ਸਿਰਫ ਜੰਗ ਦਾ ਹੀ ਸਹਾਰਾ ਲੈਂਦੇ ਹਨ ਕਮਜ਼ੋਰ ਦੇਸ਼
Friday, Sep 26, 2025 - 04:13 PM (IST)

ਦੇਸ਼ ਦੇ ਹੋਰ ਹਿੱਸਿਆਂ ਵਾਂਗ ਪੰਜਾਬ ’ਚ ਵੀ ਬਾਰਿਸ਼ ਨੇ ਤਬਾਹੀ ਮਚਾਈ ਹੈ। ਇਸ ਸਾਲ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ। ਜ਼ਿਆਦਾਤਰ ਸੂਬਿਆਂ ’ਚ ਫਸਲਾਂ ਬਰਬਾਦ ਹੋ ਗਈਆਂ ਹਨ। ਪੰਜਾਬ ’ਚ ਵੀ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਮੁੰਬਈ ਸ਼ਹਿਰ ਨੂੰ ਅਗਲੇ ਮਾਨਸੂਨ ਤੱਕ ਕਾਫੀ ਪਾਣੀ ਦੀ ਲੋੜ ਹੈ, ਇਸ ਦੇ ਲਈ ਸ਼ਹਿਰ ਦੇ ਆਸਪਾਸ ਦੀਆਂ 7 ਝੀਲਾਂ ਤੋਂ ਪਾਣੀ ਦੀ ਲੋੜ ਹੈ। ਇਸ ਸਾਲ ਮੁੰਬਈ ਨੂੰ ਪਾਣੀ ਦੀ ਸਪਲਾਈ ਕਰਨ ਵਾਲੀਆਂ ਝੀਲਾਂ ਮਾਨਸੂਨ ਦੇ ਪਰਤਣ ਤੋਂ ਇਕ ਮਹੀਨੇ ਪਹਿਲਾਂ ਹੀ ਬਹੁਤਾਤ ’ਚ ਆ ਗਈਆਂ। ਆਉਣ ਵਾਲੇ ਸਾਲ ’ਚ ਸ਼ਹਿਰ ਦੇ ਨਿਵਾਸੀਆਂ ਨੂੰ ਪਾਣੀ ਦੀ ਕੋਈ ਕਮੀ ਨਹੀਂ ਹੋਵੇਗੀ।
ਦਿੱਲੀ ਦੀ ਗੱਦੀ ’ਤੇ ਬੈਠਣ ਦੇ ਬਾਅਦ ਤੋਂ ਹੀ ਸਾਡੇ ਪ੍ਰਧਾਨ ਮੰਤਰੀ ‘ਵਿਕਾਸ’ ਨੂੰ ਵਾਰ-ਵਾਰ ਦੁਹਰਾਉਂਦੇ ਰਹੇ ਹਨ। ਉੱਤਰਾਖੰਡ ਦੇ ਧਾਰਮਿਕ ਸਥਾਨਾਂ ਦੇ ਸੈਲਾਨੀਆਂ ਕਾਰਨ ਨਿਸ਼ਚਿਤ ਤੌਰ ’ਤੇ ਲਾਭ ਹੋਇਆ ਹੈ ਪਰ ਹਿਮਾਲਿਆਈ ਖੇਤਰ ’ਚ ‘ਵਿਕਾਸ’ ਦੇ ਨਕਾਰਾਤਮਕ ਪਹਿਲੂਆਂ ਨੂੰ ਗਣਨਾ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਪਹਾੜੀ ਸੂਬਿਆਂ ’ਚ ਆਈਆਂ ਆਫਤਾਂ ਦਾ ਅਸਰ ਪੰਜਾਬ ਸਮੇਤ ਹੇਠਲੇ ਮੈਦਾਨੀ ਇਲਾਕਿਆਂ ’ਤੇ ਵੀ ਪਿਆ ਹੈ। ਸੂਬਾ ਪਹਿਲਾਂ ਤੋਂ ਹੀ ਭਾਰੀ ਕਰਜ਼ੇ ’ਚ ਡੁੱਬਿਆ ਹੋਇਆ ਹੈ। ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਨਾਲ ਕਰਜ਼ਾ ਹੋਰ ਵਧ ਜਾਵੇਗਾ। ਮਦਦਦੇ ਲਈ ਮੋਦੀ ਸਰਕਾਰ ਨਾਲ ਸੰਪਰਕ ਕਰਨਾ ਹੋਵੇਗਾ। ਅਜਿਹੇ ਦੁਖਦਾਈ ਸਮੇਂ ’ਚ ਪੀੜਤ ਲੋਕ ਆਪਣੀ ਦੁਰਦਸ਼ਾ ਦਾ ਕਾਰਨ ਜਾਣਨ ਲਈ ਰੁਕਦੇ ਨਹੀਂ ਹਨ। ਉਹ ਸੱਤਾਧਾਰੀ ਦਲ ’ਤੇ ਦੋਸ਼ ਮੜਦੇ ਹਨ! ਇਹ ਇਕ ਸਰਵਵਿਆਪੀ ਘਟਨਾ ਹੈ।
ਕੁਦਰਤ ਦੇ ਇਸ ਹਮਲੇ ਨੂੰ ਘੱਟ ਕਰਨ ਲਈ ਪੰਜਾਬ ਦੇ ਲੋਕ ਐਤਵਾਰ ਸ਼ਾਮ ਦੁਬਈ ’ਚ ਹੋਏ ਸੁਪਰ-4 ਪੜਾਅ ਦੇ ਪਹਿਲੇ ਮੈਚ ’ਚ ਪਾਕਿਸਤਾਨ ’ਤੇ ਭਾਰਤੀ ਕ੍ਰਿਕਟ ਦੀ ਜਿੱਤ ਦਾ ਸਹਾਰਾ ਲੈ ਸਕਦੇ ਹਨ। ਇਹ ਮੈਚ ਇਕ ਹਫਤਾ ਪਹਿਲਾਂ ਹੋਏ ਪਿਛਲੇ ਲੀਗ ਮੈਚ ਦੀ ਤਰ੍ਹਾਂ ਇਕ ਤਰਫਾ ਨਹੀਂ ਸੀ। ਪਾਕਿਸਤਾਨੀਆਂ ਨੇ ਇਸ ਵਾਰ ਬਹਾਦਰੀ ਨਾਲ ਖੇਡਿਆ। ਉਨ੍ਹਾਂ ਨੇ ਸਿਰਫ 5 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਇਹ ਬਚਾਅ ਲਈ ਇਕ ਬਹੁਤ ਹੀ ਚੰਗਾ ਸਕੋਰ ਸੀ।
ਪਰ ਭਾਰਤ ਦੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਪੰਜਾਬ ਮੂਲ ਦੇ 2 ਬੱਲੇਬਾਜ਼ਾਂ ਦਾ ਵਿਚਾਰ ਕੁਝ ਹੋਰ ਹੀ ਸੀ। ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਪਹਿਲੀ ਵਿਕਟ ਲਈ 105 ਦੌੜਾਂ ਜੋੜੀਆਂ ਅਤੇ ਛੱਕੇ-ਚੌਕੇ ਲਗਾਏ, ਜਿਸ ਨਾਲ ਦਰਸ਼ਕ ਗੈਲਰੀ ’ਚ ਬੈਠੇ ਭਾਰਤੀ ਦਰਸ਼ਕ ਖੁਸ਼ ਹੋ ਗਏ। ਬੇਸ਼ੱਕ ਪਾਕਿਸਤਾਨੀ, ਜਿਨ੍ਹਾਂ ਦੀ ਮੌਜੂਦਗੀ ਸਾਡੇ ਦੇਸ਼ ਦੇ ਖਿਡਾਰੀਆਂ ਦੇ ਬਰਾਬਰ ਸੀ, ਉਹ ਖੁਸ਼ ਨਹੀਂ ਸਨ।
ਉਨ੍ਹਾਂ ਨੂੰ ਉਦੋਂ ਵੀ ਚੰਗਾ ਨਹੀਂ ਲੱਗਾ ਜਦੋਂ ਸਾਡੀ ਟੀਮ ਨੇ ਆਪਣੇ ਵਿਰੋਧੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਜੋ ਉਨ੍ਹਾਂ ਨੂੰ ਪਹਿਲੇ ਮੁਕਾਬਲੇ ’ਚ ਚਿਰਾਂ ਤੋਂ ਉਡੀਕੀ ਜਾ ਰਹੀ ਜਿੱਤ ’ਤੇ ਵਧਾਈ ਦੇਣਾ ਚਾਹੁੰਦੇ ਸਨ। ਖੇਡ ਆਯੋਜਨਾਂ ਦੀ ਸ਼ੁਰੂਆਤ ਅਤੇ ਸਮਾਪਨ ’ਤੇ ਹੱਥ ਮਿਲਾਉਣਾ ਖੇਡ ਸ਼ਿਸ਼ਟਾਚਾਰ ਦਾ ਹਿੱਸਾ ਹੈ। ਨਿੱਜੀ ਤੌਰ ’ਤੇ ਮੈਂ ਇਸ ਸ਼ਿਸ਼ਟਾਚਾਰ ਦੀ ਪਾਲਣਾ ਕਰਨ ਦੇ ਪੱਖ ’ਚ ਹਾਂ ਪਰ ਟੀਮ ਨੂੰ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਵਲੋਂ ਨਿਰਦੇਸ਼ ਦਿੱਤਾ ਗਿਆ ਹੋਵੇਗਾ ਕਿ ਉਹ ਪਾਕਿਸਤਾਨ ਵਲੋਂ ਅੱਤਵਾਦ ਦਾ ਸਹਾਰਾ ਲੈਣ ਵਿਰੁੱਧ ਸਾਡੇ ਦੇਸ਼ ਦੇ ਗੁੱਸੇ ਨੂੰ ਜ਼ਾਹਿਰ ਕਰਨ ਲਈ ਹੱਥ ਮਿਲਾਉਣ ਤੋਂ ਬਚਣ। ਯਾਦ ਰੱਖੋ ਕਿ ਸਿਰਫ ਕਮਜ਼ੋਰ ਦੇਸ਼ ਹੀ ਇਸ ਘੱਟ ਲਾਗਤ ਵਾਲੇ ਯੁੱਧ ਦਾ ਸਹਾਰਾ ਲੈਂਦੇ ਹਨ ਕਿਉਂਕਿ ਉਹ ਰਵਾਇਤੀ ਜੰਗ ’ਚ ਮਜ਼ਬੂਤ ਦੇਸ਼ ਦਾ ਸਾਹਮਣਾ ਨਹੀਂ ਕਰ ਸਕਦੇ।
ਬਦਕਿਸਮਤੀ ਨਾਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੱਗਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਅਤੇ ਪਾਕਿਸਤਾਨੀ ਫੌਜ ਮੁਖੀ ਜਨਰਲ ਮੁਨੀਰ ਦੇ ਨਾਲ ਉਨ੍ਹਾਂ ਦੀ ਗੱਲਬਾਤ ਨੇ ਹੀ ਦੋਵਾਂ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਨੂੰ ਦੁਸ਼ਮਣੀ ਵਧਾਉਣ ਤੋਂ ਰੋਕਿਆ। ਉਨ੍ਹਾਂ ਨੇ ਸ਼ਾਇਦ ਅਨੁਮਾਨ ਲਗਾਇਆ ਹੋਵੇਗਾ ਕਿ ਇਹ ਦੋਸਤਾਨਾ ਗੱਲਬਾਤ ਹੀ ਉਨ੍ਹਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਦੀ ਟਿਕਟ ਸਾਬਤ ਹੋਵੇਗੀ।
ਕੌਣ ਜਾਣੇ, ਜੇਕਰ ਉਹ ਰੂਸ-ਯੂਕ੍ਰੇਨ ਯੁੱਧ ਨੂੰ ਰੋਕਣ ਵਿਚ ਕਾਮਯਾਬ ਹੋ ਜਾਂਦੇ ਹਨ ਜਾਂ ਬੈਂਜਾਮਿਨ ਨੇਤਨਯਾਹੂ ਨੂੰ ਗਾਜ਼ਾ ਵਿਚ ਨਿਰਦੋਸ਼ ਔਰਤਾਂ ਅਤੇ ਬੱਚਿਆਂ ਦੇ ਕਤਲੇਆਮ ਨੂੰ ਰੋਕਣ ਲਈ ਮਨਾ ਲੈਂਦੇ ਹਨ, ਤਾਂ ਉਨ੍ਹਾਂ ਨੂੰ ਇਹ ਪੁਰਸਕਾਰ ਮਿਲ ਵੀ ਸਕਦਾ ਹੈ। ਦਰਅਸਲ, ਇੱਥੇ ਹੀ ਇਕ ਧਰੁਵੀ ਸੰਸਾਰ ਵਿਚ ਉਨ੍ਹਾਂ ਦੇ ਪ੍ਰਭਾਵ ਦੀ ਪ੍ਰੀਖਿਆ ਹੋਵੇਗੀ। ਟਰੰਪ ਨੂੰ ਆਪਣੇ ਦੋਸਤ ਤੋਂ ਫਿਲਿਸਤੀਨ ਨੂੰ ਇਕ ਵੱਖਰੇ ਰਾਜ ਵਜੋਂ ਸਵੀਕਾਰ ਕਰਵਾਉਣਾ ਹੋਵੇਗਾ, ਜਿਵੇਂ ਕਿ ਬ੍ਰਿਟੇਨ, ਆਸਟ੍ਰੇਲੀਆ ਅਤੇ ਕੈਨੇਡਾ ਨੇ ਕੀਤਾ ਹੈ ਅਤੇ ਇਸ ਨਾਲ ਨੋਬਲ ਪੁਰਸਕਾਰ ਲਈ ਉਸ ਦਾ ਰਸਤਾ ਸਾਫ਼ ਹੋ ਜਾਵੇਗਾ।
ਨਵਰਾਤਰੀ ਦੇ ਸ਼ੁੱਭ ਮੌਕੇ ’ਤੇ ਖਪਤਕਾਰਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਤੋਹਫ਼ੇ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਮੈਂ ਪੂਰੀ ਤਰ੍ਹਾਂ ਨਾਲ ਆਸਵੰਦ ਨਹੀਂ ਹਾਂ। ਕੀ ਵਪਾਰੀ ਜੋ ਮੋਦੀ ਦੇ ਕੱਟੜ ਸਮਰਥਕ ਹਨ, ਪ੍ਰਧਾਨ ਮੰਤਰੀ ਦੀ ਇਸ ਉਦਾਰਤਾ ਦਾ ਲਾਭ ਆਮ ਆਦਮੀ ਤੱਕ ਪਹੁੰਚਾਉਣਗੇ? ਪੈਸੇ ਦੇ ਕੀੜੇ ਨੇ ਸਾਡੇ ਉਨ੍ਹਾਂ ਸਾਰੇ ਨਾਗਰਿਕਾਂ ਨੂੰ ਡੰਗ ਲਿਆ ਹੈ ਜਿਨ੍ਹਾਂ ਕੋਲ ਜਲਦੀ ਪੈਸੇ ਕਮਾਉਣ ਦਾ ਮੌਕਾ ਹੈ! ਪ੍ਰਧਾਨ ਮੰਤਰੀ ਨੂੰ ਆਪਣੇ ਚੰਗੇ ਕੰਮਾਂ ਨੂੰ ਲਾਗੂ ਕਰਨ ’ਤੇ ਸਖਤ ਨਿਗਰਾਨੀ ਰੱਖਣ ਦਾ ਹੁਕਮ ਦੇਣਾ ਚਾਹੀਦਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਉਨ੍ਹਾਂ ਦੇ ਆਪਣੇ ਫਾਲੋਅਰਜ਼ ਉਨ੍ਹਾਂ ਦੇ ਇਸ ਨੇਕ ਵਿਚਾਰ ਦਾ ਪੂਰਾ ਸਿਹਰਾ ਉਨ੍ਹਾਂ ਤੋਂ ਖੋਹ ਲੈਣ।
ਮੈਨੂੰ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਹੈ ਕਿ ਜੀ. ਐੱਸ. ਟੀ. ’ਚ ਕਟੌਤੀ ਕਿਵੇਂ ਲਾਗੂ ਹੋਣ ਵਾਲੀ ਹੈ! ਜਨਤਕ ਤੌਰ ’ਤੇ ਘੋਸ਼ਣਾ ਕੀਤੀ ਗਈ ਸੀ ਕਿ 22 ਸਤੰਬਰ ਤੋਂ ਸਿਹਤ ਬੀਮਾ ਪਾਲਿਸੀਆਂ ’ਤੇ ਕੋਈ ਜੀ. ਐੱਸ. ਟੀ. ਨਹੀਂ ਲੱਗੇਗਾ। ਮੇਰੀ ਸਿਹਤ ਬੀਮਾ ਪਾਲਿਸੀ ਦਾ ਨਵੀਨੀਕਰਨ 1 ਅਕਤੂਬਰ ਨੂੰ ਹੋਣਾ ਸੀ। ਮੈਂ ਆਮ ਤੌਰ ’ਤੇ ਰਿਮਾਈਂਡਰ ਮਿਲਦੇ ਹੀ ਭੁਗਤਾਨ ਕਰ ਦਿੰਦਾ ਹਾਂ ਪਰ ਇਸ ਸਾਲ ਮੈਂ ਆਪਣੇ ਦਿਆਲੂ ਪ੍ਰਧਾਨ ਮੰਤਰੀ ਦੇ ਤੋਹਫੇ ਦਾ ਲਾਭ ਉਠਾਉਣ ਲਈ 22 ਸਤੰਬਰ ਤੱਕ ਭੁਗਤਾਨ ਟਾਲ ਦਿੱਤਾ। 18 ਫੀਸਦੀ ਜੀ. ਐੱਸ. ਟੀ. ਵਾਲੀ ਰਾਸ਼ੀ ਮੇਰੇ ਬੈਂਕ ਖਾਤੇ ’ਚ ਹੀ ਰਹੇਗੀ! ਪਰ ਬੀਮਾ ਕੰਪਨੀ ਨੇ ਮੇਰੇ ਉਤਸ਼ਾਹ ਨੂੰ ਸਵੀਕਾਰ ਨਹੀਂ ਕੀਤਾ। ਉਸ ਨੇ ਫੈਸਲਾ ਸੁਣਾਇਆ ਕਿ ਜ਼ੀਰੋ ਜੀ. ਐੱਸ. ਟੀ. ਸਿਰਫ ‘ਪ੍ਰਚੂਨ ਗਾਹਕਾਂ’ ਜਾਂ ਜੋ ਵੀ ਇਸ ਦਾ ਮਤਲਬ ਹੋਵੇ, ਲਈ ਹੈ ਕਿਉਂਕਿ ਮੇਰੀ ਪਾਲਿਸੀ ਲਗਭਗ 30 ਸਾਲ ਜਾਂ ਉਸ ਤੋਂ ਵੀ ਪਹਿਲਾਂ ਬੈਂਕ ਰਾਹੀਂ ਲਈ ਗਈ ਸੀ, ਇਸ ਲਈ ਮੈਨੂੰ 18 ਫੀਸਦੀ ਜੀ. ਐੱਸ. ਟੀ. ਦਾ ਭੁਗਤਾਨ ਕਰਨਾ ਪਿਆ, ਇਸ ਤੱਥ ਦੇ ਬਾਵਜੂਦ ਕਿ ਪ੍ਰਧਾਨ ਮੰਤਰੀ ਦਾ ਨਵਾਂ ਫਾਰਮੂਲਾ ਨਵਰਾਤਰੀ ਦੇ ਦਿਨ ਲਾਗੂ ਹੋਇਆ ਸੀ।
ਕੀ ਸਰਕਾਰ ਵਲੋਂ ਐਲਾਨੀਆਂ ਹੋਰ ਜੀ. ਐੱਸ. ਟੀ. ਰਿਆਇਤਾਂ ’ਤੇ ਵੀ ਅਜਿਹੀਆਂ ‘ਬਚਾਅ ਵਿਵਸਥਾਵਾਂ’ ਹਨ? ਇਸ ਤਰ੍ਹਾਂ ਦੇ ਧੋਖੇ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਇਹ ਉਲਟਾ ਪੈ ਸਕਦਾ ਹੈ।
ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)