ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦਾ ‘ਸ਼ਕਤੀਸ਼ਾਲੀ ਭਾਸ਼ਣ’
Monday, Sep 15, 2025 - 05:47 PM (IST)

ਲਾਲਾ ਜਗਤ ਨਾਰਾਇਣ ਜੀ ਨੇ ਪੱਤਰਕਾਰੀ ਰਾਹੀਂ ਸਮਾਜ ਦਾ ਮਾਰਗਦਰਸ਼ਨ ਕੀਤਾ ਅਤੇ ਉਹ ਸੱਚੇ ਧਰਮ ਦੀ ਖ਼ਾਤਰ ਸ਼ਹੀਦ ਹੋਏ, ਫਿਰ ਉਨ੍ਹਾਂ ਦੇ ਬੇਟੇ ਸ਼੍ਰੀ ਰਮੇਸ਼ ਚੰਦਰ ਜੀ ਸ਼ਹੀਦ ਹੋਏ, ਉਨ੍ਹਾਂ ਦੀਆਂ ਸਮਾਜ ਸੇਵਾ ਅਤੇ ਕੁਰਬਾਨੀਆਂ ਦਾ ਨਤੀਜਾ ਅੱਜ ਦਿਖਾਈ ਦੇ ਰਿਹਾ ਹੈ ਕਿ ਲਾਲਾ ਜੀ ਦੀ ਯਾਦ ਵਿਚ, ‘ਪੰਜਾਬ ਕੇਸਰੀ ਗਰੁੱਪ ਆਫ਼ ਨਿਊਜ਼ ਪੇਪਰ’ ਵੱਲੋਂ ਉੱਤਰੀ ਅਤੇ ਮੱਧ ਭਾਰਤ ਦੇ ਰਾਜਾਂ ਵਿਚ ਵਿਸ਼ਾਲ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਅਤੇ ਨੌਜਵਾਨ ਮਨੁੱਖੀ ਜਾਨਾਂ ਬਚਾਉਣ ਲਈ ਖੁਸ਼ੀ ਨਾਲ ਖੂਨ ਦਾਨ ਕਰ ਰਹੇ ਹਨ। ਹੁਣ ਤੱਕ ਕਿੰਨੇ ਹੀ ਨੌਜਵਾਨਾਂ ਨੇ ਖੂਨਦਾਨ ਕੀਤਾ ਹੈ।
ਪੂਜਨੀਕ ਲਾਲਾ ਜਗਤ ਨਾਰਾਇਣ ਜੀ ਬਹੁਤ ਸਮਾਂ ਪਹਿਲਾਂ ਭਾਵ 25 ਮਾਰਚ 1980 ਨੂੰ ਚਿਰੰਜੀਵ ਧਰਮਸ਼ਾਲਾ, ਅਨਾਰਦਾਨਾ ਚੌਕ, ਪਟਿਆਲਾ ਆਏ ਸਨ। ਉਨ੍ਹਾਂ ਦਿਨਾਂ ਵਿਚ ਸ਼੍ਰੀ ਰਾਮਨੌਮੀ ਦਾ ਪ੍ਰੋਗਰਾਮ ਚੱਲ ਰਿਹਾ ਸੀ। ਮੈਨੂੰ ਪਤਾ ਲੱਗਾ ਕਿ ਲਾਲਾ ਜਗਤ ਨਾਰਾਇਣ ਜੀ ਚਿਰੰਜੀਵ ਧਰਮਸ਼ਾਲਾ ਆਉਣਗੇ। ਮੈਂ ਉਨ੍ਹਾਂ ਨੂੰ ਬਹੁਤ ਸਮੇਂ ਤੋਂ ਮਿਲਣ ਦੀ ਇੱਛਾ ਰੱਖ ਰਿਹਾ ਸੀ। ਇਸ ਤੋਂ ਪਹਿਲਾਂ ਲਾਲਾ ਜੀ ਖੁਦ ਸ਼੍ਰੀ ਸ਼ੰਭੂ ਪ੍ਰਸਾਦ ਦੇ ਘਰ ਪਹੁੰਚੇ ਸਨ ਜਿੱਥੇ ਮੈਂ ਵੀ ਗਿਆ ਸੀ। ਉਸ ਸਮੇਂ ਇਕ ਹਲਵਾਈ ਨੰਦ ਲਾਲ ਵੀ ਮੌਜੂਦ ਸੀ ਜੋ ਮੇਰੇ ਸਹਿਪਾਠੀ ਓਮ ਪ੍ਰਕਾਸ਼ ਦੇ ਪਿਤਾ ਸਨ। ਉਸਨੇ ਲਾਲਾ ਜੀ ਨੂੰ ਪੰਜਾਬ ਕੇਸਰੀ ਦੀਆਂ ਕੁਝ ਕਟਿੰਗਾਂ ਦਿਖਾਈਆਂ ਜਿਨ੍ਹਾਂ ’ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਸਨ। ਉਸਨੇ ਲਾਲਾ ਜੀ ਨੂੰ ਕਿਹਾ, ‘‘ਲਾਲਾ ਜੀ, ਪੰਜਾਬ ਕੇਸਰੀ ਪੜ੍ਹਨ ਤੋਂ ਬਾਅਦ, ਲੋਕ ਧਾਰਮਿਕ ਤਸਵੀਰਾਂ ਵਾਲੀਆਂ ਅਖ਼ਬਾਰਾਂ ਨੂੰ ਰੱਦੀ ਵਿਚ ਸੁੱਟ ਦਿੰਦੇ ਹਨ ਜੋ ਪੈਰਾਂ ’ਚ ਰੁਲਦੀਆਂ ਹਨ। ਇਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਲੱਗਦੀ ਹੈ। ਕਿਰਪਾ ਕਰ ਕੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨਾ ਛਾਪੋ।’’ ਇਸ ’ਤੇ ਲਾਲਾ ਜੀ ਨੇ ਨਿਮਰਤਾ ਨਾਲ ਕਿਹਾ, ‘‘ਜੇ ਅਸੀਂ ਇਹ ਧਾਰਮਿਕ ਤਸਵੀਰਾਂ ਨਹੀਂ ਛਾਪਦੇ, ਤਾਂ ਸਾਡੇ ਬੱਚੇ ਭੁੱਲ ਜਾਣਗੇ ਕਿ ਸ਼੍ਰੀ ਰਾਮ ਕੌਣ ਸਨ? ਸ਼੍ਰੀ ਕ੍ਰਿਸ਼ਨ ਕੌਣ ਸਨ?’’
ਉਸ ਸਮੇਂ ਪੰਜਾਬ ਕੇਸਰੀ, ਪਟਿਆਲਾ ਦੇ ਸੀਨੀਅਰ ਪੱਤਰਕਾਰ ਭੂਸ਼ਣਸਰ ਹਿੰਦੀ ਅਤੇ ਮਾਡਲ ਪ੍ਰਿੰਟਿੰਗ ਦੇ ਮਾਲਕ ਪੁਰੀ ਵੀ ਮੌਜੂਦ ਸਨ। ਲਾਲਾ ਜੀ ਉਸ ਸਮੇਂ 82 ਸਾਲ ਦੇ ਸਨ, ਫਿਰ ਵੀ ਉਨ੍ਹਾਂ ਦਾ ਸਰੀਰ ਸੁਡੌਲ ਸੀ ਅਤੇ ਉਨ੍ਹਾਂ ਦੇ ਚਿਹਰੇ ਤੋਂ ਸ਼ਾਨ ਝਲਕਦੀ ਸੀ। ਸੱਜੀ ਗਲ੍ਹ ਵਾਲੇ ਪਾਸੇ ਠੋਡੀ ’ਤੇ ਇਕ ਤਿਲ ਸੀ। ਉਨ੍ਹਾਂ ਨੇ ਚਿੱਟਾ ਕੁੜਤਾ ਧੋਤੀ ਅਤੇ ਗਾਂਧੀ ਟੋਪੀ ਪਹਿਨੀ ਹੋਈ ਸੀ। ਇਸ ਤਰ੍ਹਾਂ ਉਹ ਕੋਈ ਮਹਾਪੁਰਸ਼ ਲੱਗਦੇ ਸਨ। ਲਾਲਾ ਜੀ ਦੇ ਭਾਸ਼ਣ ਸਮੇਂ ਸਵਾਮੀ ਨਾਰਾਇਨੰਦ ਸਰਸਵਤੀ ਅਤੇ ਸਵਾਮੀ ਮਨੀਸ਼ਾ ਨੰਦ ਜੀ ਵੀ ਮੌਜੂਦ ਸਨ। ਉਸ ਸਮੇਂ ਰਾਤ ਦੇ ਪੌਣੇ ਦਸ ਵਜੇ ਸਨ। ਉਨ੍ਹਾਂ ਨੇ ਇਕ ਬਹੁਤ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਭਾਸ਼ਣ ਦਿੱਤਾ, ਜੋ ਮੈਂ ਆਪਣੀ ਜੀਵਨ ਯਾਤਰਾ ਡਾਇਰੀ ਵਿਚ ਲਿਖਿਆ ਸੀ, ਜੋ ਮੈਂ ਇੱਥੇ ਪੇਸ਼ ਕਰ ਰਿਹਾ ਹਾਂ, ਜਿਸ ਤੋਂ ਸਾਨੂੰ ਮਹੱਤਵਪੂਰਨ ਗੱਲਾਂ ਪਤਾ ਲੱਗਦੀਆਂ ਹਨ
- ‘‘ਮੈਂ ਤੁਹਾਨੂੰ ਕੀ ਸਿੱਖਿਆ ਦੇ ਸਕਦਾ ਹਾਂ, ਸਾਰੇ ਵਿਦਵਾਨ ਅਤੇ ਸ਼੍ਰੀ ਰਾਮਾਇਣ ਪਾਠੀ ਵੀ ਇੱਥੇ ਮੌਜੂਦ ਹਨ। ਮੈਂ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਰਾਜਨੀਤੀ ਵਿਚ ਬਿਤਾਇਆ।’’ ਰਾਜਨੀਤਿਕ ਜੀਵਨ ਆਮ ਤੌਰ ’ਤੇ ਚੰਗਾ ਨਹੀਂ ਹੁੰਦਾ ਅਤੇ ਇਸ ਵਿਚ ਕਈ ਤਰ੍ਹਾਂ ਦੇ ਗਲਤ ਕੰਮ ਵੀ ਹੁੰਦੇ ਹਨ। ਮੈਂ ਤੁਹਾਨੂੰ ਆਪਣਾ ਦਰਦ ਦੱਸਣ ਆਇਆ ਹਾਂ। ਸ਼੍ਰੀ ਰਾਮਾਇਣ ਪੜ੍ਹਨਾ ਤਾਂ ਹੀ ਲਾਭਦਾਇਕ ਹੋਵੇਗਾ ਜੇਕਰ ਅਸੀਂ ਇਸ ਵਿਚ ਦੱਸੇ ਗਏ ਆਦਰਸ਼ਾਂ ਦੀ ਪਾਲਣਾ ਕਰੀਏ। ਸ਼੍ਰੀ ਰਾਮਾਇਣ ਸਾਨੂੰ ਸੇਵਕ ਬਣਨ, ਚੰਗੇ ਦੋਸਤ ਬਣਨ ਅਤੇ ਆਦਰਸ਼ ਦੁਸ਼ਮਣ ਬਣਨ ਦੀ ਸਿੱਖਿਆ ਵੀ ਦਿੰਦਾ ਹੈ। ਲੰਕਾ ਦੇ ਰਾਜਾ ਰਾਵਣ ਨੇ ਦੇਵੀ ਸੀਤਾ ਮਾਤਾ ਨੂੰ ਆਪਣੇ ਮਹਿਲ ਵਿਚ ਨਹੀਂ ਸਗੋਂ ਅਸ਼ੋਕ ਵਾਟਿਕਾ ਵਿਚ ਰੱਖਿਆ ਸੀ। ਰਾਵਣ ਆਪਣੀ ਪਤਨੀ ਦੇਵੀ ਮੰਦੋਦਰੀ ਨਾਲ ਹੀ ਅਸ਼ੋਕ ਵਾਟਿਕਾ ਜਾਂਦਾ ਸੀ’’।
“4-5 ਹਜ਼ਾਰ ਸਾਲ ਪਹਿਲਾਂ ਜੋ ਧਾਰਮਿਕ ਮਰਿਆਦਾ ਪ੍ਰਚੱਲਿਤ ਸੀ, ਉਹ ਹੁਣ ਅਲੋਪ ਹੋ ਰਹੀ ਹੈ। ਅੱਜ ਦੇ ਨੌਜਵਾਨ ਕ੍ਰਿਕਟ ਦੀ ਕੁਮੈਂਟਰੀ ਬਹੁਤ ਧਿਆਨ ਨਾਲ ਸੁਣਦੇ ਹਨ ਪਰ ਜੇ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਭਗਵਾਨ ਸ਼੍ਰੀ ਰਾਮਚੰਦਰ ਦੇ ਕਿੰਨੇ ਭਰਾ ਸਨ, ਤਾਂ ਉਹ ਨਹੀਂ ਜਾਣਦੇ। ਅੱਜ ਦੇ ਬੱਚੇ ਸਾਡੇ ਹੱਥੋਂ ਨਿਕਲ ਰਹੇ ਹਨ। ਇਸ ਸਮੇਂ 10 ਜਾਂ 20 ਸਾਲ ਦੇ ਕਿੰਨੇ ਬੱਚੇ ਇੱਥੇ ਬੈਠੇ ਹਨ, ਇਹ ਦਿਖਾਈ ਨਹੀਂ ਦਿੰਦੇ। ਸਾਡੇ ਸਮਾਜ ਵਿਚ ਸ਼ਰਾਬ ਦੀ ਲਤ ਵਧ ਰਹੀ ਹੈ। ਇਹ ਨਾ ਸਿਰਫ਼ ਘਰ ਨੂੰ, ਸਗੋਂ ਸ਼ਹਿਰ ਨੂੰ ਵੀ ਤਬਾਹ ਕਰ ਦਿੰਦੀ ਹੈ। ਇੰਨਾ ਹੀ ਨਹੀਂ, ਇਹ ਦੇਸ਼ ਨੂੰ ਵੀ ਤਬਾਹ ਕਰ ਦਿੰਦੀ ਹੈ। ਜੇਕਰ ਦੇਸ਼ ਦੀ ਹਾਲਤ ਇਸੇ ਤਰ੍ਹਾਂ ਰਹੀ ਤਾਂ ਆਉਣ ਵਾਲੇ 5-10 ਸਾਲਾਂ ਵਿਚ ਧਰਮ ਅਲੋਪ ਹੋ ਜਾਵੇਗਾ। ਸਭ ਕੁਝ ਸਾਡੀਆਂ ਮਾਵਾਂ ਦੇ ਹੱਥਾਂ ਵਿਚ ਹੈ। ਸਿਰਫ਼ ਉਹੀ ਸਾਡੇ ਭਵਿੱਖ ਦੇ ਬੱਚਿਆਂ ਨੂੰ ਸਹੀ ਰਸਤੇ ’ਤੇ ਲਿਜਾ ਸਕਦੀਆਂ ਹਨ।
‘‘ਮੈਂ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਵਿਚ ਗਿਆ। ਉੱਥੇ ਮੈਂ ਬਹੁਤ ਸਾਰੇ ਸ਼ਾਨਦਾਰ ਮੰਦਰ ਦੇਖੇ ਅਤੇ ਮੈਂ ਉਨ੍ਹਾਂ ਵਿਚ ਅੰਗਰੇਜ਼ਾਂ ਨੂੰ ਹਰੇ ਰਾਮ-ਹਰੇ ਕ੍ਰਿਸ਼ਨ ਦਾ ਨਾਮ ਜਪਦੇ ਦੇਖਿਆ। ਮੈਨੂੰ ਦੁੱਖ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਨੂੰ ਛੱਡ ਰਹੇ ਹਾਂ। ਮੈਂ ਰੂਸ ਗਿਆ, ਉੱਥੇ ਇਕ ਸਕੂਲ ਦੇ ਮੁੱਖ ਅਧਿਕਾਰੀ ਨੇ ਸੰਸਕ੍ਰਿਤ ਵਿਚ ਸਾਡਾ ਸਵਾਗਤ ਕੀਤਾ। ਸਾਡੇ ਅਧਿਕਾਰੀ ਉਨ੍ਹਾਂ ਵੱਲ ਦੇਖਣ ਲੱਗ ਪਏ ਕਿਉਂਕਿ ਉਹ ਸੰਸਕ੍ਰਿਤ ਨਹੀਂ ਜਾਣਦੇ ਸਨ। ਇਕ ਕੁੜੀ ਨੇ ਸਾਡੇ ਨਾਲ ਹਿੰਦੀ ਵਿਚ ਗੱਲ ਕੀਤੀ ਪਰ ਦੁੱਖ ਦੀ ਇਹ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੀ ਭੈਣ ਪੰਡਿਤ ਵਿਜੇਲਕਸ਼ਮੀ ਨੇ ਅੰਗਰੇਜ਼ੀ ਵਿਚ ਜਵਾਬ ਦਿੱਤਾ। ਉਸ ਨੇ ਅੰਗਰੇਜ਼ੀ ਵਿਚ ਸਹੁੰ ਚੁੱਕੀ ਪਰ ਉੱਚ ਅਧਿਕਾਰੀਆਂ ਨੇ ਉਸ ਨੂੰ ਕਿਹਾ, ‘‘ਤੁਸੀਂ ਆਪਣੀ ਮਾਂ-ਬੋਲੀ ਵਿਚ ਸਹੁੰ ਚੁੱਕ ਸਕਦੇ ਹੋ। ਜੇਕਰ ਵਿਦੇਸ਼ੀ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਭਾਰਤ ਦੇ ਲੋਕਾਂ ਦੀ ਇਹ ਹਾਲਤ ਹੈ ਤਾਂ ਉਹ ਹੈਰਾਨ ਹੋ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਮਹਾਭਾਰਤ ਅਤੇ ਵੇਦਾਂ ਦੀ ਮਦਦ ਨਾਲ ਵੱਡੀਆਂ ਕਾਢਾਂ ਕੱਢੀਆਂ ਹਨ।’’ ‘‘ਦੂਜੀ ਮਹੱਤਵਪੂਰਨ ਗੱਲ, ਅੱਜ ਦੇ ਸਮਾਜ ਵਿਚ ਦਾਜ ਦੀ ਪ੍ਰਥਾ ਵਧ ਰਹੀ ਹੈ, ਦਾਜ ਨਾ ਮਿਲਣ ਕਾਰਨ ਕੁੜੀਆਂ ਨੂੰ ਸਾੜਿਆ ਜਾ ਰਿਹਾ ਹੈ, ਜੋ ਕਿ ਬਹੁਤ ਦੁਖਦਾਈ ਗੱਲ ਹੈ। ਮੈਨੂੰ ਯਾਦ ਹੈ ਕਿ ਜਦੋਂ ਭਾਰਤ ਵੰਡਿਆ ਗਿਆ ਸੀ, ਉਸ ਸਮੇਂ ਰਾਜੌਰੀ ਸ਼ਹਿਰ ਵਿਚ 2-3 ਹਜ਼ਾਰ ਮਰਦ ਅਤੇ ਔਰਤਾਂ ਫਸ ਗਏ ਸਨ। ਉਸ ਸਮੇਂ ਸਥਿਤੀ ਬਹੁਤ ਨਾਜ਼ੁਕ ਅਤੇ ਡਰਾਉਣੀ ਸੀ।’’ ਔਰਤਾਂ ਨੇ ਆਪਣੇ ਪਤੀਆਂ ਅਤੇ ਭਰਾਵਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਇੱਜ਼ਤ ਖ਼ਤਰੇ ਵਿਚ ਹੈ। ਉਨ੍ਹਾਂ ਨੇ ਜ਼ਹਿਰ ਦੀਆਂ ਰੋਟੀਆਂ ਬਣਾਈਆਂ ਅਤੇ ਸਾਰੀਆਂ ਦੇਵੀਆਂ ਨੇ ਇਸਦਾ ਇਕ-ਇਕ ਟੁਕੜਾ ਖਾ ਲਿਆ ਅਤੇ ਉੱਥੇ ਹੀ ਦਮ ਤੋੜ ਦਿੱਤਾ। ਅੱਜ ਵੀ ਉਨ੍ਹਾਂ ਦੀਆਂ ਹੱਡੀਆਂ ਦੇ ਢੇਰ ਦੇਖੇ ਜਾ ਸਕਦੇ ਹਨ।
‘‘ਅਸੀਂ ਬਲੈਕ ਮਾਰਕੀਟ ਦੇ ਪੁਜਾਰੀ ਹਾਂ। ਕੋਲਕਾਤਾ ਵਿਚ ਤਿੰਨ ਹਜ਼ਾਰ ਸੱਤ ਸੌ ਗਊਆਂ ਕੱਟੀਆਂ ਜਾਂਦੀਆਂ ਹਨ, ਜੋ ਬਹੁਤ ਦੁਖ ਦੀ ਗੱਲ ਹੈ। ਸਭ ਤੋਂ ਵੱਡਾ ਧਰਮ ਮਾਂ ਦੀ ਸੇਵਾ ਕਰਨਾ ਹੈ, ਫਿਰ ਪਿਤਾ ਦੀ, ਫਿਰ ਗੁਰੂਆਂ ਦੀ ਸੇਵਾ।’’ ਉੱਥੇ ਮੌਜੂਦ ਸਰੋਤਿਆਂ ਨੇ ਲਾਲਾ ਜੀ ਦੇ ਭਾਸ਼ਣ ਦੀ ਬਹੁਤ ਸ਼ਲਾਘਾ ਕੀਤੀ।
ਮਨੋਹਰ ਲਾਲ ਪਵਾਰ