ਹਿਮਾਚਲ ਪ੍ਰਦੇਸ਼ ਨਾਲ ਨਰਿੰਦਰ ਮੋਦੀ ਦਾ ਅਟੁੱਟ ਰਿਸ਼ਤਾ
Thursday, Sep 18, 2025 - 04:55 PM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨ ਯਾਤਰਾ –ਇਕ ਸਮਰਪਿਤ ਵਰਕਰ ਤੋਂ ਲੈ ਕੇ ਦੇਸ਼ ਦੀ ਸਰਬਉੱਚ ਅਗਵਾਈ ਤੱਕ ਭਾਰਤ ਦੇ ਵੱਖ-ਵੱਖ ਖੇਤਰਾਂ ਨਾਲ ਉਨ੍ਹਾਂ ਦੇ ਡੂੰਘੇ ਜੁੜਾਅ ਦੀ ਕਹਾਣੀ ਹੈ। ਇਨ੍ਹਾਂ ਜੁੜਾਵਾਂ ਵਿਚੋਂ ਇਕ ਵਿਸ਼ੇਸ਼ ਨਿੱਜੀ, ਰਾਜਨੀਤਿਕ ਅਤੇ ਅਧਿਆਤਮਿਕ ਸਬੰਧ ਹਿਮਾਚਲ ਪ੍ਰਦੇਸ਼ ਨਾਲ ਰਿਹਾ ਹੈ, ਦੇਵਭੂਮੀ, ਵੀਰਭੂਮੀ ਅਤੇ ਬੇਮਿਸਾਲ ਕੁਦਰਤੀ ਸੁੰਦਰਤਾ ਦੀ ਧਰਤੀ ਹੈ। ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਹੁਤ ਪਹਿਲਾਂ ਹੀ, ਨਰਿੰਦਰ ਮੋਦੀ ਨੇ ਹਿਮਾਚਲ ਦੀਆਂ ਪਵਿੱਤਰ ਵਾਦੀਆਂ ’ਤੇ ਆਪਣੀ ਛਾਪ ਛੱਡ ਦਿੱਤੀ ਸੀ।
ਮੋਦੀ ਦਾ ਹਿਮਾਚਲ ਨਾਲ ਰਸਮੀ ਜੁੜਾਅ ਵਰ੍ਹੇ 1994 ਵਿਚ ਹੋਇਆ, ਜਦੋਂ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਰਾਜ ਇੰਚਾਰਜ ਨਿਯੁਕਤ ਕੀਤਾ। ਨਿਯੁਕਤੀ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਹਿਮਾਚਲ ਦੀਆਂ ਯਾਤਰਾਵਾਂ ਅਧਿਆਤਮਿਕ ਸਾਧਨਾਂ ਅਤੇ ਸਥਾਨਕ ਸੱਭਿਆਚਾਰ ਨਾਲ ਡੂੰਘੇ ਸੰਪਰਕ ਦਾ ਮਾਧਿਅਮ ਰਹੀਆਂ ਸਨ। ਉਹ ਸ਼ਿਮਲਾ ਦੇ ਜਾਖੂ ਅਤੇ ਸੰਕਟਮੋਚਨ ਮੰਦਿਰਾਂ ਵਿਚ ਅਕਸਰ ਜਾਂਦੇ ਸਨ ਅਤੇ ਰਸਤੇ ਵਿਚ ਬਾਂਦਰਾਂ ਨੂੰ ਖੁਆਉਣ ਲਈ ਛੋਲੇ ਅਤੇ ਗੁੜ ਆਪਣੇ ਨਾਲ ਰੱਖਦੇ ਸਨ – ਇਹ ਉਨ੍ਹਾਂ ਦੇ ਜਾਨਵਰਾਂ ਅਤੇ ਕੁਦਰਤ ਦੇ ਪ੍ਰਤੀ ਉਨ੍ਹਾਂ ਦੀ ਹਮਦਰਦੀ ਦਾ ਪ੍ਰਮਾਣ ਸੀ।
1998 ਦੀਆਂ ਵਿਧਾਨ ਸਭਾ ਚੋਣਾਂ ਨਰਿੰਦਰ ਮੋਦੀ ਦੀ ਅਗਵਾਈ ਅਤੇ ਹਿਮਾਚਲ ਤੋਂ ਉਨ੍ਹਾਂ ਦੇ ਜ਼ਮੀਨੀ ਜੁੜਾਅ ਦਾ ਪ੍ਰਮਾਣ ਰਿਹਾ। ਉਸ ਦੌਰ ਵਿਚ ਨਾ ਸੋਸ਼ਲ ਮੀਡੀਆ ਸੀ ਅਤੇ ਨਾ ਆਧੁਨਿਕ ਪ੍ਰਚਾਰ ਸਾਧਨ, ਫਿਰ ਵੀ ਉਨ੍ਹਾਂ ਨੇ ਕਈ ਯਾਤਰਾਵਾਂ ਕੀਤੀਆਂ ਅਤੇ ਜਨ ਸੰਪਰਕ ਦੇ ਸ਼ਾਨਦਾਰ ਤਰੀਕੇ ਲੱਭੇ ਅਤੇ ਵਰਕਰਾਂ ਵਿਚ ਉਤਸ਼ਾਹ ਜਗਾਇਆ। ਨਾਲ ਹੀ ਸਥਾਨਕ ਸੱਭਿਆਚਾਰ ਨੂੰ ਸਨਮਾਨ ਦਿੰਦੇ ਹੋਏ ਅਨੋਖੇ ਸੁਆਗਤ ਦੁਆਰ ਬਣਵਾਏ। ਚੰਬਾ ਵਿਚ ਉਨ੍ਹਾਂ ਦੀ ਹੀ ਪਹਿਲ ’ਤੇ ਬਣਿਆ ‘ਗੱਦੀ ਸ਼ੌਲ ਗੇਟ’ ਨਾ ਸਿਰਫ਼ ਸਥਾਨਕ ਗੌਰਵ ਦਾ ਪ੍ਰਤੀਕ ਬਣਿਆ, ਸਗੋਂ ਭਾਜਪਾ ਦਾ ਸੰਦੇਸ਼ ਸਿੱਧੇ ਜਨਤਾ ਦੇ ਦਿਲ ਤੱਕ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਜ਼ਰੀਆ ਸਿੱਧ ਹੋਇਆ ।
ਨਰਿੰਦਰ ਮੋਦੀ ਅਕਸਰ ਹਿਮਾਚਲ ਪ੍ਰਦੇਸ਼ ਵਿਚ ਬਿਜਲੀ ਮਹਾਦੇਵ ਦੇ ਦਰਸ਼ਨ ਕਰਨ ਜਾਂਦੇ ਸਨ, ਜੋ ਉੱਥੋਂ ਦੇ ਸਥਾਨਕ ਦੇਵਤਾ ਹਨ। ਰਸਤੇ ਵਿਚ ਉਹ ਗ੍ਰਾਮੀਣਾਂ ਨਾਲ ਸਹਿਜਤਾ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਦੇ ਤਜਰਬਿਆਂ ਅਤੇ ਹਾਲਾਤ ਨੂੰ ਸਮਝਣ ਵਿਚ ਦਿਲਚਸਪੀ ਦਿਖਾਉਂਦੇ ਸਨ। ਮੰਦਿਰ ਪਹੁੰਚਣ ਤੋਂ ਬਾਅਦ ਮੋਦੀ ਨਾ ਸਿਰਫ਼ ਦਰਸ਼ਨ ਕਰਦੇ, ਸਗੋਂ ਆਲੇ ਦੁਆਲੇ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਵੀ ਲਿਆ ਕਰਦੇ ਸਨ।
ਉਨ੍ਹਾਂ ਨੇ ਹਿਮਾਚਲ ਭਾਜਪਾ ਸੰਗਠਨ ਨੂੰ ਮਜ਼ਬੂਤੀ ਅਤੇ ਨਵੀਂ ਊਰਜਾ ਦੇਣ ਵਿਚ ਅਹਿਮ ਭੂਮਿਕਾ ਨਿਭਾਈ। ਵਰਕਰਾਂ ਨੂੰ ਰਾਜਨੀਤੀ ਵਿਚ ਵਧੇਰੇ ਅਨੁਸ਼ਾਸਿਤ, ਸੰਗਠਿਤ ਅਤੇ ਗੰਭੀਰ ਬਣਾਉਣ ਦਾ ਕ੍ਰੈਡਿਟ ਵੀ ਉਨ੍ਹਾਂ ਨੂੰ ਜਾਂਦਾ ਹੈ। ਪੁਰਾਣੇ ਵਰਕਰ ਯਾਦ ਕਰਦੇ ਹਨ ਕਿ ਇੰਚਾਰਜ ਵਜੋਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਰਾਜ ਕਾਰਜਕਾਰਨੀ ਦੀ ਮੀਟਿੰਗ, ਜੋ ਪਹਿਲਾਂ ਅੱਧੇ ਦਿਨ ਦੀ ਰਸਮੀ ਪ੍ਰਕਿਰਿਆ ਹੋਇਆ ਕਰਦੀ ਸੀ, ਉਸ ਨੂੰ ਦੋ ਦਿਨਾਂ ਦੀ ਰਿਹਾਇਸ਼ੀ ਪ੍ਰਣਾਲੀ ਵਿਚ ਬਦਲ ਦਿੱਤਾ। ਇਹੀ ਕਦਮ ਸੰਗਠਨ ਨੂੰ ਸਸ਼ਕਤ ਕਰਨ ਲਈ ਇਕ ਮਜ਼ਬੂਤ ਨੀਂਹ ਬਣਿਆ। ਉਨ੍ਹਾਂ ਨੇ ਹਿਮਾਚਲ ਦੇ ਭਾਜਪਾ ਸੰਗਠਨ ਨੂੰ ਮਜ਼ਬੂਤ ਬਣਾਉਣ ਅਤੇ ਇਸ ਵਿਚ ਨਵੀਂ ਊਰਜਾ ਦਾ ਸੰਚਾਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਵਰਕਰਾਂ ਨੂੰ ਰਾਜਨੀਤੀ ਵਿਚ ਵਧੇਰੇ ਯੋਜਨਾਬੱਧ ਅਤੇ ਗੰਭੀਰ ਪਹੁੰਚ ਅਪਣਾਉਣ ਲਈ ਤਿਆਰ ਕੀਤਾ।
ਉਨ੍ਹਾਂ ਨੇ ਹਿਮਾਚਲ ਸੰਗਠਨ ਵਿਚ ਵਰਕਰਾਂ ਤੋਂ ਸਹਿਯੋਗ ਲੈ ਕੇ ਕੰਮ ਕਰਨ ਦੀ ਪ੍ਰੰਪਰਾ ਦੀ ਸ਼ੁਰੂਆਤ ਕੀਤੀ, ਜਿਸ ਦਾ ਜੀਵੰਤ ਉਦਾਹਰਣ ਸ਼ਿਮਲਾ ਦਾ ਦਫ਼ਤਰ ‘ਦੀਪਕਮਲ’ ਹੈ। ਇਸ ਦਾ ਨਿਰਮਾਣ ਅਤੇ ਉਦਘਾਟਨ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਇਆ, ਜਿਸ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਉਨ੍ਹਾਂ ਦੇ ਮਾਤਾ ਜੀ ਉਨ੍ਹਾਂ ਨੂੰ ਖਰਚ ਕਰਨ ਲਈ ਜੋ ਪੈਸੇ ਦਿੰਦੇ ਸਨ, ਰਾਜ ਦਫ਼ਤਰ ਨਿਰਮਾਣ ਲਈ ਉਨ੍ਹਾਂ ਨੇ ਉਹ ਪੈਸੇ ਪਾਰਟੀ ਨੂੰ ਦੇ ਦਿੱਤੇ ਜਿਸ ਕਾਰਨ ਹੋਰ ਵਰਕਰਜ਼ ਵੀ ਯੋਗਦਾਨ ਦੇਣ ਲਈ ਪ੍ਰੇਰਿਤ ਹੋਏ।
ਜਦੋਂ 1998 ਵਿਚ ਹਿਮਾਚਲ ਵਿਧਾਨ ਸਭਾ ਸਮੇਂ ਤੋਂ ਪਹਿਲਾਂ ਭੰਗ ਹੋਈ, ਉਦੋਂ ਮੋਦੀ ਦੀ ਰਾਜਨੀਤਿਕ ਸੂਝ-ਬੂਝ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਭਾਜਪਾ ਅਤੇ ਹਿਮਾਚਲ ਵਿਕਾਸ ਕਾਂਗਰਸ (ਐੱਚ ਵੀ ਸੀ) ਵਿਚਕਾਰ ਗਠਜੋੜ ਕਰਵਾਇਆ, ਇਕ ਆਜ਼ਾਦ ਵਿਧਾਇਕ ਦਾ ਸਮਰਥਨ ਯਕੀਨੀ ਬਣਾਇਆ ਅਤੇ ਇੱਥੋਂ ਤੱਕ ਕਿ ਕਾਂਗਰਸ ਨੇਤਾ ਠਾਕੁਰ ਗੁਲਾਬ ਸਿੰਘ ਨੂੰ ਸਪੀਕਰ ਦੇ ਅਹੁਦੇ ਲਈ ਚੋਣਾਂ ਵਿਚ ਉਤਾਰਨ ਲਈ ਤਿਆਰ ਕਰ ਲਿਆ। ਇਸ ਦੇ ਨਤੀਜੇ ਵਜੋਂ ਕਾਂਗਰਸ ਦੀ ਗਿਣਤੀ ਘਟ ਹੋਈ ਅਤੇ ਪ੍ਰੇਮ ਕੁਮਾਰ ਧੂਮਲ ਦੀ ਅਗਵਾਈ ਵਿਚ ਭਾਜਪਾ-ਐੱਚ ਵੀ ਸੀ ਸਰਕਾਰ ਦਾ ਗਠਨ ਸੰਭਵ ਹੋ ਸਕਿਆ।
ਹਿਮਾਚਲ ਨਾਲ ਉਨ੍ਹਾਂ ਦਾ ਸਬੰਧ ਸਿਰਫ ਰਾਜਨੀਤੀ ਤੱਕ ਸੀਮਤ ਨਹੀਂ ਰਿਹਾ। ਇੱਥੋਂ ਮਿਲੀ ਸਿੱਖ ਨੂੰ ਉਨ੍ਹਾਂ ਨੇ ਅੱਗੇ ਵੀ ਲਾਗੂ ਕੀਤਾ। ਸੋਲਨ ਦੀ ਮਸ਼ਰੂਮ ਖੇਤੀ ਨੂੰ ਉਨ੍ਹਾਂ ਨੇ ਬਾਅਦ ਵਿਚ ਗੁਜਰਾਤ ਵਿਚ ਹੁਲਾਰਾ ਦਿੱਤਾ।
ਉਨ੍ਹਾਂ ਦੀ ਯਾਦਦਾਸ਼ਤ ਸ਼ਕਤੀ ਵੀ ਇਸ ਜੁੜਾਅ ਨੂੰ ਹੋਰ ਵਿਸ਼ੇਸ਼ ਬਣਾਉਂਦੀ ਹੈ- ਵਰ੍ਹਿਆਂ ਪੁਰਾਣੇ ਵਰਕਰਾਂ ਅਤੇ ਪੱਤਰਕਾਰਾਂ ਨੂੰ ਉਹ ਅੱਜ ਵੀ ਨਾਮ ਲੈ ਕੇ ਪਛਾਣਦੇ ਹਨ। 2017 ਵਿਚ ਸ਼ਿਮਲਾ ਵਿਚ ਇਕ ਸਮਾਗਮ ਵਿਚ ਉਨ੍ਹਾਂ ਨੇ ਸਟੇਜ ਤੋਂ ਕਈ ਪੁਰਾਣੇ ਸਾਥੀਆਂ ਨੂੰ ਨਾਮ ਲੈ ਕੇ ਸੰਬੋਧਨ ਕੀਤਾ ਅਤੇ ਸਮਾਗਮ ਦੇ ਬਾਅਦ ਇੰਡੀਅਨ ਕੌਫੀ ਹਾਊਸ ਪਹੁੰਚ ਕੇ ਉੱਥੋਂ ਦੀ ਕੌਫੀ ਦਾ ਆਨੰਦ ਲਿਆ, ਜਿਸਦਾ ਜ਼ਿਕਰ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਵੀ ਕੀਤਾ।
2019 ਦੇ ਲੋਕ ਸਭਾ ਚੋਣ ਅਭਿਆਨ ਦੌਰਾਨ ਸੋਲਨ ਵਿਚ ਉਨ੍ਹਾਂ ਨੇ ਸਟੇਜ ਤੋਂ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਮਨੋਹਰ ਜੀ ਦੇ ਛੋਲਿਆਂ ਦਾ ਵੀ ਜ਼ਿਕਰ ਕੀਤਾ। ਅਜਿਹੀਆਂ ਉਦਾਹਰਣਾਂ ਇਹ ਦਰਸਾਉਂਦੀਆਂ ਹਨ ਕਿ ਹਿਮਾਚਲ ਨਾਲ ਨਰਿੰਦਰ ਮੋਦੀ ਦਾ ਰਿਸ਼ਤਾ ਸਿਰਫ਼ ਕਰਤੱਵ ਤੱਕ ਸੀਮਤ ਨਹੀਂ, ਸਗੋਂ ਉਨ੍ਹਾਂ ਦੀਆਂ ਯਾਦਾਂ, ਰੁਚੀਆਂ ਅਤੇ ਜੀਵਨ ਦੇ ਤਜਰਬਿਆਂ ਦਾ ਹਿੱਸਾ ਹੈ - ਅਤੇ ਇਸ ਰਿਸ਼ਤੇ ਦੇ ਹੋਰ ਵੀ ਪਹਿਲੂ ਸਮੇਂ-ਸਮੇਂ ’ਤੇ ਸਾਹਮਣੇ ਆਉਂਦੇ ਰਹਿੰਦੇ ਹਨ।
ਅੱਜ ਪ੍ਰਧਾਨ ਮੰਤਰੀ ਵਜੋਂ ਉਹ ਹਿਮਾਚਲ ਨੂੰ ਵਿਸ਼ੇਸ਼ ਤਰਜੀਹ ਦਿੰਦੇ ਹਨ- ਭਾਵੇਂ ਉਹ ਰੋਹਤਾਂਗ ਟਨਲ ਦਾ ਨਿਰਮਾਣ ਹੋਵੇ ਜਾਂ ਟੂਰਿਜ਼ਮ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ। ਹਿਮਾਚਲ ਨੇ ਨਰਿੰਦਰ ਮੋਦੀ ਨੂੰ ਆਪਣੇਪਣ, ਵਿਸ਼ਵਾਸ ਅਤੇ ਸਿੱਖ ਦਿੱਤੀ ਅਤੇ ਬਦਲੇ ਵਿਚ ਮੋਦੀ ਨੇ ਹਿਮਾਚਲ ਨੂੰ ਨਵੀਂ ਊਰਜਾ, ਵਿਕਾਸ ਅਤੇ ਮਾਣ ਦੀ ਪਛਾਣ ਦਿੱਤੀ। ਇਹੀ ਰਿਸ਼ਤਾ ਇਸ ਵਿਲੱਖਣ ਅਧਿਆਏ ਨੂੰ ਪੂਰਣਤਾ ਵੀ ਦਿੰਦਾ ਹੈ ਅਤੇ ਭਵਿੱਖ ਦੇ ਲਈ ਸੰਭਾਵਨਾਵਾਂ ਦੇ ਦਰਵਾਜ਼ੇ ਵੀ ਖੋਲ੍ਹਦਾ ਹੈ।
ਪ੍ਰੇਮ ਕੁਮਾਰ ਧੂਮਲ (ਸਾਬਕਾ ਮੁੱਖ ਮੰਤਰੀ, ਹਿਮਾਚਲ ਪ੍ਰਦੇਸ਼)