‘ਵਿਦੇਸ਼ਾਂ ’ਚ ਬਣ ਰਹੇ’ ਕੁਝ ਭਾਰਤੀ ਬਦਨਾਮੀ ਦਾ ਕਾਰਨ!
Sunday, Sep 28, 2025 - 05:40 AM (IST)

ਇਕ ਪਾਸੇ ਭਾਰਤੀ ਮੂਲ ਦੇ ਲੋਕ ਵਿਸ਼ਵ ਦੇ ਕਈ ਦੇਸ਼ਾਂ ’ਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ ਅਤੇ ਉੱਥੋਂ ਦੇ ਸਿਆਸੀ ਅਤੇ ਸਮਾਜਿਕ ਜੀਵਨ ’ਚ ਛਾਏ ਹੋਏ ਹਨ ਤਾਂ ਦੂਜੇ ਪਾਸੇ ਕੁਝ ਭਾਰਤੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਹੱਤਿਆ, ਚੋਰੀ, ਛੇੜਛਾੜ ਆਦਿ ਅਪਰਾਧਾਂ ਦੇ ਸਿਲਸਿਲੇ ’ਚ ਫੜੇ ਜਾਣ ਕਰ ਕੇ ਦੇਸ਼ ਦੀ ਬਦਨਾਮੀ ਕਰਵਾ ਰਹੇ ਹਨ। ਅਜਿਹੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੀਆਂ ਇਸੇ ਸਾਲ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 25 ਮਾਰਚ, 2025 ਨੂੰ ਬੈਕਾਂਕ ’ਚ ਭਾਰਤੀ ਮੂਲ ਦੇ ਹੀਰਾ ਵਪਾਰੀ ਦੇ ਇੱਥੇ ਨੌਕਰੀ ਕਰਨ ਵਾਲੇ ਮੂਲ ਤੌਰ ’ਤੇ ਰਾਜਸਥਾਨ ਦੇ ਨਿਵਾਸੀ ‘ਸ਼ੰਖੇਸ਼ ਮੂਥਾ’ ਵਲੋਂ ਹੀਰਾ ਵਪਾਰੀ ਦੇ ਸ਼ੋਅਰੂਮ ਤੋਂ ਹੀਰੇ ਚੋਰੀ ਕਰ ਕੇ ਫਰਾਰ ਹੋ ਜਾਣ ਦੇ ਵਿਰੁੱਧ ਥਾਈਲੈਂਡ ਸਰਕਾਰ ਨੇ ਕੌਮਾਂਤਰੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ।
* 17 ਜੁਲਾਈ ਨੂੰ ਇੰਗਲੈਂਡ ’ਚ ‘ਲੰਕਾਸ਼ਾਇਰ’ ਦੇ ‘ਬਲੈਕਪੂਲ ਵਿਕਟੋਰੀਆ ਹਸਪਤਾਲ’ ’ਚ ਦਿਲ ਦੀ ਸਰਜਰੀ ਦੇ ਮੁਖੀ ਰਹਿ ਚੁੱਕੇ ਭਾਰਤੀ ਮੂਲ ਦੇ ਸਰਜਨ ‘ਅਮਲ ਬੋਸ’ ਨੂੰ ਸਾਲਾਂ ਤੱਕ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਹਸਪਤਾਲ ਦੇ ਮਹਿਲਾ ਸਟਾਫ ਦੇ ਯੌਨ ਸ਼ੋਸ਼ਣ ਦੇ ਦੋਸ਼ ’ਚ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਉਸ ਨੂੰ ਇਕ ‘ਸੈਕਸੁਅਲ ਪ੍ਰੀਡੇਟਰ ਹਾਈਡਿੰਗ ਇਨ ਪਲੇਨ ਸਾਈਟ’ ਭਾਵ ‘ਸਭ ਦੀ ਨਜ਼ਰ ਦੇ ਸਾਹਮਣੇ ਲੁਕਿਆ ਹੋਇਆ ਯੌਨ ਅਪਰਾਧੀ’ ਕਰਾਰ ਦਿੱਤਾ।
‘ਅਮਲ ਬੋਸ’ ਲੋਕਾਂ ਦੀ ਨਜ਼ਰ ’ਚ ਇਕ ਚੰਗਾ ਡਾਕਟਰ ਸੀ ਪਰ ਇਸ ਅਕਸ ਦੇ ਪਿੱਛੇ ਉਸ ਦਾ ਅਸਲੀ ਰੂਪ ਲੁਕਿਆ ਹੋਇਆ ਸੀ। ਇਕ ਨਰਸ ਨੇ ਕਿਹਾ ਕਿ ਇਕ ਵਾਰ ਉਹ ਸਰਜਰੀ ਦੇ ਡਿਵਾਈਸ ਤਿਆਰ ਕਰ ਰਹੀ ਸੀ ਤਾਂ ਅਚਾਨਕ ‘ਅਮਲ ਬੋਸ’ ਨੇ ਪਿੱਛਿਓਂ ਆ ਕੇ ਉਸ ਦੀਆਂ ਛਾਤੀਆਂ ਫੜ ਲਈਆਂ। ਇਕ ਹੋਰ ਪੀੜਤਾ ਨੇ ਕਿਹਾ ਕਿ ਡਾਕਟਰ ‘ਅਮਲ ਬੋਸ’ ਨੇ ਪੈੱਨ ਕੱਢਣ ਦੇ ਬਹਾਨੇ ਉਸ ਦੀ ਉਪਰਲੀ ਜੇਬ ’ਚ ਹੱਥ ਪਾਇਆ ਅਤੇ ਫਿਰ ਜਾਣਬੁੱਝ ਕੇ ਉਸ ਨੂੰ ਛੂੰਹਦੇ ਹੋਏ ‘ਫ੍ਰੈੱਸ਼ ਮੀਟ’ ਕਿਹਾ।
* 18 ਜੁਲਾਈ, 2025 ਨੂੰ ਅਮਰੀਕਾ ’ਚ ਭਾਰਤੀ ਮੂਲ ਦੇ ਇਕ ਰੇਸਤਰਾਂ ਦੇ ਮਾਲਕ ‘ਚੰਦਰਕਾਂਤ ਲਾਲਾ ਪਟੇਲ’ ਨੂੰ ਪੁਲਸ ਨੂੰ ਫਰਜ਼ੀ ਰਿਪੋਰਟ ਬਣਾਉਣ ਲਈ 5000 ਡਾਲਰ ਰਿਸ਼ਵਤ ਦੇ ਕੇ ਹੋਰ ਭਾਰਤੀਆਂ ਨੂੰ ਨਾਜਾਇਜ਼ ਤੌਰ ’ਤੇ ਵੀਜ਼ਾ ਦਿਵਾਉਣ ’ਚ ਸਹਾਇਤਾ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ।
* 29 ਅਗਸਤ, 2025 ਨੂੰ ‘ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਵਿਭਾਗ’ ਨੇ ਨਾਜਾਇਜ਼ ਤੌਰ ’ਤੇ ਅਮਰੀਕਾ ’ਚ ਦਾਖਲ ਹੋਣ ਅਤੇ ‘ਕੈਲੀਫੋਰਨੀਆ’ ’ਚ ਤੇਜ਼ ਰਫਤਾਰ ਨਾਲ ਵਾਹਨ ਚਲਾਉਣ, ਅਨੇਕ ਵਾਹਨਾਂ ਨੂੰ ਟੱਕਰ ਮਾਰਨ ਅਤੇ ਇਕ ਪੰਜ ਸਾਲਾ ਬੱਚੀ ਨੂੰ ਜ਼ਖਮੀ ਕਰ ਦੇਣ ਦੇ ਦੋਸ਼ ’ਚ ਪ੍ਰਤਾਪ ਿਸੰਘ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ।
* 22 ਸਤੰਬਰ, 2025 ਨੂੰ ਸਿੰਗਾਪੁਰ ਦੇ ਇਕ ਸ਼ਾਪਿੰਗ ਮਾਲ ਦੇ ‘ਨਰਸਿੰਗ ਰੂਮ’ ’ਚ ‘ਅੰਕਿਤ ਸ਼ਰਮਾ’ (49) ਨੂੰ ਇਕ ਮਹਿਲਾ ਨਾਲ ਛੇੜਛਾੜ ਕਰਨ ਦੇ ਦੋਸ਼ ’ਚ 4 ਸਾਲ ਦੀ ਕੈਦ ਅਤੇ 6 ਬੈਂਤ ਮਾਰਨ ਦੀ ਸਜ਼ਾ ਸੁਣਾਈ ਗਈ।
* 25 ਸਤੰਬਰ ਨੂੰ ਅਮਰੀਕਾ ’ਚ ਕੈਲੀਫੋਰਨੀਆ ਦੇ ‘ਫ੍ਰੇਮੋਂਟ’ ਸ਼ਹਿਰ ’ਚ ਭਾਰਤੀ ਮੂਲ ਦੇ ‘ਵਰੁਣ ਸੁਰੇਸ਼’ ਨਾਂ ਦੇ ਨੌਜਵਾਨ ਨੂੰ ਆਪਸੀ ਰੰਜ਼ਿਸ ਕਾਰਨ 71 ਸਾਲਾ ‘ਡੇਵਿਡ ਬ੍ਰਿਮਰ’ ਦੀ ਚਾਕੂ ਮਾਰ ਕੇ ਹੱਤਿਆ ਕਰ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ।
ਜ਼ਖਮੀ ‘ਬ੍ਰਿਮਰ’ ਜਾਨ ਬਚਾਉਣ ਲਈ ਰੇਂਗ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸੇ ਦੌਰਾਨ ‘ਸੁਰੇਸ਼’ ਨੇ ਉਸ ਦਾ ਗਲਾ ਵੱਢ ਦਿੱਤਾ ਤਾਂ ਕਿ ਉਹ ਮਰ ਜਾਵੇ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ‘ਵਰੁਣ ਸੁਰੇਸ਼’ ਨੂੰ ਫਰਜ਼ੀ ਬੰਬ ਧਮਕੀ ਦੇਣ ਅਤੇ ਚੋਰੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
* 25 ਸਤੰਬਰ ਨੂੰ ਹੀ ਅਮਰੀਕੀ ਟ੍ਰੇਜ਼ਰੀ ਵਿਭਾਗ ਨੇ 2 ਭਾਰਤੀ ਵਪਾਰੀਆਂ ‘ਸਾਦਿਕ ਅੱਬਾਸ ਹਬੀਬ’ ਅਤੇ ‘ਖਿਜਰ ਸ਼ੇਖ’ ਵਿਰੁੱਧ ਨਕਲੀ ਦਵਾਈਆਂ ਅਤੇ ਖਤਰਨਾਕ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਦੋਸ਼ ’ਚ ਪੁਲਸ ਨੇ ਮਾਮਲਾ ਦਰਜ ਕੀਤਾ।
* 25 ਸਤੰਬਰ ਨੂੰ ਹੀ ਪੁਲਸ ਨੇ ‘ਕੁਵੈਤ’ ’ਚ ਨੌਕਰੀ ਕਰਨ ਦੌਰਾਨ ਉੱਥੋਂ ਦੇ ‘ਅਹਲੀ ਬੈਂਕ’ ਤੋਂ ਲਿਆ ਹੋਇਆ 10.33 ਕਰੋੜ ਰੁਪਏ ਦਾ ਕਰਜ਼ਾ ਨਾ ਵਾਪਸ ਕਰਨ ਦੇ ਦੋਸ਼ ’ਚ ਕੇਰਲ ਦੀਆਂ 13 ਨਰਸਾਂ ਿਵਰੁੱਧ ਕੇਸ ਦਰਜ ਕੀਤਾ।
ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਅੱਜ ਜਿੱਥੇ ਪੂਰੇ ਵਿਸ਼ਵ ’ਚ ਭਾਰਤ ਦਾ ਡੰਕਾ ਵੱਜ ਰਿਹਾ ਹੈ ਅਤੇ ਦੇਸ਼ ਵਿਸ਼ਵ ਗੁਰੂ ਬਣਨ ਵੱਲ ਵਧ ਰਿਹਾ ਹੈ, ਕੁਝ ਲੋਕਾਂ ਵਲੋਂ ਵਿਸ਼ਵ ’ਚ ਇਸ ਤਰ੍ਹਾਂ ਦਾ ਆਚਰਣ ਕਿਸੇ ਵੀ ਤਰ੍ਹਾਂ ਨਾਲ ਉਚਿਤ ਨਹੀਂ ਕਿਹਾ ਜਾ ਸਕਦਾ। ਇਸ ਲਈ ਵਿਦੇਸ਼ਾਂ ’ਚ ਰਹਿ ਰਹੇ ਭਾਰਤੀਆਂ ਨੂੰ ਆਪਣੇ ਦੇਸ਼ ਦੇ ਵੱਕਾਰ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕੋਈ ਵੀ ਅਜਿਹਾ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਦੇਸ਼ ਦੇ ਮਾਣ-ਸਨਮਾਨ ’ਤੇ ਵੱਟਾ ਲੱਗੇ।
–ਵਿਜੇ ਕੁਮਾਰ