੇਰਿਤ ਅਤੇ ਭਾਈਚਾਰਿਆਂ ਨੂੰ ਗਿਆਨ ਅਤੇ ਸਦਭਾਵਨਾ ਵੱਲ ਵਧਣ ’ਚ ਮਦਦ ਕਰ ਸਕਦੇ ਹਨ।
ਪੰਜਾਬ ਨੂੰ ਉਸ ਮਾਰਗਦਰਸ਼ਨ ਦੀ ਲੋੜ ਹੈ। ਨੌਜਵਾਨ ਪੀੜ੍ਹੀਆਂ ਨੂੰ ਇਤਿਹਾਸ, ਨੈਤਿਕਤਾ ਅਤੇ ਸੇਵਾ ’ਤੇ ਆਧਾਰਿਤ ਵਿਚਾਰਸ਼ੀਲ ਲੀਡਰਸ਼ਿਪ ਦੀਆਂ ਉਦਾਹਰਣਾਂ ਦੀ ਲੋੜ ਹੈ। ਕਿਉਂ ਨਾ ਗਿਆਨ ਦੇ ਉਸ ਸ਼ਕਤੀਸ਼ਾਲੀ ਹਥਿਆਰ ਦੀ ਵਰਤੋਂ ਕੀਤੀ ਜਾਵੇ, ਜੋ ਜੀਵਨ ਭਰ ਦੇ ਤਜਰਬੇ ਨੇ ਪ੍ਰਦਾਨ ਕੀਤਾ ਹੈ? 70 ਤੋਂ ਬਾਅਦ ਦਾ ਜੀਵਨ ਇਸ ਪ੍ਰਕਾਰ ਗਿਰਾਵਟ ਦਾ ਦੌਰ ਨਹੀਂ, ਸਗੋਂ ਪ੍ਰਭਾਵ, ਹਾਸੇ, ਗਿਆਨ ਅਤੇ ਸੇਵਾ ਦਾ ਪੜਾਅ ਬਣ ਸਕਦਾ ਹੈ—ਇਕ ਅਜਿਹਾ ਸਮਾਂ, ਜਦੋਂ ਵਿਅਕਤੀ ਨਾ ਿਸਰਫ ਜੀਵਨ ਦਾ ਆਨੰਦ ਲੈਂਦਾ ਹੈ, ਸਗੋਂ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਜਦੋਂ ਉਹ ਇਸ ਦੁਨੀਆ ਤੋਂ ਵਿਦਾ ਲਵੇ, ਤਾਂ ਉਸ ਨੂੰ ਸਤਿਕਾਰ ਅਤੇ ਸ਼ੁਕਰਗੁਜ਼ਾਰੀ ਨਾਲ ਯਾਦ ਕੀਤਾ ਜਾਵੇ।
ਇਕਬਾਲ ਸਿੰਘ ਲਾਲਪੁਰਾ (ਸਾਬਕਾ ਚੇਅਰਮੈਨ, ਰਾਸ਼ਟਰੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ)
