ਬੇਵੱਸ ਦੁਨੀਆ, ਕੀ ਕੋਈ ਯੁੱਧ ਰੁਕਵਾ ਸਕਦਾ ਹੈ?

Saturday, Mar 21, 2026 - 05:57 PM (IST)

ਬੇਵੱਸ ਦੁਨੀਆ, ਕੀ ਕੋਈ ਯੁੱਧ ਰੁਕਵਾ ਸਕਦਾ ਹੈ?

ਇਕ ਪਾਸੇ ਆਈਸਲੈਂਡ, ਸਵਿਟਜ਼ਰਲੈਂਡ ਅਤੇ ਕੋਸਟਾਰਿਕਾ ਵਰਗੇ ਦੇਸ਼ ਹਨ, ਜਿਨ੍ਹਾਂ ਨੇ ਸ਼ਾਇਦ ਹੀ ਕਦੇ ਯੁੱਧ ਦੇਖਿਆ ਹੋਵੇ, ਕੁਝ ਨੇ ਆਪਣੀ ਫੌਜ ਹੀ ਖ਼ਤਮ ਕਰ ਦਿੱਤੀ, ਅਨੇਕਾਂ ਜਾਣਦੇ ਹੀ ਨਹੀਂ ਕਿ ਕਿਸੇ ਦੇਸ਼ ਨਾਲ ਲੜਨਾ ਕੀ ਹੁੰਦਾ ਹੈ? ਇਸ ਦੇ ਉਲਟ ਅਮਰੀਕਾ, ਰੂਸ, ਚੀਨ, ਈਰਾਨ, ਇਜ਼ਰਾਈਲ, ਅਫ਼ਗਾਨਿਸਤਾਨ, ਪਾਕਿਸਤਾਨ ਵਰਗੇ ਦੇਸ਼ ਹਨ, ਜੋ ਜੇਕਰ ਕਿਸੇ ਨਾਲ ਯੁੱਧ ਨਾ ਕਰਨ ਤਾਂ ਉਨ੍ਹਾਂ ਦਾ ਭੋਜਨ ਹੀ ਹਜ਼ਮ ਨਹੀਂ ਹੁੰਦਾ। ਆਕਾਰ ’ਚ ਛੋਟਾ ਅਤੇ ਗਲੋਬਲ ਸੰਦਰਭ ’ਚ ਮੁੱਠੀ ਭਰ ਲੋਕਾਂ ਦਾ ਦੇਸ਼ ਬ੍ਰਿਟੇਨ, ਜਿਸ ਦੇ ਲੜ ਕੇ ਬਣਾਏ ਸਾਮਰਾਜ ’ਚ ਸੂਰਜ ਨਹੀਂ ਡੁੱਬਦਾ ਸੀ। ਇਸੇ ਤਰ੍ਹਾਂ ਫਰਾਂਸ, ਜਰਮਨੀ ਵਰਗੇ ਦੇਸ਼ਾਂ ਦਾ ਇਤਿਹਾਸ ਹੈ, ਜੋ ਭਿਆਨਕ ਤਬਾਹੀ ਦੇ ਗਵਾਹ ਹਨ।

ਇਹ ਇਕ ਇਤਿਹਾਸਕ ਤੱਥ ਹੈ ਕਿ ਯੁੱਧ ਇਸ ਕਾਰਨ ਨਹੀਂ ਲੜਿਆ ਜਾਂਦਾ ਕਿ ਕੋਈ ਮਜਬੂਰੀ ਹੈ, ਸਗੋਂ ਇਸ ਲਈ ਕਿ ਕਿਸੇ ਭੂ-ਭਾਗ ’ਤੇ ਕਬਜ਼ਾ ਕਰ ਕੇ ਸਰਹੱਦਾਂ ਦਾ ਵਿਸਥਾਰ ਕਰਨਾ ਹੈ, ਕਿਸੇ ਨੂੰ ਨੇਸਤੋ-ਨਾਬੂਦ ਕਰਨ ਦੀ ਨੀਅਤ ਹੈ ਜਾਂ ਉਸ ਨੂੰ ਕਾਬੂ ’ਚ ਰੱਖਣਾ ਹੈ।

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣੀ ਸੰਯੁਕਤ ਰਾਸ਼ਟਰ ਵਰਗੀ ਸੰਸਥਾ ਆਪਣਾ ਮਹੱਤਵ ਗੁਆ ਰਹੀ ਹੈ ਅਤੇ ਲਗਭਗ ਕਾਗਜ਼ੀ ਬਣ ਗਈ ਹੈ। ਜੋ ਤਾਕਤ ਸੀ, ਹੁਣ ਉਹੀ ਕਮਜ਼ੋਰੀ ਬਣਦੀ ਜਾ ਰਹੀ ਹੈ। ਵੀਟੋ ਪਾਵਰ ਨਾਲ ਉਹ ਆਪਣੇ-ਆਪਣੇ ਹਿੱਤਾਂ ਅਨੁਸਾਰ ਕਿਸੇ ਵੀ ਕਾਰਵਾਈ ਨੂੰ ਰੋਕ ਸਕਦੇ ਹਨ। ਨਤੀਜਾ ਇਹ ਕਿ ਜਦੋਂ ਕੁਝ ਕਰਨ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਹੁੰਦੀ ਹੈ, ਤਾਂ ਉਸ ’ਚ ਹੀ ਸਭ ਤੋਂ ਵੱਧ ਗਤੀਰੋਧ ਜਾਂ ਰੁਕਾਵਟ ਪੈਦਾ ਕਰ ਦਿੱਤੀ ਜਾਂਦੀ ਹੈ। ਯੁੱਧ ਹੀ ਇਕੋ-ਇਕ ਬਦਲ ਰਹਿਣ ਵਰਗਾ ਵਾਤਾਵਰਣ ਬਣਾ ਦਿੱਤਾ ਜਾਂਦਾ ਹੈ।

ਤਾਕਤਵਰ ਹੋਣ ਦਾ ਅਰਥ ਇਹ ਨਹੀਂ ਕਿ ਸੋਚ ’ਚ ਕਿਸੇ ਦੀ ਤਬਾਹੀ ਕਰਨ ਦੀ ਗੱਲ ਆ ਗਈ ਤਾਂ ਲਾਮ-ਲਸ਼ਕਰ ਨਾਲ ਉਸ ਦਾ ਅੰਤ ਕਰਨ ਨਿਕਲ ਪਏ ਅਤੇ ਉਹ ਵੀ ਇਸ ਲਈ ਕਿ ਤੁਸੀਂ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਮਹਾਨ ਸ਼ਾਸਕ ਸਮਝਦੇ ਹੋ।

ਇਕ ਨਵੀਂ ਸੋਚ ਦੀ ਸ਼ੁਰੂਆਤ ਹੋਵੇ :

ਅਪੀਲ ਜਾਂ ਨਿੰਦਾ ਨਾਲ ਯੁੱਧ ਨਹੀਂ ਰੁਕ ਸਕਦੇ, ਇਸ ਲਈ ਕਿਸੇ ਅਜਿਹੀ ਸੰਸਥਾ ਦਾ ਹੋਣਾ ਜ਼ਰੂਰੀ ਹੈ ਜੋ ਸਿਰਫ ਸਲਾਹ ਨਹੀਂ ਸਗੋਂ ਆਖਰੀ ਹੁਕਮ ਦੇ ਸਕੇ ਕਿ ਯੁੱਧ ਰੋਕ ਦੇਣ ਦਾ ਮਤਲਬ ਉਸ ਦਾ ਰੁਕਣਾ ਹੀ ਹੈ। ਇਸ ਸੰਗਠਨ ’ਚ 5 ਨਹੀਂ, ਸਗੋਂ ਸਾਰੇ ਵੱਡੇ ਅਤੇ ਦਰਮਿਆਨੇ ਆਕਾਰ ਦੇ ਦੇਸ਼ਾਂ ਦੇ ਪ੍ਰਤੀਨਿਧ ਸ਼ਾਮਲ ਹੋਣ। ਵੀਟੋ ਵਰਗਾ ਇਕਤਰਫਾ ਅਧਿਕਾਰ ਨਾ ਹੋ ਕੇ ਇਕ ਅਜਿਹਾ ਸੰਤੁਲਿਤ, ਪਾਰਦਰਸ਼ੀ ਅਤੇ ਤੱਥਾਂ ’ਤੇ ਆਧਾਰਿਤ ਫੈਸਲਾ ਹੋਵੇ, ਜੋ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਲਾਜ਼ਮੀ ਹੋਵੇ ਅਤੇ ਉਸ ਦੇ ਨਾ ਮੰਨਣ ਦਾ ਨਤੀਜਾ ਸਾਰੇ ਦੇਸ਼ਾਂ ਵੱਲੋਂ ਉਸ ਦੇਸ਼ ਦਾ ਸਮੂਹਿਕ ਬਾਈਕਾਟ ਹੋਵੇ, ਭਾਵੇਂ ਉਹ ਕਿੰਨਾ ਵੀ ਸ਼ਕਤੀਸ਼ਾਲੀ ਅਤੇ ਸਾਧਨ-ਸੰਪੰਨ ਕਿਉਂ ਨਾ ਹੋਵੇ। ਇਸ ਸੰਸਥਾ ਦਾ ਫੈਸਲਾ ਦੋਵਾਂ ਧਿਰਾਂ ’ਤੇ ਲਾਗੂ ਹੋਵੇ ਅਤੇ ਕਿਸੇ ਦੇ ਵੀ ਵਲੋਂ ਉਲੰਘਣਾ ਕਰਨ ਦਾ ਦੋਸ਼ ਸਿੱਧ ਹੋਣ ’ਤੇ ਆਰਥਿਕ ਜਾਂ ਜੋ ਵੀ ਉਚਿਤ ਹੋਵੇ, ਉਹ ਸਜ਼ਾ ਦਿੱਤੇ ਜਾਣ ਦੀ ਵਿਵਸਥਾ ਹੋਵੇ।

ਇਹ ਸੰਸਥਾ ਇੰਨੀ ਸ਼ਕਤੀਸ਼ਾਲੀ ਹੋਵੇ ਕਿ ਆਪਣੇ ਗਲੋਬਲ ਸਰੂਪ ਅਤੇ ਸੁਤੰਤਰ ਹੋਂਦ ਦੇ ਕਾਰਨ ਜੋ ਵੀ ਫੈਸਲਾ ਲਵੇ, ਉਹ ਸਭ ਨੂੰ ਮੰਨਣਾ ਹੀ ਪਵੇਗਾ। ਇਹ ਕਹਿ ਸਕਦੇ ਹਾਂ ਕਿ ਕੋਈ ਸ਼ਕਤੀ ਸੰਪੰਨ ਦੇਸ਼ ਕਿਉਂ ਇਸ ਵਿਵਸਥਾ ਨੂੰ ਸਵੀਕਾਰ ਕਰਨ ਲਈ ਤਿਆਰ ਹੋਵੇਗਾ ਕਿਉਂਕਿ ਉਹ ਇਸ ਨਸ਼ੇ ’ਚ ਰਹਿੰਦਾ ਹੈ ਕਿ ਉਹ ਨਿਯਮ ਬਣਾਉਂਦਾ ਹੈ, ਕਿਸੇ ਦੂਜੇ ਦੇ ਬਣਾਏ ਨਿਯਮਾਂ ’ਤੇ ਚੱਲਣ ਦਾ ਉਸ ਦਾ ਸੁਭਾਅ ਨਹੀਂ ਹੈ, ਇਸ ਦਾ ਜਵਾਬ ਇਹ ਹੈ ਕਿ ਇਹ ਸੰਸਥਾ ਕੋਈ ਸੰਵਾਦ ਮੰਚ ਨਹੀਂ ਸਗੋਂ ਅਜਿਹਾ ਗਲੋਬਲ ਸੰਗਠਨ ਹੋਵੇਗਾ ਜਿਸ ਦੇ ਫੈਸਲੇ ਸਮੂਹਿਕ ਅਤੇ ਮੰਨਣਯੋਗ ਹੋਣ। ਇਸ ਸੰਸਥਾ ਦਾ ਪਰਿਚਾਲਨ ਸਾਰੇ ਮੈਂਬਰ ਦੇਸ਼ਾਂ ਦੇ ਆਰਥਿਕ ਫੰਡ ਨਾਲ ਹੋਵੇਗਾ, ਇਸ ਲਈ ਕੋਈ ਇਕ ਦੇਸ਼ ਇਸਦਾ ਸਰਵੇ-ਸਰਵਾ ਨਾ ਹੋ ਕੇ ਸਾਰੇ ਮੈਂਬਰ ਦੇਸ਼ ਹੋਣਗੇ।

ਯੁੱਧ ਨਾ ਕਰਨ ਦੀ ਸੋਚ ਬਣੇਗੀ : ਇਸ ਪ੍ਰਕਾਰ ਦਾ ਸੰਗਠਨ ਜੇਕਰ ਕਿਸੇ ਵੀ ਤਰ੍ਹਾਂ ਸੰਭਵ ਹੋ ਜਾਵੇ ਤਾਂ ਇਹ ਇਕ ਤਰ੍ਹਾਂ ਨਾਲ ਗਲੋਬਲ ਸੋਚ ’ਚ ਤਬਦੀਲੀ ਹੋਵੇਗੀ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਅੱਜ ਕੋਈ ਵੀ ਯੁੱਧ ਸਿਰਫ 2 ਦੇਸ਼ਾਂ ਵਿਚਾਲੇ ਨਹੀਂ ਹੁੰਦਾ, ਸਗੋਂ ਉਸ ਦਾ ਅਸਰ ਸਾਰੀ ਦੁਨੀਆ, ਪੂਰੀ ਮਨੁੱਖਤਾ ’ਤੇ ਪੈਂਦਾ ਹੈ। ਇਹ ਸ਼ਕਤੀ ਬਨਾਮ ਸ਼ਾਂਤੀ ਹੈ ਜੋ ਕਿਸੇ ਵੀ ਕੀਮਤ ’ਤੇ ਸਥਾਪਿਤ ਹੋਵੇ ਤਾਂ ਉਹ ਸਸਤੀ ਹੋਵੇਗੀ। ਇਸ ਦਾ ਉਦੇਸ਼ ਉਨ੍ਹਾਂ ਦੇਸ਼ਾਂ ਨੂੰ ਨਵੀਨਤਮ ਹਥਿਆਰਾਂ ਦੀ ਮਾਰਕ ਸਮਰੱਥਾ ਦੀ ਪ੍ਰਯੋਗਸ਼ਾਲਾ ਬਣਨ ਤੋਂ ਬਚਾਉਣਾ ਹੈ, ਜਿਨ੍ਹਾਂ ਦੀ ਭੂਮਿਕਾ ਕਿਸੇ ਵੀ ਯੁੱਧ ’ਚ ਨਹੀਂ ਹੁੰਦੀ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਅੱਜ ਯੁੱਧ ਸੈਨਿਕਾਂ ਜਾਂ ਸਰਹੱਦਾਂ ’ਚ ਰਹਿ ਕੇ ਨਹੀਂ, ਸਗੋਂ ਡਾਟਾ, ਸਾਈਬਰ ਹਮਲੇ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਰਾਹੀਂ ਲੜਿਆ ਜਾਂਦਾ ਹੈ।

ਜੇਕਰ ਅਜਿਹੀ ਕਿਸੇ ਸੰਸਥਾ ਦੀ ਸਥਾਪਨਾ ਹੁੰਦੀ ਹੈ ਤਾਂ ਇਹ ਵਿਗਿਆਨਕ ਸੋਚ ਅਤੇ ਤਕਨੀਕ ਅਨੁਸਾਰ ਹੋਵੇਗੀ। ਇਸ ਦੀ ਸਫਲਤਾ ਸਪੱਸ਼ਟ ਹੋਵੇਗੀ ਕਿਉਂਕਿ 2 ਜਾਂ ਵੱਧ ਦੇਸ਼ਾਂ ਦਰਮਿਆਨ ਹਥਿਆਰਬੰਦ ਸੰਘਰਸ਼ ਦੀ ਸੰਭਾਵਨਾ ਹੁੰਦੇ ਹੀ ਸਵੈਚਾਲਿਤ ਦਖਲਅੰਦਾਜ਼ੀ ਪ੍ਰਣਾਲੀ ਜਾਂ ਆਟੋਮੈਟਿਕ ਇੰਟਰਫੀਅਰਿੰਗ ਪ੍ਰੋਟੋਕੋਲ ਲਾਗੂ ਹੋ ਜਾਵੇਗਾ। ਇੱਥੋਂ ਤੱਕ ਵੀ ਸੰਭਵ ਹੈ ਕਿ ਜੇਕਰ ਕੋਈ ਪੱਖ ਅੜੀਅਲ ਰਵੱਈਆ ਅਪਣਾਏ ਤਾਂ ਉਸ ਦੇ ਆਧੁਨਿਕ ਹਥਿਆਰਾਂ ਦਾ ਪ੍ਰਸਾਰ ਰੋਕਿਆ ਜਾ ਸਕੇਗਾ। ਇਹ ਸਮਰੱਥਾ ਏ. ਆਈ. ਸੰਚਾਲਿਤ ਹੋਣ ਅਤੇ ਸਭ ਕੁਝ ਡਿਜੀਟਲ ਤੇ ਡਾਟਾ ਨਿਯੰਤਰਿਤ ਹੋਣ ਨਾਲ ਕੋਈ ਵੀ ਦੇਸ਼ ਕਿੰਨਾ ਵੀ ਸ਼ਕਤੀਸ਼ਾਲੀ ਹੋਵੇ, ਹਮਲਾ ਕਰਨ ’ਚ ਸਫਲ ਨਹੀਂ ਹੋ ਸਕੇਗਾ।

ਉਦਾਹਰਣ ਲਈ, ਜਦੋਂ ਅੱਜ ਮਿਜ਼ਾਈਲਾਂ ਨੂੰ ਇੰਟਰਸੈਪਟ ਕਰ ਕੇ ਉਨ੍ਹਾਂ ਦੀ ਤਾਕਤ ਨੂੰ ਜ਼ੀਰੋ ਜਾਂ ਪ੍ਰਭਾਵਹੀਣ ਕੀਤਾ ਜਾ ਸਕਦਾ ਹੈ, ਤਾਂ ਇਹੀ ਪ੍ਰਣਾਲੀ ਹੋਰ ਸਾਰੇ ਆਧੁਨਿਕ ਹਥਿਆਰਾਂ ’ਤੇ ਲਾਗੂ ਹੋ ਕੇ ਉਨ੍ਹਾਂ ਦੀ ਹਮਲਾ ਕਰਨ ਦੀ ਸ਼ਕਤੀ ਖ਼ਤਮ ਕਰ ਸਕੇਗੀ ਅਤੇ ਇਸ ਤਰ੍ਹਾਂ ਵਿਨਾਸ਼ ਦੀ ਲੀਲਾ ਹੋ ਹੀ ਨਹੀਂ ਸਕੇਗੀ। ਇਹ ਇਕ ਨਵੇਂ ਯੁੱਗ ’ਚ ਪ੍ਰਵੇਸ਼ ਕਰਨ ਦਾ ਸੰਕੇਤ ਹੋਵੇਗਾ ਜਿਸ ’ਚ ਯੁੱਧ ਨੂੰ ਆਪਣੀ ਰਣਨੀਤੀ ਦਾ ਹਿੱਸਾ ਬਣਾਉਣ ਦੀ ਲੋੜ ਨਹੀਂ ਰਹੇਗੀ।

—ਪੂਰਨ ਚੰਦ ਸਰੀਨ


author

Anmol Tagra

Content Editor

Related News