ਈਰਾਨ ਯੁੱਧ : ਸੱਤਾ ਅਤੇ ਤਾਕਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ

Saturday, Mar 07, 2026 - 03:56 PM (IST)

ਈਰਾਨ ਯੁੱਧ : ਸੱਤਾ ਅਤੇ ਤਾਕਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ

ਕਹਿਣ ਨੂੰ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਹੈ ਪਰ ਉਸ ਦੇ ਰਾਸ਼ਟਰਪਤੀ ਟਰੰਪ ਦਾ ਇਹ ਕਹਿਣਾ ਸਮਝ ਤੋਂ ਪਰ੍ਹੇ ਹੈ ਕਿ ਜੇਕਰ ਈਰਾਨ ਐਟਮ ਬੰਬ ਨਾ ਬਣਾਉਣ ਦੀ ਗੱਲ ਮੰਨ ਲੈਂਦਾ ਤਾਂ ਉਸ ਦੀ ਤਬਾਹੀ ਦਾ ਬਿਗੁਲ ਨਾ ਵਜਾਉਣਾ ਪੈਂਦਾ। ਇਹੀ ਨਹੀਂ, ਉਸ ਨੇ ਗੱਲ ਕਰਨ ’ਚ ਦੇਰੀ ਕਰ ਦਿੱਤੀ ਤਾਂ ਇਸ ਦੀ ਸਜ਼ਾ ਵੀ ਉਸ ਨੂੰ ਮਿਲਣੀ ਤੈਅ ਹੀ ਸੀ। ਸੱਤਾ ਅਤੇ ਤਾਕਤ ਦਾ ਨਸ਼ਾ ਜਦੋਂ ਸਿਰ ਚੜ੍ਹ ਕੇ ਬੋਲਦਾ ਹੈ ਤਾਂ ਅਜਿਹਾ ਹੀ ਹੁੰਦਾ ਹੈ।

ਸੱਤਾ ਦੀ ਅਜਬ ਖੇਡ : ਇਜ਼ਰਾਈਲ ਹਾਲਾਂਕਿ ਖੇਤਰਫਲ ਅਤੇ ਜਨਸੰਖਿਆ ਦੇ ਹਿਸਾਬ ਨਾਲ ਦੁਨੀਆ ਦੇ ਛੋਟੇ ਦੇਸ਼ਾਂ ’ਚੋਂ ਇਕ ਹੈ ਪਰ ਉਸ ਦੀ ਫੌਜੀ ਸ਼ਕਤੀ ਅਤੇ ਆਧੁਨਿਕ ਹਥਿਆਰਾਂ ਦੀ ਤਾਦਾਦ ਕਿਸੇ ਵੀ ਵੱਡੇ ਦੇਸ਼ ਨੂੰ ਟੱਕਰ ਦੇ ਸਕਦੀ ਹੈ। ਉਸ ਦਾ ਖੁਫ਼ੀਆ ਤੰਤਰ ‘ਕਿਲਿੰਗ ਮਸ਼ੀਨ’ ਕਹਾਉਂਦਾ ਹੈ। ਮਤਲਬ ਕੋਈ ਵੀ ਅਪਰਾਧੀ ਜਾਂ ਜਿਸ ਤੋਂ ਇਜ਼ਰਾਈਲ ਨੂੰ ਖ਼ਤਰਾ ਹੋਵੇ, ਉਹ ਬਚ ਨਹੀਂ ਸਕਦਾ, ਉਸ ਨੂੰ ਮਰਨਾ ਹੀ ਹੋਵੇਗਾ। ਉਸ ਦਾ ਦੁਸ਼ਮਣ ਨੰਬਰ ਇਕ ਈਰਾਨ ਉਸੇ ਵਾਂਗ ਤਾਕਤਵਰ ਬਣ ਕੇ ਉੱਭਰਿਆ ਪਰ ਉਸ ਦੀ ਦਿੱਖ ਜ਼ਿਆਦਾਤਰ ਇਕ ਪਾਸੇ ਅੱਤਵਾਦੀ ਵਰਗੀ ਰਹੀ, ਦੂਜੇ ਪਾਸੇ ਉਹ ਦੁਨੀਆ ਨੂੰ ਆਪਣਾ ਦਿਆਲੂ ਰੂਪ ਵੀ ਦਿਖਾਉਂਦਾ ਰਿਹਾ। ਵਿਸ਼ਵ ਦੀਆਂ ਮਹਾਸ਼ਕਤੀਆਂ ਵਿਚਾਲੇ ਇਹ ਦੋਵੇਂ ਦੇਸ਼ ਕਿਸੇ ਦਾ ਵੀ ਪੱਲੜਾ ਝੁਕਾਉਣ ’ਚ ਸਮਰੱਥ ਹਨ।

ਮੱਧ-ਪੂਰਬ ਨੂੰ ਦੁਨੀਆ ਭਰ ’ਚ ਤੇਲ ਭੰਡਾਰ ਵਜੋਂ ਜਾਣਿਆ ਜਾਂਦਾ ਹੈ ਅਤੇ ਜਦੋਂ ਤੋਂ ਉਨ੍ਹਾਂ ਨੂੰ ਸੋਨੇ ਵਰਗੇ ਆਪਣੇ ਅੰਦਰ ਲੁਕੇ ਅਦਭੁੱਤ ਖ਼ਜ਼ਾਨੇ ਦਾ ਪਤਾ ਲੱਗਾ, ਉਨ੍ਹਾਂ ਨੇ ਇਸ ਦੀ ਅਹਿਮੀਅਤ ਨੂੰ ਸਮਝਿਆ ਅਤੇ ਦਿਨ-ਬ-ਦਿਨ ਮਾਲਾਮਾਲ ਹੋਣ ਲੱਗੇ। ਕਦੇ ਵੀਰਾਨ, ਰੇਗਿਸਤਾਨ ਅਤੇ ਬੀਹੜ ਖੇਤਰ ਵਜੋਂ ਜਾਣਿਆ ਜਾਣ ਵਾਲਾ ਇਹ ਭੂ-ਭਾਗ ਦੁਨੀਆ ਭਰ ਦੀਆਂ ਨਜ਼ਰਾਂ ਦਾ ਕੇਂਦਰ ਬਣ ਗਿਆ। ਇਨ੍ਹਾਂ ਨੇ ਵੀ ਆਪਣੇ ਫ਼ਾਇਦੇ-ਨੁਕਸਾਨ ਨੂੰ ਧਿਆਨ ’ਚ ਰੱਖਦੇ ਹੋਏ ਸੰਪੰਨ ਦੇਸ਼ਾਂ ਨੂੰ ਆਪਣੇ ਇੱਥੇ ਆ ਕੇ ਆਪਣੇ ਇਲਾਕਿਆਂ ਨੂੰ ਵਿਕਸਿਤ ਕਰਨ ਅਤੇ ਆਧੁਨਿਕ ਬਣਾਉਣ ਦਾ ਫ਼ੈਸਲਾ ਕੀਤਾ। ਸਭ ਤੋਂ ਵੱਧ ਅਮਰੀਕਾ ਨੇ ਡਾਲਰ ਦੀ ਤਾਕਤ ਦਾ ਅਹਿਸਾਸ ਕਰਵਾਉਂਦੇ ਹੋਏ ਇਨ੍ਹਾਂ ਸਾਰੇ ਦੇਸ਼ਾਂ ’ਚ ਆਪਣਾ ਦਬਦਬਾ ਸਥਾਪਤ ਕਰ ਲਿਆ। ਈਰਾਨ ਵੀ ਇਸ ’ਚ ਸਹਿਭਾਗੀ ਸੀ ਪਰ ਜਦੋਂ ਇਜ਼ਰਾਈਲ ਅਮਰੀਕਾ ਨੂੰ ਆਪਣੇ ਮੋਢੇ ਦੀ ਵਰਤੋਂ ਈਰਾਨ ਨੂੰ ਖ਼ਤਮ ਕਰਨ ਲਈ ਦਿੰਦਾ ਨਜ਼ਰ ਆਇਆ ਤਾਂ ਪੂਰੀ ਦੁਨੀਆ ਸੁੰਨ ਰਹਿ ਗਈ।

ਈਰਾਨ ਨੇ ਅਮਰੀਕਾ ਦੀ ਦੁਖਦੀ ਰਗ ਭਾਵ ਮਿਡਲ-ਈਸਟ ’ਚ ਉਸ ਦੇ ਕਹਿਣ ਨੂੰ ਫੌਜੀ ਅੱਡਿਆਂ ਪਰ ਅਸਲ ’ਚ ਉਸ ਦੀਆਂ ਬਣਾਈਆਂ ਸਾਰੀਆਂ ਯੋਜਨਾਵਾਂ ਨੂੰ ਤਬਾਹ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਨਾਲ ਅਮਰੀਕਾ ਦੀ ਬੌਖ਼ਲਾਹਟ ਵਧੀ ਅਤੇ ਉਹ ਹੋਰ ਹਿੰਸਕ ਹੋ ਗਿਆ। ਈਰਾਨ ਗੱਲਬਾਤ ਅਤੇ ਝੁਕਣ ਲਈ ਰਾਜ਼ੀ ਹੋਵੇ ਜਾਂ ਆਪਣੀਆਂ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਹੋਰ ਵਧਾਵੇ ਤਾਂ ਜੋ ਪੂਰੀ ਦੁਨੀਆ ’ਤੇ ਅਸਰ ਪਵੇ। ਉਸ ਨੇ ਦੂਜਾ ਰਾਹ ਚੁਣਿਆ ਅਤੇ ਜਲਡਮਰੂਮੱਧ, ਜਿਸ ਦੇ ਖੁੱਲ੍ਹਣ ਅਤੇ ਬੰਦ ਹੋਣ ਨਾਲ ਸਾਰੇ ਦੇਸ਼ਾਂ ਦੇ ਸਾਹ ਅਟਕ ਜਾਂਦੇ ਹਨ, ਉਸ ਦੇ ਫਾਟਕ ਬੰਦ ਕਰਨੇ ਸ਼ੁਰੂ ਕਰ ਦਿੱਤੇ। ਇਸ ਨਾਲ ਹਾਹਾਕਾਰ ਮਚਣਾ ਤੈਅ ਸੀ ਕਿਉਂਕਿ ਇਸੇ ਰਸਤੇ ਰਾਹੀਂ ਤੇਲ ਲਗਭਗ ਸਾਰੀਆਂ ਥਾਵਾਂ ’ਤੇ ਪਹੁੰਚਦਾ ਸੀ।

ਸੁੰਦਰਤਾ ਦਾ ਮਹਾਵਿਨਾਸ਼ : ਦੁਨੀਆ ਦੀ ਖਿੱਚ ਅਤੇ ਆਰਥਿਕ ਵਿਕਾਸ ਦੇ ਨਾਲ-ਨਾਲ ਸੈਰ-ਸਪਾਟੇ ਲਈ ਪਹਿਲੀ ਪਸੰਦ ਬਣੇ ਇਨ੍ਹਾਂ ਦੇਸ਼ਾਂ ਦੀ ਹਾਲਤ ਹੁਣ ਅਜਿਹੀ ਹੋ ਗਈ ਹੈ ਕਿ ਇੱਥੇ ਜਾਣ, ਵਸਣ ਅਤੇ ਵਪਾਰ ਦੀ ਸੰਭਾਵਨਾ ਲਗਭਗ ਖ਼ਤਮ ਹੋਣ ਦੀ ਸਥਿਤੀ ’ਚ ਹੈ। ਦੁਬਈ ਹੋਵੇ ਜਾਂ ਆਬੂਧਾਬੀ, ਰਿਆਦ ਹੋਵੇ ਜਾਂ ਅਜ਼ਰਬਾਈਜਾਨ ਵਰਗਾ ਅਦਭੁੱਤ ਸੁੰਦਰਤਾ ਨਾਲ ਭਰਪੂਰ ਪ੍ਰਦੇਸ਼, ਸਭ ਕੁਝ ਹਨੇਰੇ ਅਤੇ ਧੂੰਏਂ ਦੀ ਗਰਤ ’ਚ ਸਮਾ ਗਿਆ ਹੈ। ਜੇਕਰ ਯੁੱਧ ਨਾ ਰੁਕਿਆ ਤਾਂ ਇਹ ਸਭ ਉਸ ਪ੍ਰਾਚੀਨ ਯੁੱਗ ’ਚ ਪਹੁੰਚ ਜਾਣਗੇ ਜਿਸ ਦੀ ਕਲਪਨਾ ਕਰਨ ਤੋਂ ਵੀ ਡਰ ਲੱਗਦਾ ਹੈ। ਈਰਾਨ ਅਤੇ ਇਜ਼ਰਾਈਲ ਨੇ ਤਾਂ ਆਪਣੀ ਬਰਬਾਦੀ ਤੈਅ ਕਰ ਹੀ ਲਈ ਹੈ ਅਤੇ ਦੋਵਾਂ ਦਾ ਇੰਨਾ ਨੁਕਸਾਨ ਹੁਣ ਤੱਕ ਹੋ ਚੁੱਕਾ ਹੈ ਕਿ ਉਸ ਦੀ ਪੂਰਤੀ ਕਰਨ ’ਚ ਦਹਾਕੇ ਨਹੀਂ, ਸਦੀਆਂ ਲੱਗ ਸਕਦੀਆਂ ਹਨ। ਅਮਰੀਕਾ ਦੀ ਆਪਣੀ ਧਰਤੀ ਦਾ ਕੁਝ ਨਹੀਂ ਵਿਗੜਿਆ ਪਰ ਉਸ ਦੇ ਹੰਕਾਰ ਨੇ ਇਸ ਪੂਰੇ ਪ੍ਰਦੇਸ਼ ਦਾ ਨਕਸ਼ਾ ਹੀ ਬਦਲ ਦਿੱਤਾ ਹੈ ਪਰ ਜੋ ਦੇਸ਼ ਇਨ੍ਹਾਂ ਦੇਸ਼ਾਂ ’ਤੇ ਤੇਲ ਅਤੇ ਦੂਜੇ ਊਰਜਾ ਸਰੋਤਾਂ ਲਈ ਨਿਰਭਰ ਸਨ ਅਤੇ ਹਨ, ਉਹ ਯਕੀਨੀ ਤੌਰ ’ਤੇ ਅਨਿਸ਼ਚਿਤ ਭਵਿੱਖ ਦੀ ਗਰਤ ’ਚ ਚਲੇ ਜਾਣਗੇ।

ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਸਾਨੂੰ ਜੋ ਅੰਦਾਜ਼ਾ ਸੀ, ਉਸ ਨੂੰ ਸਾਹਮਣੇ ਸਪੱਸ਼ਟ ਅਤੇ ਆਪਣੇ ਤਰੀਕੇ ਨਾਲ ਦੇਖਣ ਦੀ ਘੜੀ ਆਉਣ ਵਾਲੀ ਹੈ। ਜਿੱਥੇ ਇਕ ਪਾਸੇ ਆਪਣੀ ਸੁਰੱਖਿਆ, ਅਰਥਵਿਵਸਥਾ ਅਤੇ ਵਿਕਾਸ ਪ੍ਰਾਜੈਕਟਾਂ ਦੇ ਪੂਰੇ ਹੋਣ ’ਚ ਰੁਕਾਵਟ ਪੈਣੀ ਨਿਸ਼ਚਿਤ ਹੈ, ਉੱਥੇ ਹੀ ਦੂਜੇ ਪਾਸੇ ਖੇਤੀਬਾੜੀ, ਆਵਾਜਾਈ ਅਤੇ ਊਰਜਾ ਦੇ ਸਾਧਨਾਂ ਦੀ ਕਮੀ ਅਤੇ ਉਨ੍ਹਾਂ ਦੀਆਂ ਵਧਣ ਵਾਲੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਅਤੇ ਜਨਤਾ ਦਾ ਚਿੰਤਤ ਹੋਣਾ ਸੁਭਾਵਿਕ ਹੈ। ਈਰਾਨ ਦੇ ਮਰਹੂਮ ਸੁਪਰੀਮੋ ਖ਼ਾਮੇਨੇਈ ਪ੍ਰਤੀ ਅਫ਼ਸੋਸ ਪ੍ਰਗਟ ਕਰਨਾ ਇਸ ਦੀ ਸ਼ੁਰੂਆਤ ਹੈ। ਇਨ੍ਹਾਂ ਦੇਸ਼ਾਂ ’ਚ ਫਸੇ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ’ਚ ਈਰਾਨ ਬਹੁਤ ਵੱਡਾ ਮਦਦਗਾਰ ਹੋਵੇਗਾ ਕਿਉਂਕਿ ਉਸ ਦੇ ਹਮਲੇ ਦੀ ਮਾਰ ਹੇਠ ਜੋ ਟਿਕਾਣੇ ਆਏ ਹਨ, ਉਨ੍ਹਾਂ ’ਚ ਵੱਡੀ ਗਿਣਤੀ ’ਚ ਭਾਰਤੀ ਕੰਮ ਕਰ ਰਹੇ ਹਨ। ਭਾਰਤ ਦੀ ਕੂਟਨੀਤਕ ਸਮਰੱਥਾ ਇਸੇ ਗੱਲ ਤੋਂ ਮਾਪੀ ਜਾਵੇਗੀ ਕਿ ਅਸੀਂ ਖਾੜੀ ਦੇਸ਼ਾਂ ’ਚ ਫਸੇ ਆਪਣੇ ਨਾਗਰਿਕਾਂ ਨੂੰ ਕਿਵੇਂ ਜਲਦੀ ਸੁਰੱਖਿਅਤ ਤਰੀਕੇ ਨਾਲ ਭਾਰਤ ’ਚ ਵਾਪਸ ਲਿਆ ਸਕਦੇ ਹਾਂ।

ਜਿੱਥੋਂ ਤੱਕ ਸਰਹੱਦਾਂ ਦੀ ਸੁਰੱਖਿਆ ਦੀ ਗੱਲ ਹੈ, ਇਹ ਰਾਹਤ ਵਾਲੀ ਸਥਿਤੀ ਹੈ ਕਿ ਪਾਕਿਸਤਾਨ ਅਫ਼ਗਾਨਿਸਤਾਨ ਦੇ ਨਾਲ ਉਲਝਿਆ ਹੋਇਆ ਹੈ ਅਤੇ ਚੀਨ ਆਪਣੇ ਅੰਦਰ ਵਿਸ਼ਵਵਿਆਪੀ ਲੀਡਰਸ਼ਿਪ ਦੀ ਇੱਛਾ ਪੂਰੀ ਹੋਣ ਦੇ ਮੌਕੇ ਇਸ ਯੁੱਧ ’ਚ ਤਲਾਸ਼ ਰਿਹਾ ਹੈ, ਇਸ ਲਈ ਉਸ ਤੋਂ ਵੀ ਚੌਕਸ ਰਹਿਣ ਤੋਂ ਇਲਾਵਾ ਕੁਝ ਕਰਨ ਦੀ ਲੋੜ ਨਹੀਂ ਹੈ। ਸਾਨੂੰ ਸਿਰਫ਼ ਸਾਈਬਰ ਸੁਰੱਖਿਆ ਪ੍ਰਤੀ ਸੁਚੇਤ ਰਹਿਣਾ ਹੋਵੇਗਾ ਕਿਉਂਕਿ ਚੀਨ ਇਸ ਮਾਮਲੇ ’ਚ ਬਹੁਤ ਅੱਗੇ ਹੈ।

ਇਸ ਯੁੱਧ ਦਾ ਸਭ ਤੋਂ ਮਾੜਾ ਅਸਰ ਸਾਡੇ ਐੱਮ. ਐੱਸ. ਐੱਮ. ਈ. ਖੇਤਰ ਅਤੇ ਬਰਾਮਦਕਾਰਾਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਘਰੇਲੂ ਖਪਤ ਵਧ ਰਹੀ ਹੈ ਪਰ ਉਸ ਦੀ ਵੀ ਇਕ ਹੱਦ ਹੈ। ਇਹ ਯੁੱਧ ਭਾਰਤ ਲਈ ਚੁਣੌਤੀ ਅਤੇ ਮੌਕਾ ਦੋਵੇਂ ਹੈ। ਜੇਕਰ ਇਹ ਖੇਤਰੀ ਸੰਘਰਸ਼ ਵਿਸ਼ਵਵਿਆਪੀ ਸੰਕਟ ’ਚ ਬਦਲ ਗਿਆ ਤਾਂ ਉਸ ਦੇ ਲਈ ਹਰ ਭਾਰਤੀ ਨੂੰ ਹੁਣੇ ਤੋਂ ਹੀ ਇਕ ਬੇਮਿਸਾਲ ਸੰਕਟ ਲਈ ਤਿਆਰ ਰਹਿਣਾ ਹੋਵੇਗਾ। ਰੂਸ-ਯੂਕ੍ਰੇਨ ਯੁੱਧ ਵਾਂਗ ਜੇਕਰ ਇਹ ਲੜਾਈ ਵੀ ਅਨਿਸ਼ਚਿਤ ਸਮੇਂ ਤੱਕ ਖਿੱਚੀ ਗਈ ਤਾਂ ਭਾਰਤ ਲਈ ਇਸ ਦੇ ਨਤੀਜੇ ਸ਼ੁੱਭ ਨਹੀਂ ਹੋਣਗੇ। ਤੇਲ ਕੀਮਤਾਂ ’ਚ ਉਛਾਲ ਅਤੇ ਦਰਾਮਦ ਬਿੱਲ ’ਤੇ ਦਬਾਅ ਸਾਡੀ ਸਭ ਤੋਂ ਵੱਡੀ ਚੁਣੌਤੀ ਹੈ। ਦਰਾਮਦ ਹੋਵੇ ਜਾਂ ਬਰਾਮਦ, ਜਹਾਜ਼ਾਂ ਨੂੰ ਲੰਬੇ ਰੂਟ ਤੋਂ ਆਉਣਾ-ਜਾਣਾ ਹੋਵੇਗਾ ਜਿਸ ਦਾ ਸਿੱਧਾ ਅਰਥ ਮਹਿੰਗਾਈ ਵਧਣਾ ਹੈ। ਸ਼ੇਅਰ ਬਾਜ਼ਾਰ ’ਤੇ ਇਸ ਦਾ ਅਸਰ ਸਾਫ਼ ਦਿਸ ਰਿਹਾ ਹੈ। ਸਥਿਤੀ ਗੰਭੀਰ ਹੈ ਅਤੇ ਪ੍ਰੇਸ਼ਾਨੀਆਂ ਦਾ ਵਧਣਾ ਤੈਅ ਹੈ ਅਤੇ ਅਜਿਹੇ ’ਚ ਸੰਜਮ, ਆਤਮ-ਬਲ ਅਤੇ ਧੀਰਜ ਦੀ ਪ੍ਰੀਖਿਆ ਹੁੰਦੀ ਹੈ।

-ਪੂਰਨ ਚੰਦ ਸਰੀਨ


author

Harpreet SIngh

Content Editor

Related News