‘ਬਿਜਲੀ ਮੁਲਾਜ਼ਮਾਂ ਨੇ ਚਲਾਨ ਕੱਟਣ ’ਤੇ ਲਿਆ ਬਦਲਾ’ ‘ਪੁਲਸ ਥਾਣਿਆਂ ਦੀ ਬੱਤੀ ਗੁੱਲ ਕਰਵਾ ਦਿੱਤੀ’

Saturday, Mar 29, 2025 - 05:50 AM (IST)

‘ਬਿਜਲੀ ਮੁਲਾਜ਼ਮਾਂ ਨੇ ਚਲਾਨ ਕੱਟਣ ’ਤੇ ਲਿਆ ਬਦਲਾ’ ‘ਪੁਲਸ ਥਾਣਿਆਂ ਦੀ ਬੱਤੀ ਗੁੱਲ ਕਰਵਾ ਦਿੱਤੀ’

ਸਾਡੇ ਸਰਕਾਰੀ ਵਿਭਾਗਾਂ ਦੇ ਚੰਦ ਮੁਲਾਜ਼ਮ ਸਮੇਂ-ਸਮੇਂ ’ਤੇ ਅਜਿਹੇ ‘ਕਾਰਨਾਮੇ’ ਕਰਦੇ ਰਹਿਦੇ ਹਨ ਜਿਨ੍ਹਾਂ ਨਾਲ ਕਈ ਵਾਰ ਕਾਫੀ ਪ੍ਰੇਸ਼ਾਨੀ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸੇ ਲੜੀ ਵਿਚ ਹਾਲ ਹੀ ਵਿਚ ਪੁਲਸ ਮੁਲਾਜ਼ਮਾਂ ਅਤੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਨੋਕ-ਝੋਕ ਦੇ ਕੁਝ ਮਾਮਲੇ ਸਾਹਮਣੇ ਆਏ ਹਨ ਜੋ ਹੇਠਾਂ ਦਰਜ ਹਨ :

* 23 ਨਵੰਬਰ, 2024 ਨੂੰ ‘ਫਤਹਿਪੁਰ’ (ਉੱਤਰ ਪ੍ਰਦੇਸ਼) ਜ਼ਿਲੇ ਵਿਚ ਮੋਟਰਸਾਈਕਲ ’ਤੇ ਜਾ ਰਹੇ ਬਿਜਲੀ ਘਰ ਦੇ ‘ਸਬ-ਸਟੇਸ਼ਨ ਆਪ੍ਰੇਟਰ’ ‘ਜੈ ਪ੍ਰਕਾਸ਼’ ਵੱਲੋਂ ਹੈਲਮੇਟ ਨਾ ਪਹਿਨਣ ’ਤੇ ਪੁਲਸ ਨੇ ਉਸ ਦਾ ਚਲਾਨ ਕੱਟ ਦਿੱਤਾ।

ਪਹਿਲਾਂ ਤਾਂ ‘ਜੈ ਪ੍ਰਕਾਸ਼’ ਨੇ ਪੁਲਸ ਵਾਲਿਆਂ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਉਸ ਨੂੰ ਜਾਣ ਦੇਣ ਪਰ ਜਦੋਂ ਪੁਲਸ ਵਾਲੇ ਨਾ ਮੰਨੇ ਤਾਂ ਖਿਝੇ ਹੋਏ ਜੈ ਪ੍ਰਕਾਸ਼ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਕੇ ਪੂਰੇ ਥਾਣੇ ਦੀ ਬਿਜਲੀ ਹੀ ਕਟਵਾ ਦਿੱਤੀ ਅਤੇ 2 ਘੰਟੇ ਤਕ ਥਾਣਾ ਕੰਪਲੈਕਸ ਵਿਚ ਹਨੇਰਾ ਛਾਇਆ ਰਿਹਾ।

* 4 ਦਸੰਬਰ, 2024 ਨੂੰ ‘ਸੋਨੀਪਤ’ (ਹਰਿਆਣਾ) ਦੇ ‘ਗੰਨੌਰ’ ਵਿਚ ਮੋਟਰਸਾਈਕਲ ’ਤੇ ਬਿਨਾਂ ਹੈਲਮੇਟ ਦੇ ਜਾ ਰਹੇ ਬਿਜਲੀ ਮੁਲਾਜ਼ਮ ਨੂੰ ਪੁਲਸ ਨੇ ਫੜ ਕੇ ਉਸ ਦਾ ਚਲਾਨ ਕੱਟ ਦਿੱਤਾ। ਇਸ ’ਤੇ ਗੁੱਸੇ ਵਿਚ ਆਏ ਬਿਜਲੀ ਮੁਲਾਜ਼ਮ ਨੇ ਉਨ੍ਹਾਂ ਦੀ ਚੌਕੀ ’ਤੇ ਛਾਪਾ ਮਰਵਾ ਕੇ ਚੌਕੀ ਦਾ ਕੁਨੈਕਸ਼ਨ ਕਟਵਾ ਦਿੱਤਾ।

* 21 ਮਾਰਚ, 2025 ਨੂੰ ‘ਚੰਡੋਸ’ (ਅਲੀਗੜ੍ਹ) ਵਿਚ ਬਿਜਲੀ ਵਿਭਾਗ ਦੇ ਇਕ ਮੁਲਾਜ਼ਮ ਅਰਵਿੰਦ ਦਾ ਪੁਲਸ ਨੇ ਚਲਾਨ ਕੱਟ ਦਿੱਤਾ ਤਾਂ ਉਸ ਨੇ ਆ ਕੇ ਆਪਣੇ ਸਾਥੀਆਂ ਨੂੰ ਇਹ ਗੱਲ ਦੱਸੀ ਜਿਸ ’ਤੇ ਉਨ੍ਹਾਂ ਨੇ ਪੁਲਸ ਥਾਣੇ ਦੇ ਜ਼ਿੰਮੇ ਬਿਜਲੀ ਦੇ ਬਕਾਇਆ ਬਿੱਲ ਦਾ ਹਵਾਲਾ ਦੇ ਕੇ ਉਸ ਦੀ ਬਿਜਲੀ ਕਟਵਾ ਦਿੱਤੀ।

* ਅਤੇ ਹੁਣ 26 ਮਾਰਚ ਨੂੰ ‘ਹਰਦੋਈ’ (ਉੱਤਰ ਪ੍ਰਦੇਸ਼) ਵਿਚ ਮੋਟਰਸਾਈਕਲ ’ਤੇ ਬਿਨਾਂ ਹੈਲਮੇਟ ਦੇ ਜਾ ਰਹੇ ਬਿਜਲੀ ਵਿਭਾਗ ਦੇ ਇਕ ਲਾਈਨਮੈਨ ਦਾ ਪੁਲਸ ਨੇ ਚਲਾਨ ਕੱਟ ਦਿੱਤਾ। ਲਾਈਨਮੈਨ ਨੇ ਇਸ ਦੀ ਸੂਚਨਾ ਆਪਣੇ ਉੱਚ ਅਧਿਕਾਰੀਆਂ ਨੂੰ ਿਦੱਤੀ ਜਿਨ੍ਹਾਂ ਨੇ ਥੋੜ੍ਹੀ ਹੀ ਦੇਰ ਵਿਚ ਕੋਤਵਾਲੀ ਦੀ ਬਿਜਲੀ ਕਟਵਾ ਦਿੱਤੀ। ਇਸ ਦਾ ਪਤਾ ਲੱਗਣ ’ਤੇ ਜ਼ਿਲਾ ਮੈਜਿਸਟਰੇਟ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਫਟਕਾਰ ਲਾਈ ਅਤੇ ਥਾਣੇ ਦਾ ਕੁਨੈਕਸ਼ਨ ਬਹਾਲ ਕਰਵਾਇਆ।

ਦੇਖਿਆ ਜਾਵੇ ਤਾਂ ਉਕਤ ਮਾਮਲਿਆਂ ਵਿਚ ਦੋਵੇਂ ਹੀ ਪੱਖ ਸਹੀ ਹਨ। ਹੈਲਮੇਟ ਨਾ ਪਾਉਣ ’ਤੇ ਦੋਪਹੀਆ ਵਾਹਨ ਚਾਲਕਾਂ ਦੇ ਚਲਾਨ ਕੱਟ ਰਹੇ ਪੁਲਸ ਵਾਲਿਆਂ ਨੂੰ ਬਿਜਲੀ ਮੁਲਾਜ਼ਮਾਂ ਦਾ ਚਲਾਨ ਕੱਟਿਆ ਜੋ ਸਹੀ ਹੈ। ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀ ਪਛਾਣ ਦੱਸਣ ’ਤੇ ਪੁਲਸ ਵਾਲਿਆਂ ਨੇ ਕਿਹਾ, ਹੁਣ ਤਾਂ ਚਲਾਨ ਕੱਟਿਆ ਜਾ ਚੁੱਕਾ ਹੈ। ਇਸ ’ਤੇ ਬਿਜਲੀ ਮੁਲਾਜ਼ਮਾਂ ਨੇ ਬਦਲਾ ਲੈਣ ਲਈ ਦਫਤਰ ਜਾ ਕੇ ਥਾਣਿਆਂ ਦੇ ਬਿਜਲੀ ਬਿੱਲਾਂ ਦਾ ਪਤਾ ਕੀਤਾ ਅਤੇ ਭੁਗਤਾਨ ਨਾ ਹੋਇਆ ਦੇਖ ਕੇ ਕੁਨੈਕਸ਼ਨ ਕਟਵਾ ਦਿੱਤਾ।

-ਵਿਜੇ ਕੁਮਾਰ


author

Sandeep Kumar

Content Editor

Related News