‘ਮਿਲਾਵਟੀ ਸ਼ਰਾਬ ਹੀ ਨਹੀਂ’ ਦੂਸ਼ਿਤ ਭੋਜਨ ਅਤੇ ਦੁੱਧ ਨਾਲ ਵੀ ਹੋਣ ਲੱਗੀਆਂ ਮੌਤਾਂ!
Thursday, Mar 26, 2026 - 04:10 AM (IST)
ਹੁਣ ਤੱਕ ਤਾਂ ਮਿਲਾਵਟੀ ਸ਼ਰਾਬ ਨਾਲ ਹੀ ਮੌਤਾਂ ਹੋਣ ਦੀ ਗੱਲ ਸੁਣੀ ਜਾਂਦੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਦੂਸ਼ਿਤ ਖੁਰਾਕ ਪਦਾਰਥਾਂ ਦੇ ਸੇਵਨ ਨਾਲ ਲੋਕਾਂ ਦੀਆਂ ਮੌਤਾਂ ਜਾਂ ਬਿਮਾਰ ਹੋਣ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ, ਜਿਨ੍ਹਾਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 12 ਜੂਨ, 2025 ਨੂੰ ‘ਤੇਨਕਾਸੀ’ ਜ਼ਿਲੇ (ਤਾਮਿਲਨਾਡੂ) ਦੇ ਇਕ ਓਲਡ-ਏਜ ਹੋਮ ’ਚ ਮਿਲਾਵਟੀ ਭੋਜਨ ਖਾਣ ਨਾਲ 3 ਬਜ਼ੁਰਗਾਂ ਦੀ ਮੌਤ ਹੋ ਗਈ।
*24 ਅਕਤੂਬਰ, 2025 ਨੂੰ ‘ਨਾਰਾਇਣਪੁਰ’ ਜ਼ਿਲੇ (ਛੱਤੀਸਗੜ੍ਹ) ਦੇ ਡੂੰਗਾ ਪਿੰਡ ’ਚ ਅੰਤਿਮ ਸੰਸਕਾਰ ’ਚ ਪਰੋਸੇ ਗਏ ਦੂਸ਼ਿਤ ਭੋਜਨ ਨਾਲ 5 ਲੋਕਾਂ ਦੀ ਮੌਤ ਹੋ ਗਈ।
*1 ਜਨਵਰੀ, 2026 ਨੂੰ ‘ਹੈਦਰਾਬਾਦ’ (ਤੇਲੰਗਾਨਾ) ’ਚ ਨਵੇਂ ਸਾਲ ਦੀ ਪਾਰਟੀ ’ਚ ਐਕਸਪਾਇਰਡ ਮਸਾਲਿਆਂ ਨਾਲ ਬਣਾਇਆ ਖਾਣਾ ਖਾਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਅਤੇ 14 ਹੋਰ ਬਿਮਾਰ ਹੋ ਗਏ।
* 16 ਫਰਵਰੀ, 2026 ਨੂੰ ‘ਪਲਾਮੂ’ ਜ਼ਿਲੇ (ਝਾਰਖੰਡ) ਦੇ ਇਕ ਮੇਲੇ ’ਚ ਦੂਸ਼ਿਤ ਭੋਜਨ ਖਾਣ ਨਾਲ ਘੱਟੋ-ਘੱਟ 175 ਲੋਕ ਬਿਮਾਰ ਹੋ ਗਏ।
* 21 ਮਾਰਚ, 2026 ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ, ਬਿਜਨੌਰ ਅਤੇ ਬਰੇਲੀ ਜ਼ਿਲਿਆਂ ’ਚ ਨਵਰਾਤਰੀ ਵਰਤ ਦੌਰਾਨ ‘ਕੁੱਟੂ ਦਾ ਆਟਾ’ (ਮਿਲਾਵਟੀ ਹੋਣ ਦਾ ਸ਼ੱਕ) ਖਾਣ ਨਾਲ 85 ਤੋਂ ਵੱਧ ਲੋਕ ਬਿਮਾਰ ਪੈ ਗਏ।
* ਅਤੇ ਹੁਣ 22 ਮਾਰਚ ਤੱਕ ‘ਰਾਜਮਹੇਂਦਰਵਰਮ’ (ਆਂਧਰਾ ਪ੍ਰਦੇਸ਼) ਜ਼ਿਲੇ ਦੇ ‘ਕੋਰੂਕੋਂਡਾ’ ਡਵੀਜ਼ਨ ਦੇ ‘ਨਰਸਪੁਰਮ’ ਪਿੰਡ ’ਚ ਸਥਿਤ ‘ਵਰਲਕਸ਼ਮੀ ਮਿਲਕ ਡੇਅਰੀ’ ਦੇ ਸ਼ੱਕੀ ਤੌਰ ’ਤੇ ਮਿਲਾਵਟੀ ਦੁੱਧ ਪੀਣ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 16 ਹੋ ਗਈ ਹੈ, ਜਦਕਿ 3 ਹੋਰ ਲੋਕਾਂ ਦਾ ਹਸਪਤਾਲਾਂ ’ਚ ਇਲਾਜ ਜਾਰੀ ਹੈ।
ਸਿਹਤ ਵਿਭਾਗ ਅਨੁਸਾਰ ਇਸ ਮਾਮਲੇ ਦਾ ਪਤਾ ਸਭ ਤੋਂ ਪਹਿਲਾਂ 22 ਫਰਵਰੀ ਨੂੰ ਲੱਗਿਆ ਸੀ ਜਦੋਂ ਕਈ ਬਜ਼ੁਰਗਾਂ ਨੂੰ ਇਹ ਦੁੱਧ ਪੀਣ ਤੋਂ ਬਾਅਦ ਪੇਸ਼ਾਬ ਨਾ ਆਉਣ, ਉਲਟੀ, ਪੇਟ ਦਰਦ ਤੇ ਹੋਰ ਦਿੱਕਤਾਂ ਦੇ ਕਾਰਨ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਸੀ। ਜਾਂਚ ’ਚ ਇਸ ਦੁੱਧ ’ਚ ‘ਏਥਿਲੀਨ ਗਲਾਈਕੋਲ’ ਨਾਂ ਦੇ ਜ਼ਹਿਰੀਲਾ ਰਸਾਇਣ ਮਿਲੇ ਹੋਣ ਦਾ ਪਤਾ ਲੱਗਿਆ, ਜੋ ਆਮ ਤੌਰ ’ਤੇ ‘ਕੂਲੈਂਟ’ ਦੇ ਤੌਰ ’ਤੇ ਵਰਤਿਆ ਜਾਂਦਾ ਹੈ।
ਖੁਰਾਕ ਪਦਾਰਥਾਂ ’ਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਇਕ ਮੁਆਫ ਨਾ ਕਰਨ ਯੋਗ ਅਪਰਾਧ ਹੈ, ਜਿਸ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਹੱਤਿਆ ਵਰਗੀਆਂ ਧਾਰਾਵਾਂ ਦੇ ਅਧੀਨ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਖਾਣ-ਪੀਣ ਦੀ ਕਿਸੇ ਵੀ ਵਸਤੂ ’ਚ ਖ਼ਰਾਬੀ ਦਾ ਸ਼ੱਕ ਹੋਵੇ ਤਾਂ ਉਸ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।
-ਵਿਜੇ ਕੁਮਾਰ
