ਕਦੋਂ ਕਿਸਾਨ ਫ਼ਖ਼ਰ ਨਾਲ ਕਹੇਗਾ, ‘ਮੇਰੀ ਔਲਾਦ ਵੀ ਕਿਸਾਨ ਬਣੇ’

Wednesday, Mar 25, 2026 - 04:28 PM (IST)

ਕਦੋਂ ਕਿਸਾਨ ਫ਼ਖ਼ਰ ਨਾਲ ਕਹੇਗਾ, ‘ਮੇਰੀ ਔਲਾਦ ਵੀ ਕਿਸਾਨ ਬਣੇ’

ਇਕ ਡਾਕਟਰ, ਇੰਜੀਨੀਅਰ, ਵਕੀਲ, ਅਫ਼ਸਰ ਜਾਂ ਕਾਰੋਬਾਰੀ ਅਕਸਰ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਉਨ੍ਹਾਂ ਦੇ ਹੀ ਪੇਸ਼ੇ ਨੂੰ ਅੱਗੇ ਵਧਾਏ ਪਰ ਇਸ ਮਾਮਲੇ ’ਚ ਕਿਸਾਨ ਇਕ ਅਪਵਾਦ ਹੈ। ਬਹੁਤ ਘੱਟ ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ ਦੀ ਔਲਾਦ ਵੀ ਖੇਤੀ ਕਰੇ।

ਦੇਸ਼ ’ਚ ਖੇਤੀ-ਕਿਸਾਨੀ ਦੇ ਸਾਹਮਣੇ ਸਭ ਤੋਂ ਵੱਡਾ ਮੌਨ ਸੰਕਟ ਇਹੀ ਹੈ ਕਿ ਕਿਸਾਨਾਂ ਦੀ ਨਵੀਂ ਪੀੜ੍ਹੀ ਦੀਆਂ ਪਿੰਡ, ਖੇਤ-ਖਲਿਆਣ ਨਾਲ ਜੁੜੀਆਂ ਜੜ੍ਹਾਂ ਲਗਾਤਾਰ ਕਮਜ਼ੋਰ ਪੈ ਰਹੀਆਂ ਹਨ। ਸਖ਼ਤ ਮਿਹਨਤ ਦੇ ਬਾਵਜੂਦ ਖੇਤੀ ਉਨ੍ਹਾਂ ਲਈ ਘਾਟੇ ਦਾ ਸੌਦਾ ਹੈ। ਅਜਿਹੇ ’ਚ ਸ਼ਹਿਰਾਂ ਜਾਂ ਵਿਦੇਸ਼ਾਂ ’ਚ ਨੌਕਰੀ ਲਈ ਜਾਣਾ ਉਨ੍ਹਾਂ ਨੂੰ ਜ਼ਿਆਦਾ ਸਹੀ ਲੱਗਦਾ ਹੈ। ਨਤੀਜਾ ਇਹ ਹੈ ਕਿ ਪਿੰਡਾਂ ’ਚ ਜ਼ਿਆਦਾਤਰ ਬਜ਼ੁਰਗ ਕਿਸਾਨ ਬਚੇ ਹਨ, ਜੋ ਆਪਣੀਆਂ ਜੜ੍ਹਾਂ (ਖੇਤਾਂ) ਨਾਲ ਜੁੜੇ ਰਹਿਣਾ ਚਾਹੁੰਦੇ ਹਨ।

ਇਨ੍ਹਾਂ ਦੀ ਬਦੌਲਤ ਹੀ ਖੇਤੀ ਅੱਜ ਵੀ ਭਾਰਤ ਦੀ ਅਰਥਵਿਵਸਥਾ ਅਤੇ ਸਮਾਜਿਕ ਸੰਤੁਲਨ ਦੀ ਰੀੜ੍ਹ ਹੈ। ਦੇਸ਼ ਦੀ ਕਰੀਬ 46 ਫੀਸਦੀ ਆਬਾਦੀ ਅੱਜ ਵੀ ਖੇਤੀ ’ਤੇ ਨਿਰਭਰ ਹੈ, ਜਦਕਿ ਦੇਸ਼ ਦੀ ਜੀ. ਡੀ. ਪੀ. ’ਚ 16 ਫੀਸਦੀ ਯੋਗਦਾਨ ਖੇਤੀ ਦਾ ਹੈ। ਇਹ ਫਰਕ ਸਾਫ਼ ਦੱਸਦਾ ਹੈ ਕਿ ਖੇਤੀ ਦਾ ਦਾਇਰਾ ਵੱਡਾ ਹੈ ਪਰ ਦੇਸ਼ ਦੀ ਅਰਥਵਿਵਸਥਾ ’ਚ ਉਸ ਦੀ ਘਟਦੀ ਹਿੱਸੇਦਾਰੀ ਇਕ ਵੱਡੀ ਚੁਣੌਤੀ ਹੈ।

ਇੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਏ. ਆਈ. ਇਕ ਵੱਡੇ ਬਦਲਾਅ ਦਾ ਰਾਹ ਖੋਲ੍ਹ ਸਕਦਾ ਹੈ। ਇਹ ਸਿਰਫ਼ ਇਕ ਨਵੀਂ ਟੈਕਨਾਲੋਜੀ ਨਹੀਂ, ਸਗੋਂ ਖੇਤੀ ਨੂੰ ਪੂਰੀ ਤਰ੍ਹਾਂ ਬਦਲ ਦੇਣ ਵਾਲੀ ਤਾਕਤ ਬਣ ਸਕਦਾ ਹੈ। ਏ. ਆਈ. ਦੇ ਜ਼ਰੀਏ ਖੇਤੀ ਨੂੰ ਮਿਹਨਤਕਸ਼ ਗੁਜ਼ਾਰੇ ’ਚੋਂ ਕੱਢ ਕੇ ਡੇਟਾ ਅਤੇ ਟੈਕਨਾਲੋਜੀ ਆਧਾਰਿਤ ਸਮਾਰਟ ਖੇਤੀ, ਜ਼ਿਆਦਾ ਮੁਨਾਫ਼ੇਵੰਦ ਅਤੇ ਸਭ ਤੋਂ ਅਹਿਮ ਨੌਜਵਾਨਾਂ ਨੂੰ ਇਸ ਨਾਲ ਜੋੜਿਆ ਜਾ ਸਕਦਾ ਹੈ।

ਸਮਾਰਟ ਖੇਤੀ ਵੱਲ : ਏ. ਆਈ. ਖੇਤੀ ਦੇ ਤੌਰ-ਤਰੀਕੇ ਬਦਲ ਰਿਹਾ ਹੈ। ਹੁਣ ਸੈਟੇਲਾਈਟ ਤਸਵੀਰਾਂ, ਮਿੱਟੀ ਦੀ ਜਾਂਚ, ਮੌਸਮ ਦੇ ਪੈਟਰਨ ਅਤੇ ਫ਼ਸਲ ਦੀ ਸਥਿਤੀ ਦੇ ਆਧਾਰ ’ਤੇ ਕਿਸਾਨਾਂ ਨੂੰ ਤੁਰੰਤ ਸਲਾਹ ਮਿਲ ਸਕਦੀ ਹੈ। ਇਸ ਨਾਲ ਕਿਸਾਨ ਸਹੀ ਸਮੇਂ ’ਤੇ ਬਿਜਾਈ ਕਰ ਸਕਦਾ ਹੈ, ਖਾਦ ਅਤੇ ਕੀਟਨਾਸ਼ਕਾਂ ਦੀ ਸੰਤੁਲਿਤ ਵਰਤੋਂ ਕਰ ਸਕਦਾ ਹੈ ਅਤੇ ਬਾਜ਼ਾਰ ’ਚ ਸਹੀ ਸਮੇਂ ’ਤੇ ਫ਼ਸਲ ਵੇਚ ਸਕਦਾ ਹੈ।

ਦੁਨੀਆ ਦੇ ਕਈ ਵਿਕਸਿਤ ਦੇਸ਼ਾਂ ’ਚ ਅਜਿਹੇ ਪ੍ਰਯੋਗਾਂ ਨੇ ਸ਼ਾਨਦਾਰ ਨਤੀਜੇ ਦਿੱਤੇ ਹਨ। ਏ. ਆਈ. ਆਧਾਰਿਤ ਖੇਤੀ ਨਾਲ ਉਤਪਾਦਨ ’ਚ ਵਾਧਾ, ਪਾਣੀ ਅਤੇ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਖਪਤ ਕਾਫ਼ੀ ਘਟਾਈ ਜਾ ਸਕਦੀ ਹੈ। ਸਮਾਰਟ ਫ਼ੋਨ ਅਤੇ ਡਿਜੀਟਲ ਦੁਨੀਆ ’ਚ ਪਲੀ-ਵਧੀ ਨਵੀਂ ਪੀੜ੍ਹੀ ਲਈ ਇਹ ਬਦਲਾਅ ਖੇਤੀ ਨੂੰ ਟੈਕਨਾਲੋਜੀ ਆਧਾਰਿਤ ਪੇਸ਼ੇ ’ਚ ਬਦਲ ਦਿੰਦਾ ਹੈ, ਜਿੱਥੇ ਪਾਣੀ ਅਤੇ ਟਰੈਕਟਰ ਦੇ ਨਾਲ ਡੇਟਾ ਐਨਾਲਿਟਿਕਸ ਵੀ ਓਨੇ ਹੀ ਜ਼ਰੂਰੀ ਹਨ, ਜਿੰਨੇ ਖੇਤੀ ਦੇ ਦੂਜੇ ਰਵਾਇਤੀ ਸਾਧਨ।

ਏ. ਆਈ., ਮੌਕੇ ਅਤੇ ਚੁਣੌਤੀਆਂ : ਭਾਰਤ ਕੋਲ ਖੇਤੀ ਨਾਲ ਜੁੜੇ ਵਿਸ਼ਾਲ ਡੇਟਾ ’ਚ ਮੌਸਮ, ਮਿੱਟੀ, ਸੈਟੇਲਾਈਟ ਅਤੇ ਫ਼ਸਲਾਂ ਸਬੰਧੀ ਅੰਕੜੇ ਹਨ ਪਰ ਅਜੇ ਵੀ 10 ਫੀਸਦੀ ਤੋਂ ਘੱਟ ਕਿਸਾਨ ਡਿਜੀਟਲ ਸਲਾਹ ਦੀ ਵਰਤੋਂ ਕਰਦੇ ਹਨ। ਭਾਵ ਟੈਕਨਾਲੋਜੀ ਦਾ ਅਸਲੀ ਫ਼ਾਇਦਾ ਅਜੇ ਖੇਤਾਂ ਦੀ ਪਹੁੰਚ ਤੋਂ ਦੂਰ ਹੈ।

ਹਾਲਾਂਕਿ ਹੁਣ ਤਸਵੀਰ ਬਦਲਣ ਲੱਗੀ ਹੈ। ‘ਕਿਸਾਨ ਈ-ਮਿੱਤਰ’ ਵਰਗੇ ਪਲੇਟਫਾਰਮ ਰੋਜ਼ ਹਜ਼ਾਰਾਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਆਈ. ਆਈ. ਟੀ. ਰੋਪੜ ਦੀ ‘ਐਨਮ ਏ. ਆਈ.’ ਐਪ ਵਰਗੀਆਂ ਪਹਿਲਕਦਮੀਆਂ ਵੀ ਡੇਟਾ ਨੂੰ ਆਸਾਨ ਭਾਸ਼ਾ ’ਚ ਕਿਸਾਨਾਂ ਤੱਕ ਪਹੁੰਚਾ ਰਹੀਆਂ ਹਨ। ਸ਼ੁਰੂਆਤੀ ਪ੍ਰਯੋਗ ਤੋਂ ਇਹ ਸਾਫ਼ ਹੋਇਆ ਹੈ ਕਿ ਏ. ਆਈ. ਦੀ ਵਰਤੋਂ ਨਾਲ ਖੇਤੀ ਦੀ ਲਾਗਤ 8 ਤੋਂ 12 ਫੀਸਦੀ ਤੱਕ ਘਟ ਸਕਦੀ ਹੈ ਅਤੇ ਉਤਪਾਦਨ 20 ਤੋਂ 30 ਫੀਸਦੀ ਤੱਕ ਵਧ ਸਕਦਾ ਹੈ।

ਏ. ਆਈ. ਖੇਤ ਮਜ਼ਦੂਰਾਂ ਦਾ ਰੋਜ਼ਗਾਰ ਖੋਹੇਗੀ? : ਅਕਸਰ ਇਹ ਚਿੰਤਾ ਜਤਾਈ ਜਾਂਦੀ ਹੈ ਕਿ ਏ. ਆਈ. ਅਤੇ ਮਸ਼ੀਨਾਂ ਖੇਤ ਮਜ਼ਦੂਰਾਂ ਨੂੰ ਬੇਰੋਜ਼ਗਾਰ ਕਰ ਦੇਣਗੀਆਂ ਪਰ ਭਾਰਤ ਦੀ ਜ਼ਮੀਨੀ ਹਕੀਕਤ ਵੱਖਰੀ ਹੈ। ਇੱਥੇ 86 ਫੀਸਦੀ ਕਿਸਾਨਾਂ ਕੋਲ 2 ਹੈਕਟੇਅਰ ਤੱਕ ਦੇ ਖੇਤ ਹਨ, ਜਿੱਥੇ ਪੂਰੀ ਤਰ੍ਹਾਂ ਮਸ਼ੀਨਾਂ ’ਤੇ ਨਿਰਭਰ ਹੋਣਾ ਸੰਭਵ ਨਹੀਂ। ਅਜਿਹੇ ’ਚ ਏ. ਆਈ. ਖੇਤ ਮਜ਼ਦੂਰਾਂ ਦਾ ਕੰਮ ਖ਼ਤਮ ਨਹੀਂ ਕਰੇਗੀ, ਸਗੋਂ ਕੰਮ ਦਾ ਤਰੀਕਾ ਬਦਲੇਗੀ। ਹੁਣ ਨਵੇਂ ਤਰ੍ਹਾਂ ਦੇ ਕੰਮ ਸਾਹਮਣੇ ਆ ਰਹੇ ਹਨ, ਜਿਵੇਂ ਐਗਰੀ-ਡੇਟਾ ਸੰਭਾਲਣ ਵਾਲੇ ਤਕਨੀਸ਼ੀਅਨ, ਡਰੋਨ ਨਾਲ ਛਿੜਕਾਅ ਕਰਨ ਵਾਲੇ ਆਪ੍ਰੇਟਰ ਅਤੇ ਸਪਲਾਈ ਚੇਨ ਨੂੰ ਸੰਭਾਲਣ ਵਾਲੇ ਐਕਸਪਰਟ ਛੋਟੀ ਜੋਤ ਦੀ ਖੇਤੀ ਨੂੰ ਵੀ ਮੁਨਾਫ਼ੇਵੰਦ ਬਣਾਉਣ ’ਚ ਮਦਦਗਾਰ ਸਾਬਤ ਹੋ ਸਕਦੇ ਹਨ।

1966 ’ਚ ਹਰੀ ਕ੍ਰਾਂਤੀ ਅਤੇ ਮਸ਼ੀਨੀਕਰਨ ਦੀ ਅਗਵਾਈ ਕਰਨ ਵਾਲੇ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ’ਚ ਔਰਤਾਂ ਡਰੋਨ ਨਾਲ ਫ਼ਸਲਾਂ ਦੀ ਨਿਗਰਾਨੀ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਹੀਆਂ ਹਨ। ਇਹ ਸੰਕੇਤ ਹੈ ਕਿ ਆਉਣ ਵਾਲੇ ਸਮੇਂ ’ਚ ਪਿੰਡਾਂ ਦੀ ਅਰਥਵਿਵਸਥਾ ਵੀ ਡਿਜੀਟਲ ਟੈਕਨਾਲੋਜੀ ਨਾਲ ਬਦਲੇਗੀ। ਭਾਵ ਏ. ਆਈ. ਰੋਜ਼ਗਾਰ ਘੱਟ ਨਹੀਂ ਕਰੇਗੀ, ਸਗੋਂ ਖੇਤੀ ਨੂੰ ਕੁਸ਼ਲ ਅਤੇ ਸਨਮਾਨਜਨਕ ਪੇਸ਼ੇ ’ਚ ਬਦਲ ਸਕਦੀ ਹੈ।

ਕਿਵੇਂ ਵਿਕਸਿਤ ਦੇਸ਼ਾਂ ਨੇ ਨੌਜਵਾਨਾਂ ਨੂੰ ਖੇਤਾਂ ਵੱਲ ਖਿੱਚਿਆ : ਦੁਨੀਆ ਦੇ ਕਈ ਦੇਸ਼ਾਂ ਨੇ ਸਾਬਤ ਕੀਤਾ ਕਿ ਜਦੋਂ ਖੇਤੀ ਟੈਕਨਾਲੋਜੀ ਨਾਲ ਜੁੜਦੀ ਹੈ, ਤਾਂ ਨੌਜਵਾਨ ਖੁਦ-ਬ-ਖੁਦ ਉਸ ਨਾਲ ਜੁੜਦੇ ਜਾਂਦੇ ਹਨ। ਚੀਨ ਦੀ ਉਦਾਹਰਣ ਬੇਹੱਦ ਦਿਲਚਸਪ ਹੈ। ਭੂ-ਜਲ ਸੰਕਟ ਦੇ ਬਾਵਜੂਦ ਭਾਰਤ ਲੱਗਭਗ 4.4 ਕਰੋੜ ਹੈਕਟੇਅਰ ’ਚ ਝੋਨਾ ਉਗਾਉਂਦਾ ਹੈ, ਜਦਕਿ ਭੂ-ਜਲ ਸੰਭਾਲ ਲਈ ਚੀਨ ਨੇ ਝੋਨੇ ਦਾ ਰਕਬਾ ਘਟਾ ਕੇ 2.8 ਕਰੋੜ ਹੈਕਟੇਅਰ ਕਰ ਦਿੱਤਾ ਹੈ। ਇਸ ਦੇ ਬਾਵਜੂਦ ਚੀਨ ਦਾ ਚਾਵਲ ਉਤਪਾਦਨ ਭਾਰਤ ਤੋਂ ਸਿਰਫ਼ 50 ਲੱਖ ਟਨ ਘੱਟ ਹੈ। ਭਾਰਤ ’ਚ ਪ੍ਰਤੀ ਹੈਕਟੇਅਰ ਚਾਵਲ ਉਤਪਾਦਨ ਕਰੀਬ 2.3 ਟਨ ਹੈ, ਜਦਕਿ ਚੀਨ ’ਚ ਪ੍ਰਤੀ ਹੈਕਟੇਅਰ 4 ਟਨ, ਭਾਵ ਭਾਰਤ ਤੋਂ 70 ਫੀਸਦੀ ਜ਼ਿਆਦਾ ਉਤਪਾਦਨ।

ਅਮਰੀਕਾ ’ਚ ‘ਸੀ ਐਂਡ ਸਪਰੇਅ’ ਵਰਗੀ ਤਕਨੀਕ ਕੰਪਿਊਟਰ ਵਿਜ਼ਨ ਦੇ ਜ਼ਰੀਏ ਸਿਰਫ਼ ਨਦੀਨਾਂ ’ਤੇ ਹੀ ਦਵਾਈ ਪਾਉਂਦੀ ਹੈ, ਜਿਸ ਨਾਲ ਕੈਮੀਕਲ ਕੀਟਨਾਸ਼ਕਾਂ ਦੀ ਵਰਤੋਂ 90 ਫੀਸਦੀ ਤੱਕ ਘਟ ਜਾਂਦੀ ਹੈ। ਇਜ਼ਰਾਈਲ ’ਚ ਏ. ਆਈ. ਆਧਾਰਿਤ ਸਿੰਚਾਈ ਪ੍ਰਣਾਲੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਪਾਣੀ ਦੀ ਵਰਤੋਂ ਤੈਅ ਕਰਦੀ ਹੈ।

ਖੇਤੀ ਨੂੰ ਆਕਰਸ਼ਕ ਬਣਾਉਣਾ ਹੋਵੇਗਾ : ਹਰੀ ਕ੍ਰਾਂਤੀ ਤੋਂ ਬਾਅਦ ਭਾਰਤ ਦੀ ਖੇਤੀ ’ਚ ਅਗਲੀ ਵੱਡੀ ਕ੍ਰਾਂਤੀ ਡਿਜੀਟਲ ਟੈਕਨਾਲੋਜੀ ਅਤੇ ਰਵਾਇਤੀ ਖੇਤੀ ਦੇ ਮੇਲ ਨਾਲ ਸੰਭਵ ਹੈ। ਏ. ਆਈ. ਦੀ ਮਦਦ ਨਾਲ ਜਿੱਥੇ ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਦੀ ਕਣਕ-ਝੋਨੇ ਦੇ ਫ਼ਸਲੀ ਚੱਕਰ ’ਤੇ ਨਿਰਭਰਤਾ ਦਾ ਹੱਲ ਕੱਢਿਆ ਜਾ ਸਕਦਾ ਹੈ, ਉੱਥੇ ਹੀ ਮਿੱਟੀ, ਪਾਣੀ, ਮੌਸਮ, ਬੀਜ, ਖਾਦ ਅਤੇ ਕੀਟਨਾਸ਼ਕ ਦੀ ਖਪਤ ਅਤੇ ਬਾਜ਼ਾਰ ਦੀ ਮੰਗ ਦਾ ਵਿਸ਼ਲੇਸ਼ਣ ਕਰ ਕੇ ਕਿਸਾਨਾਂ ਨੂੰ ਫਲਾਂ, ਸਬਜ਼ੀਆਂ, ਦਾਲਾਂ, ਤੇਲ ਬੀਜਾਂ ਅਤੇ ਬਾਗਬਾਨੀ ਵਰਗੀਆਂ ਵੱਧ ਲਾਭਕਾਰੀ ਫ਼ਸਲਾਂ ਵੱਲ ਮੋੜ ਕੇ ਨਾ ਸਿਰਫ ਉਨ੍ਹਾਂ ਦੀ ਆਮਦਨ ਵਧਾਈ ਜਾ ਸਕਦੀ ਹੈ, ਸਗੋਂ ਪਾਣੀ ਦੀ ਬੱਚਤ ਅਤੇ ਵਾਤਾਵਰਣ ਸੰਤੁਲਨ ਵੀ ਬਿਹਤਰ ਹੋ ਸਕਦਾ ਹੈ।

ਮਜ਼ਬੂਤ ਡਿਜੀਟਲ ਇਨਫ੍ਰਾਸਟਰੱਕਚਰ, ਕਿਸਾਨਾਂ ਦੇ ਹੁਨਰ ਵਿਕਾਸ ਅਤੇ ਦੂਰਅੰਦੇਸ਼ੀ ਨੀਤੀਆਂ ਨੂੰ ਜੇਕਰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ, ਤਾਂ ਖੇਤੀ ਆਧੁਨਿਕ, ਸਨਮਾਨਜਨਕ ਅਤੇ ਮੁਨਾਫ਼ੇਵੰਦ ਹੋ ਸਕਦੀ ਹੈ। ਉਦੋਂ ਸ਼ਾਇਦ ਕਿਸਾਨ ਵੀ ਫ਼ਖ਼ਰ ਨਾਲ ਕਹਿ ਸਕੇਗਾ ਕਿ ‘ਮੇਰੀ ਔਲਾਦ ਵੀ ਕਿਸਾਨ ਬਣੇਗੀ।’

(ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ) ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)


author

Rakesh

Content Editor

Related News