ਬਿਹਾਰ ਵਿਚ ਮਹਾਗੱਠਜੋੜ ਦਾ ਨਵਾਂ ‘ਸੰਕਲਪ’
Saturday, Sep 27, 2025 - 05:10 PM (IST)

ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤਿ ਪਿਛੜਾ ਵਰਗ (ਈ. ਬੀ. ਸੀ.) ਦੇ ਵੋਟਰਾਂ ਨੂੰ ਲੁਭਾਉਣ ਲਈ ਬਿਹਾਰ ਵਿਚ ਮਹਾਗੱਠਜੋੜ ਦੇ ਸਹਿਯੋਗੀਆਂ ਨੇ 10-ਨੁਕਾਤੀ (ਅਤਿ ਪਿਛੜਾ ਨਿਆਏ ਸੰਕਲਪ) ਜਾਰੀ ਕੀਤਾ ਹੈ। ਇਹ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜਨਤਾ ਦਲ ਯੂਨਾਈਟਿਡ ਦੇ ਵੋਟ ਬੈਂਕ ਮੰਨੇ ਜਾਂਦੇ ਅਤਿ ਪਿਛੜਾ ਵਰਗ ਨੂੰ ਕਈ ਲਾਭ ਦੇਣ ਦਾ ਵਾਅਦਾ ਕਰਦਾ ਹੈ। ਇਸ ਸੰਕਲਪ ਦੇ ਸ਼ੁੱਭ ਆਰੰਭ ਸਮਾਰੋਹ ’ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਰਾਜਦ ਨੇਤਾ ਤੇਜਸਵੀ ਯਾਦਵ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀ. ਆਈ. ਪੀ.) ਦੇ ਮੁਖੀ ਮੁਕੇਸ਼ ਸਾਹਨੀ ਸ਼ਾਮਲ ਹੋਏ।
ਖੜਗੇ ਨੇ ਐਲਾਨ ਕੀਤਾ ਕਿ ਬਿਹਾਰ ਵਿਚ ਮਹਾਗੱਠਜੋੜ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਉਪਾਅ ਲਾਗੂ ਕੀਤੇ ਜਾਣਗੇ। ਈ. ਬੀ. ਸੀ. ਸੰਕਲਪ ਦਾ ਇਕ ਮੁੱਖ ਵਾਅਦਾ ਐੱਸ. ਸੀ./ਐੱਸ. ਟੀ. ਐਕਟ ਦੇ ਮਾਡਲ ਅਨੁਸਾਰ ‘ਈ. ਬੀ. ਸੀ. ਅੱਤਿਆਚਾਰ ਰੋਕਥਾਮ ਐਕਟ’ ਪਾਸ ਕਰਨਾ ਸੀ, ਤਾਂ ਜੋ ‘ਉਨ੍ਹਾਂ ਵਿਰੁੱਧ ਵਿਤਕਰਾ ਅਤੇ ਹਿੰਸਾ ਖਤਮ ਕੀਤੀ ਜਾ ਸਕੇ।’ ਇਸ ਵਿਚ ਪੰਚਾਇਤਾਂ ਅਤੇ ਨਗਰ ਨਿਗਮਾਂ ਵਿਚ ਈ. ਬੀ. ਸੀ. ਭਾਈਚਾਰਿਆਂ ਲਈ ਰਾਖਵਾਂਕਰਨ 20 ਫੀਸਦੀ ਤੋਂ ਵਧਾ ਕੇ 30 ਫੀਸਦੀ ਕਰਨ, ਵਿੱਦਿਅਕ ਸੰਸਥਾਵਾਂ ਅਤੇ ਸਰਕਾਰੀ ਠੇਕਿਆਂ ਵਿਚ ਉਨ੍ਹਾਂ ਲਈ ਵੱਖਰਾ ਕੋਟਾ ਸਥਾਪਤ ਕਰਨ ਅਤੇ ਜਾਤੀ ਸੂਚੀਆਂ ਵਿਚ ਵੱਧ ਅਤੇ ਘੱਟ ਸ਼ਾਮਲ ਕਰਨ ਦੀ ਸਮੀਖਿਆ ਕਰਨ ਲਈ ਇਕ ਕਮੇਟੀ ਸਥਾਪਤ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।
ਇਸ ਦੌਰਾਨ, ਕਾਂਗਰਸ, ਜੋ ਪਿਛਲੇ ਕੁਝ ਸਮੇਂ ਤੋਂ ਸਮਾਜਿਕ ਨਿਆਂ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ, ਈ. ਬੀ. ਸੀ. ਤੱਕ ਪਹੁੰਚ ਬਣਾਉਣ ਦੀ ਆਪਣੀ ਮੰਗ ਦੇ ਅਨੁਸਾਰ ਜਾਤੀ ਜਨਗਣਨਾ ਅਤੇ ਰਾਖਵੇਂਕਰਨ ਦੀ ਸੀਮਾ ਨੂੰ 50 ਫੀਸਦੀ ਵਧਾਉਣ ਦਾ ਵਾਅਦਾ ਕਰ ਰਹੀ ਹੈ। ਜਾਰੀ ਸੰਕਲਪ ਵਿਚ ਹੋਰ ਪਿਛੜੇ ਸਮੂਹਾਂ ਦੇ ਨਾਲ-ਨਾਲ ਈ. ਬੀ. ਸੀ. ਲਈ ਜ਼ਮੀਨੀ ਗ੍ਰਾਂਟ ਦੇਣ ਦੀ ਵੀ ਗੱਲ ਕੀਤੀ ਗਈ ਹੈ।
ਰਾਜਦ ਨਾਲ ਗੱਠਜੋੜ ਦੀ ਸਰਗਰਮੀ ਨਾਲ ਕੋਸ਼ਿਸ਼ ਕਰ ਰਹੇ ਓਵੈਸੀ : ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਦੀ ਅਗਵਾਈ ਵਾਲੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.), ਜਿਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜ ਸੀਟਾਂ ਜਿੱਤੀਆਂ ਸਨ, ਦੁਬਾਰਾ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ, ਖਾਸ ਕਰ ਕੇ ਘੱਟਗਿਣਤੀ ਵਾਲੇ ਸੀਮਾਂਚਲ ਖੇਤਰ ਵਿਚ। ਹਾਲਾਂਕਿ, ਇਹ ਰਾਸ਼ਟਰੀ ਜਨਤਾ ਦਲ (ਰਾਜਦ) ਨਾਲ ਗੱਠਜੋੜ ਕਰਨ ਲਈ ਸਰਗਰਮੀ ਨਾਲ ਅੱਗੇ ਵਧ ਰਹੀ ਹੈ। ਏ. ਆਈ. ਐੱਮ. ਆਈ. ਐੱਮ. ਨੇ ਨਾ ਸਿਰਫ਼ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਪੱਤਰ ਲਿਖਿਆ ਹੈ, ਸਗੋਂ ਸ਼ਾਇਦ ਪਹਿਲੀ ਵਾਰ, ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਨਿਵਾਸ ਦੇ ਬਾਹਰ ਢੋਲ ਅਤੇ ਨਗਾੜਿਆਂ ਨਾਲ ਪ੍ਰਦਰਸ਼ਨ ਵੀ ਕੀਤਾ ਹੈ, ਜਿਸ ਵਿਚ ਧਰਮਨਿਰਪੱਖ ਵੋਟ ਦੀ ਵੰਡ ਨੂੰ ਰੋਕਣ ਲਈ ਵਿਰੋਧੀ ‘ਇੰਡੀਆ’ ਬਲਾਕ ਵਿਚ ਸ਼ਾਮਲ ਹੋਣ ਦੀ ਮੰਗ ਕੀਤੀ ਗਈ ਹੈ।
ਏ. ਆਈ. ਐੱਮ. ਆਈ. ਐੱਮ. ਨੇ ਕਿਹਾ ਹੈ ਕਿ ਉਹ ਮਹਾਗੱਠਜੋੜ ਦੇ ਹਿੱਸੇ ਵਜੋਂ ਸਿਰਫ਼ 6 ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ ਪਰ ਰਾਜਦ ਨੇ ਵਿਰੋਧੀ ਧੜੇ ਵਿਚ ਇਸ ਨੂੰ ਸ਼ਾਮਲ ਕਰਨ ਦਾ ਵਿਰੋਧ ਕੀਤਾ ਅਤੇ ਡਰ ਹੈ ਕਿ ਜੇਕਰ ਏ. ਆਈ. ਐੱਮ. ਆਈ. ਐੱਮ. ਨੂੰ ਵਿਰੋਧੀ ਧੜੇ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਭਾਜਪਾ ਦੀ ਪ੍ਰਚਾਰ ਮਸ਼ੀਨਰੀ ਚੋਣ ਨੂੰ ਹਿੰਦੂ ਬਨਾਮ ਮੁਸਲਿਮ ਮੁਕਾਬਲੇ ਵਜੋਂ ਪੇਸ਼ ਕਰ ਸਕਦੀ ਹੈ। ਇਸ ਨਾਲ ਧਾਰਮਿਕ ਲੀਹਾਂ ’ਤੇ ਚੋਣ ਧਰੁਵੀਕਰਨ ਹੋ ਸਕਦਾ ਹੈ, ਜਿਸ ਨਾਲ ਰਾਜ ਭਰ ਵਿਚ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ।
ਇਕ ਰਾਜਨੀਤਿਕ ਲੜਾਈ ਵਿਚ ਬਦਲ ਗਈ ਕੋਲਕਾਤਾ ਦੀ ਭਾਰੀ ਬਾਰਿਸ਼ : ਭਾਰੀ ਬਾਰਿਸ਼ ਨੇ ਕੋਲਕਾਤਾ ਨੂੰ ਹਫੜਾ-ਦਫੜੀ ਵਿਚ ਪਾ ਦਿੱਤਾ ਹੈ, ਜਿਸ ਨਾਲ ਸ਼ਹਿਰ ਭਰ ਵਿਚ ਭਾਰੀ ਮਾਤਰਾ ’ਚ ਪਾਣੀ ਭਰ ਗਿਆ ਹੈ, ਦੁਰਗਾ ਪੂਜਾ ਪੰਡਾਲਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਜਾਨਾਂ ਗਈਆਂ ਹਨ, ਪਰ ਇਹ ਆਫ਼ਤ ਜਲਦੀ ਹੀ ਇਕ ਰਾਜਨੀਤਿਕ ਲੜਾਈ ਵਿਚ ਬਦਲ ਗਈ ਹੈ। ਪੱਛਮੀ ਬੰਗਾਲ ਵਿਚ ਵਿਰੋਧੀ ਪਾਰਟੀਆਂ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਹੜ੍ਹਾਂ ਦੀ ਮਾੜੀ ਤਿਆਰੀ ਲਈ ਨਿਸ਼ਾਨਾ ਬਣਾਇਆ ਹੈ ਅਤੇ ਦੋਸ਼ ਲਗਾਇਆ ਹੈ ਕਿ ਹੜ੍ਹਾਂ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀ ਮੌਤ ਲਈ ਰਾਜ ਏਜੰਸੀਆਂ ਅਤੇ ਵਿਭਾਗਾਂ ਦੀ ਅਕੁਸ਼ਲਤਾ ਅਤੇ ਕੁਪ੍ਰਬੰਧਨ ਜ਼ਿੰਮੇਵਾਰ ਹੈ।
ਇਸ ਦੌਰਾਨ, ਭਾਜਪਾ ਨੇ ਸੋਸ਼ਲ ਮੀਡੀਆ ’ਤੇ ਟੀ. ਐੱਮ. ਸੀ. ਦੁਆਰਾ ਸੰਚਾਲਿਤ ਕੋਲਕਾਤਾ ਨਗਰ ਨਿਗਮ (ਕੇ. ਐੱਮ. ਸੀ.) ’ਤੇ ਹਮਲਾ ਬੋਲਿਆ, ਸ਼ਹਿਰ ਵਿਚ ਬਾਰਿਸ਼ ਲਈ ਭ੍ਰਿਸ਼ਟਾਚਾਰ ਅਤੇ ਨਾਗਰਿਕ ਅਸਫਲਤਾ ਦਾ ਦੋਸ਼ ਲਗਾਇਆ। ਜਵਾਬ ਵਿਚ ਟੀ. ਐੱਮ. ਸੀ. ਨੇ ਭਾਜਪਾ ’ਤੇ ਸੰਕਟ ਦੇ ਸਮੇਂ ਨਫ਼ਰਤ ਫੈਲਾਉਣ ਲਈ ਦਰਦ ਨੂੰ ਹਥਿਆਰ ਬਣਾਉਣ ਦਾ ਦੋਸ਼ ਲਗਾਇਆ।
ਇਕ ਤੋਂ ਬਾਅਦ ਇਕ ਤੂਫਾਨ ਨਾਲ ਲੜਦੀ ਜਾਪਦੀ ਹੈ ਬਿਹਾਰ ਵਿਚ ਸੱਤਾਧਾਰੀ ਭਾਜਪਾ : ਬਿਹਾਰ ਵਿਚ ਸੱਤਾਧਾਰੀ ਭਾਜਪਾ ਇਕ ਤੋਂ ਬਾਅਦ ਇਕ ਤੂਫਾਨ ਨਾਲ ਲੜਦੀ ਜਾਪਦੀ ਹੈ। ਹੁਣ, ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਆਰ. ਕੇ. ਸਿੰਘ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਸਿਹਤ ਮੰਤਰੀ ਮੰਗਲ ਪਾਂਡੇ ਅਤੇ ਸੂਬਾ ਭਾਜਪਾ ਪ੍ਰਧਾਨ ਦਿਲੀਪ ਜਾਇਸਵਾਲ ਤੋਂ ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਵਲੋਂ ਲਗਾਏ ਗਏ ਦੋਸ਼ਾਂ ਨੂੰ ਸਪੱਸ਼ਟ ਕਰਨ ਜਾਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਦੀ ਮੰਗ ਕਰਕੇ ਬਿਹਾਰ ਵਿਚ ਰਾਜਨੀਤਿਕ ਹਲਕਿਆਂ ਵਿਚ ਹਲਚਲ ਮਚਾ ਦਿੱਤੀ ਹੈ। ਹਾਲਾਂਕਿ, ਆਰ. ਕੇ. ਸਿੰਘ ਨੇ ਭਾਜਪਾ ਲੀਡਰਸ਼ਿਪ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਿਹਾਰ ਦੇ ਪ੍ਰਮੁੱਖ ਪਾਰਟੀ ਨੇਤਾਵਾਂ ਦੇ ਅਸਤੀਫੇ ਦੀ ਜਨਤਕ ਤੌਰ ’ਤੇ ਮੰਗ ਕਰਨ ਲਈ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ। ਆਪਣੀ ਹੀ ਪਾਰਟੀ ਦੇ ਨੇਤਾਵਾਂ ਵਿਰੁੱਧ ਸਿੰਘ ਦੇ ਬਾਗ਼ੀ ਰੁਖ਼ ਨੇ ਇਕ ਵਾਰ ਫਿਰ ਰਾਜਪੂਤ ਨੇਤਾਵਾਂ ਅਤੇ ਮੌਜੂਦਾ ਭਾਜਪਾ ਸਰਕਾਰ ਵਿਚਕਾਰ ਅੰਦਰੂਨੀ ਤਣਾਅ ਵੱਲ ਧਿਆਨ ਖਿੱਚਿਆ ਹੈ।
ਕੀ ਭਾਜਪਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਬੋਝ ਮੰਨਦੀ ਹੈ? : ਕਾਂਗਰਸ ਨੇ ਭਾਰਤੀ ਚੋਣ ਕਮਿਸ਼ਨ ’ਤੇ ਆਪਣਾ ਹਮਲਾ ਤੇਜ਼ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪਟਨਾ ਦੇ ਸਦਾਕਤ ਆਸ਼ਰਮ ਵਿਖੇ ਹੋਈ ਵਿਸਤ੍ਰਿਤ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ.) ਦੀ ਮੀਟਿੰਗ ਦੌਰਾਨ ਸੰਸਥਾ ਦੀ ਪਾਰਦਰਸ਼ਤਾ ’ਤੇ ਸਵਾਲ ਉਠਾਏ। ਮੱਲਿਕਾਰਜੁਨ ਖੜਗੇ ਨੇ ਦੋਸ਼ ਲਗਾਇਆ ਕਿ ਦੇਸ਼ ਭਰ ਦੇ ਲੱਖਾਂ ਵੋਟਰਾਂ ਨੂੰ ਵੋਟ ਪਾਉਣ ਤੋਂ ਵਾਂਝਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਇਸ ਨਾਲ ਦਲਿਤਾਂ, ਆਦਿਵਾਸੀਆਂ, ਪੱਛੜੇ ਵਰਗਾਂ, ਘੱਟਗਿਣਤੀਆਂ ਅਤੇ ਹੋਰ ਹਾਸ਼ੀਏ ’ਤੇ ਧੱਕੇ ਗਏ ਸਮੂਹਾਂ ਦੇ ਸਮਾਜਿਕ ਲਾਭ ਪ੍ਰਭਾਵਿਤ ਹੋਣਗੇ। ਖੜਗੇ ਨੇ ਦਾਅਵਾ ਕੀਤਾ ਕਿ ਭਾਜਪਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਬੋਝ ਮੰਨਦੀ ਹੈ।
ਰਾਹਿਲ ਨੌਰਾ ਚੋਪੜਾ