ਜ਼ਹਿਰੀਲੇ ਵਿਆਹੁਤਾ ਰਿਸ਼ਤੇ, ਆਖਿਰ ਕੀ ਹੈ ਹੱਲ?

Wednesday, Apr 01, 2026 - 04:40 PM (IST)

ਜ਼ਹਿਰੀਲੇ ਵਿਆਹੁਤਾ ਰਿਸ਼ਤੇ, ਆਖਿਰ ਕੀ ਹੈ ਹੱਲ?

ਅੱਜਕਲ ਪਤੀ-ਪਤਨੀ ਦੇ ਰਿਸ਼ਤੇ ’ਚ ਤਣਾਅ ਵਿਆਹੁਤਾ ਜ਼ਿੰਦਗੀ ਨੂੰ ਕੜਵਾਹਟ ਭਰਿਆ ਬਣਾ ਰਿਹਾ ਹੈ। ਇਹ ਭਾਰਤੀ ਪਰਿਵਾਰਾਂ ਦੇ ਟੁੱਟਣ ਦਾ ਇਕ ਵੱਡਾ ਕਾਰਨ ਬਣ ਗਿਆ ਹੈ। ਅਜਿਹਾ ਕਿਉਂ ਹੋ ਰਿਹਾ ਹੈ? ਆਧੁਨਿਕ ਸਮੇਂ ’ਚ ਮਰਦਾਂ ਅਤੇ ਔਰਤਾਂ ਦੀਆਂ ਭੂਮਿਕਾਵਾਂ ਬਦਲ ਰਹੀਆਂ ਹਨ। ਅਤੀਤ ’ਚ ਰਵਾਇਤੀ ਤੌਰ ’ਤੇ ਪਤੀ ਨੂੰ ਪਰਿਵਾਰ ਦਾ ਆਰਥਿਕ ਸਹਾਰਾ ਅਤੇ ਪਤਨੀ ਨੂੰ ਘਰ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ। ਅੱਜ ਦੋਵੇਂ ਪੱਖ ਬਰਾਬਰ ਕੰਮ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸਾਂਝਾ ਕਰਦੇ ਹਨ, ਜਿਸ ਨਾਲ ਉਮੀਦਾਂ ’ਚ ਅਸੰਤੁਲਨ ਪੈਦਾ ਹੋ ਸਕਦਾ ਹੈ। ਪਤੀ-ਪਤਨੀ ਦੇ ਵਿਚਾਲੇ ਸੰਵਾਦ ਦੀ ਕਮੀ ਇਕ ਵੱਡਾ ਕਾਰਨ ਹੈ। ਜੇਕਰ ਦੋਵੇਂ ਪੱਖ ਆਪਣੀਆਂ ਭਾਵਨਾਵਾਂ, ਚਿੰਤਾਵਾਂ ਅਤੇ ਉਮੀਦਾਂ ਨੂੰ ਖੁੱਲ੍ਹ ਕੇ ਨਹੀਂ ਦੱਸਦੇ, ਤਾਂ ਗਲਤਫਹਿਮੀਆਂ ਵਧਦੀਆਂ ਹਨ। ਇਸ ਨਾਲ ਰਿਸ਼ਤੇ ’ਚ ਦੂਰੀ ਵਧ ਸਕਦੀ ਹੈ ਅਤੇ ਤਣਾਅ ਪੈਦਾ ਹੋ ਸਕਦਾ ਹੈ।

ਵਿਆਹੁਤਾ ਰਿਸ਼ਤਿਆਂ ਦੀ ਨੀਂਹ ਭਰੋਸੇ ’ਤੇ ਟਿਕੀ ਹੁੰਦੀ ਹੈ। ਜੇਕਰ ਦੋਵਾਂ ’ਚੋਂ ਕਿਸੇ ਇਕ ਜਾਂ ਦੋਵਾਂ ਨੂੰ ਇਕ-ਦੂਜੇ ਦੇ ਪ੍ਰਤੀ ਸ਼ੱਕ ਜਾਂ ਬੇਭਰੋਸਗੀ ਮਹਿਸੂਸ ਹੋਣ ਲੱਗੇ, ਤਾਂ ਇਹ ਰਿਸ਼ਤੇ ਨੂੰ ਖ਼ਤਰਨਾਕ ਬਣਾ ਸਕਦਾ ਹੈ। ਅਜਿਹੇ ਮਾਮਲਿਆਂ ’ਚ ਘਰ ਜੋ ਇਕ ਸੁਰੱਖਿਅਤ ਸਥਾਨ ਹੋਣਾ ਚਾਹੀਦਾ ਹੈ, ਉਹੀ ਤਣਾਅਪੂਰਨ ਅਤੇ ਘਾਤਕ ਬਣ ਜਾਂਦਾ ਹੈ। ਜਦੋਂ ਦੋਵੇਂ ਪੱਖ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਂਝਾ ਨਹੀਂ ਕਰਦੇ ਜਾਂ ਇਕ-ਦੂਜੇ ਪ੍ਰਤੀ ਬੇਇਨਸਾਫ਼ੀ ਵਾਲਾ ਵਿਹਾਰ ਕਰਦੇ ਹਨ, ਤਾਂ ਇਹ ਰਿਸ਼ਤੇ ’ਚ ਝਗੜਿਆਂ ਦਾ ਕਾਰਨ ਬਣ ਸਕਦਾ ਹੈ। ਉਦਾਹਰਣ ਲਈ ਜੇਕਰ ਪਤੀ ਪਰਿਵਾਰ ਲਈ ਪੈਸਾ ਕਮਾਉਣ ’ਚ ਰੁੱਝਿਆ ਰਹਿੰਦਾ ਹੈ ਅਤੇ ਪਤਨੀ ਨੂੰ ਘਰ ਦਾ ਸਾਰਾ ਕੰਮ ਸੰਭਾਲਣਾ ਪੈਂਦਾ ਹੈ, ਤਾਂ ਇਹ ਅਸੰਤੋਸ਼ ਦਾ ਕਾਰਨ ਬਣ ਸਕਦਾ ਹੈ।

ਜਦੋਂ ਪਤੀ ਜਾਂ ਪਤਨੀ ’ਚੋਂ ਕੋਈ ਵੀ ਹਰ ਸਥਿਤੀ ’ਚ ‘ਸਹੀ’ ਹੋਣ ਦਾ ਵਹਿਮ ਰੱਖਦਾ ਹੈ, ਤਾਂ ਇਹ ਰਿਸ਼ਤੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਕ ਸਿਹਤਮੰਦ ਰਿਸ਼ਤੇ ’ਚ ਦੋਵੇਂ ਪੱਖ ਇਕ-ਦੂਜੇ ਦੀਆਂ ਗਲਤੀਆਂ ਨੂੰ ਸਵੀਕਾਰ ਕਰਨ ਅਤੇ ਸੁਧਾਰ ਕਰਨ ਲਈ ਤਿਆਰ ਹੁੰਦੇ ਹਨ ਪਰ ਜਦੋਂ ਕੋਈ ਵੀ ਖੁਦ ਨੂੰ ਹਮੇਸ਼ਾ ਸਹੀ ਮੰਨਣ ਲੱਗੇ, ਤਾਂ ਇਹ ਰਿਸ਼ਤੇ ਨੂੰ ਖ਼ਤਰਨਾਕ ਬਣਾ ਦਿੰਦਾ ਹੈ।

ਅੱਜ ਦੀ ਤੇਜ਼ੀ ਨਾਲ ਬਦਲਦੀ ਜੀਵਨਸ਼ੈਲੀ ਅਤੇ ਕੰਮ ਦੇ ਦਬਾਅ ਕਾਰਨ ਪਤੀ-ਪਤਨੀ ਦੇ ਵਿਚਾਲੇ ਸਮਾਂ ਬਿਤਾਉਣ ਦਾ ਮੌਕਾ ਘੱਟ ਹੁੰਦਾ ਜਾ ਰਿਹਾ ਹੈ। ਇਸ ਨਾਲ ਦੋਵਾਂ ਪੱਖਾਂ ਦੇ ਵਿਚਾਲੇ ਭਾਵਨਾਤਮਕ ਦੂਰੀ ਵਧ ਸਕਦੀ ਹੈ, ਜੋ ਰਿਸ਼ਤੇ ਨੂੰ ਕਮਜ਼ੋਰ ਕਰ ਸਕਦੀ ਹੈ। ਕਈ ਵਾਰ ਪਤੀ-ਪਤਨੀ ਦੇ ਵਿਚਾਲੇ ਰਿਸ਼ਤੇ ਪਰਿਵਾਰ ਜਾਂ ਸਮਾਜ ਦੇ ਦਬਾਅ ਕਾਰਨ ਤਣਾਅਪੂਰਨ ਹੋ ਜਾਂਦੇ ਹਨ। ਜਿਵੇਂ ਸੱਸ-ਨੂੰਹ ਦੇ ਵਿਚਾਲੇ ਝਗੜੇ, ਬੱਚਿਆਂ ਦੀ ਪੜ੍ਹਾਈ ਜਾਂ ਵਿਆਹ ਵਰਗੇ ਮੁੱਦੇ ਵੀ ਰਿਸ਼ਤੇ ਨੂੰ ਪ੍ਰਭਾਵਿਤ ਕਰ ਸਕਦੇ ਹਨ। ਮੌਜੂਦਾ ਸਮੇਂ ’ਚ ਘਰੇਲੂ ਹਿੰਸਾ ਦੇ ਮਾਮਲੇ ਵੀ ਵਧ ਰਹੇ ਹਨ। ਇਹ ਨਾ ਸਿਰਫ਼ ਪਤੀ-ਪਤਨੀ ਦੇ ਰਿਸ਼ਤੇ ਨੂੰ ਖ਼ਤਰਨਾਕ ਬਣਾਉਂਦਾ ਹੈ, ਸਗੋਂ ਜਾਨਲੇਵਾ ਵੀ ਹੋ ਸਕਦਾ ਹੈ। ਅੰਕੜਿਆਂ ਅਨੁਸਾਰ ਹਰ 11ਵੇਂ ਮਿੰਟ ’ਚ ਇਕ ਔਰਤ ਦਾ ਕਤਲ ਹੋ ਜਾਂਦਾ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਘਰੇਲੂ ਰਿਸ਼ਤੇ ਕਿੰਨੇ ਖ਼ਤਰਨਾਕ ਹੋ ਸਕਦੇ ਹਨ।

ਵਿਆਹੁਤਾ ਜ਼ਿੰਦਗੀ ’ਚ ਤਕਰਾਰ ਅਤੇ ਗਲਤਫਹਿਮੀਆਂ ਆਮ ਗੱਲ ਹਨ ਪਰ ਜਦੋਂ ਗੱਲ ਵਾਰ-ਵਾਰ ਤਾਅਨਿਆਂ ਅਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਤੱਕ ਪਹੁੰਚ ਜਾਵੇ, ਤਾਂ ਸਥਿਤੀ ਗੰਭੀਰ ਹੋ ਜਾਂਦੀ ਹੈ। ਇਕ ਵਿਅਕਤੀ ਨੇ ਸਵਾਲ ਕੀਤਾ ਕਿ ਉਸ ਦੀ ਪਤਨੀ ਅਕਸਰ ਕਹਿੰਦੀ ਹੈ ਕਿ ਉਹ ਕਿਸੇ ਲਾਇਕ ਨਹੀਂ ਹੈ ਅਤੇ ਉਸ ਨਾਲ ਵਿਆਹ ਕਰ ਕੇ ਉਸ ਦੀ ਜ਼ਿੰਦਗੀ ਨਰਕ ਬਣ ਗਈ ਹੈ। ਅਜਿਹੇ ’ਚ ਉਹ ਕੀ ਕਰੇ ਤਾਂ ਜੋ ਰਿਸ਼ਤਾ ਬਿਹਤਰ ਹੋ ਸਕੇ?

ਕੜਵਾਹਟ ਭਰੇ ਵਿਆਹੁਤਾ ਰਿਸ਼ਤੇ ਸੁਧਾਰਨ ਦਾ ਆਖਿਰ ਕੀ ਹੱਲ ਹੈ? ਮਨੋਵਿਗਿਆਨ ਦੇ ਮੁਤਾਬਕ ਕਿਸੇ ਵੀ ਰਿਸ਼ਤੇ ਦੀ ਨੀਂਹ ਖੁੱਲ੍ਹੀ ਅਤੇ ਇਮਾਨਦਾਰ ਗੱਲਬਾਤ ਹੁੰਦੀ ਹੈ। ਪਤੀ ਨੂੰ ਚਾਹੀਦਾ ਹੈ ਕਿ ਉਹ ਸ਼ਾਂਤੀ ਨਾਲ ਪਤਨੀ ਨਾਲ ਗੱਲ ਕਰੇ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰੇ ਕਿ ਉਨ੍ਹਾਂ ਦੀ ਨਾਰਾਜ਼ਗੀ ਦੀ ਅਸਲੀ ਵਜ੍ਹਾ ਕੀ ਹੈ। ਬਿਨਾਂ ਟੋਕੇ ਅਤੇ ਬਿਨਾਂ ਜੱਜ ਕੀਤੇ ਗੱਲ ਸੁਣਨਾ ਰਿਸ਼ਤੇ ’ਚ ਭਰੋਸਾ ਬਣਾਉਣ ਦੀ ਪਹਿਲੀ ਸ਼ਰਤ ਹੈ। ਰਿਸ਼ਤੇ ਨੂੰ ਬਿਹਤਰ ਬਣਾਉਣ ਲਈ ਆਤਮ-ਮੰਥਨ ਜ਼ਰੂਰੀ ਹੈ। ਕਮਿਊਨੀਕੇਸ਼ਨ ਸਕਿੱਲ, ਸੰਵੇਦਨਸ਼ੀਲਤਾ ਅਤੇ ਸਮਝਦਾਰੀ ’ਤੇ ਕੰਮ ਕਰਨਾ ਤੁਹਾਨੂੰ ਇਕ ਬਿਹਤਰ ਜੀਵਨ ਸਾਥੀ ਬਣਾ ਸਕਦਾ ਹੈ। ਛੋਟੇ ਬਦਲਾਅ ਵੀ ਰਿਸ਼ਤੇ ’ਚ ਵੱਡਾ ਫਰਕ ਲਿਆ ਸਕਦੇ ਹਨ।

ਰਿਸ਼ਤੇ ’ਚ ਅਪਣਾਪਨ ਬਣਾਈ ਰੱਖਣ ਲਈ ਛੋਟੇ-ਛੋਟੇ ਕਦਮ ਬਹੁਤ ਮਾਅਨੇ ਰੱਖਦੇ ਹਨ। ਪਿਆਰ ਭਰੇ ਸ਼ਬਦ, ਸਹਿਯੋਗ ਅਤੇ ਸਨਮਾਨ ਜਤਾਉਣ ਨਾਲ ਸਾਹਮਣੇ ਵਾਲੇ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਰਿਸ਼ਤੇ ’ਚ ਅਹਿਮ ਹੈ। ਨਾਲ ਹੀ ਸਬਰ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਬਦਲਾਅ ਵਕਤ ਲੈਂਦਾ ਹੈ। ਪਤੀ-ਪਤਨੀ ਦੋਵੇਂ ਇਹ ਸੋਚਣ ਕਿ ਕੀ ਰਿਸ਼ਤੇ ’ਚ ਭਰੋਸੇ, ਸਨਮਾਨ ਜਾਂ ਆਪਸੀ ਤਾਲਮੇਲ ਨਾਲ ਜੁੜੀ ਕੋਈ ਗੰਭੀਰ ਸਮੱਸਿਆ ਹੈ। ਜਦੋਂ ਤੱਕ ਅਸਲੀ ਵਜ੍ਹਾ ਸਾਹਮਣੇ ਨਹੀਂ ਆਵੇਗੀ, ਹੱਲ ਮੁਸ਼ਕਲ ਰਹੇਗਾ। ਜੇਕਰ ਹਾਲਾਤ ਲਗਾਤਾਰ ਵਿਗੜ ਰਹੇ ਹਨ ਅਤੇ ਤਣਾਅ ਵਧਦਾ ਜਾ ਰਿਹਾ ਹੈ, ਤਾਂ ਕਪਲ ਕਾਊਂਸਲਿੰਗ ਤੋਂ ਝਿਜਕਣਾ ਨਹੀਂ ਚਾਹੀਦਾ।

ਵਿਆਹ ਨੂੰ ਬਿਹਤਰ ਬਣਾਉਣਾ ਦੋਵਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜਦੋਂ ਦੋਵੇਂ ਸਾਥੀ ਬਦਲਾਅ ਲਈ ਤਿਆਰ ਹੁੰਦੇ ਹਨ, ਉਦੋਂ ਹੀ ਰਿਸ਼ਤਾ ਮਜ਼ਬੂਤ ਬਣਦਾ ਹੈ। ਸਮੇਂ ’ਤੇ ਮਦਦ ਲੈਣਾ ਕਮਜ਼ੋਰੀ ਨਹੀਂ, ਸਗੋਂ ਸਮਝਦਾਰੀ ਦਾ ਸੰਕੇਤ ਹੈ। ਯਾਦ ਰੱਖੋ, ਵਿਆਹ ਨੂੰ ਬਿਹਤਰ ਬਣਾਉਣਾ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ। ਜਦੋਂ ਦੋਵੇਂ ਸਾਥੀ ਬਦਲਾਅ ਲਈ ਤਿਆਰ ਹੋਣ, ਉਦੋਂ ਹੀ ਰਿਸ਼ਤੇ ’ਚ ਸੱਚਾ ਸੁਧਾਰ ਆਉਂਦਾ ਹੈ।

ਵਿਆਹੁਤਾ ਰਿਸ਼ਤੇ ਅੱਜਕਲ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਦੋਵਾਂ ਪੱਖਾਂ ਲਈ ਇਹ ਜ਼ਰੂਰੀ ਹੈ ਕਿ ਉਹ ਇਕ-ਦੂਜੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ, ਸੰਵਾਦ ਕਰਨ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਇਕੱਠੇ ਕੰਮ ਕਰਨ।

ਡਾ. ਵਰਿੰਦਰ ਭਾਟੀਆ


author

Rakesh

Content Editor

Related News