ਇਟਾਵਾ ਲਾਇਨ ਸਫਾਰੀ : ਜੰਗਲੀ ਜੀਵ ਸੰਭਾਲ ਦਾ ਪ੍ਰਤੀਕ
Monday, Sep 29, 2025 - 04:53 PM (IST)

ਜਿੱਥੇ ਇਕ ਪਾਸੇ ਉਦਯੋਗੀਕਰਨ ਦੇ ਨਾਂ ’ਤੇ ਦੇਸ਼ ਭਰ ’ਚ ਅੰਨ੍ਹੇਵਾਹ ਜੰਗਲ ਕੱਟੇ ਜਾ ਰਹੇ ਹਨ, ਉਥੇ ਅਜਿਹੇ ਯਤਨ ਬਹੁਤ ਸ਼ਲਾਘਾਯੋਗ ਹਨ ਜੋ ਹਰੇ-ਭਰੇ ਖੇਤਰ ਨੂੰ ਵਧਾਉਣ ਦੀ ਦਿਸ਼ਾ ’ਚ ਕੀਤੇ ਗਏ ਹਨ। ਪਿਛਲੇ ਹਫਤੇ ਮੈਂ ਪਹਿਲੀ ਵਾਰ ਪੱਛਮੀ ਉੱਤਰ ਪ੍ਰਦੇਸ਼ ਦੇ ਇਟਾਵਾ ਨਗਰ ਦੇ ਬਾਹਰ ਸਥਿਤ ‘ਲਾਇਨ ਸਫਾਰੀ’ ਦੇਖਣ ਗਿਆ। ਇਹ ਇਤੇਫਾਕ ਹੀ ਹੈ ਕਿ ਦੋ ਮਹੀਨੇ ਪਹਿਲਾਂ ਹੀ ਮੈਂ ਅਫਰੀਕਾ ਦੇ ਕੀਨੀਆ ’ਚ ਸਥਿਤ ‘ਮਸਾਈ ਮਾਰਾ ਜੰਗਲੀ ਜੀਵ ਰੱਖ’ ਦਾ ਦੌਰਾ ਕੀਤਾ ਸੀ। ਕਰੀਬ 1.5 ਲੱਖ ਹੈਕਟੇਅਰ ’ਚ ਫੈਲਿਆ ਇਹ ‘ਸਵਾਨਾ ਗ੍ਰਾਸਲੈਂਡ’ ਹਜ਼ਾਰਾਂ ਤਰ੍ਹਾਂ ਦੇ ਜੰਗਲੀ ਜੀਵਾਂ ਦੇ ਮੁਕਤ ਵਿਚਰਣ ਕਾਰਨ ਵਿਸ਼ਵ ਪ੍ਰਸਿੱਧ ਹੈ।
ਉੱਥੇ ਮੈਂ ਇਕ ਖੁੱਲ੍ਹੀ ਜੀਪ ’ਚ ਬੈਠ ਕੇ 3 ਮੀਟਰ ਦੂਰ ਬੈਠੇ ਬੱਬਰ ਸ਼ੇਰ ਅਤੇ ਸ਼ੇਰਨੀਆਂ ਨੂੰ ਦੇਖਣ ਦਾ ਰੋਮਾਂਚਕਾਰੀ ਅਨੁਭਵ ਹਾਸਲ ਕੀਤਾ। ਮੈਨੂੰ ਨਹੀਂ ਪਤਾ ਸੀ ਕਿ ਉੱਤਰ ਪ੍ਰਦੇਸ਼ ’ਚ ਵੀ ਇਕ ਵਿਸ਼ਾਲ ਸਰਕਾਰੀ ਪਾਰਕ ਹੈ, ਜਿੱਥੇ ਬੱਬਰ ਸ਼ੇਰ ਅਤੇ ਸ਼ੇਰਨੀਆਂ ਅਤੇ ਤਮਾਮ ਦੂਜੇ ਹਿੰਸਕ ਜਾਨਵਰ ਖੁੱਲ੍ਹੇਆਮ ਘੁੰਮਦੇ ਹਨ। ਸ਼ਾਇਦ ਤੁਸੀਂ ਵੀ ਕਦੇ ਇਟਾਵਾ ਦੇ ‘ਲਾਇਨ ਸਫਾਰੀ’ ਦਾ ਨਾਂ ਨਹੀਂ ਸੁਣਿਆ ਹੋਵੇਗਾ।
ਇਟਾਵਾ ਦਾ ਇਹ ਲਾਇਨ ਸਫਾਰੀ (ਜਿਸ ਨੂੰ ਹੁਣ ਇਟਾਵਾ ਸਫਾਰੀ ਪਾਰਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਮਸਾਈ ਮਾਰਾ ਦੇ ਪੱਧਰ ਦਾ ਤਾਂ ਨਹੀਂ ਹੈ, ਪਰ ਇਸ ਦੀਆਂ ਹੋਰ ਵਿਸ਼ੇਸ਼ਤਾਵਾਂ ਮਸਾਈ ਮਾਰਾ ਦੀ ਰੱਖ ਨਾਲੋਂ ਜ਼ਿਆਦਾ ਆਕਰਸ਼ਕ ਬਣਾਉਂਦੀਆਂ ਹਨ। ਜਿੱਥੇ ਇਕ ਪਾਸੇ ਸਵਾਨਾ ਗ੍ਰਾਸਲੈਂਡ ’ਚ ਦਰੱਖਤਾਂ ਦੀ ਬਹੁਤ ਜ਼ਿਆਦਾ ਘਾਟ ਹੈ ਅਤੇ 50-50 ਮੀਲ ਤੱਕ ਪੱਧਰਾ ਮੈਦਾਨ ਹੈ, ਉੱਥੇ ਹੀ ਇਟਾਵਾ ਦਾ ਲਾਇਨ ਸਫਾਰੀ ਪਹਾੜੀ ਖੇਤਰ ’ਚ ਵਸਿਆ ਹੈ।
ਇਸ ’ਚ ਸੈਂਕੜੇ ਪ੍ਰਜਾਤੀਆਂ ਦੇ ਵੱਡੇ-ਵੱਡੇ ਸੰਘਣੇ ਦਰੱਖਤ ਲੱਗੇ ਹਨ। ਇਸ ਦੇ ਚਾਰੇ ਪਾਸੇ ਚੰਬਲ ਨਦੀ ਦੀ ਘਾਟੀ ਦੀ ਤਰ੍ਹਾਂ ਮਿੱਟੀ ਦੇ ਕੱਚੇ ਪਹਾੜ ਹਨ ਜਿਨ੍ਹਾਂ ਕੋਲ ਯਮੁਨਾ ਨਦੀ ਵਹਿੰਦੀ ਹੈ। ਇਹ ਨਾ ਸਿਰਫ ਏਸ਼ੀਆ ਦੇ ਸਭ ਤੋਂ ਵੱਡੇ ਡਰਾਈਵ-ਥਰੂ ਸਫਾਰੀ ਪਾਰਕਾਂ ’ਚੋਂ ਇਕ ਹੈ ਸਗੋਂ ਏਸ਼ੀਆਈ ਸ਼ੇਰਾਂ ਦੀ ਸੰਭਾਲ ਦਾ ਇਕ ਜੀਵੰਤ ਕੇਂਦਰ ਵੀ ਹੈ।
ਇਟਾਵਾ ਲਾਇਨ ਸਫਾਰੀ ਦੀ ਧਾਰਨਾ 2006 ’ਚ ਹੀ ਪ੍ਰਸਤਾਵਿਤ ਹੋ ਚੁੱਕੀ ਸੀ, ਪਰ ਇਸ ਦਾ ਨਿਰਮਾਣ ਸਾਲ 2012-13 ’ਚ ਤਤਕਾਲੀ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ਦੇ ਦੌਰਾਨ ਸ਼ੁਰੂ ਹੋਇਆ। ਇਹ ਪ੍ਰਾਜੈਕਟ ਉੱਤਰ ਪ੍ਰਦੇਸ਼ ਵਣ ਵਿਭਾਗ ਦੇ ਸਮਾਜਿਕ ਜੰਗਲਾਤ ਵਿਭਾਗ ਇਟਾਵਾ ਤਹਿਤ ‘ਫਿਸ਼ਰ ਫਾਰੈਸਟ’ ਖੇਤਰ ’ਚ ਵਿਕਸਤ ਕੀਤਾ ਗਿਆ ਜੋ ਇਟਾਵਾ ਸ਼ਹਿਰ ਤੋਂ ਸਿਰਫ 5 ਕਿਲੋਮੀਟਰ ਦੂਰ ਇਟਾਵਾ-ਗਵਾਲੀਅਰ ਰੋਡ ’ਤੇ ਸਥਿਤ ਹੈ।
ਫਿਸ਼ਰ ਫਾਰੈਸਟ ਦਾ ਆਪਣਾ ਇਤਿਹਾਸਕ ਮਹੱਤਵ ਹੈ। 1884 ’ਚ ਇਟਾਵਾ ਦੇ ਤਤਕਾਲੀਨ ਜ਼ਿਲਾ ਪ੍ਰਸ਼ਾਸਨ ਜੇ. ਐੱਫ. ਫਿਸ਼ਰ ਨੇ ਸਥਾਨਕ ਜ਼ਿਮੀਂਦਾਰਾਂ ਨੂੰ ਮਨਾ ਕੇ ਇਸ ਖੇਤਰ ’ਚ ਵਣ ਉਗਾਉਣ ਦੀ ਸ਼ੁਰੂਆਤ ਕੀਤੀ ਸੀ ਜੋ ਸੂਬੇ ਦਾ ਸਭ ਤੋਂ ਪੁਰਾਣਾ ਜੰਗਲੀ ਖੇਤਰ ਮੰਨਿਆ ਜਾਂਦਾ ਹੈ। ਇਹ ਨਿਰਮਾਣ ਕਾਰਜ ਉੱਤਰ ਪ੍ਰਦੇਸ਼ ਵਣ ਵਿਭਾਗ ਦੀ ਨਗਿਰਾਨੀ ’ਚ ਹੋਇਆ, ਜਿਸ ’ਚ ਕੇਂਦਰੀ ਚਿੜੀਆਘਰ ਅਥਾਰਿਟੀ ਦੀ ਮਨਜ਼ੂਰੀ ਪ੍ਰਾਪਤ ਹੋਈ। ਪ੍ਰਾਜੈਕਟ ਦਾ ਡਿਜ਼ਾਈਨ ਸਪੇਨਿਸ਼ ਆਰਕੀਟੈਕਚਰ ਫ੍ਰੈਂਕ ਬਿਡਲ ਵਲੋਂ ਕੀਤਾ ਗਿਆ ਹੈ।
ਇਹ ਸਫਾਰੀ ਪਾਰਕ ਕੁਲ 350 ਹੈਕਟੇਅਰ ’ਚ ਫੈਲਿਆ ਹੋਇਆ ਹੈ, ਜਿਸ ਦਾ ਘੇਰਾ ਲਗਭਗ 8 ਕਿਲੋਮੀਟਰ ਲੰਬਾ ਹੈ। ਇਸ ’ਚ ਸ਼ੇਰ ਬ੍ਰੀਡਿੰਗ ਸੈਂਟਰ ਲਈ ਦੋ ਹੈਕਟੇਅਰ ਖੇਤਰ ਰਾਖਵਾਂ ਹੈ, ਜਿੱਥੇ 4 ਬ੍ਰੀਡਿੰਗ ਸੈੱਲ ਹਨ। ਸਫਾਰੀ ਦੇ ਵੱਖ-ਵੱਖ ਜ਼ੋਨ-ਲਾਇਨ ਸਫਾਰੀ, ਡੀਅਰ ਸਫਾਰੀ, ਐਂਟੀਲੋਪ ਸਫਾਰੀ, ਬੀਅਰ ਸਫਾਰੀ ਅਤੇ ਲੈਪਰਡ ਸਫਾਰੀ। ਇਸ ਦਾ ਇਕ ਵੱਡਾ ਹਿੱਸਾ ਰਾਖਵੇਂ ਵਣ ਖੇਤਰ ਦੇ ਰੂਪ ’ਚ ਵਿਕਸਤ ਕੀਤਾ ਗਿਆ। ਇਹ ਪੰਚਵਟੀ ਦਰੱਖਤਾਂ (ਬਰਗਦ, ਆਂਵਲਾ, ਅਸ਼ੋਕ, ਬੇਲ ਅਤੇ ਪਿੱਪਲ) ਦੀਆਂ ਪ੍ਰਜਾਤੀਆਂ ਨਾਲ ਹਰਿਆ-ਭਰਿਆ ਹੈ।
ਪੂਰਾ ਖੇਤਰ 7800 ਮੀਟਰ ਲੰਬੀ ਬਫਰ ਬਾਰਡਰ ਵਾਲ ਨਾਲ ਸੁਰੱਖਿਅਤ ਹੈ ਜੋ ਜੰਗਲ ਜੀਵਾਂ ਨੂੰ ਬਾਹਰੀ ਖਤਰਿਆਂ ਤੋਂ ਬਚਾਉਂਦਾ ਹੈ। 2014 ’ਚ ਗੁਜਰਾਤ ਦੇ ਚਿੜੀਆਘਰ ਤੋਂ 8 ਸ਼ੇਰਾਂ ਨੂੰ ਇੱਥੇ ਲਿਆਂਦਾ ਗਿਆ, ਜਿਨ੍ਹਾਂ ’ਚ ਕੁਝ ਕੁੱਤੇ ਦੀ ਬੀਮਾਰੀ (ਕੈਨਾਈਨ ਡਿਸਟੇਂਪਰ) ਨਾਲ ਪ੍ਰਭਾਵਿਤ ਹੋਏ ਪਰ ਅਮਰੀਕਾ ਤੋਂ ਦਰਾਮਦ ਕੀਤੀ ਵੈਕਸੀਨ ਤੋਂ ਬਾਅਦ ਹੁਣ ਇੱਥੇ 19 ਏਸ਼ੀਆਈ ਸ਼ੇਰ (7 ਨਰ ਅਤੇ 12 ਮਾਦਾ) ਹਨ। ਇਸ ਤੋਂ ਇਲਾਵਾ, ਪਾਰਕ ’ਚ ਲਗਭਗ 247 ਪ੍ਰਜਾਤੀਆਂ ਦੇ ਪੰਛੀ, 17 ਥਣਧਾਰੀ ਪ੍ਰਜਾਤੀਆਂ ਅਤੇ 10 ਸਰੀਸ੍ਰਪ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।
ਇਹ ਸਫਾਰੀ ਪਾਰਕ ਜਨਤਾ ਲਈ 24 ਨਵੰਬਰ, 2019 ਤੋਂ ਖੁੱਲ੍ਹਿਆ। ਲਾਇਨ ਸੈਗਮੈਂਟ ਨੂੰ ਅੰਤਿਮ ਚਰਨ ’ਚ ਜੋੜਿਆ ਗਿਆ। ਅੱਜ ਇਹ ਉੱਤਰ ਪ੍ਰਦੇਸ਼ ਦਾ ਇਕਮਾਤਰ ਮਲਟੀਪਲ ਸਫਾਰੀ ਪਾਰਕ ਹੈ ਜੋ ਏਸ਼ੀਆਈ ਸ਼ੇਰ ਵਰਗੀਆਂ ਲੁਪਤ ਹੋਣ ਵਾਲੀਆਂ ਪ੍ਰਜਾਤੀਆਂ ਦੀ ਸਾਂਭ-ਸੰਭਾਲ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।
ਸ਼ੇਰ ਬ੍ਰੀਡਿੰਗ ਸੈਂਟਰ ਨਾ ਸਿਰਫ ਪ੍ਰਜਨਨ ਨੂੰ ਬੜ੍ਹਾਵਾ ਦਿੰਦਾ ਹੈ ਸਗੋਂ ਜੈਨੇਟਿਕ ਵਿਭਿੰਨਤਾ ਨੂੰ ਬਣਾਈ ਰੱਖਣ ’ਚ ਵੀ ਸਹਾਇਕ ਹੈ। ਵਾਤਾਵਰਣ ਦ੍ਰਿਸ਼ਟੀ ਤੋਂ ਇਹ ਪਾਰਕ ਜਲਵਾਯੂ ਤਬਦੀਲੀ ਦੇ ਦੌਰ ’ਚ ਜੈਵ-ਵਿਭਿੰਨਤਾ ਦੀ ਸੰਭਾਲ ਦਾ ਪ੍ਰਤੀਕ ਹੈ। ਇੱਥੇ ਆਉਣ ਵਾਲੇ ਸੈਲਾਨੀ ਨਾ ਸਿਰਫ ਸ਼ੇਰਾਂ ਨੂੰ ਉਨ੍ਹਾਂ ਦੇ ਕੁਦਰਤੀ ਵਾਤਾਵਰਣ ’ਚ ਦੇਖ ਸਕਦੇ ਹਨ, ਸਗੋਂ 4-ਡੀ ਥੀਏਟਰ ਰਾਹੀਂ ਤੁਸੀਂ ਜੰਗਲੀ ਜੀਵਾਂ ਦੇ ਨੇੜੇ ਵੀ ਮਹਿਸੂਸ ਕਰ ਸਕਦੇ ਹੋ।
ਸਵਾਲ ਉੱਠਦਾ ਹੈ ਕਿ ਇਸ ਦਾ ਰੱਖ-ਰਖਾਅ ਅਤੇ ਵਿਕਾਸ ਕਿਵੇਂ ਯਕੀਨੀ ਕੀਤਾ ਜਾਵੇ ਤਾਂ ਕਿ ਇਹ ਇਕ ਪ੍ਰਮੁੱਖ ਸੈਲਾਨੀ ਸਥਾਨ ਬਣੇ। ਇਸ ਪਾਰਕ ਦੇ ਡਿਜੀਟਲ ਬੁਕਿੰਗ ਸਿਸਟਮ ਨੂੰ ਮਜ਼ਬੂਤ ਕੀਤਾ ਜਾਣਾ, ਈਕੋ-ਫ੍ਰੈਂਡਲੀ ਆਵਾਸ ਸਹੂਲਤਾਂ ਵਧਾਉਣਾ ਅਤੇ ਸਥਾਨਕ ਭਾਈਚਾਰਿਆਂ ਨੂੰ ਰੋਜ਼ਗਾਰ ਨਾਲ ਜੋੜਨ ਦੀ ਲੋੜ ਹੈ। ਸੌਰ ਊਰਜਾ ਦੀ ਵਰਤੋਂ, ਜੋ ਹਾਲੇ ਘੱਟ ਹੈ, ਨੂੰ ਵਧਾ ਕੇ ਇਸ ਨੂੰ ਗ੍ਰੀਨ ਟੂਰਿਜ਼ਮ ਮਾਡਲ ਬਣਾਇਆ ਜਾ ਸਕਦਾ ਹੈ। ਇਸ ਦੇ ਇਲਾਵਾ, ਚੰਬਲ ਨਦੀ ਦੇ ਨੇੜੇ ਹੋਣ ਨਾਲ ਨੈਸ਼ਨਲ ਚੰਬਲ ਸੈਂਕਚੁਅਰੀ ਦੇ ਨਾਲ ਇੰਟੀਗ੍ਰੇਟੇਡ ਟੂਰ ਪੈਕੇਜ ਵਿਕਸਤ ਕੀਤਾ ਜਾਵੇ।
ਜੇਕਰ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਮਿਲ ਕੇ ਸਾਲਾਨਾ ਬਜਟ ਅਲਾਟਮੈਂਟ ਵਧਾਉਣ, ਤਾਂ ਇਹ ਪਾਰਕ ਨਾ ਸਿਰਫ ਰਾਸ਼ਟਰੀ ਪੱਧਰ ’ਤੇ ਸਗੋਂ ਕੌਮਾਂਤਰੀ ਸੈਲਾਨੀ ਨਕਸ਼ੇ ’ਤੇ ਚਮਕੇਗਾ। ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਸੋਸ਼ਲ ਮੀਡੀਆ ਕੈਂਪੇਨ ਅਤੇ ਸਕੂਲਾਂ ਲਈ ਐਜੂਕੇਸ਼ਨਲ ਟੂਰ ਆਯੋਜਿਤ ਕੀਤੇ ਜਾਣ।
ਇਟਾਵਾ ਲਾਇਨ ਸਫਾਰੀ ਸਿਰਫ ਇਕ ਸੈਲਾਨੀ ਸਥਾਨ ਨਹੀਂ ਸਗੋਂ ਸਾਂਭ-ਸੰਭਾਲ, ਸਿੱਖਿਆ ਅਤੇ ਠੋਸ ਵਿਕਾਸ ਦਾ ਪ੍ਰਤੀਕ ਹੈ। ਸਰਕਾਰ, ਵਣ ਵਿਭਾਗ ਅਤੇ ਨਾਗਰਿਕਾਂ ਦੇ ਸੰਯੁਕਤ ਯਤਨਾਂ ਨਾਲ ਇਸ ਨੂੰ ਖੁਸ਼ਹਾਲ ਬਣਾਇਆ ਜਾਵੇ। ਹਰ ਭਾਰਤੀ ਨੂੰ ਘੱਟੋ-ਘੱਟ ਇਕ ਵਾਰ ਇੱਥੇ ਆਉਣਾ ਚਾਹੀਦਾ ਹੈ।
-ਵਿਨੀਤ ਨਾਰਾਇਣ