ਭ੍ਰਿਸ਼ਟਾਚਾਰ ਅਤੇ ਨੌਕਰਸ਼ਾਹੀ ’ਤੇ ਲਗਾਮ ਲਗਾਏ ਬਿਨਾਂ ਅਪ੍ਰਵਾਸੀਆਂ ਦਾ ਪਰਤਣਾ ਅਸੰਭਵ
Saturday, Sep 27, 2025 - 04:17 PM (IST)

ਭਾਰਤ ਤੋਂ ਹਰ ਸਾਲ ਵੱਡੀ ਗਿਣਤੀ ’ਚ ਨੌਜਵਾਨ ਪੜ੍ਹਾਈ ਅਤੇ ਰੋਜ਼ਗਾਰ ਲਈ ਵਿਦੇਸ਼ ਇਸ ਲਈ ਜਾਂਦੇ ਹਨ ਕਿ ਉਨ੍ਹਾਂ ਦੀ ਯੋਗਤਾ, ਪ੍ਰਤਿਭਾ ਦਾ ਮੁਲਾਂਕਣ ਇੱਥੇ ਨਹੀਂ ਹੁੰਦਾ, ਪੜ੍ਹਾਈ-ਲਿਖਾਈ ਦੀ ਸਹੂਲਤਾਂ ਜਿਵੇਂ ਉੱਥੇ ਹਨ, ਇੱਥੇ ਨਹੀਂ ਹਨ ਅਤੇ ਸਭ ਤੋਂ ਵੱਡੀ ਗੱਲ ਪੈਸਾ ਵੱਧ ਮਿਲਦਾ ਹੈ, ਉਸ ਦੇਸ਼ ਦੇ ਨਿਵਾਸੀਆਂ ਤੋਂ ਘੱਟ ਹੁੰਦਾ ਹੈ ਪਰ ਇੱਥੇ ਜ਼ਿਆਦਾ ਹੁੰਦਾ ਹੈ। ਮੌਜੂਦਾ ਸਮੇਂ ’ਚ ਲਗਭਗ 18 ਲੱਖ ਭਾਰਤੀ ਵਿਦਿਆਰਥੀਆ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ ਵਰਗੇ ਦੇਸ਼ਾਂ ’ਚ ਉੱਚ ਸਿੱਖਿਆ ਹਾਸਲ ਕਰ ਰਹੇ ਹਨ। ਵਿਦੇਸ਼ਾਂ ਵਿਚ ਭਾਰਤੀਆਂ ਦੀ ਗਿਣਤੀ ਦਾ ਕੋਈ ਅਧਿਕਾਰਤ ਅੰਕੜਾ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਉਹ ਕਰੋੜਾਂ ’ਚ ਹੋਣਗੇ ਅਤੇ ਉਨ੍ਹਾਂ ਦੇਸ਼ਾਂ ਨੂੰ ਖੁਸ਼ਹਾਲ ਬਣਾਉਣ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਕੋਈ ਕਿਉਂ ਆਵੇਗਾ ? : ਸਾਡੇ ਪ੍ਰਧਾਨ ਮੰਤਰੀ ਦਾ ਸੰਕਲਪ ਹੈ ਕਿ ਚਿਪ ਤੋਂ ਲੈ ਕੇ ਸ਼ਿਪ ਤੱਕ ਦਾ ਨਿਰਮਾਣ ਭਾਰਤ ’ਚ ਹੋਵੇ ਅਤੇ ਭਾਵੇਂ ਜਿੱਥੇ ਵੀ ਬਣੇ ਕੋਈ ਵੀ ਬਣਾਏ ਭਾਰਤ ’ਚ ਬਣੇ ਹੋਣ ਦਾ ਲੈਵਲ ਲੱਗਿਆ ਹੋਣਾ ਚਾਹੀਦਾ ਹੈ। ਇਹੀ ਆਤਮ- ਨਿਰਭਰ ਭਾਰਤ ਦੀ ਪਛਾਣ ਬਣੇ। ਇਸ ’ਚ ਵਿਦੇਸ਼ਾਂ ’ਚ ਵਸੇ ਭਾਰਤੀਆਂ ਦਾ ਯੋਗਦਾਨ ਹੋਵੇ ਅਤੇ ਉਹ ਆਪਣੇ ਦੇਸ਼ ਪਰਤ ਆਉਣ। ਸਵਾਲ ਇਹ ਹੈ ਕਿ ਕੀ ਉਹ ਭਾਰਤ ਆਉਣਗੇ? ਇਸ ਦਾ ਵਿਸ਼ਲੇਸ਼ਣ ਕਰਨਾ, ਅਸਲੀਅਤ ਨੂੰ ਸਮਝਣਾ ਅਤੇ ਇਸ ਨੂੰ ਲੈ ਕੇ ਅੱਜ ਦੇਸ਼ ਭਰ ’ਚ ਚਰਚਾ ਹੋਣੀ ਜ਼ਰੂਰੀ ਹੈ।
ਅਕਸਰ ਜਦੋਂ ਅਸੀਂ ਆਪਣੇ ਹੀ ਦੇਸ਼ ’ਚ ਵਪਾਰ, ਕਾਰੋਬਾਰ ਜਾਂ ਰੋਜ਼ਗਾਰ ਜਾਂ ਫਿਰ ਘੁੰਮਣ ਫਿਰਨ-ਭਾਵ ਸੈਰ ਸਪਾਟੇ ਲਈ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਵੱਖਰੀਆਂ ਪਾਉਂਦੇ ਹਾਂ ਅਤੇ ਉਨ੍ਹਾਂ ਦੀ ਤੁਲਨਾ ਕਰਦੇ ਹਾਂ। ਉਦਾਹਰਣ ਵਜੋਂ ਕੋਈ ਅਜਿਹੀ ਸੜਕ ਜੋ 20-30 ਸਾਲ ਪਹਿਲਾਂ ਬਣੀ ਹੋਵੇਗੀ ਪਰ ਅੱਜ ਵੀ ਇਕਦਮ ਚਮਚਮਾਉਂਦੀ ਹੋਈ ਦਿਸੇਗੀ। ਤੁਰੰਤ ਤੁਸੀਂ ਸੋਚਣ ਲੱਗਦੇ ਹੋ ਕਿ ਤੁਹਾਡੇ ਸ਼ਹਿਰ, ਕਸਬੇ ਅਤੇ ਪਿੰਡ ’ਚ ਸੜਕ ਹੈ ਪਰ ਟੁੱਟੀ ਹੋਈ। ਸਾਲਾਂ ਤੋਂ ਬਿਨਾਂ ਮੁਰੰਮਤ, ਬਰਸਾਤ ’ਚ ਟੋਏ, ਤਿਲਕਣ ਅਤੇ ਕਾਈ, ਚਿੱਕੜ ਨਾਲ ਭਰੀਆਂ ਨਾਲੀਆਂ, ਗਲੀਆਂ ’ਚ ਕੀ ਮੁੱਖ ਸੜਕਾਂ ’ਤੇ ਵੀ ਪਾਣੀ ਦਾ ਭਰੇ ਹੋਣਾ ਅਤੇ ਨਿਕਾਸੀ ਦਾ ਕੋਈ ਇੰਤਜ਼ਾਮ ਨਹੀਂ ਅਤੇ ਅਖਬਾਰ ਟੀ.ਵੀ. ’ਤੇ ਇਹ ਸੂਚਨਾ ਕਿ ਇਹ ਤਾਂ ਪਿਛਲੇ ਦਿਨੀਂ ਹੀ ਬਣਾਈ ਗਈ ਸੀ ਅਤੇ ਪਹਿਲੀ ਬਰਸਾਤ ਵੀ ਨਹੀਂ ਝੱਲ ਸਕੀ। ਵਿਸ਼ੇਸ਼ ਇਹ ਕਿ ਇਹ ਸਥਿਤੀ ਮਹਾਨਗਰ ਤੋਂ ਲੈ ਕੇ ਨਗਰ ਨਿਗਮਾਂ ਤੱਕ ਦੀ ਹੈ।
ਦੂਜੀ ਗੱਲ ਪੁਲਸ, ਪ੍ਰਸ਼ਾਸਨ ਅਤੇ ਕਾਨੂੰਨ ਵਿਵਸਥਾ ਦੀ ਹੈ। ਆਪਣੇ ਦੇਸ਼ ਹੀ ’ਚ ਕਿਤੇ ਤਾਂ ਇਕਦਮ ਦਰੁਸਤ, ਚਕਾ-ਚੌਂਧ, ਸ਼ਾਂਤੀਪੂਰਨ ਜੀਵਨ ਦੀ ਝਲਕ ਬਦਕਿਸਮਤੀ ਨਾਲ ਬਹੁਤ ਘੱਟ ਥਾਵਾਂ ’ਤੇ, ਜ਼ਿਆਦਾਤਰ ਅਸਤ-ਵਿਅਸਤ, ਜਿਸ ਦੀ ਲਾਠੀ ਉਸ ਦੀ ਭੈਂਸ ਦੀ ਉਦਾਹਰਣ, ਲੁੱਟ-ਖੋਹ ਦਾ ਵਾਤਾਵਰਣ, ਪ੍ਰਦੂਸ਼ਣ ਅਤੇ ਚੌਗਿਰਦੇ ਦਾ ਸੰਕਟ, ਚੁਰਾਹਿਆਂ, ਬਾਜ਼ਾਰਾਂ, ਜਨਤਕ ਥਾਵਾਂ ’ਤੇ ਹਨੇਰੇ ਦਾ ਸਾਮਰਾਜ, ਖੁੱਲ੍ਹੇ ਮੈਨਹੋਲ, ਪੈਦਲ ਚੱਲਣਾ ਹੋਵੇ ਤਾਂ ਫੁੱਟਪਾਥ ’ਤੇ ਦੁਕਾਨਦਾਰਾਂ, ਵਪਾਰੀਆਂ ਦਾ ਕਬਜ਼ਾ, ਟ੍ਰੈਫਿਕ ਦਾ ਇਹ ਹਾਲ ਕਿ 10 ਮਿੰਟ ਦੀ ਦੂਰੀ ਤੈਅ ਕਰਨ ’ਚ ਘੰਟਿਆਂ ਤੱਕ ਲੱਗ ਜਾਣਾ, ਔਰਤਾਂ ਨਾਲ ਛੇੜਛਾੜ ਅਤੇ ਬਜ਼ੁਰਗ ਲੋਕਾਂ ਨੂੰ ਧੱਕੇ ਦੇਣ ਤੋਂ ਲੈ ਕੇ ਉਨ੍ਹਾਂ ਨੂੰ ਹਾਦਸੇ ਦਾ ਸ਼ਿਕਾਰ ਬਣਦੇ ਆਪਣੇ ਸਾਹਮਣੇ ਦੇਖਣਾ ਆਮ ਅਤੇ ਸਭ ਤੋਂ ਵੱਡੀ ਚੁਣੌਤੀ ਹੈ। ਜੇਕਰ ਅਧਿਕਾਰੀਆਂ ਤੱਕ ਆਪਣੀ ਪ੍ਰੇਸ਼ਾਨੀ ਪਹੁੰਚਾਉਣ ਦਾ ਜੁਗਾੜ ਕਰ ਵੀ ਲਿਆ ਤਾਂ ਗੈਰ-ਸਮਾਜੀ ਤੱਤਾਂ ਤੋਂ ਆਪਣੀ ਜਾਨ ਬਚਾਉਣ ਤੱਕ ਦਾ ਜ਼ੋਖਮ ਉਠਾਉਣ ਦੇ ਲਈ ਤਿਆਰ ਰਹਿਣਾ ਹੋਵੇਗਾ।
ਜਦੋਂ ਇਹ ਹਾਲਾਤ ਹੋਣ ਅਤੇ ਦੇਸ਼ ’ਚ ਹੀ ਇਕ ਤੋਂ ਦੂਜੇ ਸਥਾਨ ’ਤੇ ਜਾਣ ਤੋਂ ਪਹਿਲਾਂ 100 ਵਾਰ ਸੋਚਿਆ ਜਾਂਦਾ ਹੈ ਤਾਂ ਫਿਰ ਵਿਦੇਸ਼ ਤੋਂ ਇੱਥੇ ਵਸਣ ਦੇ ਇਰਾਦੇ ਨਾਲ ਗਏ ਵਿਅਕਤੀ ਦਾ ਪਰਤਣ ਦੀ ਗੱਲ ਸੋਚਣਾ ਜ਼ੋਖਮ ਉਠਾਉਣ ਵਾਂਗ ਹੈ।
ਇਸ ਦੇ ਲਈ ਮਾਨਸਿਕ ਅਤੇ ਵਿਵਹਾਰਿਕ ਤੌਰ ’ਤੇ ਆਪਣੇ ਆਪ ਨੂੰ ਮਜ਼ਬੂਤ ਕਰਨਾ ਭਾਰਤ ਆਉਣ ਦੀ ਪਹਿਲੀ ਸ਼ਰਤ ਹੈ। ਜੇਕਰ ਸਰਕਾਰ ਚਾਹੁੰਦੀ ਹੈ ਤਾਂ ਵਿਦੇਸ਼ਾਂ ’ਚ ਬੇਸ ਬਣਾ ਚੁੱਕੇ ਭਾਰਤੀ ਵਾਪਸੀ ਕਰਨ ਤਾਂ ਇਹ ਉਦੋਂ ਤੱਕ ਸੰਭਵ ਨਹੀਂ ਜਦੋਂ ਤਕ ਉਨ੍ਹਾਂ ਲਈ ਉਹੋ ਜਿਹੀ ਪ੍ਰਸ਼ਾਸਨਿਕ ਪ੍ਰਕਿਰਿਆ ਸ਼ੁਰੂ ਨਹੀਂ ਹੁੰਦੀ ਜਿਹੋ ਜਿਹੀ ਉਨ੍ਹਾਂ ਨੂੰ ਵਿਦੇਸ਼ਾਂ ’ਚ ਮਿਲਦੀ ਹੈ। ਬਾਵਜੂਦ ਇਸ ਦੇ ਕਿ ਅਮਰੀਕਾ ਵਰਗੇ ਦੇਸ਼ਾਂ ’ਚ ਜਾਣਾ ਅਤੇ ਵਸਣਾ ਬਹੁਤ ਮਹਿੰਗਾ ਹੁੰਦਾ ਜਾ ਰਿਹਾ ਹੈ। ਇਹ ਨਿਸ਼ਚਿਤ ਹੈ ਕਿ ਜੇਕਰ ਥੋੜ੍ਹੇ ਜਿਹੇ ਵੀ ਲੋਕ ਭਾਰਤ ਵਾਪਸ ਆਉਂਦੇ ਹਨ ਤਾਂ ਇਹ ਇਕ ਕ੍ਰਾਂਤੀਕਾਰੀ ਬਦਲਾਅ ਹੋਵੇਗਾ ਕਿਉਂਕਿ ਉਹ ਆਪਣੇ ਨਾਲ ਆਪਣੀ ਪੂੰਜੀ ਤੋਂ ਇਲਾਵਾ ਉਨ੍ਹਾਂ ਦੇਸ਼ਾਂ ’ਚ ਕੰਮ ਕਰਨ ਦੀ ਸੋਚ ਅਤੇ ਤਰੀਕੇ ਵੀ ਲਿਆਉਣਗੇ।
ਜਾਣ ’ਤੇ ਪਾਬੰੰਦੀ ਅਤੇ ਪਰਤਣ ਦਾ ਕਰਾਰ : ਕੁਝ ਲੋਕ ਸੁਝਾਅ ਦਿੰਦੇ ਰਹਿੰਦੇ ਹਨ ਕਿ ਭਾਰਤ ਦੇ ਜੋ ਨੌਜਵਾਨ ਪੜ੍ਹਾਈ ਕਰਨ ਜਾਂਦੇ ਹਨ, ਉਨ੍ਹਾਂ ਨੂੰ ਇਸ ਪਾਬੰਦੀ ਦੇ ਨਾਲ ਜਾਣ ਦਿੱਤਾ ਜਾਵੇਗਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਵਾਪਸ ਆਉਣਗੇ ਅਤੇ ਇੱਥੇ ਨੌਕਰੀ, ਰੋਜ਼ਗਾਰ, ਕਾਰੋਬਾਰੀ ਕਰਨਗੇ। ਕੀ ਅਜਿਹਾ ਕਰਨਾ ਵਿਵਹਾਰਿਕ ਹੋਵੇਗਾ? ਕਤਈ ਨਹੀਂ ਕਿਉਂਕਿ ਦੇਸ਼ ’ਚ ਜੋ ਸਿੱਖਿਆ ਅਤੇ ਰੋਜ਼ਗਾਰ ਦਾ ਮਾਹੌਲ ਹੈ, ਵਿਦੇਸ਼ਾਂ ’ਚ ਪੜ੍ਹੇ ਲਿਖੇ ਨੌਜਵਾਨ ਬੋਝ ਹੀ ਸਾਬਿਤ ਹੋਣਗੇ।
ਲੋਕ ਕਹਿਣ ਲੱਗੇ ਹਨ ਕਿ ਕੁਝ ਦੇਸ਼ਾਂ ਵਾਂਗ ਨੌਜਵਾਨਾਂ ਦੇ ਵਿਦੇਸ਼ ਜਾਣ ’ਤੇ ਰੋਕ ਲਗਾ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਦੀ ਪ੍ਰਤਿਭਾ ਦੀ ਦੇਸ਼ ’ਚ ਹੀ ਵਰਤੋਂ ਹੋਵੇ। ਇਹ ਸੁਝਾਅ ਹੀ ਬਚਕਾਨਾ ਹੈ। ਸਭ ਤੋਂ ਪਹਿਲਾਂ ਤਾਂ ਸੰਵਿਧਾਨ ’ਤੇ ਵਿਸ਼ਵ ’ਚ ਕਿਤੇ ਵੀ ਜਾਣ ਦੀ ਆਜ਼ਾਦੀ ਹੈ। ਇਸ ਲਈ ਇਹ ਪਾਬੰਦੀ ਲਗਾਈ ਨਹੀਂ ਜਾ ਸਕਦੀ। ਦੂਜਾ ਵਿਦੇਸ਼ਾਂ ਤੋਂ ਕਮਾਈ ਦਾ ਜੋ ਹਿੱਸਾ ਵਿਦੇਸ਼ੀ ਮੁਦਰਾ ਦੇ ਰੂਪ ’ਚ ਭਾਰਤ ਆਉਂਦਾ ਹੈ ਉਹ ਬੰਦ ਹੋ ਜਾਵੇਗਾ।
ਤੀਜਾ ਬੇਰੋਜ਼ਗਾਰੀ ਵਧੇਗੀ ਜਿਸ ਨਾਲ ਪਹਿਲਾਂ ਹੀ ਸਾਡਾ ਦੇਸ਼ ਗ੍ਰਸਤ ਹੈ। ਚੌਥੀ ਗੱਲ ਇਹ ਹੈ ਕਿ ਜੋ ਲੋਕ ਵਿਦੇਸ਼ੀ ਰਹਿਣ ਸਹਿਣ ਅਪਣਾ ਚੁੱਕੇ ਹਨ ਅਤੇ ਉੱਥੇ ਉਪਲਬਧ ਸਹੂਲਤਾਂ ਦੇ ਆਧਾਰ ’ਤੇ ਜੀਵਨਸ਼ੈਲੀ ’ਚ ਆਪਣਾ ਆਪ ਢਾਲ ਚੁੱਕੇ ਹਨ, ਉਨ੍ਹਾਂ ਦੇ ਲਈ ਇੱਥੇ ਘੁਟਣ ਹੀ ਹੋਵੇਗੀ, ਨਿਰਾਸ਼ਾ ਅਤੇ ਤਣਾਅ ਵਧੇਗਾ ਅਤੇ ਫਾਇਦਾ ਹੋਣ ਦੀ ਥਾਂ ਨੁਕਸਾਨ ਜ਼ਿਆਦਾ ਹੋਵੇਗਾ।
ਉਦਾਹਰਣ ਵਜੋਂ ਪੰਜਾਬ ’ਚ ਇਹ ਪਹਿਲ ਸ਼ੁਰੂ ਹੋਈ ਹੈ ਕਿ ਉੱਥੇ ਵਿਦੇਸ਼ਾਂ ਤੋਂ ਆ ਕੇ ਖੇਤੀ, ਪਸ਼ੂ ਪਾਲਣ ਵਰਗੇ ਖੇਤਰਾਂ ’ਚ ਵਿਦੇਸ਼ੀ ਟੈਕਨਾਲੋਜੀ ਅਤੇ ਉਦਮਿੱਤਾ ਦੇ ਨਾਲ ਉਤਪਾਦਨ ਵਧਾਉਣ ਦੀ ਦਿਸ਼ਾ ’ਚ ਕੰਮ ਹੋ ਰਿਹਾ ਹੈ। ਇਹ ਸੋਚ ਅਨੇਕ ਸੂਬਿਆਂ ’ਚ ਲਿਆਂਦੀ ਜਾ ਸਕਦੀ ਹੈ। ਜਿੱਥੇ ਬਹੁਤ ਵੱਡੀ ਆਬਾਦੀ ਵਿਦੇਸ਼ਾਂ ’ਚ ਰਹਿ ਰਹੀ ਹੈ।
ਪ੍ਰਵਾਸੀ ਭਾਰਤੀਆਂ ਦਾ ਸਵਾਗਤ ਕਿਵੇਂ ਹੋਵੇ : ਇਸ ਦੇ ਲਈ ਸਰਕਾਰ ਇਸ ਕਿਸਮ ਦੀਆਂ ਨੀਤੀਆਂ ਬਣਾਏ ਕਿ ਦੂਜੇ ਦੇਸ਼ਾਂ ’ਚ ਜਾ ਕੇ ਉਨ੍ਹਾਂ ਦੀ ਅਰਥ ਵਿਵਸਥਾ ਦਾ ਹਿੱਸਾ ਬਣਨਾ ਅਾਕਰਸ਼ਕ ਨਾ ਰਹੇ। ਇਨਫ੍ਰਾਸਟ੍ਰਕਟਚਰ ਨੂੰ ਟਿਕਾਊ ਅਤੇ ਬਿਹਤਰ ਸਹੂਲਤਾਂ ਨਾਲ ਲੈਸ ਕਰਨਾ ਹੋਵੇਗਾ। ਪੁਰਾਣੇ ਨਿਯਮਾਂ ’ਚ ਬਦਲਾਅ ਕਰ ਕੇ ਪਾਰਦਰਸ਼ੀ ਵਿਵਸਥਾ ਯਕੀਨੀ ਕਰਨਾ ਹੋਵੇਗਾ ਅਤੇ ਜਿਹੜੇ ਲੋਕਾਂ ਦੀ ਆਦਤ ਬਿਨਾਂ ਕਿਸੇ ਲੈਣ ਦੇਣ ਕੋਈ ਕੰਮ ਨਾ ਹੋਣ ਦੇਣ ਅਤੇ ਹਰੇਕ ਕੰਮ ’ਚ ਅੜਚਣ ਪੈਦਾ ਕਰਨ ਦੀ ਹੈ, ਉਨ੍ਹਾਂ ਨੂੰ ਸਖਤ ਸਜ਼ਾ ਦੇਣੀ ਹੋਵੇਗੀ ਅਤੇ ਇਹ ਸਿਰਫ ਐੱਨ.ਆਰ.ਆਈ. ਲੋਕਾਂ ਦੇ ਲਈ ਨਹੀਂ ਸਗੋਂ ਹਰੇਕ ਭਾਰਤੀ ਉੱਦਮੀ ਦੇ ਲਈ ਹੋਣਾ ਚਾਹੀਦਾ ਹੈ।
ਇਹ ਅਸਲੀਅਤ ਹੈ ਕਿ ਜੇਕਰ ਪ੍ਰਵਾਸੀ ਭਾਰਤੀਆਂ ਦਾ ਅੰਸ਼ਿਕ ਤੌਰ ’ਤੇ ਵੀ ਭਾਰਤ ਆਗਮਨ ਹੋ ਜਾਵੇ ਤਾਂ ਨਿਸ਼ਚਿਤ ਤੌਰ ’ਤੇ ਪ੍ਰਧਾਨ ਮੰਤਰੀ ਦਾ ਸੰਕਲਪ ਪੂਰਾ ਕਰਨ ’ਚ ਮਦਦ ਮਿਲ ਸਕਦੀ ਹੈ। ਨਹੀਂ ਤਾਂ ਕਿੰਨੇ ਢੋਲ ਵਜਾਉਂਦੇ ਰਹੋ, ਇੱਧਰ-ਓਧਰ ਦੇ ਐਲਾਨ ਕਰਦੇ ਰਹੋ , ਚੀਨ ਵਰਗੇ ਦੇਸ਼ਾਂ ਤੋਂ ਅੱਗੇ ਨਿਕਲਣਾ ਸੰਭਵ ਨਹੀਂ ਹੈ।
-ਪੂਰਨ ਚੰਦ ਸਰੀਨ