ਵਿਰੋਧੀ ਧਿਰ ਦਾ ਭਾਜਪਾ ’ਤੇ ਬਿਹਾਰ ’ਚ ਸਿਆਸੀ ਅਗਵਾ ਦਾ ਦੋਸ਼
Saturday, Mar 07, 2026 - 04:02 PM (IST)
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸੰਭਾਵਤ ਉੱਤਰਾਧਿਕਾਰੀਆਂ ’ਚ ਬਿਹਾਰ ਦੇ ਡਿਪਟੀ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਸ਼ਾਮਲ ਹਨ। ਹਾਲਾਂਕਿ, ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਨਿਤੀਸ਼ ਕੁਮਾਰ ਦੇ ਬੇਟੇ ਨਿਸ਼ਾਂਤ ਕੁਮਾਰ ਜਲਦ ਹੀ ਜਨਤਾ ਦਲ (ਯੂਨਾਈਟਿਡ) ’ਚ ਸ਼ਾਮਲ ਹੋ ਕੇ ਰਸਮੀ ਤੌਰ ’ਤੇ ਰਾਜਨੀਤੀ ’ਚ ਪ੍ਰਵੇਸ਼ ਕਰ ਸਕਦੇ ਹਨ। ਸਿਆਸੀ ਚਰਚਾ ਹੈ ਕਿ ਨਿਸ਼ਾਂਤ ਬਿਹਾਰ ਦੇ ਉਪ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਵਜੋਂ ਵੀ ਉੱਭਰ ਸਕਦੇ ਹਨ। ਇਸ ਦੌਰਾਨ, ਵਿਰੋਧੀ ਧਿਰ ਨੇ ਭਾਜਪਾ ’ਤੇ ਬਿਹਾਰ ’ਚ ਸਿਆਸੀ ਅਗਵਾ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਹੈ ਕਿ ਜਦ (ਯੂ) ਦਾ ਮੁੱਖ ਵੋਟਰ ਹੁਣ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਆਰ. ਜੇ. ਡੀ. ਨੇਤਾ ਤੇਜਸਵੀ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਰਾਜ ਸਭਾ ’ਚ ਜਾਣ ਦਾ ਫੈਸਲਾ ਲੋਕਾਂ ਦੇ ਫਤਵੇ ਦੇ ਨਾਲ ਧੋਖਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਹਮੇਸ਼ਾ ਦਲਿਤਾਂ ਅਤੇ ਓ. ਬੀ. ਸੀ. ਖ਼ਿਲਾਫ਼ ਰਹੀ ਹੈ ਅਤੇ ਕੁਮਾਰ ਦੇ ਸੀ. ਐੱਮ. ਅਹੁਦਾ ਛੱਡਣ ਤੋਂ ਬਾਅਦ, ਉਹ ਸੋਸ਼ਲਿਸਟ ਗੜ੍ਹ ’ਚ ਆਪਣਾ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ। ਉੱਥੇ ਹੀ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਨਿਤੀਸ਼ ਕੁਮਾਰ ਨੂੰ ਅੱਗੇ ਵਧਾਉਣਾ ਭਾਜਪਾ ਦੇ ਦੋ ਵੱਡੇ ਨੇਤਾਵਾਂ ਦੀ ਰਚੀ ਹੋਈ ਸਾਜ਼ਿਸ਼ ਸੀ। ਇਸ ਸਾਜ਼ਿਸ਼ ਰਾਹੀਂ ‘ਜੀ2’ ਨੇ ਸੂਬੇ ’ਚ ਸੱਤਾ ’ਤੇ ਕਬਜ਼ਾ ਕਰ ਲਿਆ ਹੈ। ਇਹ ਲੋਕਾਂ ਦੇ ਫਤਵੇ ਨਾਲ ਧੋਖਾ ਹੈ।
ਮਹਾਰਾਸ਼ਟਰ ’ਚ 7 ਸੀਟਾਂ ’ਤੇ ਬਿਨਾਂ ਕਿਸੇ ਵਿਰੋਧ ਦੇ ਚੋਣ! : ਮਹਾਰਾਸ਼ਟਰ ’ਚ 7 ਸੀਟਾਂ ਲਈ ਰਾਜ ਸਭਾ ਚੋਣ ਬਿਨਾਂ ਕਿਸੇ ਮੁਕਾਬਲੇ ਦੇ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮੈਦਾਨ ’ਚ ਠੀਕ 7 ਉਮੀਦਵਾਰ ਹਨ। ਭਾਜਪਾ ਦੇ ਉਮੀਦਵਾਰ ਰਾਮਦਾਸ ਅਠਾਵਲੇ, ਪਾਰਟੀ ਜਨਰਲ ਸਕੱਤਰ ਵਿਨੋਦ ਤਾਵੜੇ, ਮਾਇਆ ਇਵਨਾਤੇ ਅਤੇ ਰਾਮਰਾਓ ਵਡਕੁਟੇ ਹਨ। ਸ਼ਿੰਦੇ ਸ਼ਿਵਸੈਨਾ ਦੀ ਉਮੀਦਵਾਰ ਉਸ ਦੀ ਤੇਜ਼-ਤਰਾਰ ਸਪੀਕਰ ਡਾ. ਜੋਤੀ ਵਾਘਮਾਰੇ ਹੈ। ਰਾਕਾਂਪਾ ਦੇ ਉਮੀਦਵਾਰ ਪਾਰਥ ਪਵਾਰ (ਸਵਰਗਵਾਸੀ ਅਜੀਤ ਪਵਾਰ ਦੇ ਬੇਟੇ) ਹਨ, ਜਦਕਿ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ਨੇ ਝਗੜੇ ਤੋਂ ਬਚਣ ’ਚ ਕਾਮਯਾਬੀ ਹਾਸਲ ਕੀਤੀ ਸੀ ਅਤੇ ਸ਼ਰਦ ਪਵਾਰ ਦੀ ਉਮੀਦਵਾਰੀ ਨੂੰ ਸਪੋਰਟ ਕੀਤਾ ਸੀ।
ਹਰਿਆਣਾ ’ਚ ਭਾਜਪਾ-ਕਾਂਗਰਸ ਨੂੰ ਮਿਲ ਸਕਦੀ ਹੈ 1-1 ਸੀਟ : ਹਰਿਆਣਾ ’ਚ ਦੋ ਰਾਜ ਸਭਾ ਸੀਟਾਂ ਲਈ ਚੋਣ 16 ਮਾਰਚ ਨੂੰ ਹੋਵੇਗੀ। ਕਿਰਨ ਚੌਧਰੀ ਅਤੇ ਰਾਮਚੰਦਰ ਜਾਂਗੜਾ ਦੀ ਜਗ੍ਹਾ ਨਵੇਂ ਉਮੀਦਵਾਰ ਆਉਣਗੇ, ਕਿਉਂਕਿ ਉਨ੍ਹਾਂ ਦਾ ਕਾਰਜਕਾਲ ਅਪ੍ਰੈਲ ’ਚ ਖਤਮ ਹੋ ਰਿਹਾ ਹੈ। ਭਾਜਪਾ ਅਤੇ ਕਾਂਗਰਸ ਦੋਵਾਂ ਦੇ ਉਮੀਦਵਾਰਾਂ ਨੇ ਦੋਵਾਂ ਸੀਟਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਭਾਜਪਾ ਦੇ ਉਮੀਦਵਾਰ ਸੰਜੇ ਭਾਟੀਆ ਹਨ, ਜਦਕਿ ਕਾਂਗਰਸ ਵੱਲੋਂ ਕਰਮਵੀਰ ਬੌਧ ਚੋਣ ਲੜ ਰਹੇ ਹਨ ਪਰ ਇਕ ਆਜ਼ਾਦ ਉਮੀਦਵਾਰ ਸਤੀਸ਼ ਨਾਂਦਲ ਦੇ ਆਉਣ ਨਾਲ ਚੋਣ ’ਚ ਟਵਿਸਟ ਆ ਗਿਆ ਹੈ ਅਤੇ ਇਹ ਦਿਲਚਸਪ ਹੋ ਗਿਆ ਹੈ। ਇਸ ਨਾਲ 2016 ਅਤੇ 2022 ’ਚ ਸੂਬੇ ਦੀਆਂ ਰਾਜ ਸਭਾ ਚੋਣਾਂ ਵਾਂਗ ਹੋਣ ਦੀ ਚਿੰਤਾ ਵਧ ਗਈ ਹੈ। ਵਿਧਾਨ ਸਭਾ ’ਚ ਮੈਂਬਰਾਂ ਦੀ ਗਿਣਤੀ ਦੇ ਹਿਸਾਬ ਨਾਲ, ਭਾਜਪਾ ਅਤੇ ਕਾਂਗਰਸ ਦੋਵੇਂ 1-1 ਸੀਟ ਜਿੱਤ ਸਕਦੀਆਂ ਹਨ, ਕਿਉਂਕਿ ਉਹ ਜਿੱਤ ਲਈ ਜ਼ਰੂਰੀ 31 ਪਹਿਲੀ ਪਸੰਦ ਦੀਆਂ ਵੋਟਾਂ ਆਸਾਨੀ ਨਾਲ ਜੁਟਾ ਸਕਦੀਆਂ ਹਨ। 48 ਵਿਧਾਇਕਾਂ ਵਾਲੀ ਭਾਜਪਾ ਨੂੰ 3 ਆਜ਼ਾਦ ਵਿਧਾਇਕਾਂ ਦਾ ਸਮਰਥਨ ਹੈ ਅਤੇ ਉਸ ਨੂੰ ਆਈ. ਐੱਨ. ਐੱਲ. ਡੀ. ਦੇ ਦੋ ਵਿਧਾਇਕਾਂ ਤੋਂ ਵੀ ਵੋਟ ਮਿਲਣ ਦੀ ਉਮੀਦ ਹੈ। ਜੇਕਰ ਭਾਜਪਾ ਆਪਣੀਆਂ ਵਾਧੂ ਵੋਟਾਂ ਟਰਾਂਸਫਰ ਵੀ ਕਰ ਦਿੰਦੀ ਹੈ, ਤਾਂ ਵੀ ਨਾਂਦਲ ਕੋਲ 9 ਵੋਟਾਂ ਘੱਟ ਪੈ ਜਾਣਗੀਆਂ।
ਓਡਿਸ਼ਾ ’ਚ ਇਕ ਸੀਟ ’ਤੇ ਉੱਚੇ ਦਾਅ : ਓਡਿਸ਼ਾ ਤੋਂ ਚੌਥੀ ਰਾਜ ਸਭਾ ਸੀਟ ਲਈ ਮੁਕਾਬਲੇ ਦੇ ਨਾਲ ਹੀ ਇਕ ਉੱਚ-ਦਾਅ ਸਿਆਸੀ ਟਕਰਾਅ ਸ਼ੁਰੂ ਹੋ ਗਿਆ ਹੈ, ਜਿਸ ’ਚ ਭਾਜਪਾ ਦਾ ਮੁਕਾਬਲਾ ਬੀਜੂ ਜਨਤਾ ਦਲ (ਬੀਜਦ)-ਕਾਂਗਰਸ ਗੱਠਜੋੜ ਨਾਲ ਹੈ। ਕਾਰੋਬਾਰੀ-ਸਿਆਸਤਦਾਨ ਦਿਲੀਪ ਰੇ ਦੇ ਭਾਜਪਾ ਦੇ ਸਮਰਥਨ ਨਾਲ ਇਕ ਆਜ਼ਾਦ ਉਮੀਦਵਾਰ ਵਜੋਂ ਪ੍ਰਵੇਸ਼ ਤੋਂ ਬਾਅਦ ਸਿਆਸੀ ਤਾਪਮਾਨ ਵਧ ਗਿਆ ਹੈ ਅਤੇ ਉਨ੍ਹਾਂ ਨੇ ਆਗਾਮੀ ਰਾਜ ਸਭਾ ਚੋਣਾਂ ਲਈ ਚੌਥੇ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਰੇ ਦਾ ਮੁਕਾਬਲਾ ਬੀਜਦ ਅਤੇ ਕਾਂਗਰਸ ਵੱਲੋਂ ਸਮਰਥਿਤ ਸਾਂਝੇ ਉਮੀਦਵਾਰ ਡਾ. ਦੱਤੇਸ਼ਵਰ ਹੋਤਾ ਨਾਲ ਹੋਵੇਗਾ। 147 ਮੈਂਬਰੀ ਓਡਿਸ਼ਾ ਵਿਧਾਨ ਸਭਾ ’ਚ, ਭਾਜਪਾ ਨੂੰ ਮੌਜੂਦਾ ਸਮੇਂ ’ਚ 3 ਆਜ਼ਾਦ ਵਿਧਾਇਕਾਂ ਸਮੇਤ 82 ਵਿਧਾਇਕਾਂ ਦਾ ਸਮਰਥਨ ਹਾਸਲ ਹੈ, ਜੋ ਇਸ ਨੂੰ 2 ਰਾਜ ਸਭਾ ਸੀਟਾਂ ਨੂੰ ਸੁਰੱਖਿਅਤ ਕਰਨ ਲਈ ਆਰਾਮਦਾਇਕ ਸਥਿਤੀ ’ਚ ਰੱਖਦਾ ਹੈ। ਇਸ ਦੇ ਅਧਿਕਾਰਤ ਉਮੀਦਵਾਰ-ਸੂਬਾ ਪਾਰਟੀ ਪ੍ਰਧਾਨ ਮਨਮੋਹਨ ਸਾਮਲ ਅਤੇ ਸੁਜੀਤ ਕੁਮਾਰ-ਚੁਣੇ ਜਾਣ ਲਈ ਤਿਆਰ ਹਨ ਪਰ ਚੌਥੀ ਸੀਟ ਲਈ ਜ਼ਬਰਦਸਤ ਸਿਆਸੀ ਦਾਅ-ਪੇਚ ਸ਼ੁਰੂ ਹੋ ਗਏ ਹਨ। ਜਿੱਤਣ ਲਈ 30 ਵਿਧਾਇਕ ਚਾਹੀਦੇ ਹਨ। ਦੋ ਮੈਂਬਰ ਚੁਣਨ ਤੋਂ ਬਾਅਦ, ਭਾਜਪਾ ਕੋਲ 22 ਵਾਧੂ ਵੋਟਾਂ ਬਚਦੀਆਂ ਹਨ। ਬੀਜਦ ਇਕ ਸੀਟ ਜਿੱਤਣ ਤੋਂ ਬਾਅਦ, 18 ਵਾਧੂ ਵੋਟਾਂ ਰੱਖਦੀ ਹੈ ਅਤੇ ਉਸ ਨੂੰ 14 ਕਾਂਗਰਸ ਵਿਧਾਇਕਾਂ ਅਤੇ ਇਕ ਭਾਕਪਾ ਵਿਧਾਇਕ ਦਾ ਐਲਾਨਿਆ ਸਮਰਥਨ ਹੈ, ਜਿਸ ਨਾਲ ਵਿਰੋਧੀ ਗੱਠਜੋੜ ਜਿੱਤ ਦੇ ਕੰਢੇ ’ਤੇ ਹੈ ਪਰ, ਜੇਕਰ ਰੇ ਬੀਜਦ ਜਾਂ ਕਾਂਗਰਸ ਦੇ ਅੰਦਰ ਕਰਾਸ-ਵੋਟਿੰਗ ਕਰਵਾਉਣ ’ਚ ਕਾਮਯਾਬ ਹੋ ਜਾਂਦੇ ਹਨ, ਤਾਂ ਮੁਕਾਬਲਾ ਭਾਜਪਾ ਦੇ ਪੱਖ ’ਚ ਝੁਕ ਸਕਦਾ ਹੈ।
ਆਖ਼ਿਰ ਦ੍ਰਮੁਕ-ਕਾਂਗਰਸ ’ਚ ਸੀਟ-ਸ਼ੇਅਰਿੰਗ ਨੂੰ ਲੈ ਕੇ ਸਹਿਮਤੀ : ਕਈ ਦਿਨਾਂ ਦੀ ਅਨਿਸ਼ਚਿਤਤਾ ਅਤੇ ਸਖਤ ਮੁੱਲ-ਭਾਅ ਤੋਂ ਬਾਅਦ, ਸੱਤਾਧਾਰੀ ਦ੍ਰਮੁਕ ਅਤੇ ਕਾਂਗਰਸ ਨੇ ਆਖ਼ਿਰਕਾਰ ਵਿਧਾਨ ਸਭਾ ਚੋਣਾਂ ਲਈ ਸੀਟ-ਸ਼ੇਅਰਿੰਗ ਸਮਝੌਤੇ ’ਤੇ ਦਸਤਖ਼ਤ ਕਰ ਦਿੱਤੇ ਹਨ। ਦ੍ਰਮੁਕ ਪ੍ਰਧਾਨ ਅਤੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਅਤੇ ਟੀ. ਐੱਨ. ਸੀ. ਸੀ. ਪ੍ਰਧਾਨ ਸੇਲਵਾਪੇਰੁੰਥਗਈ ਦੇ ਦਸਤਖ਼ਤ ਕੀਤੇ ਗਏ ਸਮਝੌਤੇ ਮੁਤਾਬਕ, ਕਾਂਗਰਸ 28 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ। ਕਾਂਗਰਸ ਨੂੰ ਇਕ ਰਾਜ ਸਭਾ ਸੀਟ ਵੀ ਦਿੱਤੀ ਗਈ ਹੈ। ਇਹ ਗੱਠਜੋੜ ਇਕ ਸਮੇਂ ਪਾਵਰ ਸ਼ੇਅਰਿੰਗ ਅਤੇ ਜ਼ਿਆਦਾ ਸੀਟਾਂ ਦੀ ਮੰਗ ਨੂੰ ਲੈ ਕੇ ਟੁੱਟਣ ਵਾਲਾ ਸੀ ਪਰ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸੋਨੀਆ ਗਾਂਧੀ ਵੱਲੋਂ ਸੀਨੀਅਰ ਲੀਡਰ ਪੀ. ਚਿਦਾਂਬਰਮ ਨੂੰ ਆਪਣਾ ਵਾਰਤਾਕਾਰ ਬਣਾ ਕੇ 22 ਸਾਲ ਪੁਰਾਣੇ ਗੱਠਜੋੜ ਨੂੰ ਬਚਾ ਲਿਆ ਗਿਆ। ਦੂਜੇ ਪਾਸੇ, ਰਾਹੁਲ ਗਾਂਧੀ ਨੇ ਖੜਗੇ ਨੂੰ ਆਪਣੀ ਮਨਜ਼ੂਰੀ ਤਾਂ ਦੇ ਦਿੱਤੀ ਪਰ ਉਹ ਇਸ ਡੀਲ ਤੋਂ ਪੂਰੀ ਤਰ੍ਹਾਂ ਖੁਸ਼ ਨਹੀਂ ਹਨ ਕਿਉਂਕਿ ਦ੍ਰਮੁਕ ਨੇ ਕਾਂਗਰਸ ਦੀ 2016 ਦੀ 41 ਵਿਧਾਨ ਸਭਾ ਸੀਟਾਂ ਦੇ ਅੰਕੜੇ ਨੂੰ ਵਾਪਸ ਲਿਆਉਣ ਦੀ ਬੇਨਤੀ ’ਤੇ ਧਿਆਨ ਨਹੀਂ ਦਿੱਤਾ।
ਰਾਹਿਲ ਨੋਰਾ ਚੋਪੜਾ
